Publicidade

2 Reis 20

ਹਿਜ਼ਕੀਯਾਹ ਦੇ ਰੋਗ

1 ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਗਿਆ ਅਤੇ ਮੌਤ ਦੇ ਮੂੰਹ ਵਿੱਚ ਜਾ ਪਹੁੰਚਿਆ ਸੀ, ਤਾਂ ਆਮੋਸ ਦਾ ਪੁੱਤਰ ਯਸ਼ਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ, "ਯਾਹਵੇਹ ਇਹ ਆਖਦਾ ਹੈ: ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈ ਅਤੇ ਬਚੇਂਗਾ ਨਹੀਂ।"

2 ਹਿਜ਼ਕੀਯਾਹ ਨੇ ਆਪਣਾ ਮੂੰਹ ਕੰਧ ਵੱਲ ਮੋੜਿਆ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, 3 "ਅਤੇ ਆਖਿਆ, ਹੇ ਯਾਹਵੇਹ, ਯਾਦ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ।" ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ।

4 ਇਸ ਤੋਂ ਪਹਿਲਾਂ ਕਿ ਯਸ਼ਾਯਾਹ ਵਿਚਕਾਰਲੇ ਦਰਬਾਰ ਤੋਂ ਬਾਹਰ ਨਿਕਲਦਾ, ਯਾਹਵੇਹ ਦਾ ਬਚਨ ਉਸ ਕੋਲ ਆਇਆ। 5 "ਵਾਪਸ ਜਾ ਅਤੇ ਮੇਰੇ ਲੋਕਾਂ ਦੇ ਹਾਕਮ ਹਿਜ਼ਕੀਯਾਹ ਨੂੰ ਆਖ, ‘ਯਾਹਵੇਹ, ਤੇਰੇ ਪਿਤਾ ਦਾਵੀਦ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਤੇਰੇ ਹੰਝੂ ਵੇਖੇ ਹਨ। ਮੈਂ ਤੈਨੂੰ ਚੰਗਾ ਕਰਾਂਗਾ। ਹੁਣ ਤੋਂ ਤੀਜੇ ਦਿਨ ਤੂੰ ਯਾਹਵੇਹ ਦੇ ਭਵਨ ਵਿੱਚ ਜਾਏਗਾ। 6 ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ ਅਤੇ ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ। ਮੈਂ ਆਪਣੇ ਅਤੇ ਆਪਣੇ ਸੇਵਕ ਦਾਵੀਦ ਦੀ ਖ਼ਾਤਰ ਇਸ ਸ਼ਹਿਰ ਦੀ ਰੱਖਿਆ ਕਰਾਂਗਾ।’ "

7 ਤਦ ਯਸ਼ਾਯਾਹ ਨੇ ਕਿਹਾ, "ਤੁਸੀਂ ਹੰਜੀਰਾਂ ਦੀ ਇੱਕ ਲੁਪਰੀ ਲਓ।" ਸੋ ਉਨ੍ਹਾਂ ਨੇ ਉਹ ਲੈ ਕੇ ਫੋੜੇ ਉੱਤੇ ਲੇਪ ਲਗਾਇਆ ਅਤੇ ਉਹ ਠੀਕ ਹੋ ਗਿਆ।

8 ਹਿਜ਼ਕੀਯਾਹ ਨੇ ਯਸ਼ਾਯਾਹ ਨੂੰ ਪੁੱਛਿਆ ਸੀ, "ਇਸ ਗੱਲ ਦਾ ਕੀ ਚਿੰਨ੍ਹ ਹੋਵੇਗਾ ਕਿ ਯਾਹਵੇਹ ਮੈਨੂੰ ਠੀਕ ਕਰੇਗਾ ਅਤੇ ਮੈਂ ਹੁਣ ਤੋਂ ਤੀਜੇ ਦਿਨ ਯਾਹਵੇਹ ਦੇ ਭਵਨ ਵਿੱਚ ਜਾਵਾਂਗਾ?"

9 ਯਸ਼ਾਯਾਹ ਨੇ ਜਵਾਬ ਦਿੱਤਾ, "ਇਹ ਤੇਰੇ ਲਈ ਯਾਹਵੇਹ ਦਾ ਚਿੰਨ੍ਹ ਹੈ ਕਿ ਯਾਹਵੇਹ ਉਹੀ ਕਰੇਗਾ ਜੋ ਉਸਨੇ ਵਾਅਦਾ ਕੀਤਾ ਹੈ, ਕੀ ਪਰਛਾਵਾਂ ਦਸ ਕਦਮ ਅੱਗੇ ਜਾਵੇ, ਜਾਂ ਦਸ ਕਦਮ ਪਿੱਛੇ ਮੁੜੇ?"

10 ਹਿਜ਼ਕੀਯਾਹ ਨੇ ਕਿਹਾ, "ਪਰਛਾਵੇਂ ਦਾ ਦਸ ਕਦਮ ਅੱਗੇ ਜਾਣਾ ਇੱਕ ਸਧਾਰਨ ਗੱਲ ਹੈ। ਇਸ ਦੀ ਬਜਾਏ ਇਹ ਦਸ ਕਦਮ ਪਿੱਛੇ ਨੂੰ ਮੁੜੇ।"

11 ਤਦ ਯਸ਼ਾਯਾਹ ਨਬੀ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਯਾਹਵੇਹ ਨੇ ਪਰਛਾਵੇਂ ਨੂੰ ਆਹਾਜ਼ ਦੀ ਧੁੱਪ ਘੜੀ ਵਿੱਚ ਦਸ ਕਦਮ ਅਰਥਾਤ ਜਿੰਨਾਂ ਉਹ ਢੱਲ਼ ਚੁੱਕਿਆ ਸੀ, ਉਹਨਾਂ ਪਿੱਛੇ ਮੋੜ ਦਿੱਤਾ।

ਬਾਬੇਲ ਤੋਂ ਰਾਜਦੂਤ

12 ਉਸ ਸਮੇਂ ਬਾਬੇਲ ਦੇ ਰਾਜੇ ਬਲਦਾਨ ਦੇ ਪੁੱਤਰ ਮਾਰਦੁਕ-ਬਲਦਾਨ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇੱਕ ਤੋਹਫ਼ਾ ਭੇਜਿਆ ਕਿਉਂਕਿ ਉਸਨੇ ਹਿਜ਼ਕੀਯਾਹ ਦੀ ਬੀਮਾਰੀ ਬਾਰੇ ਸੁਣਿਆ ਸੀ। 13 ਹਿਜ਼ਕੀਯਾਹ ਨੇ ਉਹਨਾਂ ਦੀ ਸੁਣੀ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਵਿਖਾਇਆ ਜੋ ਕੁਝ ਉਸਨੇ ਭੰਡਾਰਾਂ ਵਿੱਚ ਜਮਾਂ ਕੀਤਾ ਸੀ। ਚਾਂਦੀ, ਸੋਨਾ, ਮਸਾਲੇ ਅਤੇ ਜ਼ੈਤੂਨ ਦਾ ਵਧੀਆ ਤੇਲ, ਉਸ ਦਾ ਸਾਰਾ ਅਸਲਾ ਅਤੇ ਉਸ ਦੇ ਖਜ਼ਾਨਿਆਂ ਵਿੱਚੋਂ ਸਭ ਕੁਝ ਵਿਖਾਇਆ। ਉਸ ਦੇ ਮਹਿਲ ਵਿੱਚ ਜਾਂ ਉਸਦੇ ਸਾਰੇ ਰਾਜ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜੋ ਹਿਜ਼ਕੀਯਾਹ ਨੇ ਉਹਨਾਂ ਨੂੰ ਨਾ ਦਿਖਾਇਆ ਹੋਵੇ।

14 ਤਦ ਯਸ਼ਾਯਾਹ ਨਬੀ ਰਾਜਾ ਹਿਜ਼ਕੀਯਾਹ ਕੋਲ ਗਿਆ ਅਤੇ ਪੁੱਛਿਆ, "ਉਨ੍ਹਾਂ ਮਨੁੱਖਾਂ ਨੇ ਕੀ ਕਿਹਾ ਅਤੇ ਉਹ ਕਿੱਥੋਂ ਆਏ ਹਨ?"

ਹਿਜ਼ਕੀਯਾਹ ਨੇ ਜਵਾਬ ਦਿੱਤਾ, "ਉਹ ਦੂਰ ਦੇਸ਼ ਬਾਬੇਲ ਤੋਂ ਆਏ ਸਨ।"

15 ਨਬੀ ਨੇ ਪੁੱਛਿਆ, "ਉਨ੍ਹਾਂ ਨੇ ਤੇਰੇ ਮਹਿਲ ਵਿੱਚ ਕੀ ਦੇਖਿਆ?"

ਹਿਜ਼ਕੀਯਾਹ ਨੇ ਕਿਹਾ, "ਉਨ੍ਹਾਂ ਨੇ ਮੇਰੇ ਮਹਿਲ ਵਿੱਚ ਸਭ ਕੁਝ ਦੇਖਿਆ। ਮੇਰੇ ਖਜ਼ਾਨਿਆਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਮੈਂ ਉਨ੍ਹਾਂ ਨੂੰ ਨਹੀਂ ਦਿਖਾਇਆ।"

16 ਤਦ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, "ਯਾਹਵੇਹ ਦਾ ਬਚਨ ਸੁਣ: 17 ਯਾਹਵੇਹ ਆਖਦਾ ਹੈ, ਉਹ ਸਮਾਂ ਜ਼ਰੂਰ ਆਵੇਗਾ ਜਦੋਂ ਤੇਰੇ ਮਹਿਲ ਵਿੱਚ ਹੈ ਸਭ ਕੁਝ ਅਤੇ ਜੋ ਕੁਝ ਤੇਰੇ ਪੁਰਖਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੋਇਆ ਹੈ, ਸਭ ਕੁਝ ਬਾਬੇਲ ਨੂੰ ਲੈ ਜਾਇਆ ਜਾਵੇਗਾ। ਕੁਝ ਵੀ ਛੱਡਿਆ ਨਹੀਂ ਜਾਵੇਗਾ। 18 ਅਤੇ ਤੇਰੀ ਔਲਾਦ ਵਿੱਚੋਂ, ਤੇਰਾ ਆਪਣਾ ਮਾਸ ਅਤੇ ਲਹੂ ਜੋ ਤੇਰੇ ਲਈ ਜੰਮੇਗਾ, ਉਨ੍ਹਾਂ ਵਿੱਚੋਂ ਕਈਆਂ ਨੂੰ ਉਹ ਲੈ ਜਾਣਗੇ ਅਤੇ ਉਹ ਬਾਬੇਲ ਦੇ ਰਾਜੇ ਦੇ ਮਹਿਲ ਵਿੱਚ ਖੁਸਰੇ ਬਣਨਗੇ।"

19 ਹਿਜ਼ਕੀਯਾਹ ਨੇ ਯਸ਼ਾਯਾਹ ਨੂੰ ਆਖਿਆ, "ਯਾਹਵੇਹ ਦਾ ਬਚਨ ਜੋ ਤੂੰ ਬੋਲਿਆ ਉਹ ਚੰਗਾ ਹੈ।" ਕਿਉਂਕਿ ਉਸਨੇ ਸੋਚਿਆ, "ਕੀ ਮੇਰੇ ਜੀਵਨ ਕਾਲ ਵਿੱਚ ਸ਼ਾਂਤੀ ਅਤੇ ਸੁਰੱਖਿਆ ਨਹੀਂ ਹੋਵੇਗੀ?"

20 ਹਿਜ਼ਕੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਬਾਰੇ ਅਤੇ ਉਸ ਦੀਆਂ ਸਾਰੀਆਂ ਪ੍ਰਾਪਤੀਆਂ ਅਤੇ ਉਸ ਨੇ ਤਲਾਬ ਅਤੇ ਸੁਰੰਗ ਜਿਸ ਰਾਹੀਂ ਉਹ ਸ਼ਹਿਰ ਵਿੱਚ ਪਾਣੀ ਲਿਆਇਆ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਕਿਤਾਬ ਵਿੱਚ ਲਿਖੇ ਹੋਏ ਹਨ। 21 ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਮਨੱਸ਼ੇਹ ਉਸ ਤੋਂ ਬਾਅਦ ਰਾਜਾ ਬਣਿਆ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-