Pular para o conteúdo
Publicidade

2 ਸ਼ਮੁਏਲ 3

1 ਸ਼ਾਊਲ ਦੇ ਘਰਾਣੇ ਅਤੇ ਦਾਵੀਦ ਦੇ ਘਰਾਣੇ ਵਿਚਕਾਰ ਲੰਮਾ ਸਮਾਂ ਲੜਾਈ ਚੱਲਦੀ ਰਹੀ। ਦਾਵੀਦ ਹੋਲੀ-ਹੋਲੀ ਮਜ਼ਬੂਤ ਹੁੰਦਾ ਗਿਆ, ਜਦ ਕਿ ਸ਼ਾਊਲ ਦਾ ਘਰਾਣਾ ਕਮਜ਼ੋਰ ਹੀ ਹੁੰਦਾ ਗਿਆ।

2 ਹੇਬਰੋਨ ਵਿੱਚ ਦਾਵੀਦ ਦੇ ਪੁੱਤਰਾਂ ਨੇ ਜਨਮ ਲਿਆ:

ਉਸਦਾ ਪਹਿਲੌਠਾ ਪੁੱਤਰ ਅਮਨੋਨ ਸੀ ਜੋ ਯਿਜ਼ਰਏਲ ਅਹੀਨੋਅਮ ਦੀ ਕੁੱਖੋਂ ਪੈਦਾ ਹੋਇਆ।

3 ਉਸਦਾ ਦੂਸਰਾ ਪੁੱਤਰ, ਕਿਲਆਬ ਜੋ ਕਿ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਜਿਹੜੀ ਕਰਮਲ ਦੇ ਨਾਬਾਲ ਦੀ ਵਿਧਵਾ ਸੀ।

ਤੀਸਰਾ ਅਬਸ਼ਾਲੋਮ ਸੀ, ਗੇਸ਼ੂਰ ਦੇ ਰਾਜਾ ਤਲਮਈ ਦੀ ਧੀ ਮਕਾਹ ਦੀ ਕੁੱਖੋ ਪੈਦਾ ਹੋਇਆ;

4 ਚੌਥਾ ਅਦੋਨੀਯਾਹ, ਹੇਗੀਥ ਦਾ ਪੁੱਤਰ ਸੀ;

ਪੰਜਵਾਂ ਸ਼ਫਾਟਯਾਹ, ਜਿਸ ਨੂੰ ਅਬਿਤਾਲ ਨੇ ਜਨਮ ਦਿੱਤਾ;

5 ਅਤੇ ਛੇਵਾਂ ਯਿਥਰਆਮ ਸੀ, ਉਹ ਜੋ ਦਾਵੀਦ ਦੀ ਪਤਨੀ ਅਗਲਾਹ ਦੀ ਕੁੱਖੋਂ ਪੈਦਾ ਹੋਇਆ ਸੀ।

ਇਹ ਦਾਵੀਦ ਦੇ ਘਰ ਹੇਬਰੋਨ ਵਿੱਚ ਪੈਦਾ ਹੋਏ ਸਨ।

ਅਬਨੇਰ ਦਾਵੀਦ ਕੋਲ ਜਾਂਦਾ ਹੈ

6 ਜਦ ਸ਼ਾਊਲ ਦੇ ਘਰਾਣੇ ਅਤੇ ਦਾਵੀਦ ਦੇ ਘਰਾਣੇ ਵਿਚਕਾਰ ਲੜਾਈ ਹੁੰਦੀ ਸੀ, ਤਾਂ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕੀਤਾ। 7 ਹੁਣ ਸ਼ਾਊਲ ਦੀ ਇੱਕ ਦਾਸੀ ਸੀ ਜਿਸਦਾ ਨਾਮ ਰਿਜ਼ਪਾਹ ਸੀ ਜੋ ਅੱਯਾਹ ਦੀ ਧੀ ਸੀ ਅਤੇ ਈਸ਼-ਬੋਸ਼ਥ ਨੇ ਅਬਨੇਰ ਨੂੰ ਕਿਹਾ, "ਤੂੰ ਮੇਰੇ ਪਿਤਾ ਦੀ ਦਾਸੀ ਨਾਲ ਕਿਉਂ ਸੁੱਤਾ ਸੀ?"

8 ਈਸ਼-ਬੋਸ਼ੇਥ ਦੀਆਂ ਗੱਲਾਂ ਕਰਕੇ ਅਬਨੇਰ ਬਹੁਤ ਗੁੱਸੇ ਵਿੱਚ ਸੀ ਤਾਂ ਉਸਨੇ ਜਵਾਬ ਦਿੱਤਾ, "ਕੀ ਮੈਂ ਯਹੂਦਾਹ ਦੇ ਕੁੱਤੇ ਦਾ ਸਿਰ ਹਾਂ? ਅੱਜ ਦੇ ਦਿਨ ਤੱਕ ਮੈਂ ਤੁਹਾਡੇ ਪਿਤਾ ਸ਼ਾਊਲ ਦੇ ਘਰਾਣੇ ਅਤੇ ਉਸਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਵਫ਼ਾਦਾਰ ਹਾਂ। ਫਿਰ ਵੀ ਮੈਂ ਤੈਨੂੰ ਦਾਵੀਦ ਦੇ ਹਵਾਲੇ ਨਹੀਂ ਕੀਤਾ। ਪਰ ਹੁਣ ਤੂੰ ਮੇਰੇ ਤੇ ਇਸ ਔਰਤ ਨਾਲ ਜੁੜੇ ਅਪਰਾਧ ਦਾ ਦੋਸ਼ ਲਗਾਉਂਦੇ ਹੋ! 9 ਪਰਮੇਸ਼ਵਰ ਅਬਨੇਰ ਨਾਲ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵਧੀਕ ਜੇ ਮੈਂ ਉਸ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਦੀ ਹੈ। 10 ਅਤੇ ਸ਼ਾਊਲ ਦੇ ਘਰਾਣੇ ਤੋਂ ਰਾਜ ਨੂੰ ਲੈ ਕੇ ਇਸਰਾਏਲ ਅਤੇ ਯਹੂਦਾਹ ਉੱਤੇ ਦਾਵੀਦ ਦੀ ਗੱਦੀ ਕਾਇਮ ਕਰ ਦਿਆਂ ਜੋ ਕੇ ਦਾਨ ਤੋਂ ਬੇਰਸ਼ੇਬਾ ਤੱਕ ਹੈ।" 11 ਈਸ਼-ਬੋਸ਼ੇਥ ਨੇ ਅਬਨੇਰ ਨੂੰ ਹੋਰ ਸ਼ਬਦ ਕਹਿਣ ਦੀ ਹਿੰਮਤ ਨਹੀਂ ਕੀਤੀ, ਕਿਉਂਕਿ ਉਹ ਉਸ ਤੋਂ ਡਰਦਾ ਸੀ।

12 ਤਦ ਅਬਨੇਰ ਨੇ ਦਾਵੀਦ ਕੋਲ ਇਹ ਆਖਣ ਲਈ ਆਪਣੀ ਵੱਲੋ ਸੰਦੇਸ਼ਵਾਹਕ ਭੇਜੇ, "ਇਹ ਕਿਸ ਦਾ ਦੇਸ ਹੈ? ਮੇਰੇ ਨਾਲ ਇਕਰਾਰਨਾਮਾ ਕਰੋ ਤਾਂ ਮੈਂ ਸਾਰੇ ਇਸਰਾਏਲ ਨੂੰ ਤੁਹਾਡੇ ਕੋਲ ਲਿਆਉਣ ਵਿੱਚ ਤੁਹਾਡੀ ਮਦਦ ਕਰਾਂਗਾ।"

13 ਦਾਵੀਦ ਨੇ ਕਿਹਾ, "ਚੰਗਾ। ਮੈਂ ਤੇਰੇ ਨਾਲ ਇਕਰਾਰਨਾਮਾ ਕਰਾਂ। ਪਰ ਮੈਂ ਤੇਰੇ ਤੋਂ ਇੱਕ ਗੱਲ ਮੰਗਦਾ ਹਾਂ: ਮੇਰੀ ਹਜ਼ੂਰੀ ਵਿੱਚ ਉਦੋਂ ਤੱਕ ਨਾ ਆਓ ਜਦੋਂ ਤੱਕ ਤੁਸੀਂ ਸ਼ਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਨਾ ਲੈ ਕੇ ਆਓ।" 14 ਤਦ ਦਾਵੀਦ ਨੇ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, "ਮੇਰੀ ਪਤਨੀ ਮੀਕਲ ਮੈਨੂੰ ਦੇ ਦਿਓ, ਜਿਸ ਨੂੰ ਮੈਂ ਸੌ ਫ਼ਲਿਸਤੀਆਂ ਦੀ ਖੱਲਾਂ ਦੇ ਮੁੱਲ ਤੇ ਵਿਆਹ ਕੇ ਲਿਆਇਆ ਸੀ।"

15 ਇਸ ਲਈ ਈਸ਼-ਬੋਸ਼ੇਥ ਨੇ ਹੁਕਮ ਦਿੱਤਾ ਅਤੇ ਉਸ ਇਸਤਰੀ ਨੂੰ ਉਸਦੇ ਪਤੀ ਲਾਇਸ਼ ਦੇ ਪੁੱਤਰ ਫਲਟੀਏਲ ਤੋਂ ਖੋਹ ਲਿਆ। 16 ਉਸ ਦਾ ਪਤੀ ਵੀ ਉਸ ਦੇ ਨਾਲ ਰੋਂਦਾ ਹੋਇਆ ਬਹੁਰੀਮ ਤੱਕ ਉਸ ਦੇ ਪਿੱਛੇ ਚਲਾ ਆਇਆ। ਤਦ ਅਬਨੇਰ ਨੇ ਉਸ ਨੂੰ ਕਿਹਾ, "ਘਰ ਵਾਪਸ ਜਾਹ!" ਇਸ ਲਈ ਉਹ ਵਾਪਸ ਚਲਾ ਗਿਆ।

17 ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕੀਤੀ ਅਤੇ ਕਿਹਾ, "ਤੁਸੀਂ ਤਾਂ ਪਹਿਲੇ ਸਮੇਂ ਤੋਂ ਹੀ ਦਾਵੀਦ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਸੀ। 18 ਹੁਣ ਇਹ ਕਰੋ! ਕਿਉਂਕਿ ਯਾਹਵੇਹ ਨੇ ਦਾਵੀਦ ਨਾਲ ਵਾਅਦਾ ਕੀਤਾ ਸੀ, ‘ਮੈਂ ਆਪਣੇ ਸੇਵਕ ਦਾਵੀਦ ਦੀ ਮਦਦ ਨਾਲ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਛੁਡਾਵਾਂਗਾ।’ "

19 ਅਬਨੇਰ ਨੇ ਬਿਨਯਾਮੀਨ ਦੇ ਲੋਕਾਂ ਨਾਲ ਵੀ ਵਿਅਕਤੀਗਤ ਤੌਰ ਤੇ ਗੱਲ ਕੀਤੀ। ਫਿਰ ਉਹ ਦਾਵੀਦ ਨੂੰ ਉਹ ਸਭ ਕੁਝ ਦੱਸਣ ਲਈ ਹੇਬਰੋਨ ਗਿਆ ਜੋ ਇਸਰਾਏਲ ਅਤੇ ਬਿਨਯਾਮੀਨ ਦਾ ਸਾਰਾ ਸਮੂਹ ਕਰਨਾ ਚਾਹੁੰਦਾ ਸੀ। 20 ਜਦੋਂ ਅਬਨੇਰ, ਜਿਸ ਦੇ ਨਾਲ ਵੀਹ ਆਦਮੀ ਸਨ, ਹੇਬਰੋਨ ਵਿੱਚ ਦਾਵੀਦ ਕੋਲ ਆਇਆ, ਤਾਂ ਦਾਵੀਦ ਨੇ ਉਸਦੇ ਅਤੇ ਉਸਦੇ ਆਦਮੀਆਂ ਲਈ ਇੱਕ ਭੋਜਨ ਤਿਆਰ ਕੀਤਾ। 21 ਤਦ ਅਬਨੇਰ ਨੇ ਦਾਵੀਦ ਨੂੰ ਆਖਿਆ, ਹੁਣ ਮੈਂ ਝੱਟ ਜਾ ਕੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਪਾਤਸ਼ਾਹ ਲਈ ਇਕੱਠਾ ਕਰਾਂਗਾ, ਤਾਂ ਜੋ ਉਹ ਤੁਹਾਡੇ ਨਾਲ ਵਾਅਦਾ ਕਰਨ ਅਤੇ ਜਿੱਥੇ ਤੁਹਾਡੇ ਮਨ ਦੀ ਇੱਛਾ ਹੋਵੇ, ਉੱਥੇ ਹੀ ਤੁਸੀਂ ਰਾਜ ਕਰੋ। ਇਸ ਲਈ ਦਾਵੀਦ ਨੇ ਅਬਨੇਰ ਨੂੰ ਭੇਜ ਦਿੱਤਾ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ।

ਯੋਆਬ ਦਾ ਅਬਨੇਰ ਨੂੰ ਮਾਰਨਾ

22 ਉਸੇ ਵੇਲੇ ਦਾਵੀਦ ਦੇ ਆਦਮੀ ਅਤੇ ਯੋਆਬ ਦੇ ਆਦਮੀ ਕਿਸੇ ਟੋਲੀ ਦਾ ਪਿੱਛਾ ਕਰਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ। ਪਰ ਅਬਨੇਰ ਦਾਵੀਦ ਦੇ ਨਾਲ ਹੇਬਰੋਨ ਵਿੱਚ ਨਹੀਂ ਰਿਹਾ ਕਿਉਂ ਜੋ ਦਾਵੀਦ ਨੇ ਉਸਨੂੰ ਭੇਜ ਦਿੱਤਾ ਸੀ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਸੀ। 23 ਜਦੋਂ ਯੋਆਬ ਅਤੇ ਉਸਦੇ ਨਾਲ ਦੇ ਸਾਰੇ ਸਿਪਾਹੀ ਪਹੁੰਚੇ ਤਾਂ ਉਸਨੂੰ ਦੱਸਿਆ ਗਿਆ ਕਿ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਰਾਜੇ ਨੇ ਉਸਨੂੰ ਵਿਦਾ ਕਰ ਦਿੱਤਾ ਹੈ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਹੈ।

24 ਇਸ ਲਈ ਯੋਆਬ ਪਾਤਸ਼ਾਹ ਕੋਲ ਗਿਆ ਅਤੇ ਆਖਿਆ, "ਤੁਸੀਂ ਇਹ ਕੀ ਕੀਤਾ ਹੈ? ਵੇਖੋ, ਅਬਨੇਰ ਤੁਹਾਡੇ ਕੋਲ ਆਇਆ। ਤੁਸੀਂ ਉਸਨੂੰ ਕਿਉਂ ਜਾਣ ਦਿੱਤਾ? ਹੁਣ ਉਹ ਚਲਾ ਗਿਆ ਹੈ! 25 ਤੁਸੀਂ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦੇ ਹੋ; ਉਹ ਤੁਹਾਨੂੰ ਧੋਖਾ ਦੇਣ ਅਤੇ ਤੁਹਾਡੀਆਂ ਹਰਕਤਾਂ ਨੂੰ ਵੇਖਣ ਅਤੇ ਤੁਹਾਡੇ ਦੁਆਰਾ ਕੀਤੇ ਗਏ ਹਰ ਕੰਮ ਦਾ ਪਤਾ ਲਗਾਉਣ ਲਈ ਆਇਆ ਸੀ।"

26 ਤਦ ਯੋਆਬ ਨੇ ਦਾਵੀਦ ਨੂੰ ਛੱਡ ਦਿੱਤਾ ਅਤੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਉਹ ਉਸਨੂੰ ਸਿਰਾਹ ਦੇ ਖੂਹ ਤੋਂ ਵਾਪਸ ਲੈ ਆਏ। ਪਰ ਦਾਵੀਦ ਨੂੰ ਇਹ ਨਹੀਂ ਪਤਾ ਸੀ। 27 ਹੁਣ ਜਦੋਂ ਅਬਨੇਰ ਹੇਬਰੋਨ ਨੂੰ ਮੁੜਿਆ ਤਾਂ ਯੋਆਬ ਉਸ ਨੂੰ ਅੰਦਰਲੀ ਕੋਠੜੀ ਵਿੱਚ ਲੈ ਗਿਆ, ਜਿਵੇਂ ਉਸ ਨਾਲ ਇਕਾਂਤ ਵਿੱਚ ਗੱਲ ਕਰਨੀ ਹੋਵੇ ਅਤੇ ਉੱਥੇ, ਆਪਣੇ ਭਰਾ ਅਸਾਹੇਲ ਦੇ ਖੂਨ ਦਾ ਬਦਲਾ ਲੈਣ ਲਈ, ਯੋਆਬ ਨੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ ਅਤੇ ਉਹ ਮਰ ਗਿਆ।

28 ਬਾਅਦ ਵਿੱਚ, ਜਦੋਂ ਦਾਵੀਦ ਨੇ ਇਸ ਬਾਰੇ ਸੁਣਿਆ, ਉਸਨੇ ਕਿਹਾ, "ਮੈਂ ਅਤੇ ਮੇਰਾ ਰਾਜ, ਨੇਰ ਦੇ ਪੁੱਤਰ ਅਬਨੇਰ ਦੇ ਲਹੂ ਤੋਂ ਯਾਹਵੇਹ ਦੇ ਅੱਗੇ ਸਦਾ ਲਈ ਨਿਰਦੋਸ਼ ਹਾਂ। 29 ਉਸਦਾ ਲਹੂ ਯੋਆਬ ਦੇ ਸਿਰ ਅਤੇ ਉਸਦੇ ਸਾਰੇ ਪਰਿਵਾਰ ਉੱਤੇ ਹੋਵੇ! ਯੋਆਬ ਦਾ ਪਰਿਵਾਰ ਕਦੇ ਵੀ ਕਿਸੇ ਅਜਿਹੇ ਵਿਅਕਤੀ ਤੋਂ ਬਿਨਾਂ ਨਾ ਹੋਵੇ ਜਿਸ ਦਾ ਲਹੂ ਵਗੇ ਜਾਂ ਕੋੜ੍ਹ3:29 ਕੋੜ੍ਹ ਅਰਥਾਤ ਇਬਰਾਨੀ ਭਾਸ਼ਾ ਦਾ ਸ਼ਬਦ ਜੋ ਚਮੜੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਖ-ਵੱਖ ਬਿਮਾਰੀਆਂ ਲਈ ਵਰਤਿਆ ਜਾਂਦਾ ਸੀ ਹੋਵੇ ਜਾਂ ਲਾਠੀ ਫੜ੍ਹ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਜਿਸ ਨੂੰ ਭੋਜਨ ਦੀ ਘਾਟ ਹੋਵੇ।"

30 (ਯੋਆਬ ਅਤੇ ਉਸਦੇ ਭਰਾ ਅਬੀਸ਼ਾਈ ਨੇ ਅਬਨੇਰ ਦਾ ਕਤਲ ਕੀਤਾ ਕਿਉਂਕਿ ਉਸਨੇ ਗਿਬਓਨ ਦੀ ਲੜਾਈ ਵਿੱਚ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਮਾਰਿਆ ਸੀ।)

31 ਤਦ ਦਾਵੀਦ ਨੇ ਯੋਆਬ ਅਤੇ ਉਸਦੇ ਨਾਲ ਦੇ ਸਾਰੇ ਲੋਕਾਂ ਨੂੰ ਕਿਹਾ, "ਆਪਣੇ ਕੱਪੜੇ ਪਾੜੋ ਅਤੇ ਤੱਪੜ ਪਾਓ ਅਤੇ ਅਬਨੇਰ ਦੇ ਅੱਗੇ ਸੋਗ ਵਿੱਚ ਚੱਲੋ।" ਰਾਜਾ ਦਾਵੀਦ ਖੁਦ ਅਰਥੀ ਦੇ ਪਿੱਛੇ ਤੁਰਿਆ। 32 ਉਨ੍ਹਾਂ ਨੇ ਅਬਨੇਰ ਨੂੰ ਹੇਬਰੋਨ ਵਿੱਚ ਦਫ਼ਨਾਇਆ ਅਤੇ ਰਾਜਾ ਅਬਨੇਰ ਦੀ ਕਬਰ ਉੱਤੇ ਉੱਚੀ-ਉੱਚੀ ਰੋਇਆ। ਸਾਰੇ ਲੋਕ ਵੀ ਰੋ ਪਏ।

33 ਰਾਜੇ ਨੇ ਅਬਨੇਰ ਲਈ ਇਹ ਵਿਰਲਾਪ ਗਾਇਆ:

"ਹਾਏ ਅਬਨੇਰ! ਤੂੰ ਕਿਉਂ ਇੱਕ ਮੂਰਖ ਦੀ ਮੌਤ ਮਰਿਆ?

34 ਤੇਰੇ ਹੱਥ ਨਹੀਂ ਬੰਨ੍ਹੇ ਗਏ, ਨਾ ਤੇਰੇ ਪੈਰ ਵਿੱਚ ਬੇੜੀਆਂ ਸਨ।

ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ।"

ਅਤੇ ਸਾਰੇ ਲੋਕ ਉਸ ਲਈ ਦੁਬਾਰਾ ਰੋਏ।

35 ਤਦ ਉਨ੍ਹਾਂ ਸਾਰਿਆਂ ਨੇ ਆਣ ਕੇ ਦਾਵੀਦ ਨੂੰ ਬੇਨਤੀ ਕੀਤੀ ਕਿ ਉਹ ਅਜੇ ਦਿਨ ਹੀ ਸੀ ਕੁਝ ਖਾ ਲਵੇ। ਪਰ ਦਾਵੀਦ ਨੇ ਸਹੁੰ ਖਾ ਕੇ ਕਿਹਾ, "ਪਰਮੇਸ਼ਵਰ ਮੇਰੇ ਨਾਲ ਇਸੇ ਤਰ੍ਹਾਂ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ, ਜੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਕਿਸੇ ਹੋਰ ਚੀਜ਼ ਦਾ ਸੁਆਦ ਲਵਾਂ!"

36 ਸਾਰੇ ਲੋਕਾਂ ਨੇ ਇਸ ਗੱਲ ਤੇ ਧਿਆਨ ਦਿੱਤਾ ਅਤੇ ਖੁਸ਼ ਹੋਏ; ਸੱਚਮੁੱਚ, ਰਾਜੇ ਨੇ ਜੋ ਕੁਝ ਕੀਤਾ ਉਹ ਉਨ੍ਹਾਂ ਨੂੰ ਖੁਸ਼ ਕਰਦਾ ਸੀ। 37 ਇਸ ਲਈ ਉਸ ਦਿਨ ਉੱਥੋਂ ਦੇ ਸਾਰੇ ਲੋਕ ਅਤੇ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਨੇਰ ਦੇ ਪੁੱਤਰ ਅਬਨੇਰ ਦੇ ਕਤਲ ਵਿੱਚ ਰਾਜੇ ਦਾ ਕੋਈ ਹਿੱਸਾ ਨਹੀਂ ਸੀ।

38 ਤਦ ਰਾਜੇ ਨੇ ਆਪਣੇ ਆਦਮੀਆਂ ਨੂੰ ਆਖਿਆ, "ਕੀ ਤੁਸੀਂ ਨਹੀਂ ਜਾਣਦੇ ਕਿ ਅੱਜ ਇਸਰਾਏਲ ਵਿੱਚ ਇੱਕ ਸੈਨਾਪਤੀ ਅਤੇ ਇੱਕ ਮਹਾਨ ਆਦਮੀ ਡਿੱਗ ਪਿਆ ਹੈ? 39 ਅੱਜ, ਭਾਵੇਂ ਮੈਂ ਮਸਹ ਕੀਤਾ ਹੋਇਆ ਰਾਜਾ ਹਾਂ, ਫ਼ਿਰ ਵੀ ਅੱਜ ਦੇ ਦਿਨ ਮੈਂ ਕਮਜ਼ੋਰ ਹਾਂ ਅਤੇ ਜ਼ੇਰੂਇਯਾਹ ਦੇ ਪੁੱਤਰ ਮੇਰੇ ਲਈ ਸਮੱਸਿਆ ਬਣ ਗਏ ਹਨ, ਪਰ ਯਾਹਵੇਹ ਦੁਸ਼ਟ ਨੂੰ ਉਸਦੇ ਬੁਰੇ ਕੰਮਾਂ ਦੇ ਅਨੁਸਾਰ ਬਦਲਾ ਦੇਵੇਗਾ!"

Estes versículos te tocaram? Ore agora!

+581 estão orando agora.

Junte-se à corrente de oração.