Publicidade

2 Samuel 13

ਅਮਨੋਨ ਅਤੇ ਤਾਮਾਰ

1 ਕੁਝ ਸਮੇਂ ਮਗਰੋਂ, ਦਾਵੀਦ ਦੇ ਪੁੱਤਰ ਅਬਸ਼ਾਲੋਮ ਦੀ ਇੱਕ ਬਹੁਤ ਸੋਹਣੀ ਭੈਣ ਸੀ ਜਿਸਦਾ ਨਾਮ ਤਾਮਾਰ ਸੀ। ਦਾਵੀਦ ਦਾ ਇੱਕ ਹੋਰ ਪੁੱਤਰ ਅਮਨੋਨ ਸੀ ਜਿਸਨੂੰ ਤਾਮਾਰ ਨਾਲ ਪਿਆਰ ਹੋ ਗਿਆ।

2 ਅਮਨੋਨ ਆਪਣੀ ਭੈਣ ਤਾਮਾਰ ਨਾਲ ਇੰਨਾ ਮੋਹਿਤ ਹੋ ਗਿਆ ਕਿ ਉਸਨੇ ਆਪਣੇ ਆਪ ਨੂੰ ਬਿਮਾਰ ਕਰ ਲਿਆ। ਉਹ ਕੁਆਰੀ ਸੀ ਅਤੇ ਉਸ ਲਈ ਉਸ ਨਾਲ ਕੁਝ ਕਰਨਾ ਅਸੰਭਵ ਜਾਪਦਾ ਸੀ।

3 ਹੁਣ ਦਾਵੀਦ ਦੇ ਭਰਾ ਸ਼ਿਮੇਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ। ਯੋਨਾਦਾਬ ਬਹੁਤ ਚਲਾਕ ਆਦਮੀ ਸੀ। 4 ਉਸ ਨੇ ਅਮਨੋਨ ਨੂੰ ਪੁੱਛਿਆ, "ਤੂੰ ਰਾਜੇ ਦਾ ਪੁੱਤਰ ਹੋ ਕੇ, ਦਿਨੋਂ ਦਿਨ ਇੰਨੇ ਉਦਾਸ ਕਿਉਂ ਹੁੰਦੇ ਜਾ ਰਿਹੇ ਹੋ? ਕੀ ਤੂੰ ਮੈਨੂੰ ਦੱਸੇਗਾ?"

ਅਮਨੋਨ ਨੇ ਉਸ ਨੂੰ ਕਿਹਾ, "ਮੈਂ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪਿਆਰ ਕਰਦਾ ਹਾਂ।"

5 ਯੋਨਾਦਾਬ ਨੇ ਕਿਹਾ, "ਬਿਸਤਰੇ ਤੇ ਜਾ ਅਤੇ ਬਿਮਾਰ ਹੋਣ ਦਾ ਦਿਖਾਵਾ ਕਰ, ਜਦੋਂ ਤੇਰਾ ਪਿਤਾ ਤੈਨੂੰ ਮਿਲਣ ਲਈ ਆਵੇ, ਤਾਂ ਉਸ ਨੂੰ ਆਖਣਾ, ‘ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੈਨੂੰ ਰੋਟੀ ਪਾਣੀ ਖੁਆਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਸ ਦੇ ਹੱਥੋਂ ਖਾਵਾਂ।’ "

6 ਇਸ ਲਈ ਅਮਨੋਨ ਲੇਟ ਗਿਆ ਅਤੇ ਬਿਮਾਰ ਹੋਣ ਦਾ ਦਿਖਾਵਾ ਕੀਤਾ। ਜਦੋਂ ਰਾਜਾ ਉਸਨੂੰ ਮਿਲਣ ਆਇਆ ਤਾਂ ਅਮਨੋਨ ਨੇ ਉਸਨੂੰ ਕਿਹਾ, "ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੇਰੇ ਲਈ ਕੁਝ ਖਾਸ ਰੋਟੀ ਬਣਾਵੇ ਤਾਂ ਜੋ ਮੈਂ ਉਸਦੇ ਹੱਥੋਂ ਖਾ ਸਕਾਂ।"

7 ਦਾਵੀਦ ਨੇ ਤਾਮਾਰ ਨੂੰ ਮਹਿਲ ਵਿੱਚ ਸੁਨੇਹਾ ਭੇਜਿਆ, "ਆਪਣੇ ਭਰਾ ਅਮਨੋਨ ਦੇ ਘਰ ਜਾਹ ਅਤੇ ਉਸ ਲਈ ਕੁਝ ਭੋਜਨ ਤਿਆਰ ਕਰ।" 8 ਇਸ ਲਈ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ, ਉਹ ਲੇਟਿਆ ਹੋਇਆ ਸੀ। ਉਸਨੇ ਕੁਝ ਆਟਾ ਲੈ ਕੇ ਗੁੰਨ੍ਹਿਆ ਅਤੇ ਉਸਦੇ ਸਾਹਮਣੇ ਰੋਟੀ ਬਣਾਈ। 9 ਫਿਰ ਉਸਨੇ ਭਾਂਡੇ ਵਿਚੋਂ ਕੱਢ ਕੇ ਉਸਨੂੰ ਰੋਟੀ ਦਿੱਤੀ, ਪਰ ਉਸਨੇ ਖਾਣ ਤੋਂ ਇਨਕਾਰ ਕਰ ਦਿੱਤਾ।

ਅਮਨੋਨ ਨੇ ਕਿਹਾ, "ਹਰ ਕਿਸੇ ਨੂੰ ਇੱਥੋਂ ਬਾਹਰ ਭੇਜ ਦੇ।" ਇਸ ਲਈ ਸਾਰੇ ਉਸਦੇ ਕੋਲੋ ਚਲੇ ਗਏ। 10 ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, "ਖਾਣਾ ਮੇਰੀ ਕੋਠੜੀ ਵਿੱਚ ਲੈ ਆ ਤਾਂ ਜੋ ਮੈਂ ਤੇਰੇ ਹੱਥੋਂ ਖਾ ਸਕਾਂ।" ਤਦ ਤਾਮਾਰ ਨੇ ਜੋ ਰੋਟੀ ਤਿਆਰ ਕੀਤੀ ਸੀ ਲੈ ਕੇ ਆਪਣੇ ਭਰਾ ਅਮਨੋਨ ਕੋਲ ਉਸਦੇ ਸੌਣ ਵਾਲੇ ਕਮਰੇ ਵਿੱਚ ਲੈ ਆਈ। 11 ਪਰ ਜਦੋਂ ਉਹ ਉਸਨੂੰ ਖਵਾਉਂਣ ਲਈ ਉਸਦੇ ਸਾਹਮਣੇ ਗਈ, ਤਾਂ ਉਸ ਨੇ ਉਸ ਨੂੰ ਫੜ ਲਿਆ ਅਤੇ ਕਿਹਾ, "ਮੇਰੀ ਭੈਣ, ਮੇਰੇ ਨਾਲ ਲੇਟ ਜਾ।"

12 ਉਹ ਬੋਲੀ, "ਨਹੀਂ, ਮੇਰੇ ਭਰਾ! ਮੈਨੂੰ ਮਜ਼ਬੂਰ ਨਾ ਕਰ! ਇਸਰਾਏਲ ਵਿੱਚ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ! ਇਹ ਬੁਰਿਆਈ ਨਾ ਕਰ। 13 ਮੇਰੇ ਬਾਰੇ ਵੀ ਸੋਚ? ਮੈਂ ਆਪਣੀ ਬੇਇੱਜ਼ਤੀ ਤੋਂ ਕਿੱਥੇ ਭੱਜਾਗੀ? ਤੂੰ ਆਪਣੇ ਬਾਰੇ ਦੱਸ? ਤੂੰ ਇਸਰਾਏਲ ਦੇ ਦੁਸ਼ਟ ਮੂਰਖਾਂ ਵਿੱਚੋਂ ਇੱਕ ਵਾਂਗ ਹੋਵੋਗਾ। ਕਿਰਪਾ ਕਰਕੇ ਰਾਜੇ ਨਾਲ ਗੱਲ ਕਰ; ਉਹ ਮੈਨੂੰ ਤੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਨਹੀਂ ਕਰੇਗਾ।" 14 ਪਰ ਅਮਨੋਨ ਨੇ ਉਸ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਉਸ ਤੋਂ ਮਜ਼ਬੂਤ ਸੀ, ਉਸ ਨੇ ਤਾਮਾਰ ਦਾ ਬਲਾਤਕਾਰ ਕੀਤਾ।

15 ਤਦ ਅਮਨੋਨ ਨੇ ਉਸ ਨਾਲ ਸਖ਼ਤ ਨਫ਼ਰਤ ਕੀਤੀ ਇੰਨੀ ਨਫ਼ਰਤ ਜੋ ਉਸ ਦੇ ਪਿਆਰ ਤੋਂ ਵੀ ਕਿਤੇ ਵੱਧ ਸੀ। ਅਮਨੋਨ ਨੇ ਉਸ ਨੂੰ ਕਿਹਾ, "ਉੱਠ ਅਤੇ ਬਾਹਰ ਨਿਕਲ ਜਾ।"

16 ਉਸਨੇ ਉਸਨੂੰ ਕਿਹਾ, "ਨਹੀਂ! ਮੈਨੂੰ ਦੂਰ ਭੇਜਣਾ ਉਸ ਨਾਲੋਂ ਵੀ ਵੱਡੀ ਬੁਰਿਆਈ ਹੋਵੇਗੀ ਜੋ ਤੂੰ ਮੇਰੇ ਨਾਲ ਕੀਤਾ ਹੈ।"

ਪਰ ਉਸਨੇ ਉਸਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। 17 ਉਸਨੇ ਆਪਣੇ ਨਿਜੀ ਨੌਕਰ ਨੂੰ ਬੁਲਾਇਆ ਅਤੇ ਕਿਹਾ, "ਇਸ ਔਰਤ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦੇ ਅਤੇ ਇਸਦੇ ਮਗਰੋਂ ਦਰਵਾਜ਼ਾ ਬੰਦ ਕਰਦੇ।" 18 ਇਸ ਲਈ ਉਸ ਦੇ ਨੌਕਰ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਮਗਰ ਦਰਵਾਜ਼ਾ ਬੰਦ ਕਰ ਦਿੱਤਾ। ਉਸਨੇ ਇੱਕ ਰੰਗ-ਬਿਰੰਗੀ ਕੁੜਤੀ ਪਾਈ ਹੋਈ ਸੀ, ਕਿਉਂਕਿ ਰਾਜੇ ਦੀਆਂ ਕੁਆਰੀਆਂ ਧੀਆਂ ਇਸ ਕਿਸਮ ਦਾ ਕੱਪੜਾ ਪਹਿਨਦੀਆਂ ਸਨ। 19 ਤਾਮਾਰ ਨੇ ਆਪਣੇ ਸਿਰ ਉੱਤੇ ਸੁਆਹ ਪਾਈ ਅਤੇ ਉਸ ਨੇ ਪਹਿਨੇ ਹੋਏ ਸਜਾਵਟੀ ਚੋਲੇ ਨੂੰ ਪਾੜ ਦਿੱਤਾ। ਉਹ ਆਪਣੇ ਸਿਰ ਤੇ ਹੱਥ ਰੱਖ ਕੇ ਉੱਚੀ-ਉੱਚੀ ਰੋਂਦੀ ਹੋਈ ਚਲੀ ਗਈ।

20 ਉਸ ਦੇ ਭਰਾ ਅਬਸ਼ਾਲੋਮ ਨੇ ਉਸ ਨੂੰ ਕਿਹਾ, "ਕੀ ਤੇਰਾ ਭਰਾ ਅਮਨੋਨ ਤੇਰੇ ਨਾਲ ਕੁਝ ਕੀਤਾ? ਹੁਣ ਲਈ ਚੁੱਪ ਰਹਿ, ਮੇਰੀ ਭੈਣ ਉਹ ਤੇਰਾ ਭਰਾ ਹੈ। ਇਸ ਗੱਲ ਨੂੰ ਦਿਲ ਤੇ ਨਾ ਲਓ।" ਤਾਮਾਰ ਆਪਣੇ ਭਰਾ ਅਬਸ਼ਾਲੋਮ ਦੇ ਘਰ ਵਿੱਚ ਇੱਕ ਬੇਸਹਾਰਾ ਔਰਤ ਵਾਂਗ ਰਹਿੰਦੀ ਸੀ।

21 ਜਦੋਂ ਰਾਜਾ ਦਾਵੀਦ ਨੇ ਇਹ ਸਭ ਸੁਣਿਆ, ਤਾਂ ਉਹ ਗੁੱਸੇ ਵਿੱਚ ਆ ਗਿਆ। 22 ਅਤੇ ਅਬਸ਼ਾਲੋਮ ਨੇ ਕਦੇ ਅਮਨੋਨ ਨੂੰ ਮਾੜਾ ਜਾ ਚੰਗਾ ਇੱਕ ਸ਼ਬਦ ਵੀ ਨਹੀਂ ਕਿਹਾ। ਉਹ ਅਮਨੋਨ ਨਾਲ ਨਫ਼ਰਤ ਕਰਦਾ ਸੀ ਕਿਉਂਕਿ ਉਸਨੇ ਉਸਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ।

ਅਬਸ਼ਾਲੋਮ ਨੇ ਅਮਨੋਨ ਨੂੰ ਮਾਰਿਆ

23 ਦੋ ਸਾਲਾਂ ਬਾਅਦ, ਜਦੋਂ ਅਬਸ਼ਾਲੋਮ ਦੀਆਂ ਭੇਡਾਂ ਦੇ ਉੱਨ ਕਤਰਾਉਣ ਵਾਲੇ ਇਫ਼ਰਾਈਮ ਦੀ ਸਰਹੱਦ ਦੇ ਨੇੜੇ ਬਾਲ ਹਾਜ਼ੋਰ ਵਿੱਚ ਸਨ, ਉਸਨੇ ਸਾਰੇ ਰਾਜੇ ਪੁੱਤਰਾਂ ਨੂੰ ਉੱਥੇ ਆਉਣ ਦਾ ਸੱਦਾ ਦਿੱਤਾ। 24 ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਆਖਿਆ, "ਵੇਖੋ ਤੁਹਾਡੇ ਸੇਵਕ ਦੇ ਉੱਨ ਕਤਰਨ ਵਾਲੇ ਉੱਤੇ ਹਨ। ਕੀ ਰਾਜਾ ਅਤੇ ਉਸ ਦੇ ਸੇਵਾਦਾਰ ਕਿਰਪਾ ਕਰਕੇ ਮੇਰੇ ਨਾਲ ਜਾਣਗੇ?"

25 ਰਾਜੇ ਨੇ ਜਵਾਬ ਦਿੱਤਾ, "ਨਹੀਂ, ਮੇਰੇ ਪੁੱਤਰ! ਸਾਨੂੰ ਸਾਰਿਆਂ ਨੂੰ ਨਹੀਂ ਜਾਣਾ ਚਾਹੀਦਾ, ਅਜਿਹਾ ਨਾ ਹੋਵੇ ਅਸੀਂ ਸਾਰੇ ਤੇਰੇ ਲਈ ਸਿਰਫ ਇੱਕ ਬੋਝ ਬਣ ਜਾਈਏ।" ਭਾਵੇਂ ਅਬਸ਼ਾਲੋਮ ਨੇ ਉਸਨੂੰ ਬੇਨਤੀ ਕੀਤੀ, ਉਸਨੇ ਫਿਰ ਵੀ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਉਸਨੂੰ ਆਪਣਾ ਆਸ਼ੀਰਵਾਦ ਦਿੱਤਾ।

26 ਤਦ ਅਬਸ਼ਾਲੋਮ ਨੇ ਕਿਹਾ, "ਜੇ ਨਹੀਂ, ਤਾਂ ਕਿਰਪਾ ਕਰਕੇ ਮੇਰੇ ਭਰਾ ਅਮਨੋਨ ਨੂੰ ਸਾਡੇ ਨਾਲ ਆਉਣ ਦਿਓ।"

ਰਾਜੇ ਨੇ ਉਸ ਨੂੰ ਪੁੱਛਿਆ, "ਉਹ ਤੇਰੇ ਨਾਲ ਕਿਉਂ ਜਾਵੇ?" 27 ਪਰ ਅਬਸ਼ਾਲੋਮ ਨੇ ਉਸਨੂੰ ਬੇਨਤੀ ਕੀਤੀ, ਇਸ ਲਈ ਉਸਨੇ ਅਮਨੋਨ ਅਤੇ ਬਾਕੀ ਦੇ ਰਾਜੇ ਪੁੱਤਰਾਂ ਨੂੰ ਉਸਦੇ ਨਾਲ ਭੇਜਿਆ।

28 ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, "ਸੁਣੋ! ਜਦੋਂ ਅਮਨੋਨ ਦਾਖ਼ਰਸ ਪੀਣ ਤੋਂ ਬਾਅਦ ਮਤਵਾਲਾ ਹੋ ਜਾਵੇ ਅਤੇ ਜਦੋਂ ਮੈਂ ਤੁਹਾਨੂੰ ਆਖਾਂ, ‘ਅਮਨੋਨ ਨੂੰ ਮਾਰੋ,’ ਤਾਂ ਉਸਨੂੰ ਮਾਰ ਸੁੱਟਣਾ। ਬਿਲਕੁਲ ਨਾ ਡਰਿਓ! ਮੈਂ ਆਪ ਤੁਹਾਨੂੰ ਇਹ ਹੁਕਮ ਦਿੱਤਾ ਹੈ ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ।" 29 ਇਸ ਲਈ ਅਬਸ਼ਾਲੋਮ ਦੇ ਬੰਦਿਆਂ ਨੇ ਅਮਨੋਨ ਨਾਲ ਉਹੀ ਕੀਤਾ ਜੋ ਅਬਸ਼ਾਲੋਮ ਨੇ ਹੁਕਮ ਦਿੱਤਾ ਸੀ। ਤਦ ਸਾਰੇ ਰਾਜੇ ਦੇ ਪੁੱਤਰ ਉੱਠੇ, ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।

30 ਜਦੋਂ ਉਹ ਜਾ ਰਹੇ ਸਨ ਤਾਂ ਦਾਵੀਦ ਨੂੰ ਖ਼ਬਰ ਆਈ: "ਅਬਸ਼ਾਲੋਮ ਨੇ ਸਾਰੇ ਰਾਜੇ ਪੁੱਤਰਾਂ ਨੂੰ ਮਾਰ ਦਿੱਤਾ ਹੈ; ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਬਚਿਆ ਹੈ।" 31 ਰਾਜਾ ਖੜ੍ਹਾ ਹੋਇਆ, ਆਪਣੇ ਕੱਪੜੇ ਪਾੜੇ ਅਤੇ ਜ਼ਮੀਨ ਤੇ ਲੇਟ ਗਿਆ; ਅਤੇ ਉਸਦੇ ਸਾਰੇ ਸੇਵਾਦਾਰ ਆਪਣੇ ਕੱਪੜੇ ਪਾੜ ਕੇ ਉਸ ਨਾਲ ਖੱੜ੍ਹੇ ਹੋ ਗਏ।

32 ਪਰ ਦਾਵੀਦ ਦੇ ਭਰਾ ਸ਼ਿਮੇਆਹ ਦੇ ਪੁੱਤਰ ਯੋਨਾਦਾਬ ਨੇ ਭਰੋਸਾ ਦਿੱਤਾ, "ਮੇਰੇ ਮਹਾਰਾਜ, ਵਿਸ਼ਵਾਸ ਨਾ ਕਰੋ ਕਿ ਉਨ੍ਹਾਂ ਨੇ ਸਾਰੇ ਜਵਾਨ ਸਰਦਾਰਾਂ ਨੂੰ ਮਾਰ ਦਿੱਤਾ ਹੈ। ਸਿਰਫ ਅਮਨੋਨ ਮਾਰਿਆ ਗਿਆ ਹੈ। ਇਹ ਫ਼ੈਸਲਾ ਅਬਸ਼ਾਲੋਮ ਨੇ ਉਸੇ ਦਿਨ ਕੀਤਾ ਸੀ ਜਦੋਂ ਅਮਨੋਨ ਨੇ ਆਪਣੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ ਸੀ। 33 ਮੇਰੇ ਸੁਆਮੀ ਪਾਤਸ਼ਾਹ ਨੂੰ ਇਸ ਖ਼ਬਰ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਰਾਜੇ ਦੇ ਸਾਰੇ ਪੁੱਤਰ ਮਰ ਚੁੱਕੇ ਹਨ ਕਿਉਂ ਜੋ ਸਿਰਫ ਅਮਨੋਨ ਹੀ ਮਰਿਆ ਹੈ।"

34 ਇਸ ਦੌਰਾਨ ਅਬਸ਼ਾਲੋਮ ਭੱਜ ਗਿਆ ਸੀ।

ਹੁਣ ਪਹਿਰੇ ਵਾਲੇ ਆਦਮੀ ਨੇ ਉੱਪਰ ਤੱਕਿਆ ਅਤੇ ਉਸ ਦੇ ਪੱਛਮ ਵੱਲ ਸੜਕ ਉੱਤੇ ਬਹੁਤ ਸਾਰੇ ਲੋਕਾਂ ਨੂੰ ਪਹਾੜੀ ਦੇ ਪਾਸਿਓਂ ਹੇਠਾਂ ਆਉਂਦੇ ਦੇਖਿਆ। ਚੌਕੀਦਾਰ ਨੇ ਜਾ ਕੇ ਰਾਜੇ ਨੂੰ ਕਿਹਾ, "ਮੈਂ ਪਹਾੜੀ ਦੇ ਪਾਸੇ, ਹੋਰੋਨਾਇਮ ਦੀ ਦਿਸ਼ਾ ਵਿੱਚ ਮਨੁੱਖ ਵੇਖੇ ਹਨ।"

35 ਯੋਨਾਦਾਬ ਨੇ ਪਾਤਸ਼ਾਹ ਨੂੰ ਆਖਿਆ, "ਵੇਖੋ, ਰਾਜੇ ਦੇ ਪੁੱਤਰ ਆ ਗਏ ਹਨ ਅਤੇ ਇਹ ਉਵੇਂ ਹੀ ਹੋਇਆ ਹੈ ਜਿਵੇਂ ਤੇਰੇ ਸੇਵਕ ਨੇ ਕਿਹਾ ਸੀ।"

36 ਜਿਵੇਂ ਉਹ ਬੋਲ ਹੀ ਰਿਹਾ ਸੀ, ਰਾਜੇ ਦੇ ਪੁੱਤਰ ਉੱਚੀ-ਉੱਚੀ ਚੀਕਦੇ ਹੋਏ ਅੰਦਰ ਆਏ। ਰਾਜਾ ਅਤੇ ਉਸ ਦੇ ਸਾਰੇ ਸੇਵਾਦਾਰ ਵੀ ਬਹੁਤ ਰੋਏ।

37 ਅਬਸ਼ਾਲੋਮ ਭੱਜ ਗਿਆ ਅਤੇ ਗੇਸ਼ੂਰ ਦੇ ਰਾਜੇ ਅੰਮੀਹੂਦ ਦੇ ਪੁੱਤਰ ਤਲਮਈ ਕੋਲ ਗਿਆ, ਪਰ ਰਾਜਾ ਦਾਵੀਦ ਆਪਣੇ ਪੁੱਤਰ ਲਈ ਬਹੁਤ ਦਿਨ ਸੋਗ ਕਰਦਾ ਰਿਹਾ।

38 ਜਦੋਂ ਅਬਸ਼ਾਲੋਮ ਭੱਜ ਗਿਆ ਅਤੇ ਗੇਸ਼ੂਰ ਚਲਾ ਗਿਆ, ਉਹ ਉੱਥੇ ਤਿੰਨ ਸਾਲ ਰਿਹਾ। 39 ਅਤੇ ਰਾਜਾ ਦਾਵੀਦ ਅਬਸ਼ਾਲੋਮ ਦੇ ਕੋਲ ਜਾਣ ਨੂੰ ਤਰਸਦਾ ਸੀ ਕਿਉਂ ਜੋ ਉਹ ਨੂੰ ਅਮਨੋਨ ਦੀ ਮੌਤ ਤੋਂ ਦਿਲਾਸਾ ਮਿਲਿਆ ਸੀ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-