Publicidade

Levítico 25

ਸਬਤ ਦਾ ਸਾਲ

1 ਯਾਹਵੇਹ ਨੇ ਮੋਸ਼ੇਹ ਨੂੰ ਸੀਨਾਈ ਪਹਾੜ ਉੱਤੇ ਕਿਹਾ, 2 "ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋ ਜਿਸ ਵਿੱਚ ਮੈਂ ਤੁਹਾਨੂੰ ਲੈ ਜਾ ਰਿਹਾ ਹਾਂ, ਤਾਂ ਉਸ ਧਰਤੀ ਨੂੰ ਵੀ ਯਾਹਵੇਹ ਦੇ ਲਈ ਸਬਤ ਦਾ ਦਿਨ ਦਿੱਤਾ ਜਾਵੇ। 3 ਛੇ ਸਾਲਾਂ ਤੱਕ ਆਪਣੇ ਖੇਤ ਬੀਜੋ, ਅਤੇ ਛੇ ਸਾਲਾਂ ਤੱਕ ਆਪਣੇ ਅੰਗੂਰੀ ਬਾਗ਼ਾਂ ਦੀ ਛਾਂਟੀ ਕਰੋ ਅਤੇ ਉਹਨਾਂ ਦੀ ਫ਼ਸਲ ਇਕੱਠੀ ਕਰੋ। 4 ਪਰ ਸੱਤਵੇਂ ਸਾਲ ਵਿੱਚ, ਧਰਤੀ ਨੂੰ ਸਬਤ ਦੇ ਅਰਾਮ ਦਾ ਇੱਕ ਸਾਲ ਦਿੱਤਾ ਜਾਵੇ, ਯਾਹਵੇਹ ਲਈ ਇੱਕ ਸਬਤ ਦਾ ਸਾਲ ਹੋਵੇਗਾ। ਆਪਣੇ ਖੇਤ ਨਾ ਬੀਜੋ ਅਤੇ ਨਾ ਹੀ ਆਪਣੇ ਅੰਗੂਰੀ ਬਾਗ਼ਾਂ ਦੀ ਛਟਾਈ ਕਰੋ। 5 ਜੋ ਆਪਣੇ ਆਪ ਉੱਗਦਾ ਹੈ ਉਸ ਨੂੰ ਨਾ ਵੱਢੋ ਅਤੇ ਨਾ ਹੀ ਆਪਣੀ ਖਾਲੀ ਛੱਡੀਆ ਵੇਲਾਂ ਦੇ ਅੰਗੂਰਾਂ ਦੀ ਦਾਖ ਤੋੜਨਾ ਕਿਉਂ ਜੋ ਜ਼ਮੀਨ ਨੂੰ ਆਰਾਮ ਦਾ ਇੱਕ ਸਾਲ ਦਿੱਤਾ ਜਾਵੇ। 6 ਸਬਤ ਦੇ ਸਾਲ ਵਿੱਚ ਜੋ ਵੀ ਜ਼ਮੀਨ ਦੀ ਉਪਜ ਹੁੰਦੀ ਹੈ ਉਹ ਤੁਹਾਡੇ ਲਈ ਤੁਹਾਡੇ ਨੌਕਰਾਂ ਅਤੇ ਦਾਸੀਆਂ ਲਈ, ਅਤੇ ਤੁਹਾਡੇ ਵਿੱਚ ਰਹਿੰਦੇ ਮਜ਼ਦੂਰਾਂ ਅਤੇ ਅਸਥਾਈ ਨਿਵਾਸੀਆਂ ਲਈ ਭੋਜਨ ਹੋਵੇਗੀ, 7 ਤੁਹਾਡੇ ਪਸ਼ੂਆਂ ਅਤੇ ਤੁਹਾਡੀ ਧਰਤੀ ਦੇ ਜੰਗਲੀ ਜਾਨਵਰਾਂ ਲਈ ਜੋ ਤੁਹਾਡੇ ਦੇਸ਼ ਵਿੱਚ ਹਨ, ਉਹਨਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਮਿਲੇਗਾ।

ਜੁਬਲੀ ਦਾ ਸਾਲ

8 " ‘ਸੱਤ ਸਬਤ ਦੇ ਸਾਲਾਂ ਦੀ ਗਿਣਤੀ ਕਰੋ, ਸੱਤ ਗੁਣਾ ਸੱਤ ਸਾਲ ਇਸ ਤਰ੍ਹਾਂ ਸੱਤ ਸਬਤ ਦੇ ਸਾਲ ਉਣੰਜਾ ਸਾਲਾਂ ਦੀ ਮਿਆਦ ਦੇ ਬਰਾਬਰ ਹੋਵੇਗਾ। 9 ਫਿਰ ਸੱਤਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰ ਥਾਂ ਤੁਰ੍ਹੀ ਵਜਾਈ ਜਾਵੇ ਅਰਥਾਤ ਬਖਸ਼ੀਸ਼ ਦੇ ਦਿਨ ਤੁਹਾਡੇ ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਵੀਂ ਜਾਵੇ। 10 ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਇਸ ਦੇ ਸਾਰੇ ਨਿਵਾਸੀਆਂ ਨੂੰ ਦੇਸ਼ ਭਰ ਵਿੱਚ ਅਜ਼ਾਦੀ ਦਾ ਐਲਾਨ ਕਰਨਾ, ਇਹ ਤੁਹਾਡੇ ਲਈ ਇੱਕ ਜੁਬਲੀ ਦਾ ਸਾਲ ਹੋਵੇਗਾ, ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਪਰਿਵਾਰ ਦੀ ਜਾਇਦਾਦ ਅਤੇ ਆਪਣੇ ਪਰਿਵਾਰ ਵਿੱਚ ਵਾਪਸ ਜਾਣਾ ਹੈ। 11 ਪੰਜਾਹਵਾਂ ਸਾਲ ਤੁਹਾਡੇ ਲਈ ਜੁਬਲੀ ਦਾ ਸਾਲ ਹੋਵੇਗਾ ਉਸ ਵਿੱਚ ਨਾ ਬੀਜੋ ਅਤੇ ਨਾ ਹੀ ਵੱਢੋ ਜੋ ਆਪਣੇ ਆਪ ਉੱਗਦਾ ਹੈ ਅਤੇ ਨਾ ਹੀ ਆਪਣੇ ਖਾਲੀ ਛੱਡੇ ਹੋਏ ਬਾਗਾਂ ਦੀਆਂ ਦਾਖਾਂ ਤੋੜਨਾ। 12 ਕਿਉਂਕਿ ਇਹ ਜੁਬਲੀ ਹੈ ਅਤੇ ਤੁਹਾਡੇ ਲਈ ਪਵਿੱਤਰ ਹੋਵੇਗਾ, ਉਹੀ ਖਾਓ ਜੋ ਖੇਤਾਂ ਤੋਂ ਸਿੱਧਾ ਲਿਆ ਜਾਂਦਾ ਹੈ।

13 " ‘ਜੁਬਲੀ ਦੇ ਇਸ ਸਾਲ ਵਿੱਚ ਹਰ ਕੋਈ ਆਪਣੀ ਜਾਇਦਾਦ ਵੱਲ ਵਾਪਸ ਮੁੜ ਜਾਵੇ।

14 " ‘ਜੇ ਤੁਸੀਂ ਆਪਣੇ ਹੀ ਲੋਕਾਂ ਵਿੱਚੋਂ ਕਿਸੇ ਨੂੰ ਜ਼ਮੀਨ ਵੇਚਦੇ ਹੋ ਜਾਂ ਉਹਨਾਂ ਤੋਂ ਜ਼ਮੀਨ ਖਰੀਦਦੇ ਹੋ, ਤਾਂ ਇੱਕ ਦੂਸਰੇ ਨਾਲ ਉੱਚਿਤ ਵਿਵਹਾਰ ਕਰਨਾ। 15 ਜੁਬਲੀ ਦੇ ਸਾਲ ਤੋਂ ਬਾਅਦ ਦੇ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਮੁੱਲ ਠਹਿਰਾ ਕੇ ਆਪਣੇ ਲੋਕਾਂ ਤੋਂ ਖਰੀਦਣਾ ਅਤੇ ਉਹ ਤੁਹਾਨੂੰ ਫ਼ਸਲਾਂ ਦੀ ਵਾਢੀ ਲਈ ਬਚੇ ਹੋਏ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਵੇਚਣਗੇ। 16 ਜਦੋਂ ਸਾਲ ਵਧਦੇ ਹਨ, ਤਾਂ ਉਸਦੀ ਕੀਮਤ ਵਧਾਓ, ਅਤੇ ਜਦੋਂ ਸਾਲ ਘੱਟ ਹੁੰਦੇ ਹਨ, ਤਾਂ ਕੀਮਤ ਘਟਾਓ, ਕਿਉਂਕਿ ਜੋ ਅਸਲ ਵਿੱਚ ਤੁਹਾਨੂੰ ਵੇਚਿਆ ਜਾ ਰਿਹਾ ਹੈ ਉਹ ਫਸਲਾਂ ਦੀ ਗਿਣਤੀ ਹੈ। 17 ਇੱਕ-ਦੂਜੇ ਦਾ ਫ਼ਾਇਦਾ ਨਾ ਉਠਾਓ, ਪਰ ਆਪਣੇ ਪਰਮੇਸ਼ਵਰ ਤੋਂ ਡਰੋ ਕਿਉਂ ਜੋ ਮੈਂ ਤੁਹਾਡਾ ਪਰਮੇਸ਼ਵਰ ਹਾਂ।

18 " ‘ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਅਤੇ ਤੁਸੀਂ ਦੇਸ਼ ਵਿੱਚ ਸੁਰੱਖਿਅਤ ਰਹੋਗੇ। 19 ਤਦ ਧਰਤੀ ਆਪਣਾ ਫਲ ਦੇਵੇਗੀ, ਅਤੇ ਤੁਸੀਂ ਰੱਜ ਕੇ ਖਾਓਗੇ ਅਤੇ ਦੇਸ਼ ਵਿੱਚ ਸੁੱਖ-ਸਾਂਦ ਨਾਲ ਰਹੋਗੇ। 20 ਜੇਕਰ ਤੁਸੀਂ ਆਖੋ, "ਸੱਤਵੇਂ ਸਾਲ ਅਸੀਂ ਕੀ ਖਾਵਾਂਗੇ ਤਾਂ ਵੇਖੋ, ਅਸੀਂ ਨਾ ਆਪਣੀਆਂ ਫ਼ਸਲਾਂ ਬੀਜਾਂਗੇ ਨਾ ਅਸੀਂ ਇਕੱਠਾ ਕਰਾਂਗੇ?" 21 ਮੈਂ ਤੁਹਾਨੂੰ ਛੇਵੇਂ ਸਾਲ ਵਿੱਚ ਅਜਿਹੀ ਬਰਕਤ ਭੇਜਾਂਗਾ ਕਿ ਜ਼ਮੀਨ ਤਿੰਨ ਸਾਲਾਂ ਲਈ ਕਾਫ਼ੀ ਉਪਜ ਦੇਵੇਗੀ। 22 ਜਦੋਂ ਤੁਸੀਂ ਅੱਠਵੇਂ ਸਾਲ ਬੀਜਦੇ ਹੋ, ਤੁਸੀਂ ਪੁਰਾਣੀ ਫ਼ਸਲ ਵਿੱਚੋਂ ਖਾਓਗੇ ਅਤੇ ਨੌਵੇਂ ਸਾਲ ਦੀ ਵਾਢੀ ਦੇ ਆਉਣ ਤੱਕ ਉਸ ਵਿੱਚੋਂ ਖਾਂਦੇ ਰਹੋਗੇ।

23 " ‘ਜ਼ਮੀਨ ਨੂੰ ਪੱਕੇ ਤੌਰ ਤੇ ਨਾ ਵੇਚਿਆ ਜਾਵੇ, ਕਿਉਂਕਿ ਜ਼ਮੀਨ ਮੇਰੀ ਹੈ ਅਤੇ ਤੁਸੀਂ ਮੇਰੀ ਧਰਤੀ ਤੇ ਪਰਦੇਸੀ ਅਤੇ ਪਰਾਹੁਣੇ ਵਜੋਂ ਰਹਿੰਦੇ ਹੋ। 24 ਪਰ ਤੁਸੀਂ ਆਪਣੇ ਵਿਰਾਸਤ ਦੇ ਸਾਰੇ ਦੇਸ਼ ਵਿੱਚ ਧਰਤੀ ਨੂੰ ਛੁਡਾਉਣ ਦੀ ਮਨਜ਼ੂਰੀ ਦੇਣਾ।

25 " ‘ਜੇ ਤੁਹਾਡਾ ਕੋਈ ਇਸਰਾਏਲੀ ਗਰੀਬ ਹੋ ਜਾਂਦਾ ਹੈ ਅਤੇ ਆਪਣੀ ਕੁਝ ਜਾਇਦਾਦ ਵੇਚ ਦਿੰਦਾ ਹੈ, ਤਾਂ ਉਸ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਆ ਕੇ ਉਸ ਚੀਜ਼ ਨੂੰ ਛੁਡਾ ਲਵੇ ਜੋ ਉਸਨੇ ਵੇਚਿਆ ਹੈ। 26 ਜੇਕਰ, ਉਹਨਾਂ ਲਈ ਇਸ ਨੂੰ ਛੁਡਾਉਣ ਵਾਲਾ ਕੋਈ ਨਹੀਂ ਹੈ ਅਤੇ ਉਹ ਮਨੁੱਖ ਆਪ ਉਸ ਨੂੰ ਛੁਡਾਉਣ ਦੇ ਯੋਗ ਹੋ ਜਾਵੇ, 27 ਤਦ ਉਹ ਉਸ ਨੂੰ ਵੇਚਣ ਦੇ ਸਮੇਂ ਤੋਂ ਸਾਲਾਂ ਦੀ ਗਿਣਤੀ ਕਰਕੇ ਬਾਕੀ ਸਾਲਾਂ ਦੀ ਉਪਜ ਦਾ ਮੁੱਲ ਉਸ ਨੂੰ ਮੋੜ ਦੇਵੇ, ਜਿਸ ਨੂੰ ਉਸ ਨੇ ਉਹ ਜ਼ਮੀਨ ਵੇਚੀ ਸੀ ਅਤੇ ਫੇਰ ਉਹ ਆਪਣੇ ਹਿੱਸੇ ਦੀ ਜ਼ਮੀਨ ਦਾ ਅਧਿਕਾਰੀ ਹੋ ਜਾਵੇ। 28 ਪਰ ਜੇ ਉਹ ਵਾਪਸ ਛੁਡਾਉਣ ਦੇ ਯੋਗ ਨਾ ਹੋਵੇ, ਤਾਂ ਜੋ ਵੇਚਿਆ ਗਿਆ ਸੀ ਉਹ ਜੁਬਲੀ ਦੇ ਸਾਲ ਤੱਕ ਖਰੀਦਦਾਰ ਦੇ ਕਬਜ਼ੇ ਵਿੱਚ ਰਹੇਗਾ। ਇਹ ਅਨੰਦ ਦੇ ਸਾਲ ਵਿੱਚ ਵਾਪਸ ਕਰ ਦਿੱਤਾ ਜਾਵੇਗਾ, ਅਤੇ ਫਿਰ ਉਸਦੀ ਜਾਇਦਾਦ ਉਸਨੂੰ ਵਾਪਸ ਮਿਲ ਸਕਦੀ ਹੈ।

29 " ‘ਕੋਈ ਵੀ ਵਿਅਕਤੀ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਇੱਕ ਘਰ ਵੇਚਦਾ ਹੈ, ਉਸਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸਨੂੰ ਛੁਡਾਉਣ ਦਾ ਅਧਿਕਾਰ ਹੈ। 30 ਜੇਕਰ ਪੂਰਾ ਸਾਲ ਬੀਤ ਜਾਣ ਤੋਂ ਪਹਿਲਾਂ ਇਸ ਨੂੰ ਛੁਡਾਇਆ ਨਹੀਂ ਜਾਂਦਾ ਹੈ, ਤਾਂ ਕੰਧ ਵਾਲੇ ਸ਼ਹਿਰ ਵਿੱਚ ਘਰ ਸਥਾਈ ਤੌਰ ਤੇ ਖਰੀਦਦਾਰ ਅਤੇ ਖਰੀਦਦਾਰ ਦੇ ਉੱਤਰਾਧਿਕਾਰੀਆਂ ਦਾ ਹੋਵੇਗਾ, ਇਹ ਜੁਬਲੀ ਦੇ ਸਾਲ ਵਿੱਚ ਵਾਪਸ ਨਾ ਕੀਤਾ ਜਾਵੇ। 31 ਪਰ ਚਾਰੇ ਪਾਸੇ ਦੀਵਾਰਾ ਤੋਂ ਬਿਨਾਂ ਪਿੰਡਾਂ ਦੇ ਘਰਾਂ ਨੂੰ ਖੁੱਲ੍ਹੇ ਦੇਸ਼ ਨਾਲ ਸਬੰਧਤ ਮੰਨਿਆ ਜਾਣਾ ਚਾਹੀਦਾ ਹੈ, ਉਹਨਾਂ ਨੂੰ ਛੁਡਾਇਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਜੁਬਲੀ ਦੇ ਸਾਲ ਵਿੱਚ ਛੁਡਾਇਆ ਜਾਵੇ।

32 " ‘ਲੇਵੀਆਂ ਨੂੰ ਹਮੇਸ਼ਾ ਲੇਵੀਆਂ ਦੇ ਕਸਬਿਆਂ ਵਿੱਚ ਆਪਣੇ ਘਰ ਛੁਡਾਉਣ ਦਾ ਅਧਿਕਾਰ ਹੁੰਦਾ ਹੈ, ਜੋ ਉਹਨਾਂ ਕੋਲ ਹਨ। 33 ਇਸ ਲਈ ਲੇਵੀਆਂ ਦੀ ਜਾਇਦਾਦ ਛੁਡਾਉਣ ਯੋਗ ਹੈ ਅਰਥਾਤ, ਇੱਕ ਘਰ ਜਿਸ ਨੂੰ ਉਹ ਕਿਸੇ ਵੀ ਕਸਬੇ ਵਿੱਚ ਵੇਚਦੇ ਹਨ ਅਤੇ ਜੁਬਲੀ ਵਿੱਚ ਵਾਪਸ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਲੇਵੀਆਂ ਦੇ ਕਸਬਿਆਂ ਵਿੱਚ ਘਰ ਇਸਰਾਏਲੀਆਂ ਵਿੱਚ ਉਹਨਾਂ ਦੀ ਜਾਇਦਾਦ ਹਨ। 34 ਪਰ ਉਹਨਾਂ ਦੇ ਸ਼ਹਿਰਾਂ ਦੇ ਦੁਆਲੇ ਦੀਆਂ ਚਾਰਗਾਹਾਂ ਵੇਚੀਆਂ ਨਾ ਜਾਣ ਕਿਉਂ ਜੋ ਉਹ ਸਦਾ ਲਈ ਉਹਨਾਂ ਦਾ ਹਿੱਸਾ ਹੈ।

35 " ‘ਜੇਕਰ ਤੁਹਾਡਾ ਕੋਈ ਸਾਥੀ ਇਸਰਾਏਲੀ ਗਰੀਬ ਹੋ ਜਾਂਦਾ ਹੈ ਅਤੇ ਤੁਹਾਡੇ ਵਿਚਕਾਰ ਆਪਣਾ ਗੁਜ਼ਾਰਾ ਕਰਨ ਵਿੱਚ ਅਸਮਰੱਥ ਹੈ, ਤਾਂ ਉਹਨਾਂ ਦੀ ਮਦਦ ਕਰੋ ਅਤੇ ਇਸ ਤਰ੍ਹਾਂ ਸਮਝੋ ਕਿ ਉਹ ਇੱਕ ਪਰਦੇਸੀ ਅਤੇ ਪ੍ਰਾਹੁਣਾ ਹੈ, ਤਾਂ ਜੋ ਉਹ ਤੁਹਾਡੇ ਵਿੱਚ ਰਹਿ ਸਕੇ। 36 ਉਹਨਾਂ ਤੋਂ ਵਿਆਜ ਜਾਂ ਕੋਈ ਲਾਭ ਨਾ ਲਓ, ਪਰ ਆਪਣੇ ਪਰਮੇਸ਼ਵਰ ਤੋਂ ਡਰੋ, ਤਾਂ ਜੋ ਉਹ ਤੁਹਾਡੇ ਵਿੱਚ ਰਹਿਣ। 37 ਤੁਸੀਂ ਉਹਨਾਂ ਨੂੰ ਵਿਆਜ ਤੇ ਪੈਸੇ ਨਾ ਦੇਣਾ ਨਾ ਉਹਨਾਂ ਨੂੰ ਲਾਭ ਦੇ ਲਈ ਭੋਜਨ ਵੇਚਣਾ। 38 ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ ਤਾਂ ਜੋ ਮੈਂ ਤੁਹਾਨੂੰ ਕਨਾਨ ਦੇਸ਼ ਦੇਵਾਂ ਅਤੇ ਤੁਹਾਡਾ ਪਰਮੇਸ਼ਵਰ ਹੋਵਾਂ।

39 " ‘ਜੇਕਰ ਤੁਹਾਡਾ ਕੋਈ ਇਸਰਾਏਲੀ ਸਾਥੀ ਗਰੀਬ ਹੋ ਜਾਵੇ ਅਤੇ ਆਪਣੇ ਆਪ ਨੂੰ ਤੁਹਾਡੇ ਕੋਲ ਵੇਚ ਦੇਵੇ, ਤਾਂ ਉਸ ਨੂੰ ਗੁਲਾਮ ਨਾ ਬਣਾਵੀਂ। 40 ਉਹਨਾਂ ਨੂੰ ਤੁਸੀਂ ਮਜ਼ਦੂਰ ਜਾ ਪ੍ਰਾਹੁਣੇ ਦੀ ਤਰ੍ਹਾਂ ਰੱਖੋ ਅਤੇ ਉਹ ਜੁਬਲੀ ਦੇ ਸਾਲ ਤੱਕ ਤੁਹਾਡੀ ਸੇਵਾ ਕਰਨ। 41 ਤਦ ਉਹਨਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਛੱਡ ਦਿੱਤਾ ਜਾਵੇ, ਅਤੇ ਉਹ ਆਪਣੇ ਪਰਿਵਾਰ ਅਤੇ ਆਪਣੇ ਪੁਰਖਿਆਂ ਦੀ ਜਾਇਦਾਦ ਵਿੱਚ ਵਾਪਸ ਚਲੇ ਜਾਣ। 42 ਕਿਉਂਕਿ ਇਸਰਾਏਲੀ ਮੇਰੇ ਸੇਵਕ ਹਨ, ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਕੱਢ ਲਿਆਇਆ, ਉਹਨਾਂ ਨੂੰ ਗੁਲਾਮਾਂ ਵਾਂਗ ਨਾ ਵੇਚਿਆ ਜਾਵੇ। 43 ਉਹਨਾਂ ਉੱਤੇ ਬੇਰਹਿਮੀ ਨਾਲ ਰਾਜ ਨਾ ਕਰੋ, ਪਰ ਆਪਣੇ ਪਰਮੇਸ਼ਵਰ ਤੋਂ ਡਰੋ।

44 " ‘ਤੁਹਾਡੇ ਦਾਸ ਅਤੇ ਦਾਸੀਆਂ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਆਉਣਗੇ, ਉਹਨਾਂ ਵਿੱਚੋਂ ਤੁਸੀਂ ਗੁਲਾਮ ਖਰੀਦ ਸਕਦੇ ਹੋ। 45 ਤੁਹਾਡੇ ਵਿੱਚ ਰਹਿੰਦੇ ਕੁਝ ਅਸਥਾਈ ਨਿਵਾਸੀਆਂ ਅਤੇ ਤੁਹਾਡੇ ਦੇਸ਼ ਵਿੱਚ ਪੈਦਾ ਹੋਏ ਉਹਨਾਂ ਦੇ ਕਬੀਲਿਆਂ ਦੇ ਮੈਂਬਰਾਂ ਨੂੰ ਵੀ ਖਰੀਦ ਸਕਦੇ ਹੋ, ਅਤੇ ਉਹ ਤੁਹਾਡੀ ਜਾਇਦਾਦ ਬਣ ਜਾਣਗੇ। 46 ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਮਿਲੀ ਜਾਇਦਾਦ ਵਜੋਂ ਸੌਂਪ ਸਕਦੇ ਹੋ ਅਤੇ ਉਹਨਾਂ ਨੂੰ ਜੀਵਨ ਭਰ ਲਈ ਗੁਲਾਮ ਬਣਾ ਸਕਦੇ ਹੋ, ਪਰ ਤੁਸੀਂ ਆਪਣੇ ਇਸਰਾਏਲੀਆਂ ਭਰਾਵਾਂ ਉੱਤੇ ਬੇਰਹਿਮੀ ਨਾਲ ਰਾਜ ਨਾ ਕਰਨਾ।

47 " ‘ਜੇਕਰ ਤੁਹਾਡੇ ਵਿੱਚ ਰਹਿਣ ਵਾਲਾ ਕੋਈ ਪਰਦੇਸੀ ਅਮੀਰ ਬਣ ਜਾਂਦਾ ਹੈ ਅਤੇ ਤੁਹਾਡਾ ਕੋਈ ਇਸਰਾਏਲੀ ਭਰਾ ਗਰੀਬ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਪਰਦੇਸੀ ਜਾਂ ਓਪਰੇ ਦੇ ਘਰਾਣੇ ਨੂੰ ਵੇਚ ਦਿੰਦਾ ਹੈ, 48 ਉਹ ਆਪਣੇ ਆਪ ਨੂੰ ਵੇਚਣ ਤੋਂ ਬਾਅਦ ਛੁਡਾਉਣ ਦਾ ਅਧਿਕਾਰ ਬਰਕਰਾਰ ਰੱਖਦਾ ਹੈ, ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਨੂੰ ਛੁਡਾ ਸਕਦਾ ਹੈ। 49 ਉਸਦਾ ਚਾਚਾ ਜਾਂ ਚਚੇਰਾ ਭਰਾ ਜਾਂ ਉਹਨਾਂ ਦੇ ਕਬੀਲੇ ਵਿੱਚ ਕੋਈ ਵੀ ਖੂਨੀ ਰਿਸ਼ਤੇਦਾਰ ਉਹਨਾਂ ਨੂੰ ਛੁਡਾ ਸਕਦਾ ਹੈ ਜਾਂ ਜਦ ਉਹ ਆਪਣੇ ਆਪ ਛੁਡਾਉਣ ਦੇ ਯੋਗ ਹੋਵੇ, ਤਾਂ ਉਹ ਆਪਣੇ ਆਪ ਨੂੰ ਛੁਡਾ ਸਕਦੇ ਹਨ। 50 ਉਹ ਅਤੇ ਉਹਨਾਂ ਦੇ ਖਰੀਦਦਾਰ ਉਸ ਸਾਲ ਤੋਂ ਲੈ ਕੇ ਜੁਬਲੀ ਦੇ ਸਾਲ ਤੱਕ ਦੇ ਸਮੇਂ ਦੀ ਗਿਣਤੀ ਕਰੇ। ਅਤੇ ਉਹਨਾਂ ਦੇ ਵਿਕਣ ਦਾ ਮੁੱਲ ਸਾਲਾਂ ਦੇ ਲੇਖੇ ਦੇ ਅਨੁਸਾਰ ਹੋਵੇ ਅਰਥਾਤ ਉਹ ਉਹਨਾਂ ਦੇ ਛੱਡਣ ਦਾ ਮੁੱਲ ਮਜ਼ਦੂਰ ਦੀ ਮਜ਼ਦੂਰ ਦੇ ਅਨੁਸਾਰ ਹੋਵੇ। 51 ਪਰ ਜੇਕਰ ਯੋਵੇਲ ਸਾਲ ਤੱਕ ਅਜੇ ਵੀ ਕਈ ਸਾਲ ਬਾਕੀ ਹਨ, ਤਾਂ ਉਸਨੂੰ ਉਸਦੇ ਛੁਟਕਾਰਾ ਲਈ ਉਸਦੀ ਵਿਕਰੀ ਦੀ ਕੀਮਤ ਦੇ ਬਰਾਬਰ ਰਕਮ ਵਾਪਸ ਕਰਨੀ ਚਾਹੀਦੀ ਹੈ। 52 ਜੇਕਰ ਜੁਬਲੀ ਦੇ ਸਾਲ ਤੱਕ ਸਿਰਫ ਕੁਝ ਸਾਲ ਹੀ ਬਚੇ ਹੋਏ ਹੋਣ, ਤਾਂ ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ ਲੇਖਾ ਕਰੇ ਅਤੇ ਆਪਣੇ ਆਪ ਨੂੰ ਛੁਡਾਉਣ ਦਾ ਮੁੱਲ ਉਨ੍ਹਾਂ ਸਾਲਾਂ ਦੇ ਅਨੁਸਾਰ ਉਸਨੂੰ ਮੋੜ ਦੇਵੇ। 53 ਉਹਨਾਂ ਨਾਲ ਸਾਲ-ਦਰ-ਸਾਲ ਕੰਮ ਤੇ ਰੱਖੇ ਕਾਮਿਆਂ ਵਾਂਗ ਵਿਹਾਰ ਕੀਤਾ ਜਾਵੇ; ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ ਉਹ ਉਹਨਾਂ ਉੱਤੇ ਬੇਰਹਿਮੀ ਨਾਲ ਰਾਜ ਨਾ ਕਰਨ।

54 " ‘ਜੇ ਕਿਸੇ ਨੂੰ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਛੁਡਾਇਆ ਨਹੀਂ ਜਾਂਦਾ, ਤਾਂ ਵੀ ਉਹ ਆਪਣੇ ਬੱਚਿਆਂ ਦੇ ਨਾਲ ਜੁਬਲੀ ਦੇ ਸਾਲ ਵਿੱਚ ਛੁੱਟ ਜਾਵੇ, 55 ਕਿਉਂਕਿ ਇਸਰਾਏਲੀ ਮੇਰੇ ਸੇਵਕ ਹਨ। ਉਹ ਮੇਰੇ ਸੇਵਕ ਹਨ, ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਬਾਹਰ ਲਿਆਇਆ। ਮੈਂ ਤੁਹਾਡਾ ਪਰਮੇਸ਼ਵਰ ਹਾਂ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-