1 ਅਹਾਬ ਦੀ ਮੌਤ ਤੋਂ ਬਾਅਦ, ਮੋਆਬ ਨੇ ਇਸਰਾਏਲ ਦੇ ਵਿਰੁੱਧ ਬਗਾਵਤ ਕੀਤੀ। 2 ਹੁਣ ਅਹਜ਼ਯਾਹ ਸਾਮਰਿਯਾ ਵਿੱਚ ਆਪਣੇ ਚੁਬਾਰੇ ਦੀ ਜਾਲੀ ਵਿੱਚੋਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ। ਇਸ ਲਈ ਉਸ ਨੇ ਸੰਦੇਸ਼ਵਾਹਕਾਂ ਨੂੰ ਇਹ ਕਹਿ ਕੇ ਭੇਜਿਆ, "ਜਾਓ ਅਤੇ ਏਕਰੋਨ ਦੇ ਦੇਵਤੇ ਬਾਲ-ਜ਼ਬੂਬ ਨਾਲ ਸਲਾਹ ਕਰੋ ਕਿ ਮੈਂ ਇਸ ਸੱਟ ਤੋਂ ਠੀਕ ਹੋਵਾਂਗਾ ਜਾਂ ਨਹੀਂ।"
3 ਪਰ ਯਾਹਵੇਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਕਿਹਾ, "ਉੱਠ ਅਤੇ ਸਾਮਰਿਯਾ ਦੇ ਰਾਜੇ ਦੇ ਸੰਦੇਸ਼ਵਾਹਕਾਂ ਨੂੰ ਮਿਲ ਅਤੇ ਉਹਨਾਂ ਨੂੰ ਪੁੱਛ, ‘ਕੀ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੁਸੀਂ ਸਲਾਹ ਕਰਨ ਲਈ ਬਾਲ-ਜ਼ਬੂਬ, ਏਕਰੋਨ ਦੇ ਦੇਵਤੇ ਕੋਲ ਜਾ ਰਹੇ ਹੋ?’ 4 ਇਸ ਲਈ ਯਾਹਵੇਹ ਆਖਦਾ ਹੈ: ‘ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਉੱਤੇ ਤੂੰ ਲੇਟਿਆ ਹੈ। ਸਗੋਂ ਤੂੰ ਜ਼ਰੂਰ ਮਰ ਜਾਵੇਂਗਾ!’ " ਤਾਂ ਏਲੀਯਾਹ ਚਲਾ ਗਿਆ।
5 ਜਦੋਂ ਸੰਦੇਸ਼ਵਾਹਕ ਰਾਜੇ ਕੋਲ ਵਾਪਸ ਆਏ, ਤਾਂ ਉਸਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਵਾਪਸ ਕਿਉਂ ਆਏ ਹੋ?"
6 ਉਹਨਾਂ ਨੇ ਜਵਾਬ ਦਿੱਤਾ, "ਇੱਕ ਆਦਮੀ ਸਾਨੂੰ ਮਿਲਣ ਆਇਆ। ਅਤੇ ਉਸਨੇ ਸਾਨੂੰ ਕਿਹਾ, ‘ਉਸ ਰਾਜੇ ਕੋਲ ਵਾਪਸ ਜਾਓ ਜਿਸਨੇ ਤੁਹਾਨੂੰ ਭੇਜਿਆ ਸੀ ਅਤੇ ਉਸਨੂੰ ਆਖੋ, "ਯਾਹਵੇਹ ਇਹ ਆਖਦਾ ਹੈ: ਕਿ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੂੰ ਬਾਲ-ਜ਼ਬੂਬ ਏਕਰੋਨ ਦੇ ਦੇਵਤੇ ਨਾਲ ਸਲਾਹ ਕਰਨ ਲਈ ਸੰਦੇਸ਼ਵਾਹਕਾਂ ਨੂੰ ਭੇਜਦਾ ਹੈ? ਇਸ ਲਈ ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਤੇ ਤੂੰ ਲੇਟਿਆ। ਸਗੋਂ ਤੂੰ ਜ਼ਰੂਰ ਮਰ ਜਾਵੇਗਾ!" ’ "
7 ਰਾਜੇ ਨੇ ਉਹਨਾਂ ਨੂੰ ਪੁੱਛਿਆ, "ਇਹ ਕਿਹੋ ਜਿਹਾ ਆਦਮੀ ਸੀ ਜੋ ਤੁਹਾਨੂੰ ਮਿਲਣ ਆਇਆ ਅਤੇ ਤੁਹਾਨੂੰ ਇਹ ਗੱਲਾਂ ਆਖੀਆਂ?"
8 ਉਹਨਾਂ ਨੇ ਜਵਾਬ ਦਿੱਤਾ, "ਉਸ ਦੇ ਕੱਪੜੇ ਵਾਲਾਂ ਦੇ ਬਣੇ ਹੋਏ ਸਨ ਅਤੇ ਉਸਦੀ ਕਮਰ ਦੁਆਲੇ ਚਮੜੇ ਦੀ ਪੇਟੀ ਹੋਈ ਸੀ।"
ਰਾਜੇ ਨੇ ਆਖਿਆ, "ਇਹ ਤਿਸ਼ਬੀ ਏਲੀਯਾਹ ਸੀ।"
9 ਫਿਰ ਉਸਨੇ ਏਲੀਯਾਹ ਕੋਲ ਇੱਕ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਭੇਜਿਆ। ਸਰਦਾਰ ਏਲੀਯਾਹ ਕੋਲ ਗਿਆ, ਉਹ ਇੱਕ ਪਹਾੜੀ ਦੀ ਚੋਟੀ ਉੱਤੇ ਬੈਠਾ ਸੀ ਅਤੇ ਉਸ ਨੂੰ ਆਖਿਆ, "ਹੇ ਪਰਮੇਸ਼ਵਰ ਦੇ ਬੰਦੇ, ਰਾਜਾ ਆਖਦਾ ਹੈ, ‘ਤੂੰ ਹੇਠਾਂ ਆ ਜਾ!’ "
10 ਏਲੀਯਾਹ ਨੇ ਸਰਦਾਰ ਨੂੰ ਉੱਤਰ ਦਿੱਤਾ, "ਜੇਕਰ ਮੈਂ ਪਰਮੇਸ਼ਵਰ ਦਾ ਬੰਦਾ ਹਾਂ, ਤਾਂ ਅਕਾਸ਼ ਤੋਂ ਅੱਗ ਉਤਰੇ ਤੈਨੂੰ ਅਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ।" ਤਦ ਅਕਾਸ਼ ਤੋਂ ਅੱਗ ਉਤਰੀ ਅਤੇ ਉਸਨੂੰ ਅਤੇ ਉਸਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ।
11 ਇਸੇ ਤਰ੍ਹਾਂ ਰਾਜੇ ਨੇ ਏਲੀਯਾਹ ਕੋਲ ਇੱਕ ਹੋਰ ਪੰਜਾਹ ਸਿਪਾਹੀਆਂ ਦੇ ਦੂਸਰੇ ਸਰਦਾਰ ਉਸਦੇ ਕੋਲ ਭੇਜਿਆ। ਸਰਦਾਰ ਨੇ ਉਸਨੂੰ ਕਿਹਾ, "ਹੇ ਪਰਮੇਸ਼ਵਰ ਦੇ ਬੰਦੇ, ਰਾਜਾ ਇਹ ਆਖਦਾ ਹੈ, ‘ਛੇਤੀ ਹੇਠਾਂ ਆ ਜਾ!’ "
12 ਏਲੀਯਾਹ ਨੇ ਜਵਾਬ ਦਿੱਤਾ, "ਜੇ ਮੈਂ ਪਰਮੇਸ਼ਵਰ ਦਾ ਬੰਦਾ ਹਾਂ, ਤਾਂ ਅਕਾਸ਼ੋਂ ਅੱਗ ਉਤਰੇ ਤੈਨੂੰ ਅਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ!" ਤਦ ਪਰਮੇਸ਼ਵਰ ਦੀ ਅੱਗ ਸਵਰਗ ਤੋਂ ਉਤਰੀ ਅਤੇ ਉਸਨੇ ਉਸਨੂੰ ਅਤੇ ਉਸਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ।
13 ਇਸ ਲਈ ਰਾਜੇ ਨੇ ਤੀਸਰੀ ਵਾਰ ਉਸਦੇ ਪੰਜਾਹਾਂ ਸਿਪਾਹੀਆਂ ਅਤੇ ਸਰਦਾਰ ਨੂੰ ਭੇਜਿਆ। ਇਹ ਤੀਸਰਾ ਸਰਦਾਰ ਉੱਪਰ ਚੜ੍ਹ ਗਿਆ ਅਤੇ ਏਲੀਯਾਹ ਦੇ ਅੱਗੇ ਗੋਡਿਆਂ ਭਾਰ ਡਿੱਗ ਪਿਆ। ਉਸਨੇ ਬੇਨਤੀ ਕੀਤੀ, "ਹੇ ਪਰਮੇਸ਼ਵਰ ਦੇ ਬੰਦੇ, ਕਿਰਪਾ ਕਰਕੇ ਮੇਰੀ ਜ਼ਿੰਦਗੀ ਅਤੇ ਇਨ੍ਹਾਂ ਪੰਜਾਹਾਂ ਸੇਵਕਾਂ ਦੀ ਜ਼ਿੰਦਗੀ ਤੁਹਾਡੀ ਨਿਗਾਹਾਂ ਵਿੱਚ ਬਹੁਮੁੱਲੀਆਂ ਹੋਣ! 14 ਵੇਖੋ, ਅੱਗ ਸਵਰਗ ਤੋਂ ਉਤਰੀ ਅਤੇ ਪਹਿਲੇ ਦੋ ਸਰਦਾਰਾਂ ਅਤੇ ਉਹਨਾਂ ਦੇ ਪੰਜਾਹਾਂ ਨੂੰ ਭਸਮ ਕਰ ਗਈ। ਪਰ ਹੁਣ ਮੇਰੀ ਜ਼ਿੰਦਗੀ ਤੁਹਾਡੀ ਨਿਗਾਹ ਵਿੱਚ ਬਹੁਮੁੱਲੀ ਹੋਵੇ!"
15 ਯਾਹਵੇਹ ਦੇ ਦੂਤ ਨੇ ਏਲੀਯਾਹ ਨੂੰ ਆਖਿਆ, "ਉਸ ਦੇ ਨਾਲ ਹੇਠਾਂ ਜਾ। ਉਸ ਤੋਂ ਨਾ ਡਰ।" ਇਸ ਲਈ ਏਲੀਯਾਹ ਉੱਠਿਆ ਅਤੇ ਉਸਦੇ ਨਾਲ ਰਾਜੇ ਕੋਲ ਗਿਆ।
16 ਉਸ ਨੇ ਰਾਜੇ ਨੂੰ ਕਿਹਾ, "ਯਾਹਵੇਹ ਇਹ ਆਖਦਾ ਹੈ ਕਿ ਤੂੰ ਏਕਰੋਨ ਦੇ ਦੇਵਤੇ ਬਾਲ-ਜ਼ਬੂਬ ਦੇ ਕੋਲ ਪੁੱਛਣ ਲਈ ਸੰਦੇਸ਼ਵਾਹਕ ਭੇਜੇ ਹਨ, ਇਸ ਲਈ ਕਿ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜਿਸ ਕੋਲੋ ਤੂੰ ਗੱਲ ਪੁੱਛ ਸਕੇ? ਕਿਉਂਕਿ ਤੂੰ ਇਹ ਕੀਤਾ ਹੈ, ਇਸ ਲਈ ਤੂੰ ਇਸ ਬਿਸਤਰੇ ਤੋਂ ਕਦੇ ਨਹੀਂ ਉੱਠੇਗਾ ਜਿਸ ਤੇ ਤੂੰ ਲੇਟਿਆ ਹੈ। ਪਰ ਜ਼ਰੂਰ ਮਰ ਜਾਵੇਗਾ!" 17 ਇਸ ਲਈ ਅਹਜ਼ਯਾਹ ਯਾਹਵੇਹ ਦੇ ਬਚਨ ਦੇ ਅਨੁਸਾਰ ਮਰ ਗਿਆ ਜੋ ਏਲੀਯਾਹ ਨੇ ਬੋਲਿਆ ਸੀ।
ਕਿਉਂਕਿ ਅਹਜ਼ਯਾਹ ਦਾ ਕੋਈ ਪੁੱਤਰ ਨਹੀਂ ਸੀ, ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਦੇ ਪੁੱਤਰ ਯਹੋਰਾਮ ਦੇ ਰਾਜ ਦੇ ਦੂਜੇ ਸਾਲ ਯਹੋਰਾਮ ਉਸ ਤੋਂ ਬਾਅਦ ਰਾਜਾ ਬਣਿਆ। 18 ਅਹਜ਼ਯਾਹ ਦੇ ਰਾਜ ਦੀਆਂ ਹੋਰ ਸਾਰੀਆਂ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਸਭ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹੈ।