1 ਇਹ ਉਹ ਬਚਨ ਹੈ ਜੋ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਆਇਆ ਸੀ: 2 "ਉੱਠ ਘੁਮਿਆਰ ਦੇ ਘਰ ਜਾ ਅਤੇ ਉੱਥੇ ਮੈਂ ਤੈਨੂੰ ਆਪਣਾ ਸੰਦੇਸ਼ ਦੇਵਾਂਗਾ।" 3 ਇਸ ਲਈ ਮੈਂ ਘੁਮਿਆਰ ਦੇ ਘਰ ਗਿਆ ਅਤੇ ਮੈਂ ਉਸਨੂੰ ਪਹੀਏ ਤੇ ਕੰਮ ਕਰਦੇ ਦੇਖਿਆ। 4 ਪਰ ਜਿਸ ਘੜੇ ਨੂੰ ਉਹ ਮਿੱਟੀ ਤੋਂ ਬਣਾ ਰਿਹਾ ਸੀ, ਉਹ ਉਹਦੇ ਦੇ ਹੱਥਾਂ ਵਿੱਚ ਵਿਗੜ ਗਿਆ ਸੀ। ਇਸ ਲਈ ਘੁਮਿਆਰ ਨੇ ਉਸ ਤੋਂ ਇੱਕ ਹੋਰ ਘੜਾ ਬਣਾਇਆ, ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ।
5 ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ। 6 ਉਸ ਨੇ ਆਖਿਆ, "ਹੇ ਇਸਰਾਏਲ, ਕੀ ਮੈਂ ਤੇਰੇ ਨਾਲ ਅਜਿਹਾ ਨਹੀਂ ਕਰ ਸਕਦਾ ਜਿਵੇਂ ਇਹ ਘੁਮਿਆਰ ਕਰਦਾ ਹੈ?" ਯਾਹਵੇਹ ਦਾ ਵਾਕ ਹੈ। "ਜਿਵੇਂ ਘੁਮਿਆਰ ਦੇ ਹੱਥ ਵਿੱਚ ਮਿੱਟੀ ਹੈ, ਉਸੇ ਤਰ੍ਹਾਂ ਹੇ ਇਸਰਾਏਲ ਤੂੰ ਮੇਰੇ ਹੱਥ ਵਿੱਚ ਹੈ। 7 ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਬਾਰੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ, 8 ਜੇ ਉਹ ਕੌਮ ਜਿਸ ਦੇ ਬਾਰੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਉਸ ਬਦੀ ਤੋਂ ਪਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ। 9 ਅਤੇ ਜੇਕਰ ਮੈਂ ਕਿਸੇ ਹੋਰ ਸਮੇਂ ਇਹ ਬੋਲਾ ਕਿ ਇੱਕ ਕੌਮ ਜਾਂ ਰਾਜ ਉਸਾਰਿਆ ਅਤੇ ਲਾਇਆ ਜਾਣਾ ਹੈ, 10 ਅਤੇ ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਆਗਿਆ ਨਾ ਮੰਨੇ, ਤਾਂ ਮੈਂ ਉਸ ਭਲੇ ਬਾਰੇ ਮੁੜ ਵਿਚਾਰ ਕਰਾਂਗਾ ਜੋ ਮੈਂ ਇਸ ਲਈ ਕਰਨਾ ਚਾਹੁੰਦਾ ਸੀ।
11 "ਇਸ ਲਈ ਹੁਣ ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ: ਵੇਖੋ! ਮੈਂ ਤੁਹਾਡੇ ਲਈ ਇੱਕ ਤਬਾਹੀ ਤਿਆਰ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਯੋਜਨਾ ਬਣਾ ਰਿਹਾ ਹਾਂ। ਇਸ ਲਈ ਤੁਸੀਂ ਹਰ ਇੱਕ ਆਪਣੇ ਬੁਰੇ ਰਾਹਾਂ ਤੋਂ ਮੁੜੋ ਅਤੇ ਆਪਣੇ ਚਾਲ-ਚਲਣ ਅਤੇ ਕੰਮਾਂ ਨੂੰ ਸੁਧਾਰੋ।’ 12 ਪਰ ਉਹ ਜਵਾਬ ਦੇਣਗੇ, ‘ਕਿ ਇਹ ਅਣਹੋਣਾ ਹੈ। ਅਸੀਂ ਆਪਣੀਆਂ ਯੋਜਨਾਵਾਂ ਨੂੰ ਜਾਰੀ ਰੱਖਾਂਗੇ; ਅਸੀਂ ਸਾਰੇ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦੇ ਅਨੁਸਾਰ ਕਰਾਂਗੇ।’ "
13 ਇਸ ਲਈ ਯਾਹਵੇਹ ਇਹ ਆਖਦਾ ਹੈ:
"ਕੌਮਾਂ ਤੋਂ ਪੁੱਛੋ:
ਕਿ ਕਿਸਨੇ ਕਦੇ ਅਜਿਹਾ ਕੁਝ ਸੁਣਿਆ ਹੈ?
ਇਸਰਾਏਲ ਦੀ ਕੁਆਰੀ ਨੇ
ਇੱਕ ਵੱਡੀ ਭਿਆਨਕ ਗੱਲ ਕੀਤੀ ਹੈ।
14 ਕੀ ਲਬਾਨੋਨ ਦੀ ਬਰਫ਼ ਕਦੇ ਵੀ
ਇਸਦੀਆਂ ਚਟਾਨੀ ਢਲਾਣਾਂ ਨੂੰ ਛੱਡ ਦੇਵੇਗੀ?
ਕੀ ਦੂਰ-ਦੁਰਾਡੇ ਤੋਂ ਆਉਣ ਵਾਲਾ ਠੰਢਾ ਪਾਣੀ
ਕਦੇ ਵੱਗਣਾ ਤੋਂ ਬੰਦ ਹੋ ਜਾਂਵੇਗਾ?
15 ਫਿਰ ਵੀ ਮੇਰੇ ਲੋਕ ਮੈਨੂੰ ਭੁੱਲ ਗਏ ਹਨ;
ਉਹ ਨਿਕੰਮੀਆਂ ਮੂਰਤੀਆਂ ਲਈ ਧੂਪ ਧੁਖਾਉਂਦੇ ਹਨ,
ਜਿਸ ਕਾਰਨ ਉਹ ਆਪਣੇ ਪੁਰਾਣੇ ਰਾਹਾਂ ਕਾਰਨ,
ਠੋਕਰ ਖਾਂਦੇ ਹਨ।
ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਰਾਹਾਂ ਵਿੱਚ ਤੁਰਨ ਦਿੱਤਾ,
ਉਹਨਾਂ ਸੜਕਾਂ ਤੇ ਜੋ ਬਣੀਆਂ ਨਹੀਂ ਸਨ।
16 ਉਹਨਾਂ ਦੀ ਧਰਤੀ ਡਰਾਉਣੀ
ਅਤੇ ਸਥਾਈ ਘਿਣਾਉਣੀ ਦੀ ਵਸਤੂ ਹੋਵੇਗੀ।
ਸਾਰੇ ਜੋ ਲੰਘਣਗੇ ਉਹ ਘਬਰਾ ਜਾਣਗੇ
ਅਤੇ ਸਿਰ ਹਿਲਾ ਦੇਣਗੇ।
17 ਪੂਰਬ ਤੋਂ ਹਵਾ ਵਾਂਗ,
ਮੈਂ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਅੱਗੇ ਖਿਲਾਰ ਦਿਆਂਗਾ;
ਮੈਂ ਉਹਨਾਂ ਨੂੰ ਉਹਨਾਂ ਦੀ ਬਿਪਤਾ ਦੇ ਦਿਨ ਆਪਣਾ ਮੂੰਹ ਨਹੀਂ,
ਸਗੋਂ ਆਪਣੀ ਪਿੱਠ ਦਿਖਾਵਾਂਗਾ।"
18 ਉਹਨਾਂ ਨੇ ਆਖਿਆ, "ਆਓ, ਯਿਰਮਿਯਾਹ ਦੇ ਵਿਰੁੱਧ ਵਿਉਂਤ ਬਣਾਈਏ। ਕਿਉਂਕਿ ਜਾਜਕ ਦੁਆਰਾ ਬਿਵਸਥਾ ਦੀ ਸਿੱਖਿਆ ਬੰਦ ਨਹੀਂ ਹੋਵੇਗੀ, ਨਾ ਬੁੱਧਵਾਨਾਂ ਦੀ ਸਲਾਹ, ਅਤੇ ਨਾ ਹੀ ਨਬੀਆਂ ਦਾ ਬਚਨ। ਇਸ ਲਈ ਆਓ, ਅਸੀਂ ਆਪਣੀਆਂ ਜੀਭਾਂ ਨਾਲ ਉਸ ਉੱਤੇ ਹਮਲਾ ਕਰੀਏ ਅਤੇ ਉਸ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ।"
19 ਹੇ ਯਾਹਵੇਹ, ਮੇਰੀ ਗੱਲ ਸੁਣੋ
ਕਿ ਮੇਰੇ ਦੋਸ਼ੀ ਕੀ ਕਹਿ ਰਹੇ ਹਨ!
20 ਕੀ ਭਲਿਆਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ?
ਫਿਰ ਵੀ ਉਹਨਾਂ ਨੇ ਮੇਰੇ ਲਈ ਟੋਆ ਪੁੱਟਿਆ ਹੈ।
ਯਾਦ ਰੱਖੋ ਕਿ ਮੈਂ ਤੁਹਾਡੇ ਅੱਗੇ ਖਲੋਤਾ ਸੀ
ਅਤੇ ਉਹਨਾਂ ਦੇ ਲਈ ਬੋਲਿਆ ਸੀ
ਤਾਂ ਜੋ ਤੁਹਾਡਾ ਕ੍ਰੋਧ ਉਹਨਾਂ ਤੋਂ ਦੂਰ ਹੋ ਜਾਵੇ।
21 ਇਸ ਲਈ ਉਹਨਾਂ ਦੇ ਬੱਚਿਆਂ ਨੂੰ ਅਕਾਲ ਦੇ ਹਵਾਲੇ ਕਰ ਦਿਓ;
ਉਹਨਾਂ ਨੂੰ ਤਲਵਾਰ ਦੀ ਤਾਕਤ ਦੇ ਹਵਾਲੇ ਕਰੋ।
ਉਹਨਾਂ ਦੀਆਂ ਪਤਨੀਆਂ ਬੇ-ਔਲਾਦ ਅਤੇ ਵਿਧਵਾਵਾਂ ਬਣਾਈਆਂ ਜਾਣ;
ਉਹਨਾਂ ਦੇ ਆਦਮੀ ਮਾਰੇ ਜਾਣ,
ਉਹਨਾਂ ਦੇ ਜੁਆਨ ਤਲਵਾਰ ਨਾਲ ਲੜਾਈ ਵਿੱਚ ਮਾਰੇ ਜਾਣ।
22 ਉਹਨਾਂ ਦੇ ਘਰਾਂ ਵਿੱਚੋਂ ਰੌਲਾ ਪਵੇ,
ਜਦੋਂ ਤੁਸੀਂ ਅਚਾਨਕ ਉਹਨਾਂ ਦੇ ਵਿਰੁੱਧ ਹਮਲਾਵਰਾਂ ਨੂੰ ਲਿਆਓ,
ਕਿਉਂ ਜੋ ਉਹਨਾਂ ਨੇ ਮੈਨੂੰ ਫੜਨ ਲਈ ਇੱਕ ਟੋਆ ਪੁੱਟਿਆ ਹੈ
ਅਤੇ ਮੇਰੇ ਪੈਰਾਂ ਲਈ ਫਾਹੀ ਲਾਈ ਹੈ।
23 ਪਰ ਤੁਸੀਂ, ਯਾਹਵੇਹ, ਉਹਨਾਂ ਦੀਆਂ
ਮੈਨੂੰ ਮਾਰਨ ਲਈ ਸਾਰੀਆਂ ਸਾਜ਼ਿਸ਼ਾਂ ਨੂੰ ਜਾਣਦੇ ਹੋ।
ਉਹਨਾਂ ਦੇ ਅਪਰਾਧਾਂ ਨੂੰ ਮਾਫ਼ ਨਾ ਕਰੋ
ਨਾ ਉਹਨਾਂ ਦੇ ਪਾਪਾਂ ਨੂੰ ਆਪਣੀ ਨਜ਼ਰਾਂ ਤੋਂ ਮਿਟਾ ਦਿਓ।
ਉਹਨਾਂ ਨੂੰ ਤੁਹਾਡੇ ਸਾਹਮਣੇ ਉਖਾੜ ਦਿੱਤਾ ਜਾਵੇ;
ਆਪਣੇ ਗੁੱਸੇ ਵਿੱਚ ਉਹਨਾਂ ਨਾਲ ਪੇਸ਼ ਆਓ।