ਯਿਸ਼ੂ ਦਾ ਅੰਨ੍ਹੇ ਨੂੰ ਚੰਗਾ ਕਰਨਾ
1 ਜਦੋਂ ਯਿਸ਼ੂ ਜਾ ਰਹੇ ਸੀ ਤਾਂ ਉਹਨਾਂ ਨੇ ਇੱਕ ਆਦਮੀ ਨੂੰ ਵੇਖਿਆ ਜਿਹੜਾ ਜਨਮ ਤੋਂ ਅੰਨ੍ਹਾ ਸੀ। 2 ਉਹਨਾਂ ਦੇ ਚੇਲਿਆਂ ਨੇ ਯਿਸ਼ੂ ਨੂੰ ਪੁੱਛਿਆ, "ਗੁਰੂ ਜੀ, ਕਿਸ ਨੇ ਪਾਪ ਕੀਤਾ ਹੈ, ਇਹ ਆਦਮੀ ਨੇ ਜਾਂ ਉਸ ਦੇ ਮਾਤਾ-ਪਿਤਾ ਨੇ ਜੋ ਉਹ ਅੰਨ੍ਹਾ ਪੈਦਾ ਹੋਇਆ ਹੈ?"
3 ਯਿਸ਼ੂ ਨੇ ਉੱਤਰ ਦਿੱਤਾ, "ਨਾ ਹੀ ਇਸ ਦੇ ਮਾਤਾ-ਪਿਤਾ ਨੇ ਅਤੇ ਨਾ ਹੀ ਉਸ ਦੇ ਪਾਪ ਕਾਰਨ ਹੈ। ਪਰ ਇਸ ਲਈ ਹੋਇਆ ਤਾਂ ਜੋ ਪਰਮੇਸ਼ਵਰ ਦੀ ਮਹਿਮਾ ਪ੍ਰਗਟ ਹੋਵੇ। 4 ਜਿਨ੍ਹਾ ਚਿਰ ਦਿਨ ਹੈ, ਸਾਨੂੰ ਉਸ ਦਾ ਕੰਮ ਕਰਨਾ ਚਾਹੀਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ। ਰਾਤ ਆ ਰਹੀ ਹੈ, ਜਦੋਂ ਕੋਈ ਕੰਮ ਨਹੀਂ ਕਰ ਸਕਦਾ। 5 ਜਦੋਂ ਤੱਕ ਮੈਂ ਇਸ ਦੁਨੀਆਂ ਵਿੱਚ ਹਾਂ, ਮੈਂ ਇਸ ਦੁਨੀਆਂ ਦਾ ਚਾਨਣ ਹਾਂ।"
6 ਇਹ ਕਹਿਣ ਤੋਂ ਬਾਅਦ, ਉਸ ਨੇ ਜ਼ਮੀਨ ਤੇ ਥੁੱਕਿਆ ਅਤੇ ਉਸ ਥੁੱਕ ਨਾਲ ਥੋੜ੍ਹਾ ਜਿਹਾ ਮਿੱਟੀ ਦਾ ਲੇਪ ਬਣਾਇਆ ਅਤੇ ਉਸ ਦੀਆਂ ਅੱਖਾਂ ਤੇ ਲਾ ਦਿੱਤਾ। 7 ਯਿਸ਼ੂ ਨੇ ਉਸ ਨੂੰ ਕਿਹਾ, "ਜਾਓ ਅਤੇ ਸਿਲੋਅਮ ਦੇ ਤਲਾਬ ਵਿੱਚ ਧੋਵੋ" (ਇਸ ਸ਼ਬਦ ਦਾ ਅਰਥ ਹੈ ਭੇਜਿਆ)। ਤਾਂ ਉਹ ਆਦਮੀ ਚੱਲਿਆ ਗਿਆ ਅਤੇ ਉੱਥੇ ਉਸ ਨੇ ਆਪਣੀਆਂ ਅੱਖਾਂ ਨੂੰ ਧੋਤਾ ਅਤੇ ਵੇਖਦਿਆਂ ਘਰ ਆਇਆ।