1 " ‘ਤੁਸੀਂ ਆਪਣੇ ਲਈ ਕੋਈ ਮੂਰਤੀਆਂ ਨਾ ਬਣਾਉਣਾ, ਨਾ ਹੀ ਕੋਈ ਉੱਕਰੀ ਹੋਈ ਮੂਰਤ ਜਾਂ ਪਵਿੱਤਰ ਪੱਥਰ ਖੜ੍ਹਾਂ ਕਰਨਾ, ਅਤੇ ਨਾ ਹੀ ਮੱਥਾ ਟੇਕਣ ਲਈ ਆਪਣੇ ਦੇਸ਼ ਵਿੱਚ ਕੋਈ ਪੱਥਰ ਦੀ ਮੂਰਤ ਸਥਾਪਿਤ ਕਰਨਾ, ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
2 " ‘ਮੇਰੇ ਸਬਤ ਦੀ ਪਾਲਣਾ ਕਰੋ ਅਤੇ ਮੇਰੇ ਪਵਿੱਤਰ ਅਸਥਾਨ ਦਾ ਸਤਿਕਾਰ ਕਰਨਾ। ਮੈਂ ਯਾਹਵੇਹ ਹਾਂ।
3 " ‘ਜੇ ਤੁਸੀਂ ਮੇਰੀਆਂ ਬਿਧੀਆਂ ਦੀ ਪਾਲਣਾ ਕਰੋ ਅਤੇ ਮੇਰੇ ਹੁਕਮਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੀ ਪਾਲਣਾ ਕਰਕੇ ਪੂਰਾ ਕਰੋ, 4 ਮੈਂ ਤੁਹਾਡੇ ਲਈ ਰੁੱਤ ਸਿਰ ਵਰਖਾ ਭੇਜਾਂਗਾ, ਅਤੇ ਜ਼ਮੀਨ ਆਪਣੀਆਂ ਫ਼ਸਲਾਂ ਅਤੇ ਰੁੱਖ ਆਪਣੇ ਫਲ ਦੇਣਗੇ। 5 ਅਤੇ ਤੁਸੀਂ ਦਾਖਾਂ ਤੋੜਨ ਦੇ ਸਮੇਂ ਤੱਕ ਗਾਹੁੰਦੇ ਰਹੋਗੇ ਅਤੇ ਬੀਜਣ ਦੇ ਸਮੇਂ ਵੀ ਦਾਖਾਂ ਤੋੜੋਗੇ ਅਤੇ ਤੁਸੀਂ ਆਪਣੀ ਰੋਟੀ ਰੱਜ ਕੇ ਖਾਓਗੇ ਅਤੇ ਆਪਣੇ ਦੇਸ਼ ਵਿੱਚ ਸੁੱਖ ਨਾਲ ਰਹੋਗੇ।
6 " ‘ਮੈਂ ਦੇਸ਼ ਵਿੱਚ ਸ਼ਾਂਤੀ ਦਿਆਂਗਾ ਅਤੇ ਤੁਸੀਂ ਲੇਟ ਜਾਓਗੇ ਅਤੇ ਕੋਈ ਵੀ ਤੁਹਾਨੂੰ ਡਰਾਵੇਗਾ ਨਹੀਂ, ਮੈਂ ਜੰਗਲੀ ਦਰਿੰਦਿਆਂ ਨੂੰ ਧਰਤੀ ਤੋਂ ਹਟਾ ਦਿਆਂਗਾ ਅਤੇ ਤਲਵਾਰ ਤੁਹਾਡੇ ਦੇਸ਼ ਵਿੱਚੋਂ ਨਹੀਂ ਲੰਘੇਗੀ। 7 ਤੁਸੀਂ ਆਪਣੇ ਵੈਰੀਆਂ ਦਾ ਪਿੱਛਾ ਕਰੋਗੇ ਅਤੇ ਉਹ ਤੇਰੇ ਅੱਗੇ ਤਲਵਾਰ ਨਾਲ ਡਿੱਗ ਪੈਣਗੇ। 8 ਤੁਹਾਡੇ ਵਿੱਚੋਂ ਪੰਜ ਮਨੁੱਖ ਸੌ ਨੂੰ, ਅਤੇ ਤੁਹਾਡੇ ਵਿੱਚੋਂ ਇੱਕ ਸੌ ਮਨੁੱਖ ਦਸ ਹਜ਼ਾਰ ਨੂੰ ਭਜਾਉਣਗੇ ਅਤੇ ਤੁਹਾਡੇ ਦੁਸ਼ਮਣ ਤਲਵਾਰ ਨਾਲ ਤੁਹਾਡੇ ਅੱਗੇ ਡਿੱਗਣਗੇ।
9 " ‘ਮੈਂ ਤੁਹਾਡੇ ਉੱਤੇ ਕਿਰਪਾ ਨਾਲ ਦੇਖਾਂਗਾ ਅਤੇ ਤੁਹਾਨੂੰ ਫਲਦਾਇਕ ਬਣਾਵਾਂਗਾ ਅਤੇ ਤੁਹਾਡੀ ਗਿਣਤੀ ਵਧਾਵਾਂਗਾ ਅਤੇ ਮੈਂ ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ। 10 ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣੇ ਪਦਾਰਥਾਂ ਨੂੰ ਕੱਢ ਸੁੱਟੋਗੇ। 11 ਮੈਂ ਆਪਣਾ ਨਿਵਾਸ ਸਥਾਨ ਤੁਹਾਡੇ ਵਿਚਕਾਰ ਰੱਖਾਂਗਾ ਅਤੇ ਮੈਂ ਤੁਹਾਨੂੰ ਨਫ਼ਰਤ ਨਹੀਂ ਕਰਾਂਗਾ। 12 ਮੈਂ ਤੁਹਾਡੇ ਵਿੱਚ ਚੱਲਾਂਗਾ ਅਤੇ ਤੁਹਾਡਾ ਪਰਮੇਸ਼ਵਰ ਹੋਵਾਂਗਾ ਅਤੇ ਤੁਸੀਂ ਮੇਰੇ ਲੋਕ ਹੋਵੋਗੇ। 13 ਮੈਂ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਤੁਸੀਂ ਮਿਸਰੀਆਂ ਦੇ ਗੁਲਾਮ ਨਾ ਰਹੋ, ਮੈਂ ਤੁਹਾਡੇ ਜੂਲੇ ਨੂੰ ਤੋੜ ਦਿੱਤਾ ਹੈ ਅਤੇ ਤੁਹਾਨੂੰ ਉੱਚਾ ਸਿਰ ਕਰਕੇ ਤੁਰਨ ਦੇ ਯੋਗ ਬਣਾਇਆ ਹੈ।
14 " ‘ਪਰ ਜੇ ਤੁਸੀਂ ਮੇਰੀ ਗੱਲ ਨਹੀਂ ਸੁਣੋਗੇ ਅਤੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਨਾ ਕਰੋਗੇ, 15 ਅਤੇ ਜੇ ਤੁਸੀਂ ਮੇਰੇ ਹੁਕਮਾਂ ਨੂੰ ਰੱਦ ਕਰਦੇ ਹੋ ਅਤੇ ਮੇਰੇ ਕਾਨੂੰਨਾਂ ਨੂੰ ਨਫ਼ਰਤ ਕਰਦੇ ਹੋ ਅਤੇ ਮੇਰੇ ਸਾਰੇ ਹੁਕਮਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿੰਦੇ ਹੋ ਅਤੇ ਮੇਰੇ ਨੇਮ ਦੀ ਉਲੰਘਣਾ ਕਰਦੇ ਹੋ, 16 ਤਦ ਮੈਂ ਤੁਹਾਡੇ ਨਾਲ ਇਹ ਕਰਾਂਗਾ ਕਿ ਮੈਂ ਤੁਹਾਡੇ ਉੱਤੇ ਡਰ, ਬਰਬਾਦੀ ਵਾਲੀਆਂ ਬਿਮਾਰੀਆਂ ਅਤੇ ਬੁਖਾਰ ਲਿਆਵਾਂਗਾ ਜੋ ਤੁਹਾਡੀਆਂ ਅੱਖਾਂ ਦਾ ਨਾਸ ਕਰਨਗੇ ਅਤੇ ਤੁਹਾਡੀ ਸ਼ਕਤੀ ਨੂੰ ਖਤਮ ਕਰ ਦੇਣਗੇ। ਤੁਸੀਂ ਵਿਅਰਥ ਹੀ ਬੀਜ ਬੀਜੋਗੇ ਕਿਉਂ ਜੋ ਤੁਹਾਡੇ ਦੁਸ਼ਮਣ ਇਸਨੂੰ ਖਾ ਜਾਣਗੇ। 17 ਮੈਂ ਆਪਣਾ ਮੂੰਹ ਤੁਹਾਡੇ ਵਿਰੁੱਧ ਰੱਖਾਂਗਾ ਤਾਂ ਜੋ ਤੁਸੀਂ ਆਪਣੇ ਦੁਸ਼ਮਣਾਂ ਦੁਆਰਾ ਹਾਰ ਜਾਵੋਂਗੇ, ਜਿਹੜੇ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਤੁਸੀਂ ਭੱਜ ਜਾਵੋਂਗੇ ਭਾਵੇਂ ਕੋਈ ਤੁਹਾਡਾ ਪਿੱਛਾ ਨਾ ਕਰ ਰਿਹਾ ਹੋਵੇ।
18 " ‘ਜੇ ਤੁਸੀਂ ਇਸ ਸਭ ਦੇ ਬਾਅਦ ਵੀ ਮੇਰੀ ਗੱਲ ਨਹੀਂ ਸੁਣੋਗੇ, ਤਾਂ ਮੈਂ ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਗੁਣਾ ਹੋਰ ਸਜ਼ਾ ਦਿਆਂਗਾ। 19 ਮੈਂ ਤੇਰਾ ਜ਼ਿੱਦੀ ਹੰਕਾਰ ਤੋੜ ਦਿਆਂਗਾ ਅਤੇ ਤੁਹਾਡੇ ਲਈ ਅਕਾਸ਼ ਨੂੰ ਲੋਹੇ ਵਰਗਾ ਅਤੇ ਧਰਤੀ ਨੂੰ ਪਿੱਤਲ ਵਰਗਾ ਬਣਾ ਦੇਵਾਂਗਾ। 20 ਤੁਹਾਡੀ ਤਾਕਤ ਵਿਅਰਥ ਹੋ ਜਾਏਗੀ, ਕਿਉਂ ਜੋ ਜ਼ਮੀਨ ਆਪਣੀ ਫ਼ਸਲ ਨਹੀਂ ਦੇਵੇਗੀ, ਨਾ ਤੁਹਾਡੀ ਧਰਤੀ ਦੇ ਰੁੱਖ ਆਪਣਾ ਫਲ ਦੇਣਗੇ।
21 " ‘ਜੇ ਤੁਸੀਂ ਮੇਰੇ ਵਿਰੁੱਧ ਚਲਦੇ ਰਹੋ ਅਤੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਰਹੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਡੀਆਂ ਮੁਸੀਬਤਾਂ ਨੂੰ ਸੱਤ ਗੁਣਾ ਵਧਾ ਦਿਆਂਗਾ। 22 ਮੈਂ ਤੁਹਾਡੇ ਵਿਰੁੱਧ ਜੰਗਲੀ ਜਾਨਵਰ ਭੇਜਾਂਗਾ, ਅਤੇ ਉਹ ਤੁਹਾਡੇ ਬੱਚਿਆਂ ਨੂੰ ਲੁੱਟ ਲੈਣਗੇ, ਤੁਹਾਡੇ ਪਸ਼ੂਆਂ ਨੂੰ ਤਬਾਹ ਕਰ ਦੇਣਗੇ ਅਤੇ ਤੁਹਾਡੀ ਗਿਣਤੀ ਇੰਨੀ ਥੋੜੀ ਕਰ ਦੇਣਗੇ ਕਿ ਤੁਹਾਡੀਆਂ ਸੜਕਾਂ ਉਜਾੜ ਹੋ ਜਾਣਗੀਆਂ।
23 " ‘ਜੇ ਇਨ੍ਹਾਂ ਗੱਲਾਂ ਦੇ ਬਾਵਜੂਦ ਤੁਸੀਂ ਮੇਰੀ ਤਾੜਨਾ ਨੂੰ ਸਵੀਕਾਰ ਨਹੀਂ ਕਰਦੇ ਪਰ ਮੇਰੇ ਵਿਰੁੱਧ ਚਲਦੇ ਰਹੋ, 24 ਮੈਂ ਆਪ ਤੁਹਾਡੇ ਨਾਲ ਵੈਰ ਕਰਾਂਗਾ ਅਤੇ ਤੁਹਾਡੇ ਪਾਪਾਂ ਲਈ ਸੱਤ ਗੁਣਾ ਵੱਧ ਤੁਹਾਨੂੰ ਦੁਖੀ ਕਰਾਂਗਾ। 25 ਅਤੇ ਮੈਂ ਨੇਮ ਤੋੜਨ ਦਾ ਬਦਲਾ ਲੈਣ ਲਈ ਤੁਹਾਡੇ ਉੱਤੇ ਤਲਵਾਰ ਲਿਆਵਾਂਗਾ, ਜਦੋਂ ਤੁਸੀਂ ਆਪਣੇ ਸ਼ਹਿਰਾਂ ਵਿੱਚ ਵਾਪਸ ਚਲੇ ਜਾਓਗੇ ਤਦ ਮੈਂ ਤੁਹਾਡੇ ਵਿੱਚ ਇੱਕ ਬਵਾ ਭੇਜਾਂਗਾ, ਅਤੇ ਤੁਸੀਂ ਦੁਸ਼ਮਣ ਦੇ ਹੱਥਾਂ ਵਿੱਚ ਦਿੱਤੇ ਜਾਵੋਂਗੇ। 26 ਜਦੋਂ ਮੈਂ ਤੁਹਾਡੀ ਰੋਟੀ ਦਾ ਜ਼ਰੀਆ ਬੰਦ ਕਰ ਦੇਵਾਂਗਾ, ਤਾਂ ਦਸ ਔਰਤਾਂ ਤੁਹਾਡੀਆਂ ਰੋਟੀਆਂ ਨੂੰ ਇੱਕ ਤੰਦੂਰ ਵਿੱਚ ਪਕਾਉਣ ਦੇ ਯੋਗ ਹੋਣਗੀਆਂ, ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਲ ਕੇ ਦੇਣਗੀਆਂ ਤਦ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ।
27 " ‘ਜੇ ਇਸ ਦੇ ਬਾਵਜੂਦ ਵੀ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਪਰ ਮੇਰੇ ਵਿਰੁੱਧ ਹੀ ਚੱਲੋ, 28 ਤਦ ਮੈਂ ਆਪਣੇ ਕ੍ਰੋਧ ਵਿੱਚ ਤੁਹਾਡੇ ਨਾਲ ਵੈਰ ਕਰਾਂਗਾ, ਅਤੇ ਮੈਂ ਤੁਹਾਨੂੰ ਸੱਤ ਗੁਣਾ ਤੁਹਾਡੇ ਪਾਪਾਂ ਦੀ ਸਜ਼ਾ ਦਿਆਂਗਾ। 29 ਤੁਸੀਂ ਆਪਣੇ ਪੁੱਤਰਾਂ ਦਾ ਮਾਸ ਅਤੇ ਆਪਣੀਆਂ ਧੀਆਂ ਦਾ ਮਾਸ ਖਾਓਗੇ। 30 ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਤਬਾਹ ਕਰ ਦਿਆਂਗਾ, ਤੁਹਾਡੀਆਂ ਧੂਪ ਜਗਵੇਦੀਆਂ ਨੂੰ ਢਾਹ ਦਿਆਂਗਾ ਅਤੇ ਤੁਹਾਡੀਆਂ ਮੂਰਤੀਆਂ ਦੇ ਬੇਜਾਨ ਸਰੂਪਾਂ ਉੱਤੇ ਤੁਹਾਡੀਆਂ ਲਾਸ਼ਾਂ ਦਾ ਢੇਰ ਲਗਾ ਦਿਆਂਗਾ, ਅਤੇ ਮੈਂ ਤੁਹਾਨੂੰ ਨਫ਼ਰਤ ਕਰਾਂਗਾ। 31 ਮੈਂ ਤੁਹਾਡੇ ਸ਼ਹਿਰਾਂ ਨੂੰ ਉਜਾੜਾਂ ਵਿੱਚ ਬਦਲ ਦਿਆਂਗਾ ਅਤੇ ਤੁਹਾਡੇ ਪਵਿੱਤਰ ਸਥਾਨਾਂ ਨੂੰ ਉਜਾੜ ਦਿਆਂਗਾ ਅਤੇ ਮੈਂ ਤੁਹਾਡੀਆਂ ਭੇਟਾਂ ਦੀ ਪ੍ਰਸੰਨ ਸੁਗੰਧ ਵਿੱਚ ਅਨੰਦ ਨਹੀਂ ਲਵਾਂਗਾ। 32 ਮੈਂ ਆਪ ਧਰਤੀ ਨੂੰ ਉਜਾੜ ਦਿਆਂਗਾ, ਤਾਂ ਜੋ ਤੇਰੇ ਵੈਰੀ ਜਿਹੜੇ ਉੱਥੇ ਰਹਿੰਦੇ ਹਨ ਘਬਰਾ ਜਾਣਗੇ। 33 ਮੈਂ ਤੈਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਆਪਣੀ ਤਲਵਾਰ ਕੱਢ ਕੇ ਤੁਹਾਡਾ ਪਿੱਛਾ ਕਰਾਂਗਾ। ਤੁਹਾਡੀ ਧਰਤੀ ਉਜਾੜ ਦਿੱਤੀ ਜਾਵੇਗੀ, ਅਤੇ ਤੁਹਾਡੇ ਸ਼ਹਿਰ ਤਬਾਹ ਹੋ ਜਾਣਗੇ। 34 ਫਿਰ ਧਰਤੀ ਆਪਣੇ ਸਬਤ ਦੇ ਸਾਲ ਦਾ ਆਨੰਦ ਮਾਣੇਗੀ ਕਿ ਇਹ ਵਿਰਾਨ ਪਿਆ ਹੈ ਅਤੇ ਤੁਸੀਂ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਰਹੋਗੇ, ਉਸ ਵੇਲੇ ਦੇਸ਼ ਆਰਾਮ ਕਰੇਗਾ ਅਤੇ ਆਪਣੇ ਸਬਤ ਦਾ ਆਨੰਦ ਮਾਣੇਗਾ। 35 ਜਦੋਂ ਤੱਕ ਇਹ ਵਿਰਾਨ ਰਹੇ, ਜ਼ਮੀਨ ਨੂੰ ਉਹ ਆਰਾਮ ਮਿਲੇਗਾ ਜੋ ਤੁਹਾਡੇ ਇਸ ਵਿੱਚ ਰਹਿੰਦੇ ਸਬਤ ਦੇ ਦਿਨਾਂ ਵਿੱਚ ਨਹੀਂ ਮਿਲਿਆ ਸੀ।
36 " ‘ਤੁਹਾਡੇ ਵਿੱਚੋਂ ਜਿਹੜੇ ਬਚੇ ਹੋਏ ਹਨ, ਮੈਂ ਉਹਨਾਂ ਦੇ ਦਿਲਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਦੇਸ਼ ਵਿੱਚ ਇੰਨਾ ਭੈਭੀਤ ਕਰ ਦਿਆਂਗਾ ਕਿ ਹਵਾ ਦੇ ਉੱਡਦੇ ਪੱਤਿਆਂ ਦੀ ਆਵਾਜ਼ ਸੁਣ ਕੇ ਹੀ ਭੱਜ ਜਾਣਗੇ। ਉਹ ਇਸ ਤਰ੍ਹਾਂ ਭੱਜਣਗੇ ਜਿਵੇਂ ਕੋਈ ਤਲਵਾਰ ਤੋਂ ਭੱਜਦਾ ਹੈ, ਅਤੇ ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰੇ ਤਾਂ ਵੀ ਡਿੱਗ ਪੈਣਗੇ। 37 ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰ ਰਿਹਾ ਹੋਵੇ, ਉਹ ਇੱਕ-ਦੂਜੇ ਉੱਤੇ ਡਿੱਗਣਗੇ ਜਿਵੇਂ ਤਲਵਾਰ ਤੋਂ ਭੱਜ ਰਹੇ ਹੋਣ, ਇਸ ਲਈ ਤੁਸੀਂ ਆਪਣੇ ਦੁਸ਼ਮਣਾਂ ਦੇ ਅੱਗੇ ਟਿਕ ਨਹੀਂ ਸਕੋਗੇ। 38 ਤੁਸੀਂ ਕੌਮਾਂ ਵਿੱਚ ਨਾਸ ਹੋ ਜਾਵੋਂਗੇ; ਤੁਹਾਡੇ ਦੁਸ਼ਮਣਾਂ ਦੀ ਧਰਤੀ ਤੁਹਾਨੂੰ ਖਾ ਜਾਵੇਗੀ। 39 ਤੁਹਾਡੇ ਵਿੱਚੋਂ ਜਿਹੜੇ ਬਚੇ ਹਨ ਉਹ ਆਪਣੇ ਪਾਪਾਂ ਦੇ ਕਾਰਨ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਬਰਬਾਦ ਹੋ ਜਾਣਗੇ; ਉਹ ਆਪਣੇ ਪੁਰਖਿਆਂ ਦੇ ਪਾਪਾਂ ਦੇ ਕਾਰਨ ਵੀ ਬਰਬਾਦ ਹੋ ਜਾਣਗੇ।
40 " ‘ਪਰ ਜੇਕਰ ਉਹ ਆਪਣੀ ਅਤੇ ਪੁਰਖਿਆਂ ਦੀਆਂ ਬਦੀਆਂ ਨੂੰ ਮੰਨ ਲੈਣ ਅਤੇ ਉਸ ਬੇਈਮਾਨੀ ਨੂੰ ਜੋ ਉਨ੍ਹਾਂ ਨੇ ਮੇਰੇ ਨਾਲ ਕੀਤੀ ਅਤੇ ਇਹ ਵੀ ਮੰਨ ਲੈਣ ਕਿ ਉਹ ਮੇਰੇ ਵਿਰੁੱਧ ਚੱਲੇ, 41 ਜਿਸ ਨੇ ਮੈਨੂੰ ਉਹਨਾਂ ਦੇ ਵਿਰੁੱਧ ਦੁਸ਼ਮਣ ਬਣਾਇਆ ਤਾਂ ਜੋ ਮੈਂ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਦੇਸ਼ ਵਿੱਚ ਭੇਜਿਆ, ਤਾਂ ਜੇਕਰ ਉਸ ਵੇਲੇ ਉਹਨਾਂ ਦੇ ਅਸੁੰਨਤੀ ਦਿਲ ਨੀਵੇਂ ਹੋ ਜਾਣ ਅਤੇ ਉਹ ਉਸ ਵੇਲੇ ਆਪਣੀ ਬਦੀ ਦੇ ਸਜ਼ਾ ਨੂੰ ਮੰਨ ਲੈਣ, 42 ਮੈਂ ਉਸ ਨੇਮ ਨੂੰ ਜੋ ਯਾਕੋਬ ਨਾਲ ਅਤੇ ਜਿਹੜਾ ਨੇਮ ਮੈਂ ਇਸਹਾਕ ਅਤੇ ਅਬਰਾਹਾਮ ਬੰਨ੍ਹਿਆਂ ਸੀ ਚੇਤੇ ਕਰਾਂਗਾ ਅਤੇ ਮੈਂ ਧਰਤੀ ਨੂੰ ਯਾਦ ਕਰਾਂਗਾ। 43 ਪਰ ਉਨ੍ਹਾਂ ਦੇ ਜਾਣ ਨਾਲ ਦੇਸ਼ ਉਜਾੜ ਹੋ ਜਾਵੇਗਾ, ਤਾਂ ਜੋ ਧਰਤੀ ਆਪਣੇ ਸਬਤਾਂ ਦੇ ਨੁਕਸਾਨ ਦੀ ਭਰਪਾਈ ਕਰ ਸਕੇ। ਇਸ ਸਮੇਂ ਦੌਰਾਨ ਉਹ ਆਪਣੇ ਕੁਕਰਮਾਂ ਦਾ ਪ੍ਰਾਸਚਿਤ ਕਰਨਗੇ; ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨਾਂ ਨੂੰ ਰੱਦ ਕੀਤਾ ਅਤੇ ਮੇਰੇ ਕਾਨੂੰਨਾਂ ਨਾਲ ਨਫ਼ਰਤ ਕੀਤੀ। 44 ਇਸ ਦੇ ਬਾਵਜੂਦ, ਜਦੋਂ ਉਹ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਹੋਣ, ਮੈਂ ਉਹਨਾਂ ਨੂੰ ਰੱਦ ਨਹੀਂ ਕਰਾਂਗਾ ਅਤੇ ਨਾ ਹੀ ਉਹਨਾਂ ਨੂੰ ਨਫ਼ਰਤ ਕਰਾਂਗਾ ਤਾਂ ਜੋ ਉਹਨਾਂ ਨਾਲ ਆਪਣਾ ਨੇਮ ਤੋੜ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂ। ਮੈਂ ਯਾਹਵੇਹ ਉਹਨਾਂ ਦਾ ਪਰਮੇਸ਼ਵਰ ਹਾਂ। 45 ਪਰ ਉਹਨਾਂ ਦੇ ਕਾਰਨ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤੇ ਨੇਮ ਨੂੰ ਯਾਦ ਕਰਾਂਗਾ ਜਿਨ੍ਹਾਂ ਨੂੰ ਮੈਂ ਕੌਮਾਂ ਦੇ ਸਾਹਮਣੇ ਉਹਨਾਂ ਦਾ ਪਰਮੇਸ਼ਵਰ ਹੋਣ ਲਈ ਮਿਸਰ ਵਿੱਚੋਂ ਕੱਢ ਲਿਆਇਆ ਸੀ। ਮੈਂ ਯਾਹਵੇਹ ਹਾਂ।’ "
46 ਇਹ ਉਹ ਫ਼ਰਮਾਨ, ਕਾਨੂੰਨ ਅਤੇ ਨਿਯਮ ਹਨ, ਜੋ ਯਾਹਵੇਹ ਨੇ ਮੋਸ਼ੇਹ ਦੁਆਰਾ ਆਪਣੇ ਅਤੇ ਇਸਰਾਏਲੀਆਂ ਵਿਚਕਾਰ ਸੀਨਾਈ ਪਹਾੜ ਉੱਤੇ ਸਥਾਪਿਤ ਕੀਤੇ ਸਨ।