5 ਅਤੇ ਕੀ ਤੁਸੀਂ ਉਤਸ਼ਾਹਿਤ ਕਰਨ ਵਾਲੇ ਇਨ੍ਹਾਂ ਸ਼ਬਦਾ ਨੂੰ ਪੂਰੀ ਤਰ੍ਹਾਂ ਭੁੱਲ ਗਏ ਹੋ ਜੋ ਤੁਹਾਨੂੰ ਆਪਣੇ ਪਿਤਾ ਦੇ ਪੁੱਤਰ ਦੇ ਰੂਪ ਵਿੱਚ ਸੰਬੋਧਿਤ ਕਰਦਾ ਹੈ? ਇਹ ਕਹਿੰਦਾ ਹੈ,
"ਹੇ ਮੇਰੇ ਪੁੱਤਰ, ਪ੍ਰਭੂ ਦੀ ਸਿੱਖਿਆ ਨੂੰ ਤੁੱਛ ਨਾ ਜਾਣ,
ਅਤੇ ਜਦੋਂ ਉਹ ਝਿੜਕੇ ਤਾਂ ਹੌਂਸਲਾ ਨਾ ਹਾਰ ਜਾਣਾ,
6 ਕਿਉਂਕਿ ਪ੍ਰਭੂ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ,
ਅਤੇ ਉਹ ਉਹਨਾਂ ਸਾਰਿਆਂ ਨੂੰ ਤਾੜਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਪੁੱਤਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ।"12:6 ਕਹਾ 3:11-12 (ਸੈਪਟੁਜਿੰਟ ਦੇਖੋ)
7 ਮੁਸ਼ਕਲਾਂ ਨੂੰ ਅਨੁਸ਼ਾਸਨ ਸਮਝ ਕੇ ਸਹਿਣਾ; ਪਰਮੇਸ਼ਵਰ ਤੁਹਾਡੇ ਨਾਲ ਆਪਣੇ ਬੱਚਿਆਂ ਵਾਂਗ ਵਿਵਹਾਰ ਕਰਦਾ ਹੈ। ਕਿ ਭਲਾ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੁਆਰਾ ਅਨੁਸ਼ਾਸਿਤ ਨਹੀਂ ਕੀਤਾ ਜਾਂਦਾ? 8 ਅਨੁਸ਼ਾਸਨ ਵਿੱਚੋਂ ਸਾਰੇ ਲੰਘਦੇ ਹਨ ਜੇ ਕੋਈ ਅਨੁਸ਼ਾਸਨ ਵਿੱਚੋਂ ਨਹੀਂ ਲੰਘਦਾ ਹੈ ਤਾਂ ਤੁਸੀਂ ਜਾਇਜ਼ ਨਹੀਂ, ਨਾ ਹੀ ਸੱਚੇ ਪੁੱਤਰ ਅਤੇ ਧੀਆਂ ਹੋ। 9 ਇਸ ਤੋਂ ਇਲਾਵਾ, ਸਾਡੇ ਸਾਰਿਆਂ ਦੇ ਮਨੁੱਖੀ ਪਿਤਾ ਹਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ ਅਤੇ ਅਸੀਂ ਇਸ ਦੇ ਲਈ ਉਹਨਾਂ ਦਾ ਆਦਰ ਕਰਦੇ ਹਾਂ। ਸਾਨੂੰ ਆਤਮਾਵਾਂ ਦੇ ਪਿਤਾ ਦੇ ਅੱਗੇ ਕਿੰਨਾ ਜ਼ਿਆਦਾ ਅਧੀਨ ਹੋਣਾ ਚਾਹੀਦਾ ਹੈ ਅਤੇ ਜੀਉਣਾ ਚਾਹੀਦਾ ਹੈ!