1 ਯਾਹਵੇਹ ਨੇ ਨਾਥਾਨ ਨੂੰ ਦਾਵੀਦ ਕੋਲ ਭੇਜਿਆ। ਜਦੋਂ ਉਹ ਉਸਦੇ ਕੋਲ ਆਇਆ, ਉਸਨੇ ਕਿਹਾ, "ਇੱਕ ਨਗਰ ਵਿੱਚ ਦੋ ਆਦਮੀ ਸਨ, ਇੱਕ ਅਮੀਰ ਅਤੇ ਦੂਜਾ ਗਰੀਬ। 2 ਅਮੀਰ ਆਦਮੀ ਕੋਲ ਬਹੁਤ ਸਾਰੀਆਂ ਭੇਡਾਂ ਅਤੇ ਮਾਲ ਡੰਗਰ ਸਨ, 3 ਪਰ ਗਰੀਬ ਆਦਮੀ ਕੋਲ ਇੱਕ ਭੇਡ ਦੀ ਲੇਲੀ ਤੋਂ ਇਲਾਵਾ ਕੁਝ ਨਹੀਂ ਸੀ ਜੋ ਉਸ ਨੇ ਉਸ ਨੂੰ ਮੁੱਲ ਲਿਆ ਅਤੇ ਪਾਲਿਆ ਸੀ। ਉਸਦਾ ਪਾਲਣ ਪੋਸ਼ਣ ਉਸਦੇ ਬੱਚਿਆ ਨਾਲ ਹੋਇਆ ਸੀ। ਉਹ ਉਸੇ ਦੀ ਰੋਟੀ ਵਿੱਚੋਂ ਖਾਂਦੀ ਸੀ ਅਤੇ ਉਸ ਦੇ ਪਿਆਲੇ ਵਿੱਚੋਂ ਪੀਂਦੀ ਸੀ ਅਤੇ ਉਸਦੀਆਂ ਹੀ ਬਾਹਾਂ ਵਿੱਚ ਸੌਂਦੀ ਸੀ। ਉਹ ਉਸ ਦੀ ਧੀ ਵਰਗੀ ਸੀ।
4 "ਉਸ ਅਮੀਰ ਆਦਮੀ ਕੋਲ ਇੱਕ ਯਾਤਰੀ ਆਇਆ ਸੀ। ਉਸ ਅਮੀਰ ਆਦਮੀ ਨੇ ਉਸ ਯਾਤਰੀ ਦੇ ਮਨੋਰੰਜਨ ਲਈ ਆਪਣੀਆਂ ਭੇਡਾਂ ਵਿੱਚੋਂ ਕੋਈ ਭੇਡ ਨਾ ਲਈ, ਪਰ ਉਸ ਗਰੀਬ ਆਦਮੀ ਦੀ ਭੇਡ ਲੈ ਕੇ ਉਸ ਯਾਤਰੀ ਲਈ ਭੋਜਨ ਤਿਆਰ ਕੀਤਾ।"
5 ਦਾਵੀਦ ਉਸ ਆਦਮੀ ਉੱਤੇ ਗੁੱਸੇ ਨਾਲ ਭੜਕਿਆ ਅਤੇ ਨਾਥਾਨ ਨੂੰ ਆਖਿਆ, "ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਆਦਮੀ ਨੇ ਇਹ ਕੀਤਾ ਉਹ ਜ਼ਰੂਰ ਮਰ ਜਾਵੇਗਾ! 6 ਇਸ ਲਈ ਉਸ ਮਨੁੱਖ ਨੂੰ ਲੇਲੀ ਲਈ ਚਾਰ ਗੁਣਾ ਵੱਧ ਭੁਗਤਾਨ ਕਰਨਾ ਪਵੇਗਾ, ਕਿਉਂਕਿ ਉਸਨੇ ਅਜਿਹਾ ਕੰਮ ਕੀਤਾ ਅਤੇ ਕੁਝ ਦਯਾ ਨਾ ਕੀਤੀ।"
7 ਤਦ ਨਾਥਾਨ ਨੇ ਦਾਵੀਦ ਨੂੰ ਆਖਿਆ, "ਤੂੰ ਉਹ ਆਦਮੀ ਹੈ! ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਮੈਂ ਤੈਨੂੰ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ, ਅਤੇ ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ। 8 ਮੈਂ ਤੇਰੇ ਮਾਲਕ ਦਾ ਘਰ ਤੈਨੂੰ ਅਤੇ ਤੇਰੇ ਸੁਆਮੀ ਦੀਆਂ ਪਤਨੀਆਂ ਨੂੰ ਤੇਰੀਆਂ ਬਾਹਾਂ ਵਿੱਚ ਦਿੱਤੀਆਂ। ਮੈਂ ਸਾਰਾ ਇਸਰਾਏਲ ਅਤੇ ਯਹੂਦਾਹ ਘਰਾਣਾ ਤੈਨੂੰ ਦੇ ਦਿੱਤਾ ਅਤੇ ਜੇ ਇਹ ਸਭ ਕੁਝ ਬਹੁਤ ਘੱਟ ਸੀ, ਤਾਂ ਮੈਂ ਤੈਨੂੰ ਹੋਰ ਵੀ ਦੇ ਦਿੰਦਾ। 9 ਤੂੰ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਅੱਗੇ ਬੁਰਿਆਈ ਕੀਤੀ ਹੈ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਮਾਰਵਾਇਆ ਅਤੇ ਉਸ ਦੀ ਪਤਨੀ ਨੂੰ ਆਪਣਾ ਬਣਾ ਲਿਆ। ਤੂੰ ਉਸ ਨੂੰ ਅੰਮੋਨੀਆਂ ਦੀ ਤਲਵਾਰ ਨਾਲ ਮਾਰਵਾ ਦਿੱਤਾ। 10 ਇਸ ਲਈ ਹੁਣ ਤੇਰੇ ਘਰੋਂ ਤਲਵਾਰ ਕਦੇ ਨਹੀਂ ਹਟੇਗੀ, ਕਿਉਂਕਿ ਤੂੰ ਮੈਨੂੰ ਤੁੱਛ ਸਮਝਿਆ ਅਤੇ ਹਿੱਤੀ ਊਰੀਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ।’
11 "ਯਾਹਵੇਹ ਇਹ ਆਖਦਾ ਹੈ, ‘ਵੇਖ ਮੈਂ ਇੱਕ ਬੁਰਿਆਈ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਤੇ ਪਾਵਾਂਗਾ। ਮੈਂ ਤੇਰੀਆਂ ਅੱਖਾਂ ਦੇ ਸਾਹਮਣੇ ਮੈਂ ਤੇਰੀਆਂ ਪਤਨੀਆਂ ਨੂੰ ਲੈ ਕੇ ਕਿਸੇ ਦੂਸਰਿਆਂ ਨੂੰ ਦਿਆਂਗਾ ਅਤੇ ਉਹ ਦਿਨ ਦੇ ਚਾਨਣ ਵਿੱਚ ਤੇਰੀਆਂ ਪਤਨੀਆਂ ਨਾਲ ਕੁਕਰਮ ਕਰਨਗੇ। 12 ਤੂੰ ਇਹ ਸਭ ਗੁਪਤ ਵਿੱਚ ਕੀਤਾ ਸੀ, ਪਰ ਮੈਂ ਇਹ ਗੱਲ ਸ਼ਰੇਆਮ ਸਾਰੇ ਇਸਰਾਏਲ ਦੇ ਸਾਹਮਣੇ ਕਰਾਂਗਾ।’ "
13 ਤਦ ਦਾਵੀਦ ਨੇ ਨਾਥਾਨ ਨੂੰ ਕਿਹਾ, "ਮੈਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।"
ਨਾਥਾਨ ਨੇ ਜਵਾਬ ਦਿੱਤਾ, "ਯਾਹਵੇਹ ਨੇ ਤੇਰੇ ਪਾਪ ਨੂੰ ਮਾਫ਼ ਕਰ ਦਿੱਤਾ ਹੈ। ਤੂੰ ਮਰੇਗਾ ਨਹੀਂ। 14 ਪਰ ਕਿਉਂਕਿ ਅਜਿਹਾ ਕਰਕੇ ਤੂੰ ਯਾਹਵੇਹ ਲਈ ਪੂਰੀ ਤਰ੍ਹਾਂ ਨਿਰਾਦਰ ਕੀਤਾ ਹੈ, ਤੁਹਾਡੇ ਲਈ ਪੈਦਾ ਹੋਇਆ ਪੁੱਤਰ ਮਰ ਜਾਵੇਗਾ।"
15 ਨਾਥਾਨ ਦੇ ਘਰ ਜਾਣ ਤੋਂ ਬਾਅਦ, ਯਾਹਵੇਹ ਨੇ ਉਸ ਬੱਚੇ ਨੂੰ ਮਾਰਿਆ ਜੋ ਊਰੀਯਾਹ ਦੀ ਪਤਨੀ ਨੇ ਦਾਵੀਦ ਤੋਂ ਪੈਦਾ ਕੀਤਾ ਸੀ ਅਤੇ ਉਹ ਬਿਮਾਰ ਹੋ ਗਿਆ। 16 ਦਾਵੀਦ ਨੇ ਬੱਚੇ ਲਈ ਪਰਮੇਸ਼ਵਰ ਅੱਗੇ ਬੇਨਤੀ ਕੀਤੀ। ਉਸਨੇ ਵਰਤ ਰੱਖਿਆ ਅਤੇ ਰਾਤਾਂ ਜ਼ਮੀਨ ਤੇ ਤੱਪੜ ਪਾ ਕੇ ਕੱਟੀਆਂ। 17 ਉਸ ਦੇ ਘਰ ਦੇ ਬਜ਼ੁਰਗ ਉਸ ਨੂੰ ਜ਼ਮੀਨ ਤੋਂ ਉਠਾਉਣ ਲਈ ਉਸ ਦੇ ਕੋਲ ਆਏ, ਪਰ ਉਸ ਨੇ ਇਨਕਾਰ ਕਰ ਦਿੱਤਾ, ਅਤੇ ਉਸ ਨੇ ਉਨ੍ਹਾਂ ਨਾਲ ਭੋਜਨ ਵੀ ਨਾ ਕੀਤਾ।
18 ਸੱਤਵੇਂ ਦਿਨ ਬੱਚੇ ਦੀ ਮੌਤ ਹੋ ਗਈ। ਦਾਵੀਦ ਦੇ ਸੇਵਾਦਾਰ ਉਸ ਨੂੰ ਇਹ ਦੱਸਣ ਤੋਂ ਡਰਦੇ ਸਨ ਕਿ ਬੱਚਾ ਮਰ ਗਿਆ ਹੈ, ਕਿਉਂਕਿ ਉਨ੍ਹਾਂ ਨੇ ਆਖਿਆ, "ਵੇਖ ਜਦ ਉਹ ਬਾਲਕ ਅਜੇ ਜਿਉਂਦਾ ਸੀ ਤਾਂ ਅਸੀਂ ਉਸ ਨੂੰ ਆਖਿਆ ਅਤੇ ਉਸਨੇ ਸਾਡੀ ਗੱਲ ਨਾ ਮੰਨੀ ਅਤੇ ਜੇ ਹੁਣ ਅਸੀਂ ਉਸਨੂੰ ਆਖੀਏ ਕਿ ਬੱਚਾ ਮਰ ਗਿਆ ਹੈ ਤਾਂ ਉਹ ਆਪਣੀ ਜਿੰਦ ਨੂੰ ਕਸ਼ਟ ਦੇ ਸਕਦਾ ਹੈ।"
19 ਦਾਵੀਦ ਨੇ ਦੇਖਿਆ ਕਿ ਉਸ ਦੇ ਸੇਵਾਦਾਰ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਬੱਚਾ ਮਰ ਗਿਆ ਸੀ। ਉਸ ਨੇ ਪੁੱਛਿਆ, "ਕੀ ਬੱਚਾ ਮਰ ਗਿਆ ਹੈ?"
ਉਨ੍ਹਾਂ ਨੇ ਜਵਾਬ ਦਿੱਤਾ, "ਹਾਂ, ਉਹ ਮਰ ਗਿਆ ਹੈ।"
20 ਤਦ ਦਾਵੀਦ ਜ਼ਮੀਨ ਤੋਂ ਉੱਠਿਆ, ਨਹਾਇਆ, ਸੁਗੰਧ ਲਾਈ ਅਤੇ ਕੱਪੜੇ ਬਦਲੇ ਅਤੇ ਯਾਹਵੇਹ ਦੇ ਘਰ ਆ ਕੇ ਮੱਥਾ ਟੇਕਿਆ। ਤਦ ਉਹ ਆਪਣੇ ਘਰ ਗਿਆ ਅਤੇ ਉਸ ਦੇ ਕਹਿਣ ਉੱਤੇ ਉਨ੍ਹਾਂ ਨੇ ਉਸ ਨੂੰ ਭੋਜਨ ਪਰੋਸਿਆ ਅਤੇ ਉਸ ਨੇ ਖਾਧਾ।
21 ਉਸ ਦੇ ਸੇਵਾਦਾਰਾਂ ਨੇ ਉਸ ਨੂੰ ਪੁੱਛਿਆ, "ਤੁਸੀਂ ਅਜਿਹਾ ਕਿਉਂ ਕੀਤਾ? ਜਦੋਂ ਬੱਚਾ ਜਿਉਂਦਾ ਸੀ, ਤੁਸੀਂ ਵਰਤ ਰੱਖਿਆ ਅਤੇ ਰੋਏ, ਪਰ ਹੁਣ ਜਦੋਂ ਬੱਚਾ ਮਰ ਗਿਆ ਹੈ, ਤੁਸੀਂ ਉੱਠੇ ਕੇ ਰੋਟੀ ਖਾਧੀ!"
22 ਉਸਨੇ ਜਵਾਬ ਦਿੱਤਾ, "ਜਦੋਂ ਬੱਚਾ ਅਜੇ ਜਿਉਂਦਾ ਸੀ, ਮੈਂ ਵਰਤ ਰੱਖਿਆ ਅਤੇ ਰੋਇਆ। ਮੈਂ ਸੋਚਿਆ, ‘ਕੌਣ ਜਾਣਦਾ ਹੈ? ਯਾਹਵੇਹ ਮੇਰੇ ਤੇ ਮਿਹਰਬਾਨ ਹੋ ਜਾਵੇ ਅਤੇ ਇਹ ਬੱਚਾ ਜੀਉਂਦਾ ਰਹੇ।’ 23 ਪਰ ਹੁਣ ਜਦੋਂ ਉਹ ਮਰ ਗਿਆ ਹੈ, ਮੈਂ ਕਿਉਂ ਵਰਤ ਰੱਖਾਂ? ਕੀ ਮੈਂ ਉਸਨੂੰ ਦੁਬਾਰਾ ਵਾਪਸ ਲਿਆ ਸਕਦਾ ਹਾਂ? ਮੈਂ ਉਸ ਕੋਲ ਜਾਵਾਂਗਾ, ਪਰ ਉਹ ਮੇਰੇ ਕੋਲ ਵਾਪਸ ਨਹੀਂ ਆਵੇਗਾ।"
24 ਤਦ ਦਾਵੀਦ ਨੇ ਆਪਣੀ ਪਤਨੀ ਬੈਥਸ਼ੇਬਾ ਨੂੰ ਦਿਲਾਸਾ ਦਿੱਤਾ ਅਤੇ ਉਹ ਉਸ ਕੋਲ ਗਿਆ, ਉਸ ਨਾਲ ਪਿਆਰ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੇ ਉਸਦਾ ਨਾਮ ਸ਼ਲੋਮੋਨ ਰੱਖਿਆ। ਉਹ ਯਾਹਵੇਹ ਦਾ ਪਿਆਰਾ ਹੋਇਆ; 25 ਅਤੇ ਕਿਉਂਕਿ ਯਾਹਵੇਹ ਨੇ ਉਸਨੂੰ ਪਿਆਰ ਕੀਤਾ, ਉਸਨੇ ਨਾਥਾਨ ਨਬੀ ਦੇ ਰਾਹੀਂ ਉਸਦਾ ਨਾਮ ਯਦੀਦੀਯਾਹ ਰੱਖਣ ਲਈ ਭੇਜਿਆ।
26 ਇਸ ਦੌਰਾਨ ਯੋਆਬ ਅੰਮੋਨੀਆਂ ਦੇ ਰਬਾਹ ਨਗਰ ਨਾਲ ਲੜਿਆ ਅਤੇ ਸ਼ਾਹੀ ਕਿਲੇ ਉੱਤੇ ਕਬਜ਼ਾ ਕਰ ਲਿਆ। 27 ਫਿਰ ਯੋਆਬ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ, "ਮੈਂ ਰਬਾਹ ਨਾਲ ਲੜਿਆ ਹੈ ਅਤੇ ਮੈਂ ਉਸਦੇ ਪਾਣੀਆਂ ਦੇ ਸ਼ਹਿਰ ਨੂੰ ਲੈ ਲਿਆ ਹੈ। 28 ਹੁਣ ਬਾਕੀ ਦੀਆਂ ਫ਼ੌਜਾਂ ਨੂੰ ਇਕੱਠਾ ਕਰੋ ਅਤੇ ਸ਼ਹਿਰ ਨੂੰ ਘੇਰਾ ਪਾਓ ਅਤੇ ਇਸ ਉੱਤੇ ਕਬਜ਼ਾ ਕਰੋ। ਨਹੀਂ ਤਾਂ ਮੈਂ ਸ਼ਹਿਰ ਲੈ ਲਵਾਂਗਾ, ਅਤੇ ਇਸਦਾ ਨਾਮ ਮੇਰੇ ਨਾਮ ਉੱਤੇ ਰੱਖਿਆ ਜਾਵੇਗਾ।"
29 ਇਸ ਲਈ ਦਾਵੀਦ ਨੇ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਰਬਾਹ ਨੂੰ ਗਿਆ ਅਤੇ ਉਸ ਉੱਤੇ ਹਮਲਾ ਕਰ ਕੇ ਉਸਨੂੰ ਜਿੱਤ ਲਿਆ। 30 ਦਾਵੀਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾ ਲਿਆ ਅਤੇ ਇਹ ਉਸਦੇ ਆਪਣੇ ਸਿਰ ਉੱਤੇ ਰੱਖਿਆ ਗਿਆ। ਇਸ ਦਾ ਵਜ਼ਨ 34 ਕਿੱਲੋ ਸੀ, ਅਤੇ ਇਹ ਕੀਮਤੀ ਪੱਥਰਾਂ ਨਾਲ ਮੜਿਆ ਹੋਇਆ ਸੀ। ਦਾਵੀਦ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਮਾਲ ਲੁੱਟ ਲਿਆ 31 ਦਾਵੀਦ ਸ਼ਹਿਰ ਦੇ ਵਸਨੀਕਾਂ ਨੂੰ ਵੀ ਆਪਣੇ ਨਾਲ ਲੈ ਗਿਆ, ਜਿਨ੍ਹਾਂ ਨੂੰ ਉਨ੍ਹਾਂ ਨੇ ਮਜ਼ਦੂਰ ਬਣਾ ਲਿਆ ਅਤੇ ਉਨ੍ਹਾਂ ਨੂੰ ਆਰੀ, ਕੁਦਾਲੀ, ਕੁਹਾੜੀ ਆਦਿ ਦੇ ਕੰਮ ਵਿੱਚ ਲਾਇਆ ਅਤੇ ਉਹ ਇੱਟਾਂ ਬਣਾਉਣ ਦੀਆਂ ਭੱਠੀਆਂ ਵਿੱਚ ਵੀ ਜੁੜੇ ਹੋਏ ਸਨ। ਉਨ੍ਹਾਂ ਨੇ ਅੰਮੋਨੀਆਂ ਦੇ ਸਾਰੇ ਨਗਰਾਂ ਨਾਲ ਇਸੇ ਤਰ੍ਹਾਂ ਕੀਤਾ। ਫਿਰ ਦਾਵੀਦ ਅਤੇ ਉਸ ਦੇ ਸਾਰੇ ਲੋਕ ਯੇਰੂਸ਼ਲੇਮ ਨੂੰ ਵਾਪਸ ਆ ਗਏ।