Publicidade

2 Samuel 7

ਦਾਵੀਦ ਨਾਲ ਪਰਮੇਸ਼ਵਰ ਦਾ ਵਾਅਦਾ

1 ਜਦੋਂ ਰਾਜਾ ਆਪਣੇ ਮਹਿਲ ਵਿੱਚ ਬੈਠਾ ਸੀ ਅਤੇ ਯਾਹਵੇਹ ਨੇ ਉਸਨੂੰ ਉਸਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਅਰਾਮ ਦਿੱਤਾ, 2 ਰਾਜੇ ਨੇ ਨਾਥਾਨ ਨਬੀ ਨੂੰ ਕਿਹਾ, "ਵੇਖ ਮੈਂ ਤਾਂ ਇੱਥੇ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਵਿੱਚ ਰਹਿੰਦਾ ਹਾਂ, ਪਰ ਪਰਮੇਸ਼ਵਰ ਦਾ ਸੰਦੂਕ ਤੰਬੂ ਵਿੱਚ ਰਹਿੰਦਾ ਹੈ।"

3 ਨਾਥਾਨ ਨੇ ਰਾਜੇ ਨੂੰ ਜਵਾਬ ਦਿੱਤਾ, "ਜੋ ਕੁਝ ਤੇਰੇ ਮਨ ਵਿੱਚ ਹੈ, ਤੂੰ ਉਸੇ ਤਰ੍ਹਾਂ ਕਰ, ਕਿਉਂਕਿ ਯਾਹਵੇਹ ਤੇਰੇ ਨਾਲ ਹੈ।"

4 ਪਰ ਉਸ ਰਾਤ ਯਾਹਵੇਹ ਦਾ ਬਚਨ ਨਾਥਾਨ ਨੂੰ ਆਇਆ:

5 "ਜਾ ਅਤੇ ਮੇਰੇ ਸੇਵਕ ਦਾਵੀਦ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਮੇਰੇ ਰਹਿਣ ਲਈ ਭਵਨ ਬਣਾਉਣ ਵਾਲਾ ਹੈ? 6 ਜਿਸ ਦਿਨ ਤੋਂ ਮੈਂ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਅੱਜ ਤੱਕ ਕਿਸੇ ਘਰ ਵਿੱਚ ਨਹੀਂ ਰਿਹਾ। ਮੈਂ ਆਪਣੇ ਨਿਵਾਸ ਵਜੋਂ ਤੰਬੂ ਲਗਾ ਕੇ ਥਾਂ-ਥਾਂ ਘੁੰਮਦਾ ਰਿਹਾ ਹਾਂ। 7 ਮੈਂ ਸਾਰੇ ਇਸਰਾਏਲੀਆਂ ਦੇ ਨਾਲ ਜਿੱਥੇ ਕਿਤੇ ਵੀ ਫਿਰਦਾ ਰਿਹਾ ਹਾਂ, ਤਾਂ ਕੀ ਮੈਂ ਕਦੇ ਉਨ੍ਹਾਂ ਦੇ ਕਿਸੇ ਨਿਆਈਂ ਨੂੰ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਇਸਰਾਏਲ ਦੀ ਚਰਵਾਹੀ ਕਰਨ ਦਾ ਹੁਕਮ ਦਿੱਤਾ ਸੀ ਅਤੇ ਆਖਿਆ ਹੋਵੇ, "ਕਿ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?" ’

8 "ਹੁਣ, ਮੇਰੇ ਸੇਵਕ ਦਾਵੀਦ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਉਸ ਸਥਾਨ ਵਿੱਚੋਂ ਕੱਢ ਕੇ ਜਿੱਥੇ ਤੂੰ ਇੱਜੜਾਂ ਦੀ ਦੇਖਭਾਲ ਕਰਦਾ ਸੀ ਲਿਆਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਨਿਯੁਕਤ ਕੀਤਾ। 9 ਜਿੱਥੇ ਕਿਤੇ ਵੀ ਤੂੰ ਗਿਆ ਹੈ ਮੈਂ ਤੇਰੇ ਨਾਲ ਰਿਹਾ ਹਾਂ, ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ। ਹੁਣ ਮੈਂ ਧਰਤੀ ਦੇ ਮਹਾਨ ਮਨੁੱਖਾਂ ਦੇ ਨਾਵਾਂ ਵਰਗਾ ਤੇਰਾ ਨਾਮ ਵੱਡਾ ਬਣਾਵਾਂਗਾ। 10 ਅਤੇ ਮੈਂ ਆਪਣੇ ਲੋਕ ਇਸਰਾਏਲ ਲਈ ਇੱਕ ਜਗ੍ਹਾ ਠਹਿਰਾਵਾਂਗਾ ਅਤੇ ਉਹਨਾਂ ਨੂੰ ਸਥਿਰ ਕਰਾਂਗਾ ਤਾਂ ਜੋ ਉਹਨਾਂ ਦਾ ਆਪਣਾ ਘਰ ਹੋਵੇ ਅਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੁਸ਼ਟ ਲੋਕ ਹੁਣ ਉਹਨਾਂ ਉੱਤੇ ਜ਼ੁਲਮ ਨਹੀਂ ਕਰਨਗੇ, ਜਿਵੇਂ ਉਹਨਾਂ ਨੇ ਸ਼ੁਰੂ ਵਿੱਚ ਕੀਤਾ ਸੀ 11 ਅਤੇ ਜਦੋਂ ਤੋਂ ਮੈਂ ਆਪਣੀ ਪਰਜਾ ਇਸਰਾਏਲ ਉੱਤੇ ਆਗੂ ਨਿਯੁਕਤ ਕੀਤਾ ਹੈ ਉਦੋਂ ਤੋਂ ਹੀ ਕਰਦੇ ਆਏ ਹਨ। ਮੈਂ ਤੁਹਾਨੂੰ ਤੁਹਾਡੇ ਸਾਰੇ ਦੁਸ਼ਮਣਾਂ ਤੋਂ ਅਰਾਮ ਵੀ ਦਿਆਂਗਾ।

" ‘ਯਾਹਵੇਹ ਤੈਨੂੰ ਆਖਦਾ ਹੈ ਕਿ ਯਾਹਵੇਹ ਤੇਰੇ ਘਰਾਣੇ ਨੂੰ ਬਣਾਵੇਗਾ। 12 ਜਦੋਂ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪੁਰਖਿਆਂ ਨਾਲ ਸੌ ਜਾਵੇਗਾ, ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਖੜ੍ਹਾਂ ਕਰਾਂਗਾ। ਜੋ ਤੇਰੇ ਆਪਣੇ ਮਾਸ ਅਤੇ ਲਹੂ ਤੋਂ ਹੋਵੇ ਅਤੇ ਮੈਂ ਉਸਦਾ ਰਾਜ ਸਥਾਪਿਤ ਕਰਾਂਗਾ। 13 ਉਹ ਹੀ ਹੈ ਜੋ ਮੇਰੇ ਨਾਮ ਲਈ ਇੱਕ ਭਵਨ ਬਣਾਵੇਗਾ, ਅਤੇ ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦਾ ਲਈ ਸਥਾਪਿਤ ਕਰਾਂਗਾ। 14 ਮੈਂ ਉਸਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਜਦੋਂ ਉਹ ਬੁਰਿਆਈ ਕਰੇਗਾ ਮੈਂ ਉਸਨੂੰ ਮਨੁੱਖਾਂ ਦੀ ਬਣਾਈ ਰੀਤੀ ਦੇ ਅਨੁਸਾਰ ਡੰਡੇ ਅਤੇ ਕੋੜਿਆਂ ਨਾਲ ਮਾਰ ਕੇ ਸਜ਼ਾ ਦਿਆਂਗਾ। 15 ਪਰ ਮੇਰੀ ਦਯਾ ਉਸ ਤੋਂ ਕਦੇ ਵੀ ਨਹੀਂ ਹਟੇਗੀ, ਜਿਵੇਂ ਮੈਂ ਇਸਨੂੰ ਸ਼ਾਊਲ ਤੋਂ ਖੋਹ ਲਿਆ ਸੀ, ਜਿਸ ਨੂੰ ਮੈਂ ਤੇਰੇ ਅੱਗੋਂ ਨਾਸ਼ ਕੀਤਾ ਸੀ। 16 ਤੇਰਾ ਘਰ ਅਤੇ ਤੇਰਾ ਰਾਜ ਮੇਰੇ ਅੱਗੇ ਸਦਾ ਲਈ ਅਟੱਲ ਰਹੇਗਾ ਅਤੇ ਤੇਰਾ ਸਿੰਘਾਸਣ ਸਦਾ ਲਈ ਕਾਇਮ ਰਹੇਗਾ।’ "

17 ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਦੇ ਅਨੁਸਾਰ ਦਾਵੀਦ ਨੂੰ ਦੱਸ ਦਿੱਤਾ।

ਦਾਵੀਦ ਦੀ ਪ੍ਰਾਰਥਨਾ

18 ਤਦ ਰਾਜਾ ਦਾਵੀਦ ਅੰਦਰ ਗਿਆ ਅਤੇ ਯਾਹਵੇਹ ਦੇ ਸਾਹਮਣੇ ਬੈਠ ਗਿਆ ਅਤੇ ਉਸ ਨੇ ਕਿਹਾ,

"ਹੇ ਪ੍ਰਭੂ ਯਾਹਵੇਹ ਮੈਂ ਕੌਣ ਹਾਂ ਅਤੇ ਮੇਰਾ ਪਰਿਵਾਰ ਕੀ ਹੈ, ਕਿ ਤੂੰ ਮੈਨੂੰ ਇੱਥੋਂ ਤੱਕ ਲੈ ਆਇਆ ਹੈ? 19 ਅਤੇ ਪ੍ਰਭੂ ਯਾਹਵੇਹ, ਜਿਵੇਂ ਕਿ ਤੇਰੀ ਨਿਗਾਹ ਵਿੱਚ ਇਹ ਕਾਫ਼ੀ ਨਹੀਂ ਸੀ, ਤੁਸੀਂ ਆਪਣੇ ਸੇਵਕ ਦੇ ਘਰ ਦੇ ਭਵਿੱਖ ਬਾਰੇ ਗੱਲ ਕੀਤੀ। ਹੇ ਪ੍ਰਭੂ ਯਾਹਵੇਹ, ਇਹ ਸਭ ਮਨੁੱਖ ਲਈ ਸਿਰਫ ਮਿੱਟੀ ਹੈ!

20 "ਦਾਵੀਦ ਤੁਹਾਨੂੰ ਹੋਰ ਕੀ ਕਹਿ ਸਕਦਾ ਹੈ? ਕਿਉਂਕਿ ਪ੍ਰਭੂ ਯਾਹਵੇਹ, ਤੁਸੀਂ ਆਪਣੇ ਸੇਵਕ, ਨੂੰ ਜਾਣਦੇ ਹੋ। 21 ਆਪਣੇ ਬਚਨ ਦੇ ਖ਼ਾਤਰ ਅਤੇ ਆਪਣੀ ਮਰਜ਼ੀ ਦੇ ਅਨੁਸਾਰ, ਤੂੰ ਇਹ ਮਹਾਨ ਕੰਮ ਕੀਤਾ ਹੈ ਅਤੇ ਆਪਣੇ ਸੇਵਕ ਨੂੰ ਇਹ ਦੱਸ ਦਿੱਤਾ ਹੈ।

22 "ਹੇ ਯਾਹਵੇਹ ਪਰਮੇਸ਼ਵਰ ਤੂੰ ਕਿੰਨਾ ਮਹਾਨ ਹੈ! ਤੇਰੇ ਵਰਗਾ ਕੋਈ ਨਹੀਂ ਅਤੇ ਤੁਹਾਡੇ ਤੋਂ ਬਿਨਾਂ ਕੋਈ ਵੀ ਹੋਰ ਪਰਮੇਸ਼ਵਰ ਨਹੀਂ, ਜਿਵੇਂ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ। 23 ਅਤੇ ਤੇਰੀ ਪਰਜਾ ਇਸਰਾਏਲ ਵਰਗਾ ਕੌਣ ਹੈ, ਧਰਤੀ ਉੱਤੇ ਇੱਕ ਅਜਿਹੀ ਕੌਮ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਇੱਕ ਪਰਜਾ ਦੇ ਰੂਪ ਵਿੱਚ ਇਸ ਲਈ ਛੁਡਾਇਆ ਤਾਂ ਜੋ ਉਸ ਲਈ ਇੱਕ ਨਾਮ ਬਣਾਉਣ। ਹੋਰਨਾਂ ਕੌਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਆਪਣੇ ਲੋਕਾਂ ਦੇ ਸਾਹਮਣੇ ਤੋਂ ਬਾਹਰ ਕੱਢ ਕੇ ਮਹਾਨ ਅਤੇ ਸ਼ਾਨਦਾਰ ਅਚੰਭੇ ਕੀਤੇ ਜਿਹਨਾਂ ਨੂੰ ਮਿਸਰ ਤੋਂ ਛੁਡਾਇਆ ਸੀ? 24 ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦਾ ਲਈ ਆਪਣੇ ਵਜੋਂ ਸਥਾਪਿਤ ਕੀਤਾ ਹੈ ਅਤੇ ਤੂੰ ਆਪ ਹੀ ਯਾਹਵੇਹ, ਉਹਨਾਂ ਦਾ ਪਰਮੇਸ਼ਵਰ ਬਣ ਬਣਿਆ।

25 "ਅਤੇ ਹੁਣ, ਯਾਹਵੇਹ ਪਰਮੇਸ਼ਵਰ, ਸਦਾ ਲਈ ਉਸ ਵਾਅਦੇ ਨੂੰ ਪੂਰਾ ਕਰ ਜੋ ਤੂੰ ਆਪਣੇ ਸੇਵਕ ਅਤੇ ਉਸਦੇ ਘਰ ਨਾਲ ਕੀਤਾ ਹੈ। ਉਸੇ ਤਰ੍ਹਾਂ ਕਰ, ਜਿਵੇਂ ਤੂੰ ਵਾਅਦਾ ਕੀਤਾ ਸੀ, 26 ਤਾਂ ਜੋ ਤੇਰਾ ਨਾਮ ਸਦਾ ਲਈ ਮਹਾਨ ਰਹੇ। ਫਿਰ ਲੋਕ ਆਖਣਗੇ, ‘ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਹੈ!’ ਅਤੇ ਤੇਰੇ ਸੇਵਕ ਦਾਵੀਦ ਦਾ ਘਰਾਣਾ ਤੇਰੀ ਨਿਗਾਹ ਵਿੱਚ ਕਾਇਮ ਹੋਵੇਗਾ।

27 "ਕਿਉਂ ਜੋ ਹੇ ਸੈਨਾਂ ਦੇ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਤੂੰ ਇਹ ਆਪਣੇ ਸੇਵਕ ਨੂੰ ਪ੍ਰਗਟ ਕੀਤਾ ਹੈ, ‘ਮੈਂ ਤੇਰੇ ਲਈ ਇੱਕ ਘਰ ਬਣਾਵਾਂਗਾ।’ ਇਸ ਲਈ ਤੇਰੇ ਸੇਵਕ ਨੂੰ ਇਹ ਪ੍ਰਾਰਥਨਾ ਕਰਨ ਦੀ ਹਿੰਮਤ ਮਿਲੀ ਹੈ। 28 ਹੇ ਯਾਹਵੇਹ ਪ੍ਰਭੂ, ਤੂੰ ਹੀ ਪਰਮੇਸ਼ਵਰ ਹੈ! ਤੇਰਾ ਨੇਮ ਭਰੋਸੇਮੰਦ ਹੈ ਅਤੇ ਤੂੰ ਆਪਣੇ ਸੇਵਕ ਨਾਲ ਇੰਨ੍ਹਾਂ ਚੰਗੀਆਂ ਚੀਜ਼ਾਂ ਦਾ ਵਾਅਦਾ ਕੀਤਾ ਹੈ। 29 ਹੁਣ ਆਪਣੇ ਸੇਵਕ ਦੇ ਘਰ ਨੂੰ ਅਸੀਸ ਦੇ, ਤਾਂ ਜੋ ਉਹ ਤੇਰੀ ਨਜ਼ਰ ਵਿੱਚ ਸਦਾ ਕਾਇਮ ਰਹੇ ਕਿਉਂ ਜੋ ਤੂੰ ਹੇ ਯਾਹਵੇਹ ਪ੍ਰਭੂ, ਬੋਲਿਆ ਹੈ ਅਤੇ ਤੇਰੀ ਹੀ ਬਰਕਤ ਨਾਲ ਤੇਰੇ ਸੇਵਕ ਦਾ ਘਰ ਸਦਾ ਲਈ ਮੁਬਾਰਕ ਰਹੇਗਾ।"

Veja também

Publicidade
Bíblia Online Bíblia Online

Bíblia Online • Versão: 2026-06-16_18-40-07-