1 ਇਸਰਾਏਲ ਦੇ ਸਾਰੇ ਗੋਤ ਹੇਬਰੋਨ ਵਿੱਚ ਦਾਵੀਦ ਕੋਲ ਆ ਕੇ ਉਸਨੂੰ ਆਖਿਆ, "ਅਸੀਂ ਤੁਹਾਡਾ ਆਪਣਾ ਹੀ ਮਾਸ ਅਤੇ ਲਹੂ ਹਾਂ। 2 ਪਿਛਲੇ ਸਾਲਾਂ ਵਿੱਚ, ਜਦੋਂ ਸ਼ਾਊਲ ਸਾਡੇ ਉੱਤੇ ਰਾਜਾ ਸੀ, ਤੁਸੀਂ ਹੀ ਉਹ ਸੀ ਜਿਸਨੇ ਇਸਰਾਏਲ ਅਤੇ ਉਸਦੀ ਫੌਜਾਂ ਦੀ ਅਗਵਾਈ ਕੀਤੀ ਸੀ ਅਤੇ ਯਾਹਵੇਹ ਨੇ ਤੈਨੂੰ ਆਖਿਆ, ‘ਤੂੰ ਮੇਰੀ ਪਰਜਾ ਇਸਰਾਏਲ ਉੱਤੇ ਚਰਵਾਹਾ ਹੋਵੇਗਾ ਅਤੇ ਤੂੰ ਉਹਨਾਂ ਦਾ ਹਾਕਮ ਬਣ ਜਾਵੇਂਗਾ।’ "
3 ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਹੇਬਰੋਨ ਵਿੱਚ ਰਾਜਾ ਦਾਵੀਦ ਕੋਲ ਆਏ, ਤਾਂ ਰਾਜੇ ਨੇ ਉਨ੍ਹਾਂ ਨਾਲ ਹੇਬਰੋਨ ਵਿੱਚ ਯਾਹਵੇਹ ਦੇ ਸਾਹਮਣੇ ਇੱਕ ਨੇਮ ਬੰਨ੍ਹਿਆ ਅਤੇ ਉਨ੍ਹਾਂ ਨੇ ਦਾਵੀਦ ਨੂੰ ਇਸਰਾਏਲ ਦਾ ਰਾਜਾ ਮਸਹ ਕੀਤਾ।
4 ਦਾਵੀਦ ਤੀਹ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਚਾਲੀ ਸਾਲ ਰਾਜ ਕੀਤਾ। 5 ਹੇਬਰੋਨ ਵਿੱਚ ਉਸਨੇ ਯਹੂਦਾਹ ਉੱਤੇ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ ਅਤੇ ਯੇਰੂਸ਼ਲੇਮ ਵਿੱਚ ਉਸਨੇ ਸਾਰੇ ਇਸਰਾਏਲ ਅਤੇ ਯਹੂਦਾਹ ਉੱਤੇ ਤੇਤੀ ਸਾਲ ਰਾਜ ਕੀਤਾ।
6 ਰਾਜਾ ਅਤੇ ਉਸਦੇ ਆਦਮੀਆਂ ਨੇ ਯੇਰੂਸ਼ਲੇਮ ਵੱਲ ਕੂਚ ਕੀਤਾ ਅਤੇ ਯਬੂਸੀਆਂ ਉੱਤੇ ਜਿਹੜੇ ਉੱਥੇ ਰਹਿੰਦੇ ਸਨ ਹਮਲਾ ਕੀਤਾ। ਯਬੂਸੀਆਂ ਨੇ ਦਾਵੀਦ ਨੂੰ ਆਖਿਆ, "ਤੂੰ ਇੱਥੇ ਅੰਦਰ ਨਹੀਂ ਵੜੇਂਗਾ। ਅੰਨ੍ਹੇ ਅਤੇ ਲੰਗੜੇ ਤੈਨੂੰ ਰੋਕ ਸਕਦੇ ਹਨ।" ਕਿਉਂ ਜੋ ਉਨ੍ਹਾਂ ਨੇ ਸੋਚਿਆ, "ਦਾਵੀਦ ਇੱਥੇ ਨਹੀਂ ਆ ਸਕਦਾ।" 7 ਫਿਰ ਵੀ, ਦਾਵੀਦ ਨੇ ਸੀਯੋਨ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ, ਜੋ ਦਾਵੀਦ ਦਾ ਸ਼ਹਿਰ ਹੈ।
8 ਉਸ ਦਿਨ ਦਾਵੀਦ ਨੇ ਆਖਿਆ, "ਜਿਹੜਾ ਕੋਈ ਯਬੂਸੀਆਂ ਨੂੰ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ ਅਤੇ ਅੰਨ੍ਹੇ ਅਤੇ ਲੰਘੜੇ ਜਿਹਨਾਂ ਨੂੰ ਦਾਵੀਦ ਨਫ਼ਰਤ ਕਰਦਾ ਹੈ।" ਉਹਨਾਂ ਨੂੰ ਮਾਰਨ। ਇਸੇ ਲਈ ਇਹ ਕਹਾਉਤ ਚੱਲ ਪਈ, "ਕਿ ਅੰਨ੍ਹੇ ਅਤੇ ਲੰਘੜੇ ਮਹਿਲ ਵਿੱਚ ਨਹੀਂ ਵੜ ਸਕਦੇ।"
9 ਦਾਵੀਦ ਨੇ ਫਿਰ ਕਿਲ੍ਹੇ ਵਿੱਚ ਨਿਵਾਸ ਕੀਤਾ ਅਤੇ ਇਸਨੂੰ ਦਾਵੀਦ ਦਾ ਸ਼ਹਿਰ ਆਖਿਆ। ਉਸਨੇ ਛੱਤ ਤੋਂ ਅੰਦਰ ਵੱਲ, ਇਸਦੇ ਆਲੇ-ਦੁਆਲੇ ਦਾ ਸ਼ਹਿਰ ਉਸਾਰਿਆ। 10 ਅਤੇ ਦਾਵੀਦ ਦਿਨੋਂ ਦਿਨ ਤਾਕਤਵਰ ਹੁੰਦਾ ਗਿਆ, ਕਿਉਂ ਜੋ ਸਰਬ ਸ਼ਕਤੀਮਾਨ ਯਾਹਵੇਹ ਪਰਮੇਸ਼ਵਰ ਉਸਦੇ ਨਾਲ ਸੀ।
11 ਹੁਣ ਸੂਰ ਦੇ ਰਾਜੇ ਹੀਰਾਮ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ, ਨਾਲੇ ਦਿਆਰ ਦੀ ਲੱਕੜ, ਰਾਜ ਮਿਸਤਰੀ ਅਤੇ ਤਰਖਾਣ ਵੀ ਭੇਜੇ ਅਤੇ ਉਨ੍ਹਾਂ ਨੇ ਦਾਵੀਦ ਲਈ ਇੱਕ ਮਹਿਲ ਬਣਾਇਆ। 12 ਤਦ ਦਾਵੀਦ ਨੂੰ ਪਤਾ ਲੱਗਾ ਕਿ ਯਾਹਵੇਹ ਨੇ ਉਸ ਨੂੰ ਇਸਰਾਏਲ ਉੱਤੇ ਰਾਜੇ ਵਜੋਂ ਸਥਾਪਿਤ ਕੀਤਾ ਸੀ ਅਤੇ ਉਸ ਦਾ ਰਾਜ ਉਸ ਦੀ ਪਰਜਾ ਇਸਰਾਏਲ ਦੇ ਕਾਰਨ ਉੱਚਾ ਕੀਤਾ ਗਿਆ ਸੀ।
13 ਹੇਬਰੋਨ ਛੱਡਣ ਤੋਂ ਬਾਅਦ, ਦਾਵੀਦ ਨੇ ਯੇਰੂਸ਼ਲੇਮ ਵਿੱਚ ਹੋਰ ਵੀ ਪਤਨੀਆਂ ਬਣਾਈਆਂ ਅਤੇ ਰਖੇਲਾਂ ਰੱਖੀਆਂ, ਅਤੇ ਉਸਦੇ ਘਰ ਹੋਰ ਪੁੱਤਰ ਅਤੇ ਧੀਆਂ ਪੈਦਾ ਹੋਏ। 14 ਇਹ ਉਸਦੇ ਬੱਚਿਆਂ ਦੇ ਨਾਮ ਹਨ ਜਿਹੜੇ ਉੱਥੇ ਜੰਮੇ ਸਨ: ਸ਼ਮੂਆਹ, ਸ਼ੋਬਾਬ, ਨਾਥਾਨ, ਸ਼ਲੋਮੋਨ, 15 ਯਿਬਹਾਰ, ਅਲੀਸ਼ੂਆ, ਨੇਫੇਗ, ਯਾਫ਼ੀਆ, 16 ਅਲੀਸ਼ਾਮਾ, ਅਲੀਆਦਾ ਅਤੇ ਅਲੀਫ਼ਲੇਟ।
17 ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਦਾਵੀਦ ਨੂੰ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਪੂਰੇ ਜ਼ੋਰ ਨਾਲ ਚੜ੍ਹੇ, ਪਰ ਦਾਵੀਦ ਨੇ ਇਹ ਸੁਣਿਆ ਅਤੇ ਉਹ ਗੜ੍ਹ ਵਿੱਚ ਹੇਠਾਂ ਚਲਾ ਗਿਆ। 18 ਫ਼ਲਿਸਤੀ ਆਏ ਅਤੇ ਰਫ਼ਾਈਮ ਦੀ ਵਾਦੀ ਵਿੱਚ ਫੈਲ ਗਏ। 19 ਇਸ ਲਈ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, "ਕੀ ਮੈਂ ਜਾ ਕੇ ਫ਼ਲਿਸਤੀਆਂ ਉੱਤੇ ਹਮਲਾ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥਾਂ ਵਿੱਚ ਕਰ ਦੇਵੇਂਗਾ?"
ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, "ਜਾ, ਮੈਂ ਜ਼ਰੂਰ ਫ਼ਲਿਸਤੀਆਂ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ।"
20 ਇਸ ਲਈ ਦਾਵੀਦ ਬਾਲ-ਪਰਾਜ਼ਿਮ ਵਿੱਚ ਆਇਆ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਹਰਾਇਆ। ਉਸਨੇ ਕਿਹਾ, "ਜਿਵੇਂ ਪਾਣੀ ਵਗਦਾ ਹੈ, ਯਾਹਵੇਹ ਮੇਰੇ ਸਾਹਮਣੇ ਮੇਰੇ ਵੈਰੀਆਂ ਤੇ ਇਸ ਤਰ੍ਹਾਂ ਟੁੱਟ ਪਿਆ ਜਿਵੇਂ ਪਾਣੀ ਦੀਆਂ ਲਹਿਰਾਂ ਰੋੜ੍ਹ ਕੇ ਲੈ ਜਾਂਦੀਆਂ ਹਨ।" ਇਸ ਲਈ ਉਸ ਥਾਂ ਨੂੰ ਨਾਮ ਬਆਲ-ਪਰਾਜ਼ਿਮ ਕਿਹਾ ਜਾਂਦਾ ਸੀ। 21 ਫ਼ਲਿਸਤੀਆਂ ਨੇ ਆਪਣੀਆਂ ਮੂਰਤੀਆਂ ਨੂੰ ਉੱਥੇ ਛੱਡ ਦਿੱਤਾ ਅਤੇ ਦਾਵੀਦ ਅਤੇ ਉਸਦੇ ਆਦਮੀ ਉਨ੍ਹਾਂ ਨੂੰ ਚੁੱਕ ਕੇ ਲੈ ਗਏ।
22 ਫ਼ਲਿਸਤੀ ਇੱਕ ਵਾਰ ਫਿਰ ਆਏ ਅਤੇ ਰਫ਼ਾਈਮ ਦੀ ਘਾਟੀ ਵਿੱਚ ਫੈਲ ਗਏ। 23 ਤਾਂ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ, "ਸਿੱਧੇ ਉੱਪਰ ਨਾ ਜਾਓ ਸਗੋਂ ਉਨ੍ਹਾਂ ਦੇ ਪਿੱਛੇ ਚੱਕਰ ਲਗਾਓ ਅਤੇ ਤੂਤ ਦੇ ਰੁੱਖਾਂ ਦੇ ਸਾਹਮਣੇ ਹੋ ਕੇ ਉਨ੍ਹਾਂ ਉੱਤੇ ਹਮਲਾ ਕਰੋ। 24 ਜਿਵੇਂ ਹੀ ਤੁਸੀਂ ਤੂਤਾਂ ਦੇ ਰੁੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਤੇ ਸੈਨਾਂ ਦੇ ਤੁਰਨ ਦੀ ਆਵਾਜ਼ ਸੁਣਦੇ ਹੋ, ਤੇਜ਼ੀ ਨਾਲ ਅੱਗੇ ਵਧੋ, ਕਿਉਂਕਿ ਇਸਦਾ ਮਤਲਬ ਹੋਵੇਗਾ ਕਿ ਯਾਹਵੇਹ ਫ਼ਲਿਸਤੀ ਸੈਨਾਂ ਨੂੰ ਮਾਰਨ ਲਈ ਤੁਹਾਡੇ ਅੱਗੇ ਨਿੱਕਲਿਆ ਹੈ।" 25 ਇਸ ਲਈ ਦਾਵੀਦ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ ਅਤੇ ਉਸਨੇ ਗਿਬੇਓਨ ਤੋਂ ਲੈ ਕੇ ਗੇਜ਼ੇਰ ਤੀਕ ਫ਼ਲਿਸਤੀਆਂ ਨੂੰ ਮਾਰਿਆ।