1 ਫਿਰ ਰਾਜਾ ਨੇ ਸੁਨੇਹਾ ਭੇਜ ਕੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ। 2 ਉਹ ਯਹੂਦਾਹ ਦੇ ਲੋਕਾਂ, ਯੇਰੂਸ਼ਲੇਮ ਦੇ ਵਾਸੀਆਂ, ਜਾਜਕਾਂ ਅਤੇ ਨਬੀਆਂ, ਛੋਟੇ ਤੋਂ ਵੱਡੇ ਤੱਕ ਸਾਰੇ ਲੋਕਾਂ ਦੇ ਨਾਲ ਯਾਹਵੇਹ ਦੇ ਭਵਨ ਵਿੱਚ ਗਿਆ। ਉਸ ਨੇ ਉਹਨਾਂ ਨੂੰ ਇਕਰਾਰਨਾਮੇ ਦੀ ਪੋਥੀ ਦੇ ਸਾਰੇ ਸ਼ਬਦ ਪੜ੍ਹ ਕੇ ਸੁਣਾਏ, ਜੋ ਯਾਹਵੇਹ ਦੇ ਭਵਨ ਵਿੱਚ ਪਾਏ ਗਏ ਸਨ। 3 ਰਾਜਾ ਥੰਮ੍ਹ ਦੇ ਉੱਤੇ ਖਲੋ ਗਿਆ ਅਤੇ ਉਸ ਨੇ ਯਾਹਵੇਹ ਦੀ ਹਜ਼ੂਰੀ ਵਿੱਚ ਇੱਕ ਨੇਮ ਬੰਨ੍ਹਿਆ ਕਿ ਅਸੀਂ ਯਾਹਵੇਹ ਦੇ ਪਿੱਛੇ ਤੁਰਾਂਗੇ ਅਤੇ ਉਸ ਦੇ ਹੁਕਮਾਂ, ਨਿਯਮਾਂ ਅਤੇ ਫ਼ਰਮਾਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਮੰਨਾਂਗੇ ਨਾਲੇ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾਂ ਕਰਾਂਗੇ ਤਾਂ ਸਾਰੇ ਲੋਕਾਂ ਨੇ ਉਸ ਨੇਮ ਨੂੰ ਮੰਨ ਲਿਆ।
4 ਰਾਜੇ ਨੇ ਹਿਲਕੀਯਾਹ ਪ੍ਰਧਾਨ ਜਾਜਕ, ਅਗਲੇ ਦਰਜੇ ਤੇ ਜਾਜਕਾਂ ਅਤੇ ਦਰਬਾਨਾਂ ਨੂੰ ਹੁਕਮ ਦਿੱਤਾ ਕਿ ਉਹ ਬਆਲ ਅਤੇ ਅਸ਼ੇਰਾਹ ਲਈ ਬਣਾਈਆਂ ਸਾਰੀਆਂ ਵਸਤੂਆਂ ਅਤੇ ਸਾਰੇ ਤਾਰਿਆਂ ਵਾਲੇ ਤਸਵੀਰਾਂ ਨੂੰ ਯਾਹਵੇਹ ਦੇ ਭਵਨ ਵਿੱਚੋਂ ਹਟਾਉਣ। ਉਸ ਨੇ ਉਹਨਾਂ ਨੂੰ ਯੇਰੂਸ਼ਲੇਮ ਤੋਂ ਬਾਹਰ ਕਿਦਰੋਨ ਘਾਟੀ ਦੇ ਖੇਤਾਂ ਵਿੱਚ ਸਾੜ ਦਿੱਤਾ ਅਤੇ ਰਾਖ ਬੈਤਏਲ ਵਿੱਚ ਲੈ ਗਿਆ। 5 ਉਸ ਨੇ ਯਹੂਦਾਹ ਦੇ ਕਸਬਿਆਂ ਦੇ ਉੱਚੇ ਸਥਾਨਾਂ ਉੱਤੇ ਅਤੇ ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਲੋਕਾਂ ਉੱਤੇ ਧੂਪ ਧੁਖਾਉਣ ਲਈ ਯਹੂਦਾਹ ਦੇ ਰਾਜਿਆਂ ਦੁਆਰਾ ਨਿਯੁਕਤ ਕੀਤੇ ਗਏ ਮੂਰਤੀ-ਪੂਜਕ ਜਾਜਕਾਂ ਨੂੰ ਖ਼ਤਮ ਕਰ ਦਿੱਤਾ, ਜਿਹੜੇ ਬਆਲ, ਸੂਰਜ ਅਤੇ ਚੰਦ, ਤਾਰਾਮੰਡਲ ਅਤੇ ਸਾਰਿਆਂ ਤਾਰਿਆਂ ਲਈ ਧੂਪ ਧੁਖਾਉਂਦੇ ਸਨ। 6 ਉਸ ਨੇ ਅਸ਼ੇਰਾਹ ਦੇ ਖੰਭੇ ਨੂੰ ਯਾਹਵੇਹ ਦੇ ਭਵਨ ਤੋਂ ਯੇਰੂਸ਼ਲੇਮ ਦੇ ਬਾਹਰ ਕਿਦਰੋਨ ਘਾਟੀ ਵਿੱਚ ਲਿਆਂਦਾ ਅਤੇ ਉੱਥੇ ਇਸ ਨੂੰ ਸਾੜ ਦਿੱਤਾ। ਉਸ ਨੇ ਇਸ ਦਾ ਚੂਰਾ ਬਣਾ ਦਿੱਤਾ ਅਤੇ ਆਮ ਲੋਕਾਂ ਦੀਆਂ ਕਬਰਾਂ ਉੱਤੇ ਉਹ ਧੂੜ ਖਿਲਾਰ ਦਿੱਤੀ। 7 ਉਸ ਨੇ ਮਰਦ ਵੇਸਵਾ ਦੇ ਕਮਰਿਆਂ ਨੂੰ ਵੀ ਢਾਹ ਦਿੱਤਾ ਜੋ ਯਾਹਵੇਹ ਦੇ ਭਵਨ ਵਿੱਚ ਸਨ, ਉਹ ਕਮਰੇ ਜਿੱਥੇ ਔਰਤਾਂ ਅਸ਼ੇਰਾਹ ਲਈ ਬੁਣਾਈ ਕਰਦੀਆਂ ਸਨ।
8 ਅਤੇ ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗੇਬਾ ਤੋਂ ਲੈ ਕੇ ਬੇਰਸ਼ੇਬਾ ਤੱਕ ਉਹਨਾਂ ਸਾਰਿਆਂ ਉੱਚਿਆਂ ਥਾਵਾਂ ਨੂੰ ਜਿੱਥੇ ਜਾਜਕਾਂ ਨੇ ਧੂਪ ਧੁਖਾਈ ਸੀ ਭਰਿਸ਼ਟ ਕਰ ਦਿੱਤਾ ਅਤੇ ਉਹ ਨੇ ਰਾਹ ਦੇ ਫਾਟਕਾਂ ਦੀਆਂ ਉਹਨਾਂ ਉੱਚਿਆਂ ਥਾਵਾਂ ਨੂੰ ਜੋ ਸ਼ਹਿਰ ਦੇ ਹਾਕਮ ਯਹੋਸ਼ੂ ਦੇ ਫਾਟਕ ਦੇ ਰਾਹ ਤੇ ਸ਼ਹਿਰ ਦੇ ਫਾਟਕ ਦੇ ਖੱਬੇ ਹੱਥ ਸੀ ਢਾਹ ਦਿੱਤਾ। 9 ਭਾਵੇਂ ਉੱਚੇ ਸਥਾਨਾਂ ਦੇ ਜਾਜਕਾਂ ਨੇ ਯੇਰੂਸ਼ਲੇਮ ਵਿੱਚ ਯਾਹਵੇਹ ਦੀ ਜਗਵੇਦੀ ਦੀ ਸੇਵਾ ਨਹੀਂ ਕੀਤੀ, ਪਰ ਉਹਨਾਂ ਨੇ ਆਪਣੇ ਸੰਗੀ ਜਾਜਕਾਂ ਨਾਲ ਪਤੀਰੀ ਰੋਟੀ ਖਾਧੀ।
10 ਅਤੇ ਉਸ ਨੇ ਤੋਫੇਥ ਨੂੰ ਜੋ ਬੇਨ-ਹਿੰਨੋਮ ਦੀ ਵਾਦੀ ਵਿੱਚ ਹੈ ਭਰਿਸ਼ਟ ਕੀਤਾ ਤਾਂ ਜੋ ਕੋਈ ਮਨੁੱਖ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਮੋਲੋਕ ਦੇ ਲਈ ਅੱਗ ਵਿੱਚੋਂ ਦੀ ਨਾ ਲੰਘਾਵੇ। 11 ਉਸ ਨੇ ਯਾਹਵੇਹ ਦੇ ਭਵਨ ਦੇ ਪ੍ਰਵੇਸ਼ ਦੁਆਰ ਤੋਂ ਉਹਨਾਂ ਘੋੜਿਆਂ ਨੂੰ ਹਟਾ ਦਿੱਤਾ ਜੋ ਯਹੂਦਾਹ ਦੇ ਰਾਜਿਆਂ ਨੇ ਸੂਰਜ ਨੂੰ ਸਮਰਪਿਤ ਕੀਤੇ ਸਨ। ਉਹ ਨਾਥਾਨ-ਮੇਲੇਕ ਨਾਮ ਦੇ ਇੱਕ ਅਧਿਕਾਰੀ ਦੇ ਕਮਰੇ ਦੇ ਕੋਲ ਕਚਹਿਰੀ ਵਿੱਚ ਸਨ। ਫਿਰ ਯੋਸ਼ੀਯਾਹ ਨੇ ਸੂਰਜ ਨੂੰ ਸਮਰਪਿਤ ਰਥਾਂ ਨੂੰ ਸਾੜ ਦਿੱਤਾ।
12 ਉਸਨੇ ਉਹਨਾਂ ਜਗਵੇਦੀਆਂ ਨੂੰ ਢਾਹ ਦਿੱਤਾ ਜੋ ਯਹੂਦਾਹ ਦੇ ਰਾਜਿਆਂ ਨੇ ਆਹਾਜ਼ ਦੇ ਚੁਬਾਰੇ ਦੇ ਕੋਲ ਛੱਤ ਉੱਤੇ ਬਣਾਈਆਂ ਸਨ ਅਤੇ ਉਹ ਜਗਵੇਦੀਆਂ ਜਿਹੜੀਆਂ ਮਨੱਸ਼ੇਹ ਨੇ ਯਾਹਵੇਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਬਣਾਈਆਂ ਸਨ। ਉਸ ਨੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ, ਉਹਨਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਮਲਬਾ ਕਿਦਰੋਨ ਘਾਟੀ ਵਿੱਚ ਸੁੱਟ ਦਿੱਤਾ। 13 ਪਹਿਲਾਂ ਸ਼ਲੋਮੋਨ ਪਾਤਸ਼ਾਹ ਨੇ ਯੇਰੂਸ਼ਲੇਮ ਦੇ ਪਹਾੜੀ ਦੇ ਦੱਖਣ ਵਾਲੇ ਪਾਸੇ ਵੀ ਉੱਚੀਆਂ ਥਾਵਾਂ ਬਣਾਈਆਂ ਸਨ। ਇਹ ਇਸਰਾਏਲ ਦੇ ਰਾਜੇ ਸ਼ਲੋਮੋਨ ਦੁਆਰਾ ਸੀਦੋਨ ਦੀ ਭਿਆਨਕ ਦੇਵੀ ਅਸ਼ਤਾਰੋਥ ਅਤੇ ਮੋਆਬ ਦੇ ਦੇਵਤੇ ਕਮੋਸ਼ ਅਤੇ ਅੰਮੋਨੀਆਂ ਦੇ ਮਿਲਕੋਮ ਦੇ ਸਤਿਕਾਰ ਵਿੱਚ ਬਣਾਈਆਂ ਗਈਆਂ ਸਨ, ਤਾਂ ਜੋ ਉਹ ਉਹਨਾਂ ਘਿਣਾਉਂਣੇ ਦੇਵਤਿਆਂ ਦੀ ਅਰਾਧਨਾ ਤੇ ਸਨਮਾਨ ਕਰ ਸਕਣ। ਪਰ ਯੋਸ਼ੀਯਾਹ ਪਾਤਸ਼ਾਹ ਨੇ ਇਹ ਸਾਰੀਆਂ ਅਰਾਧਨਾ ਦੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰਵਾ ਦਿੱਤਾ। 14 ਯੋਸਿਆਹ ਨੇ ਪਵਿੱਤਰ ਪੱਥਰਾਂ ਨੂੰ ਤੋੜ ਦਿੱਤਾ ਅਤੇ ਅਸ਼ੇਰਾਹ ਦੇ ਖੰਭਿਆਂ ਨੂੰ ਕੱਟ ਦਿੱਤਾ ਅਤੇ ਸਥਾਨਾਂ ਨੂੰ ਮਨੁੱਖੀ ਹੱਡੀਆਂ ਨਾਲ ਢੱਕ ਦਿੱਤਾ।
15 ਇੱਥੋਂ ਤੱਕ ਕਿ ਬੈਤਏਲ ਦੀ ਜਗਵੇਦੀ, ਨੇਬਾਥ ਦੇ ਪੁੱਤਰ ਯਾਰਾਬੁਆਮ ਦੁਆਰਾ ਬਣਾਈ ਗਈ ਉੱਚੀ ਥਾਂ, ਜਿਸ ਨੇ ਇਸਰਾਏਲ ਤੋਂ ਪਾਪ ਕਰਾਇਆ ਸੀ, ਇੱਥੋਂ ਤੱਕ ਕਿ ਉਹ ਜਗਵੇਦੀ ਅਤੇ ਉੱਚੀ ਥਾਂ ਵੀ ਉਸ ਨੇ ਢਾਹ ਦਿੱਤੀ ਸੀ। ਉਸ ਨੇ ਉੱਚੀ ਥਾਂ ਨੂੰ ਸਾੜ ਦਿੱਤਾ ਅਤੇ ਉਸ ਨੂੰ ਪੀਹ ਨੂੰ ਚੂਰ-ਚੂਰ ਕਰ ਦਿੱਤਾ ਅਤੇ ਅਸ਼ੇਰਾਹ ਦੇ ਥੰਮ ਨੂੰ ਵੀ ਸਾੜ ਦਿੱਤਾ। 16 ਅਤੇ ਜਦ ਯੋਸ਼ੀਯਾਹ ਮੁੜਿਆ ਅਰ ਉਹ ਕਬਰਾਂ ਜੋ ਪਹਾੜ ਵਿੱਚ ਸਨ ਦੇਖੀਆਂ ਤਾਂ ਉਸ ਨੇ ਲੋਕ ਭੇਜ ਕੇ ਕਬਰਾਂ ਵਿੱਚੋਂ ਹੱਡੀਆਂ ਕਢਵਾਈਆਂ ਅਤੇ ਜਗਵੇਦੀ ਉੱਤੇ ਉਹਨਾਂ ਨੂੰ ਸਾੜ ਕੇ ਉਸ ਨੂੰ ਭਰਿਸ਼ਟ ਕੀਤਾ। ਇਹ ਯਾਹਵੇਹ ਦੇ ਬਚਨ ਦੇ ਅਨੁਸਾਰ ਹੋਇਆ ਜਿਹ ਦਾ ਪਰਮੇਸ਼ਵਰ ਦੇ ਜਨ ਨੇ ਪਰਚਾਰ ਕੀਤਾ ਜਿਸ ਨੇ ਇਸ ਵਾਰਤਾਂ ਦਾ ਵੀ ਪਰਚਾਰ ਕੀਤਾ ਸੀ।
17 ਪਾਤਸ਼ਾਹ ਨੇ ਪੁੱਛਿਆ, "ਮੈਂ ਦੇਖ ਰਿਹਾ ਹਾਂ ਕਿ ਉਹ ਮਕਬਰੇ ਦਾ ਪੱਥਰ ਕੀ ਹੈ?"
ਸ਼ਹਿਰ ਦੇ ਲੋਕਾਂ ਨੇ ਆਖਿਆ, "ਇਹ ਉਸ ਪਰਮੇਸ਼ਵਰ ਦੇ ਬੰਦੇ ਦੀ ਕਬਰ ਦੀ ਨਿਸ਼ਾਨਦੇਹੀ ਕਰਦਾ ਹੈ ਜਿਹੜਾ ਯਹੂਦਾਹ ਤੋਂ ਆਇਆ ਸੀ ਅਤੇ ਉਸ ਨੇ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਉਹੀ ਗੱਲਾਂ ਆਖੀਆਂ ਜਿਹੜੀਆਂ ਤੁਸੀਂ ਉਸ ਨਾਲ ਕੀਤੀਆਂ ਹਨ।"
18 ਤਾਂ ਉਹ ਨੇ ਆਖਿਆ, "ਉਸ ਨੂੰ ਵਿਸ਼ਰਾਮ ਕਰਨ ਦਿਓ, ਕੋਈ ਮਨੁੱਖ ਉਸ ਦੀਆਂ ਹੱਡੀਆਂ ਨੂੰ ਨਾ ਛੇੜੇ" ਸੋ ਉਹਨਾਂ ਨੇ ਉਸ ਦੀਆਂ ਹੱਡੀਆਂ ਉਸ ਨਬੀ ਦੀਆਂ ਹੱਡੀਆਂ ਨਾਲ ਜੋ ਸਾਮਰਿਯਾ ਵਿੱਚ ਆਇਆ ਸੀ ਰਹਿਣ ਦਿੱਤੀਆਂ।
19 ਜਿਵੇਂ ਕਿ ਉਸਨੇ ਬੈਤਏਲ ਵਿੱਚ ਕੀਤਾ ਸੀ, ਯੋਸ਼ੀਯਾਹ ਨੇ ਉਹਨਾਂ ਉੱਚੇ ਸਥਾਨਾਂ ਦੇ ਸਾਰੇ ਮੰਦਰਾਂ ਨੂੰ ਹਟਾ ਦਿੱਤਾ ਜੋ ਇਸਰਾਏਲ ਦੇ ਰਾਜਿਆਂ ਨੇ ਸਾਮਰਿਯਾ ਦੇ ਕਸਬਿਆਂ ਵਿੱਚ ਬਣਾਏ ਸਨ ਅਤੇ ਜਿਨ੍ਹਾਂ ਨੇ ਯਾਹਵੇਹ ਦਾ ਕ੍ਰੋਧ ਭੜਕਾਇਆ ਸੀ। 20 ਯੋਸ਼ੀਯਾਹ ਨੇ ਉਹਨਾਂ ਉੱਚੀਆਂ ਥਾਵਾਂ ਦੇ ਸਾਰੇ ਜਾਜਕਾਂ ਨੂੰ ਜਗਵੇਦੀਆਂ ਉੱਤੇ ਵੱਢ ਸੁੱਟਿਆ ਅਤੇ ਉਹਨਾਂ ਉੱਤੇ ਮਨੁੱਖੀ ਹੱਡੀਆਂ ਨੂੰ ਸਾੜ ਦਿੱਤਾ। ਫਿਰ ਉਹ ਯੇਰੂਸ਼ਲੇਮ ਵਾਪਸ ਚਲਾ ਗਿਆ।
21 ਰਾਜੇ ਨੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ, "ਆਪਣੇ ਪਰਮੇਸ਼ਵਰ ਦੇ ਲਈ ਪਸਾਹ ਦਾ ਤਿਉਹਾਰ ਮਨਾਓ, ਜਿਵੇਂ ਕਿ ਨੇਮ ਦੀ ਇਸ ਪੋਥੀ ਵਿੱਚ ਲਿਖਿਆ ਹੋਇਆ ਹੈ।" 22 ਨਾ ਤਾਂ ਇਸਰਾਏਲ ਦੀ ਅਗਵਾਈ ਕਰਨ ਵਾਲੇ ਨਿਆਂਈਆਂ ਦੇ ਦਿਨਾਂ ਵਿੱਚ ਅਤੇ ਨਾ ਹੀ ਇਸਰਾਏਲ ਦੇ ਰਾਜਿਆਂ ਅਤੇ ਯਹੂਦਾਹ ਦੇ ਰਾਜਿਆਂ ਦੇ ਦਿਨਾਂ ਵਿੱਚ ਅਜਿਹਾ ਪਸਾਹ ਮਨਾਇਆ ਗਿਆ ਸੀ। 23 ਪਰ ਰਾਜਾ ਯੋਸ਼ੀਯਾਹ ਦੇ ਅਠਾਰਵੇਂ ਸਾਲ ਵਿੱਚ, ਇਹ ਪਸਾਹ ਯੇਰੂਸ਼ਲੇਮ ਵਿੱਚ ਯਾਹਵੇਹ ਲਈ ਮਨਾਇਆ ਗਿਆ ਸੀ।
24 ਇਸ ਤੋਂ ਇਲਾਵਾ, ਯੋਸ਼ੀਯਾਹ ਨੇ ਮਾਧਿਅਮ ਅਤੇ ਜਾਦੂਗਰਾਂ, ਘਰੇਲੂ ਦੇਵਤਿਆਂ, ਮੂਰਤੀਆਂ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਦੇਖੇ ਗਏ ਹੋਰ ਸਾਰੀਆਂ ਘਿਣਾਉਣੀਆਂ ਚੀਜ਼ਾਂ ਨੂੰ ਹਟਾ ਦਿੱਤਾ। ਇਹ ਉਸਨੇ ਕਿਤਾਬ ਵਿੱਚ ਲਿਖੀ ਹੋਈ ਬਿਵਸਥਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਸੀ ਜੋ ਹਿਲਕੀਯਾਹ ਜਾਜਕ ਨੇ ਯਾਹਵੇਹ ਦੇ ਭਵਨ ਵਿੱਚ ਖੋਜਿਆ ਸੀ। 25 ਨਾ ਤਾਂ ਯੋਸ਼ੀਯਾਹ ਤੋਂ ਪਹਿਲਾਂ ਅਤੇ ਨਾ ਹੀ ਬਾਅਦ ਵਿੱਚ ਉਸ ਵਰਗਾ ਕੋਈ ਰਾਜਾ ਸੀ ਜਿਸ ਨੇ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਤਾਕਤ ਨਾਲ, ਮੋਸ਼ੇਹ ਦੇ ਸਾਰੇ ਕਾਨੂੰਨ ਦੇ ਅਨੁਸਾਰ ਯਾਹਵੇਹ ਵੱਲ ਮੁੜਿਆ ਸੀ।
26 ਤਾਂ ਵੀ ਮਨੱਸ਼ੇਹ ਦਿਆਂ ਭੜਕਾਉਣ ਵਾਲਿਆਂ ਕੰਮਾਂ ਦੇ ਕਾਰਨ ਜਿਨ੍ਹਾਂ ਤੋਂ ਉਸ ਨੇ ਯਾਹਵੇਹ ਦੇ ਗੁੱਸੇ ਨੂੰ ਭੜਕਾਇਆ ਸੀ ਯਾਹਵੇਹ ਆਪਣੇ ਡਾਢੇ ਕ੍ਰੋਧ ਤੋਂ ਜਿਸ ਦੇ ਨਾਲ ਉਸ ਦਾ ਗੁੱਸਾ ਯਹੂਦਾਹ ਤੇ ਭੜਕਿਆ ਸੀ ਨਾ ਮੁੜਿਆ। 27 ਇਸ ਲਈ ਯਾਹਵੇਹ ਨੇ ਕਿਹਾ, "ਮੈਂ ਯਹੂਦਾਹ ਨੂੰ ਵੀ ਆਪਣੀ ਮੌਜੂਦਗੀ ਤੋਂ ਹਟਾ ਦਿਆਂਗਾ ਜਿਵੇਂ ਮੈਂ ਇਸਰਾਏਲ ਨੂੰ ਹਟਾ ਦਿੱਤਾ ਸੀ, ਅਤੇ ਮੈਂ ਯੇਰੂਸ਼ਲੇਮ, ਜਿਸ ਸ਼ਹਿਰ ਨੂੰ ਮੈਂ ਚੁਣਿਆ ਸੀ, ਅਤੇ ਇਸ ਭਵਨ ਨੂੰ ਰੱਦ ਕਰ ਦਿਆਂਗਾ, ਜਿਸ ਬਾਰੇ ਮੈਂ ਕਿਹਾ ਸੀ, ‘ਮੇਰਾ ਨਾਮ ਉੱਥੇ ਹੋਵੇਗਾ।’ "
28 ਯੋਸ਼ੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਨਹੀਂ ਹਨ?
29 ਜਦੋਂ ਯੋਸ਼ੀਯਾਹ ਰਾਜਾ ਸੀ, ਮਿਸਰ ਦਾ ਰਾਜਾ ਫ਼ਿਰਾਊਨ ਨੇਕੋ ਅੱਸ਼ੂਰ ਦੇ ਰਾਜੇ ਦੀ ਮਦਦ ਕਰਨ ਲਈ ਫ਼ਰਾਤ ਦਰਿਆ ਉੱਤੇ ਚੜ੍ਹ ਗਿਆ। ਰਾਜਾ ਯੋਸ਼ੀਯਾਹ ਲੜਾਈ ਵਿੱਚ ਉਸ ਨੂੰ ਮਿਲਣ ਲਈ ਨਿਕਲਿਆ, ਪਰ ਨੇਕੋ ਨੇ ਉਸ ਦਾ ਸਾਹਮਣਾ ਕੀਤਾ ਅਤੇ ਮਗਿੱਦੋ ਵਿੱਚ ਉਸ ਨੂੰ ਮਾਰ ਦਿੱਤਾ। 30 ਯੋਸ਼ੀਯਾਹ ਦੇ ਸੇਵਕਾਂ ਨੇ ਉਸ ਦੀ ਲਾਸ਼ ਨੂੰ ਰੱਥ ਵਿੱਚ ਮਗਿੱਦੋ ਤੋਂ ਯੇਰੂਸ਼ਲੇਮ ਲਿਆਂਦਾ ਅਤੇ ਉਸ ਨੂੰ ਉਸ ਦੀ ਕਬਰ ਵਿੱਚ ਦਫ਼ਨਾਇਆ ਅਤੇ ਦੇਸ਼ ਦੇ ਲੋਕਾਂ ਨੇ ਯੋਸ਼ੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਤੇ ਉਸ ਦੇ ਪਿਤਾ ਦੇ ਥਾਂ ਰਾਜਾ ਬਣਾਇਆ।
31 ਯਹੋਆਹਾਜ਼ ਤੇਈ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਰਾਜ ਕੀਤਾ। ਉਸਦਾ ਦਾ ਨਾਮ ਹਮੂਤਲ ਸੀ ਜੋ ਯਿਰਮਿਯਾਹ ਦੀ ਧੀ ਸੀ; ਉਹ ਲਿਬਨਾਹ ਨਗਰ ਤੋਂ ਸੀ। 32 ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕੀਤੀ, ਜਿਵੇਂ ਕਿ ਉਸਦੇ ਪੁਰਖਿਆਂ ਨੇ ਕੀਤਾ ਸੀ। 33 ਅਤੇ ਫ਼ਿਰਾਊਨ ਨੇਕੋ ਨੇ ਉਸ ਨੂੰ ਰਿਬਲਾਹ ਵਿੱਚ ਜੋ ਹਮਾਥ ਦੇ ਦੇਸ਼ ਵਿੱਚ ਹੈ ਕੈਦ ਕਰ ਦਿੱਤਾ ਕਿ ਉਹ ਯੇਰੂਸ਼ਲੇਮ ਵਿੱਚ ਰਾਜ ਨਾ ਕਰੇ ਅਤੇ ਉਸ ਦੇ ਦੇਸ਼ ਉੱਤੇ ਇੱਕ ਸੌ ਤੋੜਾ ਚਾਂਦੀ ਅਤੇ ਇੱਕ ਤੋੜਾ ਸੋਨੇ ਦਾ ਹਰਜ਼ਾਨਾ ਲਾ ਦਿੱਤਾ। 34 ਫ਼ਿਰਾਊਨ ਨੇਕੋ ਨੇ ਯੋਸ਼ੀਯਾਹ ਦੇ ਪੁੱਤਰ ਅਲਯਾਕੀਮ ਨੂੰ ਆਪਣੇ ਪਿਤਾ ਯੋਸ਼ੀਯਾਹ ਦੀ ਥਾਂ ਰਾਜਾ ਬਣਾਇਆ ਅਤੇ ਅਲਯਾਕੀਮ ਦਾ ਨਾਮ ਬਦਲ ਕੇ ਯਹੋਯਾਕੀਮ ਰੱਖ ਦਿੱਤਾ। ਪਰ ਉਹ ਯਹੋਆਹਾਜ਼ ਨੂੰ ਲੈ ਗਿਆ ਅਤੇ ਮਿਸਰ ਨੂੰ ਲੈ ਗਿਆ ਅਤੇ ਉੱਥੇ ਉਹ ਮਰ ਗਿਆ। 35 ਅਤੇ ਯਹੋਯਾਕੀਮ ਨੇ ਚਾਂਦੀ ਤੇ ਸੋਨਾ ਫ਼ਿਰਾਊਨ ਨੂੰ ਦੇ ਦਿੱਤਾ ਪਰ ਉਸ ਨੇ ਇਸ ਉੱਤੇ ਫ਼ਿਰਾਊਨ ਦੇ ਹੁਕਮ ਅਨੁਸਾਰ ਕਰ ਲਾ ਦਿੱਤਾ। ਉਸ ਨੇ ਦੇਸ ਦੇ ਹਰ ਮਨੁੱਖ ਤੋਂ ਉਸ ਦੇ ਕਰ ਦੇ ਅਨੁਸਾਰ ਚਾਂਦੀ ਤੇ ਸੋਨਾ ਲਿਆ ਭਈ ਉਹ ਫ਼ਿਰਾਊਨ ਨੇਕੋ ਨੂੰ ਦੇਵੇ।
36 ਯਹੋਯਾਕੀਮ ਪੱਚੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਜ਼ਬੀਦਾਹ ਸੀ ਜੋ ਪਦਾਯਾਹ ਦੀ ਧੀ ਸੀ। ਉਹ ਰੁਮਾਹ ਨਗਰ ਤੋਂ ਸੀ। 37 ਅਤੇ ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕੀਤੀ, ਜਿਵੇਂ ਕਿ ਉਸਦੇ ਪੁਰਖਿਆਂ ਨੇ ਕੀਤਾ ਸੀ।