1 ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਅਠਾਰਵੇਂ ਸਾਲ ਅਹਾਬ ਦਾ ਪੁੱਤਰ ਯਹੋਰਾਮ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਬਾਰਾਂ ਸਾਲ ਰਾਜ ਕੀਤਾ। 2 ਉਸਨੇ ਉਹ ਕੰਮ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ, ਪਰ ਉਸਨੇ ਆਪਣੇ ਮਾਤਾ ਪਿਤਾ ਵਾਂਗ ਨਹੀਂ ਸਗੋਂ ਉਸਨੇ ਬਆਲ ਦੇ ਥੰਮ੍ਹ ਨੂੰ ਜਿਹੜਾ ਉਸਦੇ ਪਿਉ ਨੇ ਬਣਾਇਆ ਸੀ ਹਟਾ ਦਿੱਤਾ। 3 ਫਿਰ ਵੀ ਉਹ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਚਿੰਬੜਿਆ ਰਿਹਾ ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ, ਉਸਨੇ ਉਹਨਾਂ ਤੋਂ ਮੂੰਹ ਨਹੀਂ ਮੋੜਿਆ।
4 ਹੁਣ ਮੋਆਬ ਦੇ ਰਾਜਾ ਮੇਸ਼ਾ ਨੇ ਭੇਡਾਂ ਨੂੰ ਪਾਲਿਆ ਅਤੇ ਉਹ ਇਸਰਾਏਲ ਦੇ ਰਾਜੇ ਨੂੰ ਇੱਕ ਲੱਖ ਲੇਲੇ ਦੀ ਅਤੇ ਇੱਕ ਲੱਖ ਭੇਡੂਆਂ ਦੀ ਉੱਨ ਦਿੰਦਾ ਸੀ। 5 ਪਰ ਅਹਾਬ ਦੇ ਮਰਨ ਤੋਂ ਬਾਅਦ, ਮੋਆਬ ਦੇ ਰਾਜੇ ਨੇ ਇਸਰਾਏਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ। 6 ਇਸ ਲਈ ਉਸ ਸਮੇਂ ਰਾਜਾ ਯਹੋਰਾਮ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ। 7 ਉਸਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੂੰ ਇਹ ਸੰਦੇਸ਼ ਵੀ ਭੇਜਿਆ, "ਮੋਆਬ ਦੇ ਰਾਜੇ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ। ਕੀ ਤੂੰ ਮੋਆਬ ਵਿਰੁੱਧ ਲੜਨ ਲਈ ਮੇਰੇ ਨਾਲ ਜਾਵੇਂਗਾ?"
ਯਹੋਸ਼ਾਫ਼ਾਟ ਜਵਾਬ ਦਿੱਤਾ "ਮੈਂ ਤੇਰੇ ਨਾਲ ਜਾਵਾਂਗਾ ਮੈਂ ਤੇਰੇ ਵਰਗਾ ਹਾਂ, ਮੇਰੇ ਲੋਕ ਤੇਰੇ ਲੋਕਾਂ ਵਰਗੇ ਹਨ, ਮੇਰੇ ਘੋੜੇ ਤੇਰੇ ਘੋੜਿਆਂ ਵਰਗੇ ਹਾਂ।"
8 ਉਸ ਨੇ ਪੁੱਛਿਆ, "ਅਸੀਂ ਕਿਸ ਰਸਤੇ ਤੋਂ ਹਮਲਾ ਕਰਾਂਗੇ?"
ਉਸਨੇ ਜਵਾਬ ਦਿੱਤਾ, "ਅਦੋਮ ਦੇ ਮਾਰੂਥਲ ਰਾਹੀਂ।"
9 ਇਸ ਲਈ ਇਸਰਾਏਲ ਦਾ ਰਾਜਾ ਯਹੂਦਾਹ ਦੇ ਰਾਜੇ ਅਤੇ ਅਦੋਮ ਦੇ ਰਾਜੇ ਦੇ ਨਾਲ ਤੁਰ ਪਿਆ। ਸੱਤ ਦਿਨਾਂ ਦਾ ਸਫ਼ਰ ਕਰਨ ਤੋਂ ਬਾਅਦ, ਸੈਨਾਂ ਕੋਲ ਅਤੇ ਪਸ਼ੂਆਂ ਕੋਲ ਜਿਹੜੇ ਉਹਨਾਂ ਦੇ ਪਿੱਛੇ-ਪਿੱਛੇ ਆਉਂਦੇ ਸਨ ਪੀਣ ਨੂੰ ਪਾਣੀ ਨਹੀਂ ਸੀ।
10 ਇਸਰਾਏਲ ਦੇ ਰਾਜੇ ਨੇ ਕਿਹਾ, "ਹਾਏ, ਹਾਏ! ਕੀ ਯਾਹਵੇਹ ਨੇ ਸਾਨੂੰ ਤਿੰਨ ਰਾਜਿਆਂ ਨੂੰ ਸਿਰਫ ਮੋਆਬ ਦੇ ਹੱਥਾਂ ਵਿੱਚ ਸੌਂਪਣ ਲਈ ਬੁਲਾਇਆ ਹੈ?"
11 ਪਰ ਯਹੋਸ਼ਾਫ਼ਾਟ ਨੇ ਪੁੱਛਿਆ, "ਕੀ ਇੱਥੇ ਯਾਹਵੇਹ ਦਾ ਕੋਈ ਨਬੀ ਨਹੀਂ ਹੈ, ਜਿਸ ਦੇ ਦੁਆਰਾ ਅਸੀਂ ਯਾਹਵੇਹ ਤੋਂ ਪੁੱਛ ਸਕੀਏ?"
ਇਸਰਾਏਲ ਦੇ ਰਾਜੇ ਦੇ ਇੱਕ ਅਧਿਕਾਰੀ ਨੇ ਉੱਤਰ ਦਿੱਤਾ, "ਸ਼ਾਫ਼ਾਟ ਦਾ ਪੁੱਤਰ ਅਲੀਸ਼ਾ ਇੱਥੇ ਹੈ। ਜੋ ਏਲੀਯਾਹ ਦੇ ਹੱਥਾਂ ਤੇ ਪਾਣੀ ਪਾਉਂਦਾ ਹੁੰਦਾ ਸੀ।"
12 ਯਹੋਸ਼ਾਫ਼ਾਟ ਨੇ ਕਿਹਾ, "ਯਾਹਵੇਹ ਦਾ ਬਚਨ ਉਸਦੇ ਕੋਲ ਹੈ।" ਇਸ ਲਈ ਇਸਰਾਏਲ ਦਾ ਰਾਜਾ, ਯਹੋਸ਼ਾਫ਼ਾਟ ਅਤੇ ਅਦੋਮ ਦਾ ਰਾਜਾ ਉਸ ਕੋਲ ਗਏ।
13 ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, "ਮੇਰਾ ਤੇਰੇ ਨਾਲ ਕੀ ਵਾਸਤਾ? ਆਪਣੇ ਪਿਤਾ ਦੇ ਨਬੀਆਂ ਅਤੇ ਆਪਣੀ ਮਾਤਾ ਦੇ ਨਬੀਆਂ ਕੋਲ ਜਾ।"
ਇਸਰਾਏਲ ਦੇ ਰਾਜੇ ਨੇ ਜਵਾਬ ਦਿੱਤਾ, "ਨਹੀਂ ਕਿਉਂਕਿ ਇਹ ਯਾਹਵੇਹ ਸੀ ਜਿਸ ਨੇ ਸਾਨੂੰ ਮੋਆਬ ਦੇ ਹੱਥਾਂ ਵਿੱਚ ਸੌਂਪਣ ਲਈ ਸਾਨੂੰ ਤਿੰਨ ਰਾਜਿਆਂ ਨੂੰ ਇਕੱਠਿਆਂ ਬੁਲਾਇਆ ਸੀ।"
14 ਅਲੀਸ਼ਾ ਨੇ ਕਿਹਾ, "ਸਰਬਸ਼ਕਤੀਮਾਨ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਜੇ ਮੈਂ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਦੀ ਮੌਜੂਦਗੀ ਦਾ ਆਦਰ ਨਾ ਕਰਦਾ ਹੁੰਦਾ, ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ ਨਾ ਤੇਰੇ ਵੱਲ ਵੇਖਦਾ। 15 ਪਰ ਹੁਣ ਮੇਰੇ ਕੋਲ ਇੱਕ ਵੀਣਾ ਵਜਾਉਣ ਵਾਲਾ ਲਿਆਓ।"
ਜਦੋਂ ਵੀਣਾ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਹੁੰਦਾ ਸੀ ਤਾਂ ਯਾਹਵੇਹ ਦਾ ਹੱਥ ਅਲੀਸ਼ਾ ਉੱਤੇ ਆਉਂਦਾ ਹੁੰਦਾ ਸੀ 16 ਅਤੇ ਉਸਨੇ ਕਿਹਾ, "ਯਾਹਵੇਹ ਇਹ ਆਖਦਾ ਹੈ, ਮੈਂ ਇਸ ਘਾਟੀ ਨੂੰ ਪਾਣੀ ਦੇ ਤਲਾਬ ਨਾਲ ਭਰ ਦਿਆਂਗਾ। 17 ਕਿਉਂਕਿ ਯਾਹਵੇਹ ਇਹੀ ਆਖਦਾ ਹੈ ਕਿ ਤੁਸੀਂ ਨਾ ਤਾਂ ਹਵਾ ਅਤੇ ਨਾ ਹੀ ਮੀਂਹ ਨੂੰ ਵੇਖੋਂਗੇ, ਪਰ ਇਹ ਘਾਟੀ ਪਾਣੀ ਨਾਲ ਭਰ ਜਾਵੇਗੀ, ਅਤੇ ਤੁਸੀਂ, ਤੁਹਾਡੇ ਪਸ਼ੂ ਅਤੇ ਤੁਹਾਡੇ ਹੋਰ ਜਾਨਵਰ ਇਸ ਵਿੱਚੋਂ ਪੀਓਗੇ। 18 ਇਹ ਯਾਹਵੇਹ ਦੀ ਨਜ਼ਰ ਵਿੱਚ ਇੱਕ ਆਸਾਨ ਚੀਜ਼ ਹੈ। ਉਹ ਮੋਆਬ ਨੂੰ ਵੀ ਤੁਹਾਡੇ ਹੱਥਾਂ ਵਿੱਚ ਦੇ ਦੇਵੇਗਾ। 19 ਤੁਸੀਂ ਹਰੇਕ ਪਨਾਹ ਵਾਲੇ ਸ਼ਹਿਰ ਅਤੇ ਹਰੇਕ ਵੱਡੇ ਨਗਰ ਨੂੰ ਉਖਾੜ ਸੁੱਟੋਗੇ। ਤੁਸੀਂ ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਸਾਰੇ ਚਸ਼ਮੇ ਬੰਦ ਕਰ ਦਿਓਗੇ, ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਬਰਬਾਦ ਕਰ ਦਿਓਗੇ।"
20 ਅਗਲੀ ਸਵੇਰ, ਬਲੀਦਾਨ ਚੜ੍ਹਾਉਣ ਦਾ ਸਮਾਂ ਸੀ, ਤਾਂ ਵੇਖੋ ਅਦੋਮ ਦੀ ਦਿਸ਼ਾ ਤੋਂ ਪਾਣੀ ਵਹਿ ਰਿਹਾ ਸੀ! ਅਤੇ ਜ਼ਮੀਨ ਪਾਣੀ ਨਾਲ ਭਰ ਗਈ।
21 ਹੁਣ ਸਾਰੇ ਮੋਆਬੀਆਂ ਨੇ ਸੁਣਿਆ ਸੀ ਕਿ ਰਾਜੇ ਉਹਨਾਂ ਨਾਲ ਲੜਨ ਲਈ ਆਏ ਹਨ; ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਵੇ ਅਤੇ ਹੱਦ ਉੱਤੇ ਖੜ੍ਹੇ ਹੋ ਗਏ। 22 ਜਦੋਂ ਉਹ ਸਵੇਰੇ ਉੱਠੇ ਤਾਂ ਸੂਰਜ ਪਾਣੀ ਤੇ ਚਮਕ ਰਿਹਾ ਸੀ। ਰਸਤੇ ਦੇ ਪਾਰ ਉਹ ਪਾਣੀ ਮੋਆਬੀਆਂ ਨੂੰ ਲਹੂ ਵਾਂਗ ਲਾਲ ਦਿਖਾਈ ਦਿੰਦਾ ਸੀ। 23 ਉਹਨਾਂ ਨੇ ਕਿਹਾ, "ਇਹ ਲਹੂ ਹੈ! ਲੱਗਦਾ ਹੈ ਕਿ ਰਾਜੇ ਆਪਸ ਵਿੱਚ ਲੜੇ ਹਨ ਅਤੇ ਇੱਕ-ਦੂਜੇ ਨੂੰ ਮਾਰ ਦਿੱਤਾ, ਹੁਣ ਹੇ ਮੋਆਬ, ਲੁੱਟ ਲਈ ਤੁਰ ਪਓ!"
24 ਪਰ ਜਦੋਂ ਮੋਆਬੀ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀ ਉੱਠੇ ਅਤੇ ਉਹਨਾਂ ਨਾਲ ਲੜਦੇ ਰਹੇ ਜਦ ਤੱਕ ਉਹ ਭੱਜ ਨਾ ਗਏ ਅਤੇ ਇਸਰਾਏਲੀਆਂ ਨੇ ਦੇਸ਼ ਉੱਤੇ ਹਮਲਾ ਕੀਤਾ ਅਤੇ ਮੋਆਬੀਆਂ ਨੂੰ ਮਾਰ ਸੁੱਟਿਆ। 25 ਉਹਨਾਂ ਨੇ ਕਸਬਿਆਂ ਨੂੰ ਤਬਾਹ ਕਰ ਦਿੱਤਾ, ਅਤੇ ਹਰੇਕ ਆਦਮੀ ਨੇ ਹਰ ਇੱਕ-ਇੱਕ ਪੱਥਰ ਚੰਗੇ ਖੇਤ ਉੱਤੇ ਸੁੱਟਿਆ ਜਦੋਂ ਤੱਕ ਉਹ ਭਰ ਨਾ ਗਿਆ। ਉਹਨਾਂ ਨੇ ਸਾਰੇ ਚਸ਼ਮੇ ਬੰਦ ਕਰ ਦਿੱਤੇ ਅਤੇ ਹਰ ਚੰਗੇ ਰੁੱਖ ਨੂੰ ਕੱਟ ਦਿੱਤਾ। ਕੀਰ ਹੇਰਾਸੇਥ ਦੀ ਧਰਤੀ ਉੱਤੇ ਹੁਣ ਸਿਰਫ ਪੱਥਰ ਹੀ ਦਿਖਾਈ ਦੇ ਰਹੇ ਸਨ, ਪਰ ਗੁਲੇਲਾਂ ਚਲਾਉਣ ਵਾਲਿਆ ਨੇ ਕੀਰ-ਹੇਰਾਸੇਥ ਨੂੰ ਘੇਰ ਲਿਆ ਅਤੇ ਉਸ ਤੇ ਹਮਲਾ ਕੀਤਾ।
26 ਜਦੋਂ ਮੋਆਬ ਦੇ ਰਾਜੇ ਨੇ ਵੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਹ ਅਦੋਮ ਦੇ ਰਾਜੇ ਹਮਲਾ ਕਰਨ ਲਈ ਆਪਣੇ ਨਾਲ ਸੱਤ ਸੌ ਤਲਵਾਰ ਚਲਾਉਣ ਵਾਲਿਆ ਨੂੰ ਲੈ ਗਿਆ, ਪਰ ਉਹ ਅਸਫ਼ਲ ਰਹੇ। 27 ਤਦ ਮੋਆਬ ਦੇ ਰਾਜੇ ਨੇ ਆਪਣੇ ਜੇਠੇ ਪੁੱਤਰ ਨੂੰ, ਜੋ ਉਸ ਤੋਂ ਬਾਅਦ ਰਾਜਾ ਬਣਨ ਵਾਲਾ ਸੀ ਸ਼ਹਿਰ ਦੀ ਕੰਧ ਉੱਤੇ ਬਲੀਦਾਨ ਵਜੋਂ ਚੜ੍ਹਾਇਆ। ਇਸ ਕਾਰਨ ਉਹਨਾਂ ਵਿੱਚ ਇਸਰਾਏਲੀ ਫੌਜ ਦੇ ਖਿਲਾਫ ਭਾਰੀ ਗੁੱਸਾ ਸੀ ਅਤੇ ਉਹ ਆਪਣੇ ਦੇਸ਼ ਪਰਤ ਗਏ।