1 ਹੇ ਰਾਜਕੁਮਾਰ ਦੀ ਧੀਏ,
ਤੇਰੇ ਪੈਰ ਜੁੱਤੀ ਦੇ ਵਿੱਚ ਕਿੰਨੇ ਸੋਹਣੇ ਹਨ!
ਤੇਰੀਆਂ ਲੱਤਾ ਸੁੰਦਰ ਗਹਿਣਿਆਂ ਵਾਂਗ ਹਨ,
ਜਿਵੇਂ ਕਿਸੇ ਕਾਰੀਗਰ ਦੇ ਹੱਥਾਂ ਨਾਲ ਬਣੀਆਂ ਹੋਣ।
2 ਤੇਰੀ ਧੁੰਨੀ ਗੋਲ ਕਟੋਰੇ ਵਰਗੀ ਹੈ
ਜਿਸ ਵਿੱਚ ਮਿਲੀ ਹੋਈ ਦਾਖ਼ਰਸ ਦੀ ਕਮੀ ਨਹੀਂ ਹੁੰਦੀ,
ਤੇਰਾ ਪੇਟ ਕਣਕ ਦਾ ਢੇਰ ਹੈ,
ਜਿਹੜਾ ਸੋਸਨਾਂ ਨਾਲ ਘਿਰਿਆ ਹੋਇਆ ਹੈ।
3 ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ,
ਜਿਵੇਂ ਹਿਰਨੀ ਦੇ ਜੁੜਵਾਂ ਬੱਚੇ।
4 ਤੇਰੀ ਗਰਦਨ ਹਾਥੀ ਦੰਦ ਦੇ ਬੁਰਜ ਵਰਗੀ ਹੈ,
ਤੇਰੀਆਂ ਅੱਖਾਂ ਹੇਸ਼ਬੋਨ ਦੇ ਤਲਾਬ ਹਨ,
ਜੋ ਬਥ-ਰੱਬੀਮ ਦੇ ਦਰਵਾਜ਼ੇ ਕੋਲ ਹੈ।
ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ,
ਜੋ ਦੰਮਿਸ਼ਕ ਵੱਲ ਦੇਖ ਰਿਹਾ ਹੈ।
5 ਤੇਰਾ ਸਿਰ ਕਰਮਲ ਪਹਾੜ ਵਰਗਾ ਹੈ,
ਤੇਰੇ ਸਿਰ ਦੇ ਵਾਲ ਬੈਂਗਣੀ ਜਿਹੇ ਹਨ,
ਪਾਤਸ਼ਾਹ ਤੇਰੇ ਵਾਲਾਂ ਦਾ ਕੈਦੀ ਬਣਿਆ ਹੋਇਆ ਹੈ।
6 ਤੂੰ ਕਿੰਨੀ ਸੋਹਣੀ ਅਤੇ ਕਿੰਨੀ ਮਨਮੋਹਣੀ ਹੈ,
ਤੂੰ ਪਿਆਰ ਕਰਨ ਵਿੱਚ ਕਿੰਨੀ ਸੋਹਣੀ ਲੱਗਦੀ ਹੈ!
7 ਤੇਰਾ ਕੱਦ ਖਜ਼ੂਰ ਵਰਗਾ ਹੈ,
ਅਤੇ ਤੇਰੀਆਂ ਛਾਤੀਆਂ ਫਲਾਂ ਦੇ ਗੁੱਛਿਆਂ ਵਰਗੀਆਂ ਹਨ।
8 ਮੈਂ ਆਖਿਆ, "ਮੈਂ ਖਜ਼ੂਰ ਦੇ ਰੁੱਖ ਉੱਤੇ ਚੜ੍ਹਾਂਗਾ;
ਮੈਂ ਇਸਦਾ ਫਲ ਫੜ ਲਵਾਂਗਾ।"
ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗ ਹੋਣ,
ਅਤੇ ਤੇਰੇ ਸਾਹ ਦੀ ਖੁਸ਼ਬੂ ਸੇਬਾਂ ਦੇ ਵਰਗੀ ਹੋਵੇ।
9 ਅਤੇ ਤੇਰਾ ਮੂੰਹ ਸਭ ਤੋਂ ਵਧੀਆ ਦਾਖ਼ਰਸ ਵਰਗਾ ਹੈ।
ਦਾਖ਼ਰਸ ਸਿੱਧੀ ਮੇਰੇ ਪ੍ਰੀਤਮ ਕੋਲ ਜਾਵੇ,
ਬੁੱਲ੍ਹਾਂ ਅਤੇ ਦੰਦਾਂ ਉੱਤੇ ਹੌਲੀ-ਹੌਲੀ ਵਗਦੀ ਰਹੇ।
10 ਮੈਂ ਆਪਣੇ ਪ੍ਰੀਤਮ ਦੀ ਹਾਂ,
ਅਤੇ ਉਸਦੀ ਇੱਛਾ ਮੇਰੇ ਲਈ ਹੈ।
11 ਆਓ ਮੇਰੇ ਪਿਆਰੇ, ਆਓ ਅਸੀਂ ਬਾਹਰ ਚੱਲੀਏ,
ਆਓ ਅਸੀਂ ਪਿੰਡਾਂ ਵਿੱਚ ਰਾਤ ਕੱਟੀਏ।
12 ਆਓ ਅਸੀਂ ਸਵੇਰੇ ਹੀ ਅੰਗੂਰਾਂ ਦੇ ਬਾਗਾਂ ਵਿੱਚ ਚੱਲੀਏ,
ਇਹ ਵੇਖਣ ਲਈ ਕਿ ਅੰਗੂਰੀ ਵੇਲਾਂ ਉੱਗ ਗਈਆਂ ਹਨ,
ਉਨ੍ਹਾਂ ਦੇ ਫੁੱਲ ਖਿੜ ਆਏ ਹਨ,
ਅਤੇ ਜਾਂ ਅਨਾਰ ਖਿੜ ਰਹੇ ਹਨ,
ਉੱਥੇ ਮੈਂ ਤੈਨੂੰ ਆਪਣਾ ਪਿਆਰ ਦਿਆਂਗੀ।
13 ਫੁੱਲ ਆਪਣੀ ਸੁਗੰਧ ਭੇਜਦੇ ਹਨ,
ਅਤੇ ਸਾਡੇ ਦਰਵਾਜ਼ੇ ਉੱਤੇ ਹਰੇਕ ਸੁਆਦਲੇ ਪਦਾਰਥ ਹਨ,
ਨਵੇਂ ਅਤੇ ਪੁਰਾਣੇ ਵੀ,
ਹੇ ਮੇਰੇ ਬਾਲਮ! ਜੋ ਮੈਂ ਤੇਰੇ ਲਈ ਇਕੱਠੇ ਕੀਤੇ ਹਨ।