1 ਇਹ ਦਾਵੀਦ ਦੇ ਆਖਰੀ ਸ਼ਬਦ ਹਨ:
"ਯੱਸੀ ਦਾ ਪੁੱਤਰ ਦਾਵੀਦ ਬੋਲਦਾ ਹੈ,
ਦਾਵੀਦ, ਉਹ ਆਦਮੀ ਜਿਸ ਨੂੰ ਪਰਮੇਸ਼ਵਰ ਦੁਆਰਾ ਉੱਚਾ ਕੀਤਾ ਗਿਆ,
ਯਾਕੋਬ ਦੇ ਪਰਮੇਸ਼ਵਰ ਦੁਆਰਾ ਮਸਹ ਕੀਤਾ ਗਿਆ,
ਇਸਰਾਏਲ ਦਾ ਪ੍ਰਸਿੱਧ ਅਤੇ ਸੁਰੀਲਾ ਸੰਗੀਤਕਾਰ ਸੀ।
2 "ਯਾਹਵੇਹ ਦਾ ਆਤਮਾ ਮੇਰੇ ਰਾਹੀਂ ਬੋਲਦਾ ਰਿਹਾ;
ਉਸਦਾ ਸ਼ਬਦ ਮੇਰੀ ਜ਼ੁਬਾਨ ਤੇ ਸੀ।
3 ਇਸਰਾਏਲ ਦਾ ਪਰਮੇਸ਼ਵਰ ਬੋਲਿਆ,
ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ,
‘ਜਦੋਂ ਕੋਈ ਧਰਮ ਨਾਲ ਲੋਕਾਂ ਉੱਤੇ ਰਾਜ ਕਰਦਾ ਹੈ,
ਜਦੋਂ ਉਹ ਪਰਮੇਸ਼ਵਰ ਦੇ ਭੈ ਵਿੱਚ ਰਾਜ ਕਰਦਾ ਹੈ।
4 ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿਕਲਦਾ ਹੀ ਹੈ,
ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ,
ਅਤੇ ਘਾਹ ਵਰਗਾ ਜੋ ਮੀਹ ਦੇ ਬਾਅਦ,
ਤਿੱਖੀ ਧੁੱਪ ਦੇ ਕਾਰਨ ਧਰਤੀ ਉੱਤੇ ਉੱਗਦਾ ਹੈ।’
5 "ਜੇਕਰ ਮੇਰਾ ਘਰ ਪਰਮੇਸ਼ਵਰ ਨਾਲ ਠੀਕ ਨਾ ਹੁੰਦਾ,
ਉਹ ਮੇਰੇ ਨਾਲ ਇੱਕ ਸਦਾ ਦਾ ਨੇਮ ਕਦੀ ਵੀ ਨਹੀਂ ਬਣਾਉਂਦਾ,
ਉਹ ਨੇਮ ਜੋ ਠੀਕ ਅਤੇ ਪੱਕਾ ਹੈ।
ਉਹ ਮੇਰੀ ਮੁਕਤੀ ਨੂੰ ਪੂਰਾ ਕਰੇਗਾ
ਅਤੇ ਮੇਰੀ ਹਰ ਇੱਛਾ ਪੂਰੀ ਕਰੇਗਾ।
6 ਪਰ ਸਾਰੇ ਦੁਸ਼ਟ ਆਦਮੀ ਕੰਡਿਆਂ ਵਾਂਗੂੰ ਇੱਕ ਪਾਸੇ ਸੁੱਟੇ ਜਾਣ ਵਾਲੇ ਹਨ,
ਕਿਉਂ ਜੋ ਉਹ ਹੱਥਾਂ ਨਾਲ ਫੜ੍ਹੇ ਨਹੀਂ ਜਾਂਦੇ।
7 ਜੋ ਕੋਈ ਵੀ ਕੰਡਿਆਂ ਨੂੰ ਛੂੰਹਦਾ ਹੈ ਜਾਂ
ਲੋਹੇ ਦੇ ਸੰਦ ਜਾਂ ਬਰਛੇ ਦੀ ਧਾਰ ਦੀ ਵਰਤੋਂ ਕਰਦਾ ਹੈ;
ਅਤੇ ਉਹ ਉੱਥੇ ਹੀ ਅੱਗ ਨਾਲ ਸਾੜੇ ਜਾਂਦੇ ਹਨ।"
8 ਇਹ ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੇ ਨਾਮ ਹਨ:
ਯੇਸ਼ਬ-ਬੱਸ਼ਬਥ, ਇੱਕ ਤਹਕਮੋਨੀ, ਤਿੰਨਾਂ ਦਾ ਮੁਖੀ ਸੀ; ਉਸਨੇ ਅੱਠ ਸੌ ਆਦਮੀਆਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।
9 ਉਸ ਦੇ ਪਿੱਛੋਂ ਦੋਦੋ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ। ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਇੱਕ ਸੀ ਉਹ ਦਾਵੀਦ ਦੇ ਨਾਲ ਚੜ੍ਹੇ ਸਨ ਜਿਸ ਵੇਲੇ ਉਸ ਨੇ ਉਨ੍ਹਾਂ ਫ਼ਲਿਸਤੀਆਂ ਨੂੰ ਜੋ ਯੁੱਧ ਕਰਨ ਲਈ ਇਕੱਠੇ ਹੋਏ ਸਨ ਲਲਕਾਰਿਆ ਸੀ ਅਤੇ ਸਾਰੇ ਇਸਰਾਏਲ ਦੇ ਮਨੁੱਖ ਚੱਲੇ ਗਏ ਸਨ। 10 ਪਰ ਅਲਆਜ਼ਾਰ ਆਪਣੀ ਜ਼ਮੀਨ ਉੱਤੇ ਖੜ੍ਹਾ ਰਿਹਾ ਅਤੇ ਫ਼ਲਿਸਤੀਆਂ ਨੂੰ ਉਦੋਂ ਤੱਕ ਮਾਰਿਆ ਜਦੋਂ ਤੱਕ ਉਸਦਾ ਹੱਥ ਥੱਕ ਨਾ ਗਿਆ ਅਤੇ ਤਲਵਾਰ ਦੀ ਮੁੱਠ ਨਾਲ ਚਿੰਬੜ ਗਿਆ। ਯਾਹਵੇਹ ਨੇ ਉਸ ਦਿਨ ਇੱਕ ਮਹਾਨ ਜਿੱਤ ਪ੍ਰਾਪਤ ਕੀਤੀ। ਪਰ ਸਿਰਫ ਮੁਰਦਿਆਂ ਨੂੰ ਉਤਾਰਨ ਲਈ ਫ਼ੌਜਾਂ ਅਲਆਜ਼ਾਰ ਕੋਲ ਵਾਪਸ ਪਰਤ ਗਈਆਂ।
11 ਉਸ ਦੇ ਪਿੱਛੇ ਹਰਾਰੀ ਅਗੀ ਦਾ ਪੁੱਤਰ ਸ਼ੰਮਾਹ ਸੀ। ਜਦੋਂ ਫ਼ਲਿਸਤੀ ਇੱਕ ਥਾਂ ਉੱਤੇ ਇਕੱਠੇ ਹੋਏ ਜਿੱਥੇ ਦਾਲਾਂ ਨਾਲ ਭਰਿਆ ਹੋਇਆ ਖੇਤ ਸੀ, ਇਸਰਾਏਲ ਦੇ ਲੋਕ ਉਨ੍ਹਾਂ ਅੱਗੋਂ ਭੱਜ ਗਏ। 12 ਪਰ ਸ਼ੰਮਾਹ ਪੈਲੀ ਦੇ ਵਿਚਕਾਰ ਖੜ੍ਹਾ ਰਿਹਾ। ਉਸਨੇ ਇਸ ਦਾ ਬਚਾਅ ਕੀਤਾ ਅਤੇ ਫ਼ਲਿਸਤੀਆਂ ਨੂੰ ਮਾਰਿਆ, ਅਤੇ ਯਾਹਵੇਹ ਨੇ ਇੱਕ ਵੱਡੀ ਜਿੱਤ ਲੈ ਦਿੱਤੀ।
13 ਵਾਢੀ ਦੇ ਸਮੇਂ, ਤੀਹ ਮੁੱਖ ਯੋਧਿਆਂ ਵਿੱਚੋਂ ਤਿੰਨ ਅਦੁੱਲਾਮ ਦੀ ਗੁਫ਼ਾ ਵਿੱਚ ਦਾਵੀਦ ਕੋਲ ਆਏ, ਜਦੋਂ ਕਿ ਫ਼ਲਿਸਤੀਆਂ ਦੇ ਇੱਕ ਜੱਥੇ ਨੇ ਰਫ਼ਾਈਮ ਦੀ ਵਾਦੀ ਵਿੱਚ ਡੇਰਾ ਲਾਇਆ ਹੋਇਆ ਸੀ। 14 ਉਸ ਸਮੇਂ ਦਾਵੀਦ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਫ਼ੌਜ ਬੈਤਲਹਮ ਵਿੱਚ ਸੀ। 15 ਦਾਵੀਦ ਪਾਣੀ ਦੇ ਲਈ ਤਰਸਿਆ ਅਤੇ ਆਖਿਆ, "ਕਾਸ਼, ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਪਾਣੀ ਪਿਲਾਉਂਦਾ, ਜਿਹੜਾ ਫਾਟਕ ਦੇ ਕੋਲ ਹੈ!" 16 ਇਸ ਲਈ ਉਨ੍ਹਾਂ ਤਿੰਨਾਂ ਸ਼ਕਤੀਸ਼ਾਲੀ ਯੋਧਿਆਂ ਨੇ ਫ਼ਲਿਸਤੀਆਂ ਦੇ ਡੇਰਿਆਂ ਨੂੰ ਤੋੜਿਆ ਅਤੇ ਬੈਤਲਹਮ ਦੇ ਫਾਟਕ ਦੇ ਕੋਲ ਖੂਹ ਤੋਂ ਪਾਣੀ ਕੱਢਿਆ ਅਤੇ ਦਾਵੀਦ ਨੂੰ ਦਿੱਤਾ ਪਰ ਉਸਨੇ ਇਸਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਬਜਾਏ, ਉਸਨੇ ਇਸ ਨੂੰ ਯਾਹਵੇਹ ਅੱਗੇ ਡੋਲ੍ਹ ਦਿੱਤਾ। 17 ਉਸਨੇ ਆਖਿਆ, "ਹੇ ਯਾਹਵੇਹ ਅਜਿਹਾ ਕਰਨਾ ਮੇਰੇ ਤੋਂ ਦੂਰ ਹੋਏ! ਕੀ ਇਹ ਉਹਨਾਂ ਮਨੁੱਖਾਂ ਦਾ ਖੂਨ ਨਹੀਂ ਹੈ ਜੋ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਗਏ ਸਨ?" ਦਾਵੀਦ ਨੇ ਉਸ ਨੂੰ ਪੀਣ ਤੋਂ ਇਨਕਾਰ ਕੀਤਾ।
ਅਜਿਹੇ ਤਿੰਨ ਸੂਰਬੀਰ ਯੋਧਿਆਂ ਦੇ ਕਾਰਨਾਮੇ ਸਨ।
18 ਜ਼ੇਰੂਇਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਾਈ ਤਿੰਨਾਂ ਵਿੱਚੋਂ ਸਰਦਾਰ ਸੀ ਅਤੇ ਉਸਨੇ ਤਿੰਨ ਸੌ ਮਨੁੱਖਾਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਮਾਰ ਦਿੱਤਾ, ਅਤੇ ਇਸ ਲਈ ਉਹ ਤਿੰਨਾਂ ਵਿੱਚੋਂ ਮਸ਼ਹੂਰ ਹੋ ਗਿਆ। 19 ਕੀ ਉਹ ਤਿੰਨਾਂ ਨਾਲੋਂ ਵੱਡਾ ਸਨਮਾਨ ਨਹੀਂ ਸੀ? ਇਸ ਲਈ ਉਹ ਉਨ੍ਹਾਂ ਦਾ ਸੈਨਾਪਤੀ ਬਣ ਗਿਆ, ਭਾਵੇਂ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ।
20 ਯਹੋਯਾਦਾ ਦਾ ਪੁੱਤਰ ਬਨਾਯਾਹ ਕਬਜ਼ੇਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੀ ਬਹਾਦੁਰੀ ਵਾਲੇ ਕੰਮ ਕੀਤੇ ਸਨ। ਉਸਨੇ ਮੋਆਬ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਯੋਧਿਆਂ ਨੂੰ ਮਾਰ ਦਿੱਤਾ ਅਤੇ ਬਰਫ਼ ਦੇ ਦਿਨਾਂ ਦੇ ਰੁੱਤ ਵੇਲੇ ਇੱਕ ਟੋਏ ਵਿੱਚ ਜਾ ਕੇ ਇੱਕ ਸ਼ੇਰ ਨੂੰ ਮਾਰ ਸੁੱਟਿਆ। 21 ਅਤੇ ਉਸਨੇ ਇੱਕ ਵੱਡੇ ਮਿਸਰੀ ਨੂੰ ਮਾਰਿਆ। ਭਾਵੇਂ ਮਿਸਰੀ ਦੇ ਹੱਥ ਵਿੱਚ ਬਰਛਾ ਸੀ, ਪਰ ਬਨਾਯਾਹ ਇੱਕ ਡੰਡੇ ਨਾਲ ਉਸਦੇ ਵਿਰੁੱਧ ਗਿਆ। ਉਸ ਨੇ ਮਿਸਰੀ ਦੇ ਹੱਥੋਂ ਬਰਛਾ ਖੋਹ ਲਿਆ ਅਤੇ ਉਸ ਨੂੰ ਆਪਣੇ ਬਰਛੇ ਨਾਲ ਮਾਰ ਦਿੱਤਾ। 22 ਯਹੋਯਾਦਾ ਦੇ ਪੁੱਤਰ ਬਨਾਯਾਹ ਦੇ ਅਜਿਹੇ ਕਾਰਨਾਮੇ ਸਨ ਕਿ ਉਹ ਵੀ ਤਿੰਨ ਸ਼ਕਤੀਸ਼ਾਲੀ ਯੋਧਿਆਂ ਵਾਂਗ ਮਸ਼ਹੂਰ ਸੀ। 23 ਉਸਦਾ ਉਨ੍ਹਾਂ ਤੀਹ ਨਾਲੋਂ ਵੱਧ ਸਨਮਾਨ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ, ਅਤੇ ਦਾਵੀਦ ਨੇ ਉਸਨੂੰ ਆਪਣੇ ਅੰਗ-ਰੱਖਿਅਕਾਂ ਦਾ ਪ੍ਰਧਾਨ ਨਿਯੁਕਤ ਕੀਤਾ।
24 ਤੀਹ ਯੋਧੇ ਇਹ ਸਨ:
ਯੋਆਬ ਦਾ ਭਰਾ ਅਸਾਹੇਲ,
ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ,
25 ਸ਼ੰਮਾਹ ਹਰੋਦੀ,
ਅਲਿਕਾ ਹਰੋਦੀ,
26 ਹੇਲੇਜ਼ ਪਲਟੀ,
ਤਕੋਆ ਤੋਂ ਇਕੇਸ਼ ਦਾ ਪੁੱਤਰ ਈਰਾ,
27 ਅਬੀਅਜ਼ਰ ਅਨਾਥੋਥ,
ਮਬੁੰਨਈ ਹੁਸ਼ਾਥੀ
28 ਸਲਮੋਨ ਅਹੋਹੀ,
ਮਹਾਰਾਈ ਨਟੋਫਾਥੀ,
29 ਬਆਨਾਹ ਦਾ ਪੁੱਤਰ ਹੇਲਬ ਨਟੋਫਾਥੀ,
ਬਿਨਯਾਮੀਨ ਦੇ ਗਿਬਆਹ ਤੋਂ ਰਿਬਈ ਦਾ ਪੁੱਤਰ ਇੱਤਈ,
30 ਬਨਾਯਾਹ ਪਿਰਾਥੋਨੀ,
ਹਿਦਾਈ ਗਾਸ਼ ਦੀਆਂ ਖੱਡਾਂ ਵਿੱਚੋਂ,
31 ਅਬੀ-ਅਲਬੋਨ ਅਰਬਾਥੀ,
ਅਜ਼ਮਾਵੇਥ ਬਹਰੂਮੀ,
32 ਅਲਯਹਬਾ ਸ਼ਾਲਬੋਨੀ,
ਯਸ਼ੇਨ ਦੇ ਪੁੱਤਰ ਤੋਂ,
ਯੋਨਾਥਾਨ 33 ਸ਼ੰਮਾਹ ਹਰਾਰੀ ਦਾ ਪੁੱਤਰ,
ਹਰਾਰੀ ਸ਼ਰਾਰ ਦਾ ਪੁੱਤਰ ਅਹੀਯਾਮ,
34 ਉਹ ਮਕਾਹਥੀ ਦਾ ਪੋਤਾ ਅਹਸਬਈ ਦਾ ਪੁੱਤਰ ਅਲੀਫ਼ਲੇਟ,
ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲੀਆਮ,
35 ਹੇਜ਼ਰੋ ਕਰਮਲਈ,
ਪਅਰਈ ਆਰਬੀ,
36 ਜ਼ੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ,
ਗਾਦੀ ਬਾਨੀ,
37 ਜ਼ਲੇਕ ਅੰਮੋਨੀ,
ਬੇਰੋਥੀ ਨਹਰਈ, ਜ਼ੇਰੂਇਯਾਹ ਦਾ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲਾ,
38 ਈਰਾ ਯਿਥਰੀ,
ਗਾਰੇਬ ਯਿਥਰੀ
39 ਅਤੇ ਹਿੱਤੀ ਊਰੀਯਾਹ।
ਕੁੱਲ ਮਿਲਾ ਕੇ ਸਾਰੇ ਸੈਂਤੀ ਸਨ।