Publicidade

2 Samuel 6

ਨੇਮ ਦੇ ਸੰਦੂਕ ਨੂੰ ਯੇਰੂਸ਼ਲੇਮ ਵਿੱਚ ਲਿਆਉਣਾ

1 ਦਾਵੀਦ ਨੇ ਫਿਰ ਇਸਰਾਏਲ ਦੇ ਸਾਰੇ ਯੋਗ ਨੌਜਵਾਨਾਂ ਵਿੱਚੋਂ ਤੀਹ ਹਜ਼ਾਰ ਨੂੰ ਇਕੱਠਾ ਕੀਤਾ। 2 ਦਾਵੀਦ ਅਤੇ ਉਸਦੇ ਸਾਰੇ ਆਦਮੀ ਯਹੂਦਾਹ ਵਿੱਚ ਬਾਲਾਹ ਨੂੰ ਗਏ ਤਾਂ ਕਿ ਉੱਥੋਂ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਉਣ, ਜਿਸ ਨੂੰ ਸੈਨਾਂ ਦੇ ਯਾਹਵੇਹ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ, ਜੋ ਕਿ ਸੰਦੂਕ ਉੱਤੇ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ। 3 ਉਨ੍ਹਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਇੱਕ ਨਵੇਂ ਗੱਡੇ ਉੱਤੇ ਰੱਖਿਆ ਅਤੇ ਇਸਨੂੰ ਅਬੀਨਾਦਾਬ ਦੇ ਘਰ ਤੋਂ ਲੈ ਆਏ ਜੋ ਪਹਾੜੀ ਉੱਤੇ ਸੀ। ਅਬੀਨਾਦਾਬ ਦੇ ਪੁੱਤਰ ਊਜ਼ਾਹ ਅਤੇ ਅਹੀਓ ਨੇ ਉਸ ਗੱਡੇ ਨੂੰ ਹੱਕਿਆ। 4 ਅਤੇ ਪਰਮੇਸ਼ਵਰ ਦੇ ਸੰਦੂਕ ਨਾਲ ਨਵੇਂ ਗੱਡੇ ਦੀ ਅਗਵਾਈ ਕਰ ਰਹੇ ਸਨ ਅਤੇ ਅਹੀਓ ਉਸ ਦੇ ਅੱਗੇ-ਅੱਗੇ ਚੱਲ ਰਿਹਾ ਸੀ। 5 ਦਾਵੀਦ ਅਤੇ ਸਾਰਾ ਇਸਰਾਏਲ ਆਪਣੀ ਪੂਰੀ ਸ਼ਕਤੀ ਨਾਲ ਯਾਹਵੇਹ ਦੇ ਅੱਗੇ, ਚੀਲ ਦੀ ਲੱਕੜ ਦੇ ਸਾਰੇ ਤਰ੍ਹਾਂ ਦੇ ਬਣੇ ਹੋਵੇ ਵਾਜੇ ਅਰਥਾਤ ਬੀਨ, ਮੱਧਮ, ਖੰਜ਼ਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਾਹਵੇਹ ਦੇ ਸੰਦੂਕ ਅੱਗੇ-ਅੱਗੇ ਵਜਾਉਂਦੇ ਸਨ।

6 ਜਦੋਂ ਉਹ ਨਾਕੋਨ ਦੇ ਪਿੜ ਵਿੱਚ ਆਏ, ਤਾਂ ਊਜ਼ਾਹ ਨੇ ਹੱਥ ਵਧਾ ਕੇ ਪਰਮੇਸ਼ਵਰ ਦੇ ਸੰਦੂਕ ਨੂੰ ਫੜ੍ਹ ਕੇ ਸੰਭਾਲਿਆ, ਕਿਉਂ ਜੋ ਬਲਦਾਂ ਨੇ ਠੋਕਰ ਖਾਧੀ ਸੀ। 7 ਤਦ ਯਾਹਵੇਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ; ਇਸ ਲਈ ਪਰਮੇਸ਼ਵਰ ਨੇ ਉਸਨੂੰ ਉਸਦੇ ਦੋਸ਼ ਦੇ ਕਾਰਨ ਮਾਰਿਆ ਅਤੇ ਉਹ ਉੱਥੇ ਹੀ ਪਰਮੇਸ਼ਵਰ ਦੇ ਸੰਦੂਕ ਦੇ ਕੋਲ ਮਰ ਗਿਆ।

8 ਤਦ ਦਾਵੀਦ ਦੁਖੀ ਹੋਇਆ ਕਿਉਂਕਿ ਯਾਹਵੇਹ ਦਾ ਕ੍ਰੋਧ ਊਜ਼ਾਹ ਉੱਤੇ ਭੜਕਿਆ ਸੀ ਅਤੇ ਅੱਜ ਤੱਕ ਉਸ ਥਾਂ ਨੂੰ ਪੇਰੇਜ਼-ਊਜ਼ਾਹ ਕਿਹਾ ਜਾਂਦਾ ਹੈ।

9 ਦਾਵੀਦ ਉਸ ਦਿਨ ਯਾਹਵੇਹ ਤੋਂ ਡਰਿਆ ਅਤੇ ਕਿਹਾ, "ਮੈ ਯਾਹਵੇਹ ਦੇ ਸੰਦੂਕ ਨੂੰ ਆਪਣੇ ਕੋਲ ਕਿਵੇਂ ਲਿਆਵਾਂ?" 10 ਦਾਵੀਦ ਦਾ ਮਨ ਨਾ ਕੀਤਾ ਜੋ ਉਹ ਯਾਹਵੇਹ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ। ਇਸ ਦੀ ਬਜਾਏ, ਉਹ ਇਸ ਨੂੰ ਗਿੱਤੀ ਓਬੇਦ-ਅਦੋਮ ਦੇ ਘਰ ਲੈ ਗਿਆ। 11 ਯਾਹਵੇਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ ਅਤੇ ਯਾਹਵੇਹ ਨੇ ਉਸਨੂੰ ਅਤੇ ਉਸਦੇ ਸਾਰੇ ਪਰਿਵਾਰ ਨੂੰ ਬਰਕਤ ਦਿੱਤੀ।

12 ਰਾਜਾ ਦਾਵੀਦ ਨੂੰ ਲੋਕਾਂ ਨੇ ਦੱਸਿਆ, "ਪਰਮੇਸ਼ਵਰ ਦੇ ਨੇਮ ਸੰਦੂਕ ਦੇ ਕਾਰਨ ਓਬੇਦ-ਅਦੋਮ ਦੇ ਘਰਾਣੇ ਨੂੰ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਨੂੰ ਯਾਹਵੇਹ ਨੇ ਬਰਕਤ ਦਿੱਤੀ ਹੈ।" ਇਸ ਲਈ ਦਾਵੀਦ ਪਰਮੇਸ਼ਵਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰ ਵਿੱਚੋਂ ਦਾਵੀਦ ਦੇ ਸ਼ਹਿਰ ਨੂੰ ਅਨੰਦ ਨਾਲ ਲਿਆਉਣ ਲਈ ਗਿਆ। 13 ਜਦੋਂ ਯਾਹਵੇਹ ਦੇ ਸੰਦੂਕ ਨੂੰ ਚੁੱਕਣ ਵਾਲਿਆਂ ਨੇ ਛੇ ਕਦਮ ਪੁੱਟੇ ਸਨ, ਤਾਂ ਉਸਨੇ ਇੱਕ ਬਲਦ ਅਤੇ ਇੱਕ ਮੋਟੇ ਵੱਛੇ ਦੀ ਬਲੀ ਦਿੱਤੀ। 14 ਦਾਵੀਦ ਕਤਾਨ ਦਾ ਏਫ਼ੋਦ ਪਹਿਨ ਕੇ, ਆਪਣੀ ਪੂਰੀ ਤਾਕਤ ਨਾਲ ਯਾਹਵੇਹ ਦੇ ਸੰਦੂਕ ਅੱਗੇ ਨੱਚ ਰਿਹਾ ਸੀ, 15 ਜਦੋਂ ਦਾਵੀਦ ਅਤੇ ਸਾਰੇ ਇਸਰਾਏਲੀ ਜੈਕਾਰੇ ਬੁਲਾਉਂਦੇ ਹੋਵੇ ਅਤੇ ਤੁਰ੍ਹੀਆਂ ਦੀ ਆਵਾਜ਼ ਨਾਲ ਯਾਹਵੇਹ ਦੇ ਸੰਦੂਕ ਨੂੰ ਚੁੱਕ ਕੇ ਲੈ ਆਏ।

16 ਜਦੋਂ ਯਾਹਵੇਹ ਦਾ ਸੰਦੂਕ ਦਾਵੀਦ ਦੇ ਸ਼ਹਿਰ ਵਿੱਚ ਦਾਖਲ ਹੋਇਆ, ਤਾਂ ਸ਼ਾਊਲ ਦੀ ਧੀ ਮੀਕਲ ਨੇ ਇੱਕ ਖਿੜਕੀ ਵਿੱਚੋਂ ਦੇਖਿਆ ਅਤੇ ਜਦੋਂ ਉਸਨੇ ਰਾਜਾ ਦਾਵੀਦ ਨੂੰ ਯਾਹਵੇਹ ਦੇ ਅੱਗੇ ਨੱਚਦੇ ਟੱਪਦੇ ਵੇਖਿਆ, ਤਾਂ ਉਸਨੇ ਆਪਣੇ ਦਿਲ ਵਿੱਚ ਉਸਨੂੰ ਤੁੱਛ ਜਾਣਿਆ।

17 ਉਹ ਯਾਹਵੇਹ ਦੇ ਸੰਦੂਕ ਨੂੰ ਲਿਆਏ ਅਤੇ ਇਸ ਨੂੰ ਉਸ ਤੰਬੂ ਦੇ ਅੰਦਰ ਉਸ ਦੀ ਥਾਂ ਤੇ ਰੱਖਿਆ ਜੋ ਦਾਵੀਦ ਨੇ ਉਸ ਲਈ ਖੜਾ ਕੀਤਾ ਸੀ, ਅਤੇ ਦਾਵੀਦ ਨੇ ਯਾਹਵੇਹ ਦੇ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। 18 ਇਸ ਤੋਂ ਬਾਅਦ ਦਾਵੀਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਤੋਂ ਬਾਅਦ, ਉਸਨੇ ਸੈਨਾਂ ਦੇ ਯਾਹਵੇਹ ਦੇ ਨਾਮ ਉੱਤੇ ਲੋਕਾਂ ਨੂੰ ਅਸੀਸ ਦਿੱਤੀ। 19 ਤਦ ਉਸਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ, ਆਦਮੀ ਅਤੇ ਔਰਤਾਂ ਦੋਹਾਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦਾ ਟੁੱਕੜਾ ਅਤੇ ਇੱਕ-ਇੱਕ ਸੌਗੀ ਦੀ ਟਿੱਕੀ ਦਿੱਤੀ ਤਦ ਸਾਰੇ ਲੋਕ ਆਪੋ-ਆਪਣੇ ਘਰਾਂ ਨੂੰ ਚਲੇ ਗਏ।

20 ਜਦੋਂ ਦਾਵੀਦ ਆਪਣੇ ਘਰ ਨੂੰ ਅਸੀਸ ਦੇਣ ਲਈ ਘਰ ਪਰਤਿਆ, ਤਾਂ ਸ਼ਾਊਲ ਦੀ ਧੀ ਮੀਕਲ ਉਸ ਨੂੰ ਮਿਲਣ ਲਈ ਬਾਹਰ ਆਈ ਅਤੇ ਕਿਹਾ, "ਇਸਰਾਏਲ ਦੇ ਰਾਜੇ ਨੇ ਅੱਜ ਕਿਵੇਂ ਵੱਖਰਾ ਕੀਤਾ ਹੈ, ਕਿ ਆਪਣੇ ਨੌਕਰਾਂ ਦੀਆਂ ਦਾਸੀਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਕੋਈ ਅਸ਼ਲੀਲ ਆਦਮੀ ਹੋਏ!"

21 ਦਾਵੀਦ ਨੇ ਮੀਕਲ ਨੂੰ ਕਿਹਾ, "ਇਹ ਯਾਹਵੇਹ ਦੇ ਅੱਗੇ ਸੀ, ਜਿਸ ਨੇ ਮੈਨੂੰ ਤੇਰੇ ਪਿਤਾ ਜਾਂ ਆਪਣੇ ਘਰ ਵਿੱਚੋਂ ਕਿਸੇ ਦੀ ਬਜਾਏ ਮੈਨੂੰ ਚੁਣ ਲਿਆ ਜਦੋਂ ਉਸਨੇ ਮੈਨੂੰ ਇਸਰਾਏਲ ਦੇ ਲੋਕਾਂ ਦਾ ਸ਼ਾਸਕ ਨਿਯੁਕਤ ਕੀਤਾ ਹੈ, ਮੈਂ ਯਾਹਵੇਹ ਦੇ ਅੱਗੇ ਨੱਚਾਂਗਾ। 22 ਸਗੋਂ ਮੈਂ ਇਸ ਤੋਂ ਵੀ ਵੱਧ ਨੀਚ ਹੋ ਜਾਵਾਂਗਾ ਅਤੇ ਮੈਂ ਆਪਣੀਆਂ ਨਜ਼ਰਾਂ ਵਿੱਚ ਤੁੱਛ ਗਿਣਿਆ ਜਾਵਾਂਗਾ, ਪਰ ਇਨ੍ਹਾਂ ਦਾਸੀਆ ਦੁਆਰਾ ਜਿਨ੍ਹਾਂ ਬਾਰੇ ਤੂੰ ਗੱਲ ਕੀਤੀ ਸੀ, ਮੈਨੂੰ ਸਨਮਾਨ ਦਿੱਤਾ ਜਾਵੇਗਾ।"

23 ਅਤੇ ਸ਼ਾਊਲ ਦੀ ਧੀ ਮੀਕਲ ਦੀ ਮੌਤ ਦੇ ਦਿਨ ਤੱਕ ਕੋਈ ਔਲਾਦ ਨਹੀਂ ਸੀ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-