Publicidade

2 Samuel 8

ਦਾਵੀਦ ਦੀਆਂ ਜਿੱਤਾਂ

1 ਕੁਝ ਸਮੇਂ ਦੇ ਬਾਅਦ, ਦਾਵੀਦ ਨੇ ਫ਼ਲਿਸਤੀਆਂ ਨੂੰ ਹਰਾਇਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ, ਅਤੇ ਉਸਨੇ ਮੇਥੇਗ ਅੰਮਾਹ ਨੂੰ ਫ਼ਲਿਸਤੀਆਂ ਦੇ ਕੋਲੋ ਖੋਹ ਲਿਆ।

2 ਦਾਵੀਦ ਨੇ ਮੋਆਬੀਆਂ ਨੂੰ ਵੀ ਹਰਾਇਆ। ਉਸ ਨੇ ਉਨ੍ਹਾਂ ਨੂੰ ਜ਼ਮੀਨ ਉੱਤੇ ਲੇਟਾਇਆ ਅਤੇ ਉਨ੍ਹਾਂ ਨੂੰ ਡੋਰੀ ਦੀ ਲੰਬਾਈ ਨਾਲ ਮਿਣਿਆ ਅਰਥਾਤ ਦੋ ਡੋਰੀਆਂ ਤੱਕ ਮਿਣੇ ਗਏ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਤੀਜੀ ਕਤਾਰ ਨੂੰ ਜਿਉਂਦਾ ਰਹਿਣ ਦਿੱਤਾ ਗਿਆ। ਇਸ ਲਈ ਮੋਆਬੀ ਦਾਵੀਦ ਦੇ ਅਧੀਨ ਹੋ ਗਏ ਅਤੇ ਉਹ ਉਸ ਲਈ ਨਜ਼ਰਾਨੇ ਲਿਆਏ।

3 ਇਸ ਤੋਂ ਇਲਾਵਾ, ਦਾਵੀਦ ਨੇ ਜ਼ੋਬਾਹ ਦੇ ਰਾਜੇ ਰੇਹੋਬ ਦੇ ਪੁੱਤਰ ਹਾਦੇਦੇਜ਼ਰ ਨੂੰ ਵੀ ਹਰਾ ਦਿੱਤਾ, ਜਦੋਂ ਉਹ ਫ਼ਰਾਤ ਦਰਿਆ ਦੇ ਉੱਤੇ ਆਪਣੇ ਦੇਸ਼ ਨੂੰ ਛੁਡਾਉਣ ਨਿੱਕਲਿਆ। 4 ਦਾਵੀਦ ਨੇ ਉਸ ਦੇ 1,000 ਰੱਥ ਅਤੇ 7,000 ਘੋੜਸਵਾਰਾਂ ਅਤੇ 20,000 ਪੈਦਲ ਸਿਪਾਹੀਆਂ ਨੂੰ ਫੜ ਲਿਆ। ਉਸ ਨੇ ਰਥਾਂ ਦੇ ਸੌ ਘੋੜਿਆਂ ਨੂੰ ਛੱਡ ਕੇ ਬਾਕੀ ਸਾਰੇ ਘੋੜਿਆਂ ਦੇ ਪੱਟਾਂ ਦੀਆਂ ਨਾੜਾਂ ਨੂੰ ਵੱਢ ਕੇ ਉਹਨਾਂ ਨੂੰ ਲੰਗੜੇ ਕਰ ਦਿੱਤਾ।

5 ਜਦੋਂ ਦੰਮਿਸ਼ਕ ਦੇ ਅਰਾਮੀ ਜ਼ੋਬਾਹ ਦੇ ਰਾਜੇ ਹਾਦੇਦੇਜ਼ਰ ਦੀ ਮਦਦ ਕਰਨ ਲਈ ਆਏ ਤਾਂ ਦਾਵੀਦ ਨੇ ਉਨ੍ਹਾਂ ਵਿੱਚੋਂ 22,000 ਨੂੰ ਮਾਰ ਦਿੱਤਾ। 6 ਉਸ ਨੇ ਦੰਮਿਸ਼ਕ ਦੇ ਅਰਾਮ ਵਿੱਚਕਾਰ ਚੌਂਕੀਆਂ ਬੈਠਾ ਦਿੱਤੀਆਂ ਅਤੇ ਅਰਾਮੀ ਉਸ ਦੇ ਅਧੀਨ ਹੋ ਗਏ ਅਤੇ ਨਜ਼ਰਾਨੇ ਲਿਆਏ। ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।

7 ਦਾਵੀਦ ਨੇ ਸੋਨੇ ਦੀਆਂ ਢਾਲ਼ਾਂ ਜਿਹੜੀਆਂ ਹਾਦੇਦੇਜ਼ਰ ਦੇ ਅਫ਼ਸਰਾਂ ਦੀਆਂ ਸਨ ਲੈ ਲਈਆਂ ਅਤੇ ਉਨ੍ਹਾਂ ਨੂੰ ਯੇਰੂਸ਼ਲੇਮ ਲੈ ਆਇਆ। 8 ਅਤੇ ਬੇਤਾਹ ਅਤੇ ਬੇਰੋਤਈ ਤੋਂ ਜੋ ਹਾਦੇਦੇਜ਼ਰ ਦੇ ਸ਼ਹਿਰ ਵਿੱਚੋਂ ਸਨ, ਰਾਜਾ ਦਾਵੀਦ ਨੇ ਬਹੁਤ ਸਾਰਾ ਪਿੱਤਲ ਲੈ ਆਇਆ।

9 ਜਦੋਂ ਹਮਾਥ ਦੇ ਰਾਜੇ ਤੋਈ ਨੇ ਸੁਣਿਆ ਕਿ ਦਾਵੀਦ ਨੇ ਹਾਦੇਦੇਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ, 10 ਉਸਨੇ ਆਪਣੇ ਪੁੱਤਰ ਯੋਰਾਮ ਨੂੰ ਰਾਜਾ ਦਾਵੀਦ ਕੋਲ ਭੇਜਿਆ ਅਤੇ ਉਸਨੂੰ ਵਧਾਈ ਦੇਣ ਲਈ ਅਤੇ ਹਾਦੇਦੇਜ਼ਰ ਉੱਤੇ ਲੜਾਈ ਵਿੱਚ ਉਸਦੀ ਜਿੱਤ ਲਈ ਵਧਾਈ ਦੇਣ ਲਈ ਭੇਜਿਆ, ਕਿਉਂ ਜੋ ਹਾਦੇਦੇਜ਼ਰ ਤੋਈ ਨਾਲ ਲੜਾਈ ਕਰਦਾ ਰਹਿੰਦਾ ਸੀ। ਸੋ ਯੋਰਾਮ ਚਾਂਦੀ, ਅਤੇ ਪਿੱਤਲ ਦੇ ਭਾਂਡੇ ਆਪਣੇ ਨਾਲ ਲੈ ਆਇਆ।

11 ਰਾਜਾ ਦਾਵੀਦ ਨੇ ਉਹ ਸਭ ਕੁਝ ਜੋ ਉਸਨੇ ਕੌਮਾਂ ਤੋਂ ਜਿੱਤਿਆ ਸੀ, ਉਹਨਾਂ ਦੀ ਚਾਂਦੀ ਅਤੇ ਸੋਨੇ ਸਮੇਤ, ਇਹ ਵਸਤੂਆਂ ਯਾਹਵੇਹ ਨੂੰ ਅਰਪਣ ਕੀਤੀਆਂ: 12 ਅਰਥਾਤ ਅਦੋਮ ਅਤੇ ਮੋਆਬ, ਅੰਮੋਨੀ ਦੇ ਉੱਤਰਾਧਿਕਾਰੀ, ਫ਼ਲਿਸਤੀ ਅਤੇ ਅਮਾਲੇਕ ਅਤੇ ਜ਼ੋਬਾਹ ਦੇ ਪੁੱਤਰ ਹਾਦੇਦੇਜ਼ਰ ਰਾਜੇ ਤੋਂ ਖੋਹ ਲਏ ਗਏ ਸਨ।

13 ਅਤੇ ਦਾਵੀਦ ਉਦੋਂ ਮਸ਼ਹੂਰ ਹੋਇਆ ਜਦੋਂ ਉਹ ਲੂਣ ਦੀ ਘਾਟੀ ਵਿੱਚ 18,000 ਅਦੋਮੀਆਂ ਨੂੰ ਮਾਰ ਕੇ ਵਾਪਸ ਆਇਆ।

14 ਇਸ ਤੋਂ ਬਾਅਦ ਦਾਵੀਦ ਨੇ ਅਦੋਮ ਦੇ ਸਾਰੇ ਦੇਸ਼ ਵਿੱਚ ਚੌਕੀ ਬਣਾ ਲਈ ਅਤੇ ਸਾਰੇ ਅਦੋਮੀ ਦਾਵੀਦ ਦੇ ਅਧੀਨ ਹੋ ਗਏ। ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।

ਦਾਵੀਦ ਦੇ ਅਧਿਕਾਰੀ

15 ਦਾਵੀਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਆਪਣੇ ਸਾਰੇ ਲੋਕਾਂ ਨਾਲ ਧਰਮ ਅਤੇ ਨਿਆਂ ਦੇ ਕੰਮ ਕਰਦਾ ਸੀ। 16 ਜ਼ੇਰੂਇਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ; 17 ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬੀਯਾਥਰ ਦਾ ਪੁੱਤਰ ਅਹੀਮੇਲੇਕ ਜਾਜਕ ਸਨ ਅਤੇ ਸਰਾਯਾਹ ਮੁਨਸ਼ੀ ਸੀ; 18 ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਥੀਆਂ ਅਤੇ ਪਲੇਥੀਆਂ ਉੱਤੇ ਪ੍ਰਧਾਨ ਸੀ ਅਤੇ ਦਾਵੀਦ ਦੇ ਪੁੱਤਰ ਜਾਜਕ ਸਨ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-