Publicidade

Apocalipse 20

ਹਜ਼ਾਰ ਸਾਲ ਦਾ ਰਾਜ

1 ਅਤੇ ਮੈਂ ਇੱਕ ਸਵਰਗਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ, ਜਿਸ ਦੇ ਹੱਥ ਵਿੱਚ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਸੀ। 2 ਸਵਰਗਦੂਤ ਨੇ ਅਜਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਦੁਸ਼ਟ ਅਤੇ ਸ਼ੈਤਾਨ ਹੈ, ਫੜ੍ਹਿਆ ਅਤੇ ਹਜ਼ਾਰ ਸਾਲ ਤੱਕ ਬੰਨ੍ਹ ਦਿੱਤਾ। 3 ਅਤੇ ਉਸ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ, ਅਤੇ ਬੰਦ ਕਰਕੇ ਉਸ ਉੱਤੇ ਮੋਹਰ ਲਗਾਈ, ਤਾਂ ਜੋ ਉਹ ਕੌਮਾਂ ਨੂੰ ਨਾ ਭਰਮਾਵੇ, ਜਿੰਨਾਂ ਤੱਕ ਹਜ਼ਾਰ ਸਾਲ ਪੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਜ਼ਰੂਰੀ ਹੈ ਜੋ ਉਹ ਥੋੜੇ ਸਮੇਂ ਲਈ ਛੱਡਿਆ ਜਾਵੇ।

4 ਤਦ ਮੈਂ ਸਿੰਘਾਸਣ ਵੇਖੇ ਨਾਲੇ ਉਹਨਾਂ ਨੂੰ ਜਿਹੜੇ ਉਹਨਾਂ ਤੇ ਬੈਠੇ ਸਨ ਜਿੰਨ੍ਹਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਸੀ। ਤਦ ਮੈਂ ਉਹਨਾਂ ਆਤਮਾਵਾਂ ਨੂੰ ਵੇਖਿਆ ਜਿੰਨ੍ਹਾਂ ਦੇ ਸਿਰ ਪ੍ਰਭੂ ਯਿਸ਼ੂ ਦੀ ਗਵਾਹੀ ਦੇਣ ਕਾਰਨ ਅਤੇ ਪਰਮੇਸ਼ਵਰ ਦੇ ਬਚਨ ਦੇ ਕਾਰਨ ਕਤਲ ਕੀਤੇ ਗਏ ਸਨ। ਉਹਨਾਂ ਨੇ ਉਸ ਦਰਿੰਦੇ ਅਤੇ ਉਸ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਆਪਣੇ ਹੱਥਾਂ ਅਤੇ ਮੱਥੇ ਉੱਤੇ ਉਸ ਦਾ ਨਿਸ਼ਾਨ ਨਹੀਂ ਲਗਾਇਆ ਸੀ। ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਨਾਲ ਰਾਜ ਕਰਨ ਲੱਗੇ। 5 (ਅਤੇ ਬਾਕੀ ਦੇ ਮੁਰਦੇ ਹਜ਼ਾਰ ਸਾਲ ਪੂਰੇ ਹੋਣ ਤੱਕ ਜਿਉਂਦੇ ਨਾ ਹੋਏ।) ਇਹ ਪਹਿਲਾਂ ਮੁਰਦਿਆਂ ਦਾ ਜੀ ਉੱਠਣਾ ਹੈ। 6 ਮੁਬਾਰਕ ਅਤੇ ਪਵਿੱਤਰ ਹੈ ਉਹ ਜਿਹੜਾ ਪਹਿਲਾਂ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਲ ਹੁੰਦਾ ਹੈ। ਦੂਸਰੀ ਮੌਤ ਦਾ ਉਸ ਉੱਤੇ ਕੋਈ ਹੱਕ ਨਹੀਂ ਹੈ, ਪਰ ਉਹ ਪਰਮੇਸ਼ਵਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ।

ਸ਼ੈਤਾਨ ਦਾ ਨਿਆਂ

7 ਜਦੋਂ ਹਜ਼ਾਰ ਸਾਲ ਪੂਰਾ ਹੋ ਜਾਵੇਗਾ, ਤਾਂ ਸ਼ੈਤਾਨ ਉਸ ਦੀ ਕੈਦ ਵਿੱਚੋਂ ਛੱਡ ਦਿੱਤਾ ਜਾਵੇਗਾ। 8 ਤਾਂ ਉਹ ਉਹਨਾਂ ਰਾਸ਼ਟਰਾ ਨੂੰ ਜਿਹੜੇ ਧਰਤੀ ਦੇ ਚਾਰਾਂ ਕੋਨਿਆਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਬਾਹਰ ਜਾਵੇਗਾ ਅਤੇ ਉਹਨਾਂ ਨੂੰ ਯੁੱਧ ਲਈ ਤਿਆਰ ਕਰੇਗਾ। ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨ੍ਹੀ ਹੈ। 9 ਉਹ ਸਾਰੀ ਧਰਤੀ ਉੱਤੇ ਚੜ੍ਹ ਗਏ ਅਤੇ ਪਰਮੇਸ਼ਵਰ ਦੇ ਲੋਕਾਂ ਦੇ ਡੇਰੇ, ਅਤੇ ਪਿਆਰੇ ਸ਼ਹਿਰ ਨੂੰ ਘੇਰਾ ਪਾ ਲਿਆ। ਪਰ ਸਵਰਗ ਤੋਂ ਅੱਗ ਉੱਤਰੀ ਅਤੇ ਉਹਨਾਂ ਨੂੰ ਭਸਮ ਕਰ ਦਿੱਤਾ। 10 ਅਤੇ ਦੁਸ਼ਟ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਅੱਗ ਵਿੱਚ ਸੁੱਟਿਆ ਗਿਆ, ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਸੁੱਟਿਆ ਗਿਆ ਸੀ। ਅਤੇ ਉਹ ਰਾਤ-ਦਿਨ ਅਤੇ ਯੁੱਗੋ-ਯੁੱਗ ਕਸ਼ਟ ਭੋਗਣਗੇ।

ਮੁਰਦਿਆਂ ਦਾ ਨਿਆਂ

11 ਤਦ ਮੈਂ ਇੱਕ ਵੱਡਾ ਚਿੱਟਾ ਸਿੰਘਾਸਣ ਅਤੇ ਜੋ ਉਸ ਉੱਤੇ ਬੈਠੇ ਸੀ ਉਹਨਾਂ ਨੂੰ ਵੇਖਿਆ। ਉਹਨਾਂ ਦੇ ਸਾਹਮਣਿਓ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਨੂੰ ਕੋਈ ਜਗ੍ਹਾ ਨਾ ਮਿਲੀ। 12 ਅਤੇ ਮੈਂ ਮੁਰਦਿਆਂ ਨੂੰ ਵੱਡੇ ਅਤੇ ਛੋਟੇ ਸਿੰਘਾਸਣ ਦੇ ਅੱਗੇ ਖੜ੍ਹੇ ਵੇਖਿਆ, ਅਤੇ ਕਿਤਾਬਾਂ ਖੋਲ੍ਹੀਆ ਗਈਆ। ਅਤੇ ਇੱਕ ਹੋਰ ਕਿਤਾਬ ਜਿਹੜੀ ਜੀਵਨ ਦੀ ਕਿਤਾਬ ਹੈ ਉਹ ਵੀ ਖੋਲ੍ਹੀ ਗਈ। ਅਤੇ ਮੁਰਦਿਆਂ ਦਾ ਨਿਆਂ ਉਹਨਾਂ ਕਿਤਾਬਾਂ ਵਿੱਚ ਲਿਖੀਆ ਹੋਈਆ ਗੱਲਾਂ ਅਤੇ ਉਹਨਾਂ ਦੇ ਕੰਮਾਂ ਅਨੁਸਾਰ ਕੀਤਾ ਗਿਆ। 13 ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਸ ਵਿੱਚ ਸਨ ਮੋੜ ਦਿੱਤੇ, ਮੌਤ ਅਤੇ ਪਤਾਲ ਨੇ ਵੀ ਜਿਹੜੇ ਮੁਰਦੇ ਉਸ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਂ ਉਹਨਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ। 14 ਤਦ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਸਰੀ ਮੌਤ ਹੈ ਅਰਥਾਤ ਅੱਗ ਦੀ ਝੀਲ। 15 ਅਤੇ ਜੇ ਕਿਸੇ ਦਾ ਵੀ ਨਾਮ ਉਸ ਜੀਵਨ ਦੀ ਕਿਤਾਬ ਵਿੱਚ ਲਿਖਿਆ ਨਾ ਮਿਲਿਆ, ਤਾਂ ਉਸ ਨੂੰ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-