1 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਇਹ ਸੰਦੇਸ਼ ਦਿਓ, ‘ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ। 3 ਤੁਸੀਂ ਮਿਸਰ ਦੇ ਦੇਸ਼ ਦੇ ਕੰਮਾਂ ਦੇ ਅਨੁਸਾਰ ਨਾ ਕਰਨਾ, ਜਿਸ ਦੇ ਵਿੱਚ ਤੁਸੀਂ ਵੱਸਦੇ ਸੀ ਅਤੇ ਨਾ ਕਨਾਨ ਦੇ ਕੰਮਾਂ ਦੇ ਅਨੁਸਾਰ ਕਰਨਾ, ਜਿੱਥੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ ਅਤੇ ਨਾ ਹੀ ਤੁਸੀਂ ਉਹਨਾਂ ਦੀਆਂ ਰੀਤਾਂ ਅਨੁਸਾਰ ਚੱਲਣਾ। 4 ਤੁਸੀਂ ਮੇਰੇ ਨਿਯਮਾਂ ਨੂੰ ਮੰਨਣਾ ਅਤੇ ਜਿੱਥੇ ਤੁਸੀਂ ਰਹਿੰਦੇ ਹੋ, ਮੇਰੀਆਂ ਹੀ ਬਿਧੀਆਂ ਨੂੰ ਮੰਨ ਕੇ ਉਹਨਾਂ ਦੇ ਅਨੁਸਾਰ ਚੱਲਣਾ ਕਿਉਂ ਜੋ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ। 5 ਇਸ ਲਈ ਤੁਸੀਂ ਮੇਰੇ ਨਿਯਮਾਂ ਬਿਧੀਆਂ ਦੀ ਪਾਲਨਾ ਕਰਨਾ ਕਿਉਂਕਿ ਜਿਹੜਾ ਵਿਅਕਤੀ ਇਹਨਾਂ ਨੂੰ ਮੰਨਦਾ ਹੈ ਉਹ ਇਹਨਾਂ ਕਰਕੇ ਜੀਉਂਦਾ ਰਹੇਗਾ, ਮੈਂ ਹੀ ਯਾਹਵੇਹ ਹਾਂ।
6 " ‘ਕਿਸੇ ਨੂੰ ਵੀ ਜਿਨਸੀ ਸੰਬੰਧ ਬਣਾਉਣ ਲਈ ਕਿਸੇ ਨਜ਼ਦੀਕੀ ਰਿਸ਼ਤੇਦਾਰ ਕੋਲ ਨਹੀਂ ਜਾਣਾ ਚਾਹੀਦਾ, ਮੈਂ ਹੀ ਯਾਹਵੇਹ ਹਾਂ।
7 " ‘ਆਪਣੀ ਮਾਂ ਨਾਲ ਜਿਨਸੀ ਸੰਬੰਧ ਬਣਾ ਕੇ ਆਪਣੇ ਪਿਤਾ ਦਾ ਅਪਮਾਨ ਨਾ ਕਰੋ, ਉਹ ਤੇਰੀ ਮਾਂ ਹੈ ਇਸ ਲਈ ਉਸ ਨਾਲ ਸੰਬੰਧ ਨਾ ਰੱਖ।
8 " ‘ਆਪਣੀ ਸੌਤੇਲੀ ਮਾਂ ਨਾਲ ਜਿਨਸੀ ਸੰਬੰਧ ਨਾ ਰੱਖੀ ਕਿਉਂ ਜੋ ਇਸ ਨਾਲ ਤੁਹਾਡੇ ਪਿਤਾ ਦਾ ਅਪਮਾਨ ਹੋਵੇਗਾ।
9 " ‘ਆਪਣੀ ਭੈਣ ਨਾਲ ਜਿਨਸੀ ਸੰਬੰਧ ਨਾ ਰੱਖ, ਨਾ ਤਾਂ ਤੁਹਾਡੇ ਪਿਤਾ ਦੀ ਧੀ ਜਾਂ ਤੁਹਾਡੀ ਮਾਂ ਦੀ ਧੀ, ਭਾਵੇਂ ਉਹ ਉਸੇ ਘਰ ਵਿੱਚ ਪੈਦਾ ਹੋਈ ਹੋਵੇ ਜਾਂ ਹੋਰ ਕਿਤੇ।
10 " ‘ਆਪਣੇ ਪੁੱਤਰ ਦੀ ਧੀ ਜਾਂ ਆਪਣੀ ਧੀ ਦੀ ਧੀ ਨਾਲ ਜਿਨਸੀ ਸੰਬੰਧ ਨਾ ਰੱਖੀ, ਇਸ ਨਾਲ ਤੇਰਾ ਹੀ ਅਪਮਾਨ ਹੋਵੇਗਾ।
11 " ‘ਤੂੰ ਆਪਣੀ ਸੌਤੇਲੀ ਭੈਣ ਨਾਲ ਜਿਨਸੀ ਸੰਬੰਧ ਨਾ ਰੱਖ, ਜੋ ਤੁਹਾਡੇ ਪਿਤਾ ਤੋਂ ਪੈਦਾ ਹੋਈ ਹੈ ਕਿਉਂ ਜੋ ਉਹ ਤੇਰੀ ਭੈਣ ਹੈ।
12 " ‘ਤੂੰ ਆਪਣੇ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਾ ਰੱਖੀ, ਉਹ ਤੁਹਾਡੇ ਪਿਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
13 " ‘ਤੂੰ ਆਪਣੀ ਮਾਂ ਦੀ ਭੈਣ ਨਾਲ ਜਿਨਸੀ ਸੰਬੰਧ ਨਾ ਰੱਖਣਾ, ਕਿਉਂਕਿ ਉਹ ਤੁਹਾਡੀ ਮਾਂ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
14 " ‘ਤੂੰ ਆਪਣੇ ਪਿਤਾ ਦੇ ਭਰਾ ਦਾ ਨੰਗੇਜ਼ ਨਾ ਉਘਾੜੀਂ, ਨਾ ਤੂੰ ਉਸ ਦੀ ਪਤਨੀ ਕੋਲ ਜਾਵੀਂ, ਉਹ ਤਾਂ ਤੇਰੀ ਚਾਚੀ ਹੈ।
15 " ‘ਤੂੰ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਨਾ ਰੱਖੀ; ਉਹ ਤੇਰੇ ਪੁੱਤਰ ਦੀ ਪਤਨੀ ਹੈ, ਉਸ ਨਾਲ ਸੰਬੰਧ ਨਾ ਰੱਖ।
16 " ‘ਤੂੰ ਆਪਣੇ ਭਰਾ ਦੀ ਪਤਨੀ ਨਾਲ ਜਿਨਸੀ ਸੰਬੰਧ ਨਾ ਰੱਖ; ਜੋ ਉਹ ਤਾਂ ਤੇਰੇ ਭਰਾ ਦਾ ਨਿਰਾਦਰ ਹੋਵੇਗਾ।
17 " ‘ਤੂੰ ਕਿਸੇ ਔਰਤ ਅਤੇ ਉਸਦੀ ਧੀ ਦੋਹਾਂ ਨਾਲ ਜਿਨਸੀ ਸੰਬੰਧ ਨਾ ਰੱਖਣਾ; ਉਸਦੇ ਪੁੱਤਰ ਦੀ ਧੀ ਜਾਂ ਉਸਦੀ ਧੀ ਦੀ ਧੀ ਨਾਲ ਜਿਨਸੀ ਸੰਬੰਧ ਨਾ ਰੱਖਣਾ, ਉਹ ਉਸਦੇ ਨਜ਼ਦੀਕੀ ਰਿਸ਼ਤੇਦਾਰ ਹਨ। ਉਹ ਦੁਸ਼ਟਤਾ ਹੈ।
18 " ‘ਤੂੰ ਆਪਣੀ ਪਤਨੀ ਨੂੰ ਦੁੱਖ ਦੇਣ ਲਈ, ਉਸ ਦੀ ਭੈਣ ਨਾਲ ਜਿਨਸੀ ਸੰਬੰਧ ਰੱਖਣ ਲਈ ਨਾ ਵਿਆਹਵੀਂ ਜਦ ਕਿ ਤੇਰੀ ਪਹਿਲੀ ਪਤਨੀ ਅਜੇ ਜੀਉਂਦੀ ਹੈ।
19 " ‘ਤੂੰ ਕਿਸੇ ਔਰਤ ਦੇ ਮਾਹਵਾਰੀ ਦੀ ਅਸ਼ੁੱਧਤਾ ਦੌਰਾਨ ਜਿਨਸੀ ਸੰਬੰਧ ਬਣਾਉਣ ਲਈ ਉਸ ਕੋਲ ਨਾ ਜਾਵੀਂ।
20 " ‘ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਜਿਨਸੀ ਸੰਬੰਧ ਨਾ ਰੱਖ ਅਤੇ ਉਸ ਨਾਲ ਆਪਣੇ ਆਪ ਨੂੰ ਅਸ਼ੁੱਧ ਨਾ ਕਰੀਂ।
21 " ‘ਅਤੇ ਤੂੰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਮੋਲੋਕ ਦੇਵਤੇ ਦੇ ਅੱਗੇ ਅੱਗ ਦੇ ਵਿੱਚੋਂ ਨਾ ਲੰਘਾਵੀਂ ਨਾ ਤੂੰ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਬਦਨਾਮ ਕਰੀ, ਮੈਂ ਹੀ ਯਾਹਵੇਹ ਹਾਂ।
22 " ‘ਜਿਸ ਤਰ੍ਹਾਂ ਤੂੰ ਔਰਤ ਨਾਲ ਸੰਗ ਕਰਦਾ ਹੈ, ਉਸੇ ਤਰ੍ਹਾਂ ਕਿਸੇ ਆਦਮੀ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਕੰਮ ਹੈ।
23 " ‘ਤੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਾ ਰੱਖੀ ਅਤੇ ਆਪਣੇ ਆਪ ਨੂੰ ਉਸ ਨਾਲ ਅਸ਼ੁੱਧ ਨਾ ਕਰੀਂ ਅਤੇ ਨਾ ਕੋਈ ਔਰਤ ਕਿਸੇ ਪਸ਼ੂ ਦੇ ਅੱਗੇ ਜਾ ਕੇ ਖੜ੍ਹੀ ਹੋਵੇ ਤਾਂ ਜੋ ਉਸ ਨਾਲ ਜਿਨਸੀ ਸੰਬੰਧ ਬਣਾਵੇ, ਇਹ ਘਿਣਾਉਣਾ ਕੰਮ ਹੈ।
24 " ‘ਅਜਿਹਾ ਕੋਈ ਵੀ ਕੰਮ ਕਰਕੇ ਤੁਸੀਂ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰਨਾ, ਕਿਉਂਕਿ ਇਸ ਤਰ੍ਹਾਂ ਉਹਨਾਂ ਕੌਮਾਂ ਨੂੰ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢਣ ਵਾਲਾ ਹਾਂ, ਅਜਿਹੇ ਹੀ ਕੰਮ ਕਰਕੇ ਭ੍ਰਿਸ਼ਟ ਹੋ ਗਈਆਂ ਹਨ। 25 ਅਤੇ ਧਰਤੀ ਵੀ ਅਸ਼ੁੱਧ ਹੋ ਗਈ ਹੈ, ਇਸ ਲਈ ਮੈ ਉਨ੍ਹਾਂ ਨੂੰ ਉਨ੍ਹਾਂ ਦੀ ਬਦੀ ਦਾ ਬਦਲਾ ਦਿੰਦਾ ਹਾਂ ਅਤੇ ਉਹ ਧਰਤੀ ਵੀ ਆਪਣੇ ਵਾਸੀਆਂ ਨੂੰ ਉਗਲ ਦਿੰਦੀ ਹੈ। 26 ਪਰ ਤੁਸੀਂ ਮੇਰੇ ਫ਼ਰਮਾਨਾਂ ਅਤੇ ਮੇਰੇ ਨਿਯਮਾਂ ਦੀ ਪਾਲਣਾ ਕਰਨੀ। ਭਾਵੇਂ ਦੇਸ਼ ਦਾ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਨ੍ਹਾਂ ਘਿਣਾਉਣੀਆਂ ਗੱਲਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ, 27 ਕਿਉਂ ਜੋ ਇਹ ਸਭ ਕੁਝ ਉਹਨਾਂ ਲੋਕਾਂ ਨੇ ਕੀਤਾ ਜੋ ਤੁਹਾਡੇ ਤੋਂ ਪਹਿਲਾਂ ਦੇਸ਼ ਵਿੱਚ ਰਹਿੰਦੇ ਸਨ, ਅਤੇ ਧਰਤੀ ਅਸ਼ੁੱਧ ਹੋ ਗਈ। 28 ਅਤੇ ਜੇ ਤੁਸੀਂ ਧਰਤੀ ਨੂੰ ਅਸ਼ੁੱਧ ਕਰੋਗੇ, ਤਾਂ ਇਹ ਤੁਹਾਨੂੰ ਉਗਲ ਦੇਵੇ ਜਿਵੇਂ ਕਿ ਇਸ ਨੇ ਤੁਹਾਡੇ ਤੋਂ ਪਹਿਲਾਂ ਦੀਆਂ ਕੌਮਾਂ ਨੂੰ ਉਗਲ ਦਿੱਤਾ ਸੀ।
29 " ‘ਹਰ ਕੋਈ ਜੋ ਇਹਨਾਂ ਘਿਣਾਉਣੇ ਕੰਮਾਂ ਵਿੱਚੋਂ ਕੋਈ ਵੀ ਕਰਦਾ ਹੈ ਅਜਿਹੇ ਵਿਅਕਤੀਆਂ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। 30 ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨੋ ਅਤੇ ਉਹਨਾਂ ਘਿਣਾਉਣੀਆਂ ਰੀਤਾਂ ਦੀ ਪਾਲਣਾ ਨਾ ਕਰੋ ਜਿਹੜੀਆਂ ਤੁਹਾਡੇ ਆਉਣ ਤੋਂ ਪਹਿਲਾਂ ਚੱਲੀਆਂ ਸਨ ਅਤੇ ਉਹਨਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੋ, ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।’ "