1 "ਅਫ਼ਸੁਸ ਨਗਰ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ:
ਇਹ ਉਸ ਦੇ ਸ਼ਬਦ ਹਨ ਜਿਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜ੍ਹੇ ਹੋਏ ਹਨ ਅਤੇ ਜੋ ਸੱਤ ਸੋਨੇ ਦੇ ਸ਼ਮਾਦਾਨਾਂ ਦੇ ਵਿੱਚ ਚਲਦਾ ਹੈ।
2 ਮੈਂ ਤੁਹਾਡੇ ਕੰਮਾਂ, ਤੁਹਾਡੀ ਮਿਹਨਤ ਅਤੇ ਤੁਹਾਡੀ ਲਗਨ ਨੂੰ ਜਾਣਦਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਦੁਸ਼ਟ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਕਿ ਤੁਸੀਂ ਉਹਨਾਂ ਨੂੰ ਪਰਖਿਆ ਹੈ ਜੋ ਰਸੂਲ ਹੋਣ ਦਾ ਦਾਅਵਾ ਕਰਦੇ ਹਨ ਪਰ ਉਹ ਰਸੂਲ ਨਹੀਂ ਹਨ, ਅਤੇ ਉਹ ਝੂਠੇ ਹਨ। 3 ਤੁਸੀਂ ਧੀਰਜ ਰੱਖਿਆ ਅਤੇ ਮੇਰੇ ਨਾਮ ਵਿੱਚ ਦੁੱਖ ਸਹਿਣ ਤੋਂ ਨਹੀਂ ਥੱਕੇ। 4 ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ: ਕਿ ਤੁਸੀਂ ਆਪਣਾ ਪਹਿਲਾਂ ਪਿਆਰ ਛੱਡ ਦਿੱਤਾ ਹੈ। 5 ਯਾਦ ਕਰੋ ਕਿ ਤੁਸੀਂ ਕਿੱਥੋਂ ਡਿੱਗੇ ਹੋ! ਤੋਬਾ ਕਰੋ ਅਤੇ ਉਹ ਕੰਮ ਕਰੋ ਜੋ ਤੁਸੀਂ ਪਹਿਲਾਂ ਕੀਤਾ ਸੀ। ਜੇ ਤੁਸੀਂ ਤੋਬਾ ਨਹੀਂ ਕੀਤੀ, ਤਾਂ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਸ਼ਮਾਦਾਨ ਨੂੰ ਉਸ ਦੀ ਜਗ੍ਹਾ ਤੋਂ ਹਟਾ ਦੇਵਾਂਗਾ। 6 ਪਰ ਇਹ ਤੁਹਾਡੇ ਪੱਖ ਵਿੱਚ ਹੈ: ਤੁਸੀਂ ਨਿਕੁਲਾਈਆਂ ਦੇ ਭੈੜੇ ਕੰਮਾਂ ਤੋਂ ਨਫ਼ਰਤ ਕਰਦੇ ਹੋ, ਜਿਵੇਂ ਮੈਂ ਕਰਦਾ ਹਾਂ। 7 ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਹਰੇਕ ਜਿੱਤਣ ਵਾਲੇ ਨੂੰ ਮੈਂ ਜੀਵਨ ਦੇ ਰੁੱਖ ਤੋਂ ਫ਼ਲ ਦੇਵਾਂਗਾ ਜੋ ਪਰਮੇਸ਼ਵਰ ਦੇ ਫ਼ਿਰਦੌਸ ਵਿੱਚ ਹੈ।
8 "ਸਮੁਰਨੇ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ:
ਇਹ ਉਸ ਦੇ ਸ਼ਬਦ ਹਨ ਜਿਹੜਾ ਪਹਿਲਾਂ ਅਤੇ ਆਖਰੀ ਹੈ, ਜਿਹੜਾ ਮਰ ਗਿਆ ਸੀ ਪਰ ਹੁਣ ਜੀਉਂਦਾ ਹੈ।
9 ਮੈਂ ਤੁਹਾਡੇ ਦੁੱਖਾਂ ਅਤੇ ਤੁਹਾਡੀ ਗਰੀਬੀ ਨੂੰ ਜਾਣਦਾ ਹਾਂ, ਫਿਰ ਵੀ ਤੁਸੀਂ ਅਮੀਰ ਹੋ! ਮੈਂ ਉਹਨਾਂ ਲੋਕਾਂ ਦੀ ਬਦਨਾਮੀ ਬਾਰੇ ਜਾਣਦਾ ਹਾਂ ਜੋ ਕਹਿੰਦੇ ਹਨ ਕਿ ਉਹ ਯਹੂਦੀ ਹਨ ਅਤੇ ਦਰਅਸਲ ਵਿੱਚ ਉਹ ਨਹੀਂ ਹਨ, ਸਗੋਂ ਉਹ ਸ਼ੈਤਾਨ ਦੀ ਮੰਡਲੀ ਹਨ। 10 ਉਸ ਦੁੱਖ ਤੋਂ ਨਾ ਡਰੋ ਜਿਹੜਾ ਤੁਸੀਂ ਸਹਿਣ ਵਾਲੇ ਹੋ। ਮੈਂ ਤੁਹਾਨੂੰ ਦੱਸਦਾ ਹਾਂ, ਦੁਸ਼ਟ ਤੁਹਾਡੇ ਵਿੱਚੋਂ ਕਈਆਂ ਨੂੰ ਪਰਖਣ ਲਈ ਜੇਲ੍ਹ ਵਿੱਚ ਪਾ ਦੇਵੇਗਾ, ਅਤੇ ਤੁਹਾਨੂੰ ਦਸ ਦਿਨਾਂ ਤੱਕ ਅੱਤਿਆਚਾਰ ਸਹਿਣੇ ਪੈਣਗੇ। ਪਰ ਤੁਸੀਂ ਮੌਤ ਤੱਕ ਵੀ ਵਫ਼ਾਦਾਰ ਰਹੋ, ਅਤੇ ਮੈਂ ਤੁਹਾਨੂੰ ਜੀਵਨ ਦਾ ਮੁਕਟ ਦਿਆਂਗਾ। 11 ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਉਸ ਉੱਪਰ ਦੂਜੀ ਮੌਤ ਦਾ ਕੋਈ ਅਸਰ ਨਹੀਂ ਹੋਵੇਗਾ।
12 "ਪਰਗਮੁਮ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ:
ਇਹ ਉਸ ਦੇ ਸ਼ਬਦ ਹਨ ਜਿਸ ਦੇ ਕੋਲ ਤਿੱਖੀ ਦੋ ਧਾਰੀ ਤਲਵਾਰ ਹੈ।
13 ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਰਹਿੰਦੇ ਹੋ, ਜਿੱਥੇ ਸ਼ੈਤਾਨ ਦਾ ਸਿੰਘਾਸਣ ਹੈ। ਫਿਰ ਵੀ ਤੁਸੀਂ ਮੇਰੇ ਨਾਮ ਪ੍ਰਤੀ ਸੱਚੇ ਹੋ। ਤੁਸੀਂ ਮੇਰੇ ਵਿੱਚ ਆਪਣੀ ਨਿਹਚਾ ਨੂੰ ਨਹੀਂ ਛੱਡਿਆ, ਇੱਥੋ ਤੱਕ ਕਿ ਅੰਤਿਪਾਸ ਦੇ ਦਿਨਾਂ ਵਿੱਚ ਵੀ ਨਹੀਂ ਛੱਡਿਆ। ਮੇਰਾ ਵਫ਼ਾਦਾਰ ਗਵਾਹ, ਜਿਸ ਨੂੰ ਤੁਹਾਡੇ ਸ਼ਹਿਰ ਵਿੱਚ ਮਾਰ ਦਿੱਤਾ ਗਿਆ ਸੀ, ਜਿੱਥੇ ਸ਼ੈਤਾਨ ਰਹਿੰਦਾ ਹੈ। 14 ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ, ਤੁਹਾਡੇ ਵਿੱਚੋਂ ਕੁਝ ਅਜਿਹੇ ਹਨ ਜੋ ਬਿਲਆਮ ਦੀ ਸਿੱਖਿਆ ਨੂੰ ਮੰਨਦੇ ਹਨ, ਜਿਸ ਨੇ ਰਾਜਾ ਬਾਲਾਕ ਨੂੰ ਇਸਰਾਏਲ ਨੂੰ ਪਾਪ ਕਰਨ ਲਈ ਭਰਮਾਉਣਾ ਸਿਖਾਇਆ ਤਾਂ ਜੋ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਜਿਨਸੀ ਹਰਾਮਕਾਰੀ ਕਰਨ। 15 ਇਸੇ ਤਰ੍ਹਾਂ, ਤੁਹਾਡੇ ਵਿੱਚ ਉਹ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਮੰਨਦੇ ਹਨ। 16 ਇਸ ਲਈ ਤੋਬਾ ਕਰੋ! ਨਹੀਂ ਤਾਂ, ਮੈਂ ਛੇਤੀ ਹੀ ਤੁਹਾਡੇ ਕੋਲ ਆਵਾਂਗਾ ਅਤੇ ਉਹਨਾਂ ਦੇ ਵਿਰੁੱਧ ਮੇਰੇ ਮੂੰਹ ਦੀ ਤਲਵਾਰ ਨਾਲ ਲੜਾਂਗਾ। 17 ਜਿਸ ਦੇ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਮੈਂ ਉਸ ਨੂੰ ਗੁਪਤ ਮੰਨੇ ਵਿੱਚੋਂ ਦੇਵਾਂਗਾ। ਮੈਂ ਉਸ ਵਿਅਕਤੀ ਨੂੰ ਇੱਕ ਚਿੱਟਾ ਪੱਥਰ ਵੀ ਦੇਵਾਂਗਾ ਜਿਸ ਉੱਤੇ ਨਵਾਂ ਨਾਮ ਲਿਖਿਆ ਹੋਵੇਗਾ, ਜੋ ਇਸ ਨੂੰ ਪ੍ਰਾਪਤ ਕਰੇਗਾ ਕੇਵਲ ਉਹ ਹੀ ਉਸ ਨੂੰ ਜਾਣੇਗਾ।
18 "ਥੂਆਤੀਰੇ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ:
ਇਹ ਪਰਮੇਸ਼ਵਰ ਦੇ ਪੁੱਤਰ ਦੇ ਸ਼ਬਦ ਹਨ, ਜਿਸ ਦੀਆਂ ਅੱਖਾਂ ਬਲਦੀ ਹੋਈ ਅੱਗ ਵਰਗੀਆਂ ਹਨ ਅਤੇ ਜਿਸ ਦੇ ਪੈਰ ਬਲਦੇ ਹੋਏ ਪਿੱਤਲ ਵਰਗੇ ਹਨ।
19 ਮੈਂ ਤੁਹਾਡੇ ਕੰਮਾਂ, ਤੁਹਾਡੇ ਪਿਆਰ ਅਤੇ ਵਿਸ਼ਵਾਸ, ਤੁਹਾਡੀ ਸੇਵਾ ਅਤੇ ਲਗਨ ਨੂੰ ਜਾਣਦਾ ਹਾਂ, ਅਤੇ ਇਹ ਕਿ ਤੁਸੀਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਕਰ ਰਹੇ ਹੋ। 20 ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ: ਤੁਸੀਂ ਉਸ ਔਰਤ ਈਜ਼ਬਲ ਨੂੰ ਬਰਦਾਸ਼ਤ ਕਰਦੇ ਹੋ, ਜੋ ਆਪਣੇ ਆਪ ਨੂੰ ਨਬੀ ਕਹਿੰਦੀ ਹੈ। ਉਸ ਦੇ ਉਪਦੇਸ਼ ਦੁਆਰਾ ਉਹ ਮੇਰੇ ਸੇਵਕਾਂ ਨੂੰ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ ਲਈ ਗੁਮਰਾਹ ਕਰਦੀ ਹੈ। 21 ਮੈਂ ਅਜੇ ਉਸ ਨੂੰ ਸਮਾਂ ਦਿੱਤਾ ਹੈ ਕਿ ਉਹ ਆਪਣੀ ਬਦਚਲਣੀ ਤੋਂ ਤੋਬਾ ਕਰੇ। ਪਰ ਉਹ ਤੋਬਾ ਕਰਨ ਲਈ ਤਿਆਰ ਨਹੀਂ ਹੈ। 22 ਇਸ ਲਈ ਮੈਂ ਉਸ ਨੂੰ ਦੁੱਖਾਂ ਦੇ ਬਿਸਤਰੇ ਤੇ ਸੁੱਟ ਦਿਆਂਗਾ, ਅਤੇ ਮੈਂ ਉਸ ਨਾਲ ਵਿਭਚਾਰ ਕਰਨ ਵਾਲਿਆਂ ਨੂੰ ਸਖ਼ਤ ਦੁੱਖ ਦੇਵਾਂਗਾ, ਜਦੋਂ ਤੱਕ ਉਹ ਉਸ ਦੇ ਤਰੀਕਿਆਂ ਤੋਂ ਤੋਬਾ ਨਹੀਂ ਕਰਦੇ। 23 ਮੈਂ ਉਸ ਦੇ ਬੱਚਿਆਂ ਨੂੰ ਮਾਰ ਦਿਆਂਗਾ। ਤਦ ਸਾਰੀਆਂ ਕਲੀਸਿਆਵਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਹ ਹਾਂ ਜੋ ਦਿਲਾਂ ਅਤੇ ਦਿਮਾਗਾਂ ਦੀ ਖੋਜ ਕਰਦਾ ਹਾਂ ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੇ ਕੰਮਾਂ ਦੇ ਅਨੁਸਾਰ ਫ਼ਲ ਦੇਵਾਂਗਾ। 24 ਹੁਣ ਮੈਂ ਥੂਆਤੀਰੇ ਵਿੱਚ ਤੁਹਾਡੇ ਬਾਕੀ ਲੋਕਾਂ ਨੂੰ ਕਹਿੰਦਾ ਹਾਂ, ਜੋ ਤੁਸੀਂ ਉਸ ਦੀ ਸਿੱਖਿਆ ਨੂੰ ਨਹੀਂ ਮੰਨਦੇ ਅਤੇ ਸ਼ੈਤਾਨ ਦੇ ਡੂੰਘੇ ਭੇਦ ਨਹੀਂ ਸਿੱਖੇ, ‘ਮੈਂ ਤੁਹਾਡੇ ਤੇ ਕੋਈ ਹੋਰ ਬੋਝ ਨਹੀਂ ਪਾਵਾਂਗਾ। 25 ਮੇਰੇ ਆਉਣ ਤੱਕ ਤੁਹਾਡੇ ਕੋਲ ਜੋ ਕੁਝ ਹੈ, ਉਸ ਨੂੰ ਫੜ੍ਹੀ ਰੱਖੋ।’ 26 ਜਿਹੜਾ ਜਿੱਤਣ ਵਾਲਾ ਹੈ, ਅਤੇ ਅੰਤ ਤੱਕ ਮੇਰੀ ਇੱਛਾ ਪੂਰੀ ਕਰਦਾ ਹੈ, ਮੈਂ ਉਸ ਨੂੰ ਕੌਮਾਂ ਉੱਤੇ ਅਧਿਕਾਰ ਦੇਵਾਂਗਾ। 27 ਉਹ ‘ਲੋਹੇ ਦੇ ਇੱਕ ਸ਼ਾਹੀ ਡੰਡੇ ਨਾਲ ਉਹਨਾਂ ਉੱਤੇ ਰਾਜ ਕਰੇਗਾ ਅਤੇ ਉਹਨਾਂ ਨੂੰ ਮਿੱਟੀ ਦੇ ਭਾਂਡਿਆਂ ਵਾਂਗ ਟੁਕੜਿਆਂ ਵਿੱਚ ਤੋੜ ਦੇਵੇਗਾ।’ ਜਿਵੇਂ ਕਿ ਮੈਨੂੰ ਮੇਰੇ ਪਿਤਾ ਤੋਂ ਅਧਿਕਾਰ ਪ੍ਰਾਪਤ ਹੋਇਆ ਹੈ। 28 ਮੈਂ ਉਸ ਨੂੰ ਇੱਕ ਸਵੇਰ ਦਾ ਤਾਰਾ ਦੇਵਾਂਗਾ। 29 ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ।