1 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਯਾਹਵੇਹ ਨੇ ਇਹ ਹੁਕਮ ਦਿੱਤਾ ਹੈ: 3 ‘ਕੋਈ ਵੀ ਇਸਰਾਏਲੀ ਜਿਹੜਾ ਬਲਦ, ਲੇਲੇ ਜਾਂ ਬੱਕਰੇ ਦੀ ਬਲੀ ਡੇਰੇ ਵਿੱਚ ਜਾਂ ਉਸ ਦੇ ਬਾਹਰ ਚੜ੍ਹਾਉਂਦਾ ਹੈ 4 ਉਸ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਲਿਆਉਣ ਦੀ ਬਜਾਏ ਇਸ ਨੂੰ ਯਾਹਵੇਹ ਦੇ ਤੰਬੂ ਦੇ ਸਾਹਮਣੇ ਇੱਕ ਭੇਟ ਵਜੋਂ ਪੇਸ਼ ਕਰਨ ਲਈ ਉਸ ਵਿਅਕਤੀ ਨੂੰ ਖੂਨ-ਖਰਾਬੇ ਦਾ ਦੋਸ਼ੀ ਮੰਨਿਆ ਜਾਵੇਗਾ, ਉਹਨਾਂ ਨੇ ਖੂਨ ਵਹਾਇਆ ਹੈ ਅਤੇ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। 5 ਇਹ ਇਸ ਲਈ ਹੈ ਕਿ ਇਸਰਾਏਲੀ ਆਪਣੇ ਬਲੀਦਾਨਾਂ ਨੂੰ ਜਿਨ੍ਹਾਂ ਨੂੰ ਉਹ ਖੁੱਲ੍ਹੇ ਮੈਦਾਨ ਵਿੱਚ ਚੜ੍ਹਾਉਂਦੇ ਹਨ, ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਜਾਜਕ ਦੇ ਕੋਲ ਯਾਹਵੇਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਕਰਕੇ ਲਿਆਉਣ। 6 ਜਾਜਕ ਮੰਡਲੀ ਦੇ ਦਰਵਾਜ਼ੇ ਉੱਤੇ ਯਾਹਵੇਹ ਦੀ ਜਗਵੇਦੀ ਉੱਤੇ ਲਹੂ ਨੂੰ ਛਿੜਕੇ ਅਤੇ ਚਰਬੀ ਨੂੰ ਯਾਹਵੇਹ ਨੂੰ ਪ੍ਰਸੰਨ ਕਰਨ ਲਈ ਸੁਗੰਧਤਾ ਕਰਕੇ ਸਾੜੇ। 7 ਤਾਂ ਜੋ ਉਹ ਜਿਹੜੇ ਬੱਕਰਿਆਂ ਦੀ ਪੂਜਾ ਕਰਕੇ ਵਿਭਚਾਰ ਕਰਦੇ ਹਨ, ਫਿਰ ਕਦੀ ਆਪਣੀ ਬਲੀਆਂ ਉਨ੍ਹਾਂ ਦੇ ਅੱਗੇ ਨਾ ਚੜ੍ਹਾਉਣ। ਇਹ ਉਨ੍ਹਾਂ ਦੇ ਲਈ ਉਨ੍ਹਾਂ ਦੀ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਹੋਵੇਗੀ।’
8 "ਉਹਨਾਂ ਨੂੰ ਆਖੋ, ‘ਕੋਈ ਵੀ ਇਸਰਾਏਲੀ ਜਾਂ ਕੋਈ ਪਰਦੇਸੀ ਜੋ ਉਹਨਾਂ ਵਿੱਚ ਰਹਿੰਦਾ ਹੈ ਜੋ ਹੋਮ ਦੀ ਭੇਟ ਜਾਂ ਸੁੱਖ-ਸਾਂਦ ਦੀ ਭੇਟ ਚੜ੍ਹਾਉਂਦਾ ਹੈ, 9 ਅਤੇ ਉਹ ਉਸ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਾਹਵੇਹ ਦੇ ਅੱਗੇ ਚੜ੍ਹਾਉਣ ਲਈ ਨਾ ਲਿਆਵੇ, ਉਹ ਮਨੁੱਖ ਇਸਰਾਏਲੀਆਂ ਵਿੱਚੋਂ ਛੇਕਿਆ ਜਾਵੇ।
10 " ‘ਮੈਂ ਆਪਣਾ ਮੂੰਹ ਕਿਸੇ ਵੀ ਇਸਰਾਏਲੀ ਜਾਂ ਉਹਨਾਂ ਦੇ ਵਿਚਕਾਰ ਰਹਿਣ ਵਾਲੇ ਕਿਸੇ ਵਿਦੇਸ਼ੀ ਦੇ ਵਿਰੁੱਧ ਕਰਾਂਗਾ ਜੋ ਖੂਨ ਖਾਂਦਾ ਹੈ ਅਤੇ ਮੈਂ ਉਹਨਾਂ ਨੂੰ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ। 11 ਸਰੀਰ ਦੀ ਜਾਨ ਲਹੂ ਵਿੱਚ ਹੈ ਅਤੇ ਮੈਂ ਉਸਨੂੰ ਤੁਹਾਨੂੰ ਜਗਵੇਦੀ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਦਿੱਤਾ ਹੈ, ਕਿਉਂ ਜੋ ਲਹੂ ਹੈ ਜੋ ਕਿਸੇ ਦੇ ਜੀਵਨ ਲਈ ਪ੍ਰਾਸਚਿਤ ਕਰਦਾ ਹੈ। 12 ਇਸ ਲਈ ਮੈਂ ਇਸਰਾਏਲੀਆਂ ਨੂੰ ਆਖਦਾ ਹਾਂ, "ਤੁਹਾਡੇ ਵਿੱਚੋਂ ਕੋਈ ਵੀ ਜਾਂ ਤੁਹਾਡੇ ਵਿਚਕਾਰ ਰਹਿਣ ਵਾਲਾ ਕੋਈ ਵੀ ਪਰਦੇਸੀ, ਲਹੂ ਨਾ ਖਾਵੇ।"
13 " ‘ਤੁਹਾਡੇ ਵਿੱਚ ਰਹਿਣ ਵਾਲਾ ਕੋਈ ਵੀ ਇਸਰਾਏਲੀ ਜਾਂ ਕੋਈ ਪਰਦੇਸੀ ਜਿਹੜਾ ਕਿਸੇ ਜਾਨਵਰ ਜਾਂ ਪੰਛੀ ਦਾ ਸ਼ਿਕਾਰ ਕਰਦਾ ਹੈ ਜਿਸ ਨੂੰ ਖਾਧਾ ਜਾ ਸਕਦਾ ਹੈ, ਉਸ ਦਾ ਲਹੂ ਕੱਢ ਕੇ ਮਿੱਟੀ ਨਾਲ ਢੱਕ ਦੇਵੇ। 14 ਕਿਉਂਕਿ ਹਰ ਜੀਵ ਦਾ ਜੀਵਨ ਉਸਦੇ ਲਹੂ ਵਿੱਚ ਹੈ, ਇਸ ਲਈ ਮੈਂ ਇਸਰਾਏਲੀਆਂ ਨੂੰ ਕਿਹਾ ਹੈ ਕਿ ਤੁਹਾਨੂੰ ਕਿਸੇ ਵੀ ਪ੍ਰਾਣੀ ਦਾ ਲਹੂ ਨਹੀਂ ਖਾਣਾ ਚਾਹੀਦਾ ਕਿਉਂਕਿ ਹਰ ਪ੍ਰਾਣੀ ਦਾ ਜੀਵਨ ਉਸਦਾ ਲਹੂ ਹੈ। ਜਿਹੜਾ ਵੀ ਇਸ ਨੂੰ ਖਾਂਦਾ ਹੈ ਉਸਨੂੰ ਵੱਢ ਦੇਣਾ ਚਾਹੀਦਾ ਹੈ।
15 " ‘ਕੋਈ ਵੀ ਭਾਵੇਂ ਦੇਸ਼ ਵਿੱਚ ਜੰਮਿਆ ਹੋਵੇ ਜਾਂ ਪਰਦੇਸੀ ਹੋਵੇ, ਜਿਹੜਾ ਮਰੇ ਹੋਏ ਜਾਂ ਜੰਗਲੀ ਜਾਨਵਰਾਂ ਦੁਆਰਾ ਮਾਰੇ ਹੋਏ ਕੋਈ ਚੀਜ਼ ਖਾਵੇ, ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ, ਅਤੇ ਉਹ ਸ਼ਾਮ ਤੱਕ ਰਸਮੀ ਤੌਰ ਤੇ ਅਸ਼ੁੱਧ ਰਹੇਗਾ ਫਿਰ ਉਹ ਸ਼ੁੱਧ ਹੋ ਜਾਵੇਗਾ। 16 ਪਰ ਜੇਕਰ ਉਹ ਆਪਣੇ ਕੱਪੜੇ ਨਾ ਧੋਵੇ ਅਤੇ ਨਾ ਨਹਾਵੇ ਤਾਂ ਉਸ ਦਾ ਦੋਸ਼ ਉਸੇ ਦੇ ਜੁੰਮੇ ਹੈ।’ "