Pular para o conteúdo
Publicidade

2 ਸ਼ਮੁਏਲ 2

ਦਾਵੀਦ ਦਾ ਯਹੂਦਾਹ ਉੱਤੇ ਰਾਜਾ ਚੁਣਿਆ ਜਾਣਾ

1 ਇਸ ਤੋਂ ਬਾਅਦ, ਦਾਵੀਦ ਨੇ ਯਾਹਵੇਹ ਤੋਂ ਪੁਛਿਆ, "ਕੀ ਮੈਂ ਯਹੂਦਾਹ ਦੇ ਕਿਸੇ ਨਗਰ ਵਿੱਚ ਜਾਵਾਂ?"

ਯਾਹਵੇਹ ਨੇ ਉਸਨੂੰ ਆਖਿਆ, "ਚਲਾ ਜਾ।"

ਦਾਵੀਦ ਨੇ ਪੁੱਛਿਆ, "ਮੈਂ ਕਿੱਥੇ ਜਾਵਾਂ?"

ਯਾਹਵੇਹ ਨੇ ਜਵਾਬ ਦਿੱਤਾ, "ਹੇਬਰੋਨ ਨੂੰ।"

2 ਇਸ ਲਈ ਦਾਵੀਦ ਆਪਣੀਆਂ ਦੋ ਪਤਨੀਆਂ ਯਿਜ਼ਰਏਲ ਦੇ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਵਿਧਵਾ ਅਬੀਗੈਲ ਨਾਲ ਉੱਥੇ ਗਿਆ। 3 ਦਾਵੀਦ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਵੀ ਉਨ੍ਹਾਂ ਦੇ ਪਰਿਵਾਰ ਸਮੇਤ ਲੈ ਲਿਆ ਅਤੇ ਉਹ ਹੇਬਰੋਨ ਅਤੇ ਉਸਦੇ ਸ਼ਹਿਰਾਂ ਵਿੱਚ ਵੱਸ ਗਏ। 4 ਤਦ ਯਹੂਦਾਹ ਦੇ ਲੋਕ ਹੇਬਰੋਨ ਵਿੱਚ ਆਏ ਅਤੇ ਉੱਥੇ ਉਨ੍ਹਾਂ ਨੇ ਦਾਵੀਦ ਨੂੰ ਯਹੂਦਾਹ ਦੇ ਗੋਤ ਦਾ ਰਾਜਾ ਅਭਿਸ਼ੇਕ ਕੀਤਾ।

ਜਦੋਂ ਦਾਵੀਦ ਨੂੰ ਦੱਸਿਆ ਗਿਆ ਕਿ ਇਹ ਯਾਬੇਸ਼ ਗਿਲਆਦ ਦੇ ਆਦਮੀ ਸਨ ਜਿਨ੍ਹਾਂ ਨੇ ਸ਼ਾਊਲ ਨੂੰ ਦਫ਼ਨਾਇਆ ਸੀ, 5 ਦਾਵੀਦ ਨੇ ਉਨ੍ਹਾਂ ਕੋਲ ਸੰਦੇਸ਼ਵਾਹਕ ਭੇਜੇ ਕਿ ਉਹ ਉਨ੍ਹਾਂ ਨੂੰ ਆਖਣ, "ਯਾਹਵੇਹ ਤੁਹਾਨੂੰ ਅਸੀਸ ਦੇਵੇ ਕਿ ਤੁਸੀਂ ਆਪਣੇ ਮਾਲਕ ਸ਼ਾਊਲ ਨੂੰ ਦਫ਼ਨਾਉਣ ਦੁਆਰਾ ਇਹ ਦਿਆਲਤਾ ਦਿਖਾਈ ਹੈ। 6 ਯਾਹਵੇਹ ਹੁਣ ਤੁਹਾਨੂੰ ਦਿਆਲਤਾ ਅਤੇ ਵਫ਼ਾਦਾਰੀ ਦਿਖਾਵੇ ਅਤੇ ਮੈਂ ਵੀ ਤੁਹਾਡੇ ਉੱਤੇ ਉਹੀ ਕਿਰਪਾ ਕਰਾਂਗਾ ਕਿਉਂਕਿ ਤੁਸੀਂ ਇਹ ਕੀਤਾ ਹੈ। 7 ਹੁਣ ਤੂੰ ਤਕੜਾ ਅਤੇ ਮਜ਼ਬੂਤ ਹੋ, ਕਿਉਂ ਜੋ ਤੁਹਾਡਾ ਸੁਆਮੀ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਲੋਕਾਂ ਨੇ ਮੈਨੂੰ ਆਪਣਾ ਰਾਜਾ ਅਭਿਸ਼ੇਕ ਕੀਤਾ ਹੈ।"

ਦਾਵੀਦ ਅਤੇ ਸ਼ਾਊਲ ਦੇ ਘਰਾਣੇ ਵਿਚਕਾਰ ਯੁੱਧ

8 ਇਸ ਦੌਰਾਨ, ਨੇਰ ਦਾ ਪੁੱਤਰ ਅਬਨੇਰ, ਜਿਹੜਾ ਸ਼ਾਊਲ ਦੀ ਸੈਨਾ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੂੰ ਲੈ ਕੇ ਮਾਹਾਨਾਇਮ ਵਿੱਚ ਲੈ ਆਇਆ। 9 ਅਤੇ ਉਸ ਨੂੰ ਗਿਲਆਦ, ਅੱਸੂਰਿਮ ਅਤੇ ਯਿਜ਼ਰਏਲ ਅਤੇ ਇਫ਼ਰਾਈਮ, ਬਿਨਯਾਮੀਨ ਅਤੇ ਸਾਰੇ ਇਸਰਾਏਲ ਦਾ ਵੀ ਰਾਜਾ ਬਣਾਇਆ।

10 ਸ਼ਾਊਲ ਦਾ ਪੁੱਤਰ ਈਸ਼-ਬੋਸ਼ੇਥ ਦੀ ਉਮਰ ਚਾਲੀ ਸਾਲਾਂ ਸੀ ਜਦੋਂ ਉਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਦੋ ਸਾਲ ਰਾਜ ਕੀਤਾ। ਪਰ ਯਹੂਦਾਹ ਦਾ ਗੋਤ ਦਾਵੀਦ ਪ੍ਰਤੀ ਵਫ਼ਾਦਾਰ ਰਹੀ। 11 ਦਾਵੀਦ ਦਾ ਯਹੂਦਾਹ ਉੱਤੇ ਹੇਬਰੋਨ ਵਿੱਚੋਂ ਰਾਜ ਕਰਨ ਦਾ ਸਮਾਂ ਸੱਤ ਸਾਲ ਅਤੇ ਛੇ ਮਹੀਨੇ ਸੀ।

12 ਨੇਰ ਦਾ ਪੁੱਤਰ ਅਬਨੇਰ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦੇ ਆਦਮੀਆਂ ਨਾਲ, ਮਾਹਾਨਾਇਮ ਛੱਡ ਕੇ ਗਿਬਓਨ ਵਿੱਚ ਆਏ। 13 ਜ਼ੇਰੂਇਯਾਹ ਦਾ ਪੁੱਤਰ ਯੋਆਬ ਅਤੇ ਦਾਵੀਦ ਦੇ ਆਦਮੀ ਬਾਹਰ ਨਿੱਕਲ ਕੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ। ਇੱਕ ਟੋਲਾ ਤਲਾਬ ਦੇ ਇੱਕ ਪਾਸੇ ਅਤੇ ਇੱਕ ਟੋਲਾ ਦੂਜੇ ਪਾਸੇ ਬੈਠ ਗਿਆ।

14 ਤਦ ਅਬਨੇਰ ਨੇ ਯੋਆਬ ਨੂੰ ਕਿਹਾ, "ਆਓ, ਕੁਝ ਜਵਾਨ ਉੱਠ ਕੇ ਸਾਡੇ ਸਾਹਮਣੇ ਲੜਨ।"

ਯੋਆਬ ਨੇ ਕਿਹਾ, "ਠੀਕ ਹੈ, ਉਨ੍ਹਾਂ ਨੂੰ ਇਹ ਕਰਨ ਦਿਓ।"

15 ਇਸ ਲਈ ਉਹ ਖੜੇ ਹੋਏ ਅਤੇ ਤਦ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਵੱਲੋਂ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਵੀਦ ਦੇ ਸੇਵਕਾਂ ਵੱਲੋਂ ਵੀ ਬਾਰਾ ਜੁਆਨ ਨਿੱਕਲੇ। 16 ਤਦ ਹਰੇਕ ਨੇ ਆਪਣੇ ਵਿਰੋਧੀ ਦਾ ਸਿਰ ਫੜ ਲਿਆ ਅਤੇ ਆਪਣਾ ਖੰਜਰ ਉਸ ਦੇ ਵਿਰੋਧੀ ਦੇ ਵੱਖੀ ਵਿੱਚ ਧੱਸ ਦਿੱਤਾ, ਅਤੇ ਉਹ ਇਕੱਠੇ ਡਿੱਗ ਪਏ। ਇਸ ਲਈ ਗਿਬਓਨ ਵਿੱਚ ਉਸ ਥਾਂ ਨੂੰ ਹੇਲਕਾਥ ਹਜ਼ੂਰੀਮ2:16 ਹੇਲਕਾਥ ਹਜ਼ੂਰੀਮ ਅਰਥ ਤਲਵਾਰ ਦੀ ਧਾਰ ਦਾ ਮੈਦਾਨ ਅਰਥਾਤ ਪਸਲੀਆਂ ਦਾ ਮੈਦਾਨ ਕਿਹਾ ਜਾਂਦਾ ਸੀ।

17 ਉਸ ਦਿਨ ਲੜਾਈ ਬਹੁਤ ਭਿਆਨਕ ਸੀ। ਦਾਵੀਦ ਦੇ ਬੰਦਿਆਂ ਨੇ ਅਬਨੇਰ ਅਤੇ ਇਸਰਾਏਲੀ ਦੇ ਬੰਦਿਆਂ ਨੂੰ ਹਾਰ ਦਿੱਤਾ।

18 ਜ਼ੇਰੂਇਯਾਹ ਦੇ ਤਿੰਨ ਪੁੱਤਰ ਉੱਥੇ ਸਨ: ਯੋਆਬ, ਅਬੀਸ਼ਾਈ ਅਤੇ ਅਸਾਹੇਲ ਸਨ। ਅਸਾਹੇਲ ਜੰਗਲੀ ਹਿਰਨੀ ਦੀ ਤਰ੍ਹਾਂ ਫੁਰਤੀਲਾ ਸੀ। 19 ਉਸਨੇ ਅਬਨੇਰ ਦਾ ਪਿੱਛਾ ਕੀਤਾ, ਜਦੋਂ ਉਹ ਉਸਦਾ ਪਿੱਛਾ ਕਰਦਾ ਸੀ ਨਾ ਤਾਂ ਸੱਜੇ ਨਾ ਖੱਬੇ ਮੁੜਿਆ। 20 ਅਬਨੇਰ ਨੇ ਉਸ ਦੇ ਪਿੱਛੇ ਦੇਖਿਆ ਅਤੇ ਪੁੱਛਿਆ, "ਕੀ ਤੂੰ ਹੀ ਅਸਾਹੇਲ ਹੈ?"

ਉਸਨੇ ਜਵਾਬ ਦਿੱਤਾ "ਜੀ ਹਾਂ।"

21 ਤਦ ਅਬਨੇਰ ਨੇ ਉਸਨੂੰ ਆਖਿਆ, "ਸੱਜੇ ਜਾਂ ਖੱਬੇ ਪਾਸੇ ਮੁੜ ਜਾਹ ਅਤੇ ਨੌਜਵਾਨਾਂ ਵਿੱਚੋਂ ਇੱਕ ਨੂੰ ਫੜ ਅਤੇ ਉਸਦੇ ਹਥਿਆਰ ਲੁੱਟ ਲੈ।" ਪਰ ਅਸਾਹੇਲ ਨੇ ਉਸਦਾ ਪਿੱਛਾ ਕਰਨਾ ਨਾ ਛੱਡਿਆ।

22 ਅਬਨੇਰ ਨੇ ਅਸਾਹੇਲ ਨੂੰ ਚੇਤਾਵਨੀ ਦਿੱਤੀ, "ਮੇਰਾ ਪਿੱਛਾ ਕਰਨਾ ਛੱਡ ਦੇ! ਮੈਂ ਕਿਉਂ ਤੈਨੂੰ ਵੱਢ ਕੇ ਧਰਤੀ ਉੱਤੇ ਸੁੱਟਾਂ? ਫਿਰ ਮੈਂ ਤੇਰੇ ਭਰਾ ਯੋਆਬ ਨੂੰ ਕਿਵੇਂ ਮੂੰਹ ਵਿਖਾਵਾਂਗਾ?"

23 ਪਰ ਅਸਾਹੇਲ ਨੇ ਪਿੱਛਾ ਛੱਡਣ ਤੋਂ ਇਨਕਾਰ ਕਰ ਦਿੱਤਾ; ਇਸ ਲਈ ਅਬਨੇਰ ਨੇ ਆਪਣੇ ਬਰਛੇ ਦਾ ਸਿਰ ਦੇ ਅਸਾਹੇਲ ਦੇ ਪੇਟ ਵਿੱਚ ਮਾਰਿਆ ਅਤੇ ਬਰਛਾ ਉਸਦੀ ਪਿੱਠ ਵਿੱਚੋਂ ਬਾਹਰ ਨਿਕਲ ਗਿਆ। ਉਹ ਉੱਥੇ ਡਿੱਗ ਗਿਆ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਅਤੇ ਹਰ ਇੱਕ ਆਦਮੀ ਰੁਕ ਜਾਂਦਾ ਸੀ ਜਦੋਂ ਉਹ ਉਸ ਥਾਂ ਤੇ ਆਉਂਦਾ ਸੀ ਜਿੱਥੇ ਅਸਾਹੇਲ ਡਿੱਗਿਆ ਸੀ ਅਤੇ ਮਰ ਪਿਆ ਸੀ।

24 ਪਰ ਯੋਆਬ ਅਤੇ ਅਬੀਸ਼ਾਈ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਉਹ ਗਿਬਓਨ ਦੇ ਉਜਾੜ ਦੇ ਰਾਹ ਵਿੱਚ ਗਿਯਾਹ ਦੇ ਨੇੜੇ ਅੰਮਾਹ ਦੀ ਪਹਾੜੀ ਉੱਤੇ ਆਏ। 25 ਫਿਰ ਬਿਨਯਾਮੀਨ ਦੇ ਆਦਮੀ ਅਬਨੇਰ ਦੇ ਪਿੱਛੇ ਇਕੱਠੇ ਹੋਏ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਮੂਹ ਵਿੱਚ ਬਣਾਇਆ ਅਤੇ ਇੱਕ ਪਹਾੜੀ ਦੀ ਸਿਖਰ ਤੇ ਖੜ੍ਹੇ ਹੋ ਗਏ।

26 ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, "ਕੀ ਤਲਵਾਰ ਸਦਾ ਤਬਾਹੀ ਕਰਦੀ ਰਹੇਗੀ? ਕੀ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਕੁੜੱਤਣ ਵਿੱਚ ਖਤਮ ਹੋਵੇਗਾ? ਕਦੋਂ ਤੱਕ ਤੂੰ ਲੋਕਾਂ ਨੂੰ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਰੋਕੇਗਾ?"

27 ਯੋਆਬ ਨੇ ਉੱਤਰ ਦਿੱਤਾ, "ਜਿਉਂਦੇ ਪਰਮੇਸ਼ਵਰ ਦੀ ਸਹੁੰ, ਜੇਕਰ ਤੂੰ ਨਾ ਬੋਲਿਆ ਹੁੰਦਾ, ਤਾਂ ਮਨੁੱਖ ਸਵੇਰ ਤੋਂ ਹੀ ਉਨ੍ਹਾਂ ਦਾ ਪਿੱਛਾ ਕਰਨਾ ਛੱਡ ਕੇ ਮੁੜ ਜਾਂਦੇ।"

28 ਇਸ ਲਈ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਾਰੀ ਫ਼ੌਜ ਰੁਕ ਗਈ। ਉਨ੍ਹਾਂ ਨੇ ਹੁਣ ਇਸਰਾਏਲ ਦਾ ਪਿੱਛਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਹੋਰ ਲੜਾਈ ਕੀਤੀ।

29 ਉਸ ਸਾਰੀ ਰਾਤ ਅਬਨੇਰ ਅਤੇ ਉਸਦੇ ਆਦਮੀ ਅਰਾਬਾਹ ਵਿੱਚੋਂ ਲੰਘੇ। ਉਨ੍ਹਾਂ ਨੇ ਯਰਦਨ ਪਾਰ ਕੀਤਾ, ਸਵੇਰ ਦੇ ਸਮੇਂ ਤੋਂ ਚੱਲ ਕੇ ਮਾਹਾਨਾਇਮ ਵਿੱਚ ਆਏ।

30 ਫਿਰ ਯੋਆਬ ਨੇ ਅਬਨੇਰ ਦਾ ਪਿੱਛਾ ਕਰਨਾ ਬੰਦ ਕਰ ਦਿੱਤਾ ਅਤੇ ਸਾਰੀ ਫ਼ੌਜ ਨੂੰ ਇਕੱਠਾ ਕੀਤਾ। ਤਦ ਉਸਨੇ ਵੇਖਿਆ ਕਿ ਦਾਵੀਦ ਦੇ ਬੰਦਿਆਂ ਵਿੱਚੋਂ ਉੱਨੀ ਮਨੁੱਖ ਨਾ ਲੱਭੇ ਅਤੇ ਅਸਾਹੇਲ ਵੀ ਨਾ ਲੱਭਿਆ। 31 ਪਰ ਦਾਵੀਦ ਦੇ ਬੰਦਿਆਂ ਨੇ ਅਬਨੇਰ ਦੇ ਨਾਲ ਦੇ ਤਿੰਨ ਸੌ ਸੱਠ ਬਿਨਯਾਮੀਨਾਂ ਨੂੰ ਮਾਰ ਦਿੱਤਾ ਸੀ। 32 ਉਨ੍ਹਾਂ ਨੇ ਅਸਾਹੇਲ ਨੂੰ ਲੈ ਕੇ ਬੈਤਲਹਮ ਵਿੱਚ ਉਸਦੇ ਪਿਤਾ ਦੀ ਕਬਰ ਵਿੱਚ ਦਫ਼ਨਾਇਆ। ਤਦ ਯੋਆਬ ਅਤੇ ਉਸਦੇ ਆਦਮੀਆਂ ਨੇ ਸਾਰੀ ਰਾਤ ਕੂਚ ਕੀਤਾ ਅਤੇ ਦਿਨ ਚੜ੍ਹਦੇ ਹੀ ਹੇਬਰੋਨ ਪਹੁੰਚ ਗਏ।

Estes versículos te tocaram? Ore agora!

+581 estão orando agora.

Junte-se à corrente de oração.