1 "ਸਾਰਦੀਸ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ:
ਇਹ ਉਸ ਦੇ ਸ਼ਬਦ ਹਨ ਜਿਸ ਕੋਲ ਪਰਮੇਸ਼ਵਰ ਦੀਆਂ ਸੱਤ ਆਤਮਾਵਾਂ ਅਤੇ ਸੱਤ ਤਾਰੇ ਹਨ।
ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ; ਤੁਸੀਂ ਜਿਉਂਦੇ ਅਖਵਾਉਂਦੇ ਹੋ, ਪਰ ਤੁਸੀਂ ਮਰੇ ਹੋਏ ਹੋ। 2 ਜਾਗੋ! ਜੋ ਕੁਝ ਰਹਿ ਗਿਆ ਹੈ ਅਤੇ ਜੋ ਮਰਨ ਵਾਲਾ ਹੈ ਉਸ ਨੂੰ ਮਜ਼ਬੂਤ ਕਰੋ, ਕਿਉਂਕਿ ਮੈਂ ਤੁਹਾਡੇ ਕੰਮਾਂ ਨੂੰ ਮੇਰੇ ਪਰਮੇਸ਼ਵਰ ਦੀ ਨਜ਼ਰ ਵਿੱਚ ਅਧੂਰਾ ਪਾਇਆ ਹੈ। 3 ਇਸ ਲਈ ਯਾਦ ਰੱਖੋ, ਜੋ ਤੁਸੀਂ ਪ੍ਰਾਪਤ ਕੀਤਾ ਅਤੇ ਸੁਣਿਆ ਹੈ; ਇਸ ਨੂੰ ਫੜ੍ਹੀ ਰੱਖੋ ਅਤੇ ਤੋਬਾ ਕਰੋ। ਪਰ ਜੇ ਤੁਸੀਂ ਨਾ ਜਾਗੇ, ਤਾਂ ਮੈਂ ਇੱਕੋਦਮ ਚੋਰ ਵਾਂਗ ਆਵਾਂਗਾ, ਅਤੇ ਤੁਹਾਨੂੰ ਨਹੀਂ ਪਤਾ ਹੋਵੇਗਾ ਕਿ ਮੈਂ ਕਿਸ ਸਮੇਂ ਤੁਹਾਡੇ ਕੋਲ ਆਵਾਂਗਾ। 4 ਫਿਰ ਵੀ ਸਾਰਦੀਸ ਵਿੱਚ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜੇ ਮੈਲੇ ਨਹੀਂ ਕੀਤੇ। ਉਹ ਮੇਰੇ ਨਾਲ ਚੱਲਣਗੇ, ਚਿੱਟੇ ਕੱਪੜੇ ਪਹਿਨੇ ਹੋਏ, ਕਿਉਂਕਿ ਉਹ ਯੋਗ ਹਨ। 5 ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਉਹਨਾਂ ਵਾਂਗ ਚਿੱਟੇ ਕੱਪੜੇ ਦੇਵਾਂਗਾ। ਮੈਂ ਉਸ ਵਿਅਕਤੀ ਦਾ ਨਾਮ ਜੀਵਨ ਦੀ ਕਿਤਾਬ ਵਿੱਚੋਂ ਕਦੇ ਨਹੀਂ ਮਿਟਾਵਾਂਗਾ, ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਸਾਹਮਣੇ ਉਸ ਦੇ ਨਾਮ ਦਾ ਐਲਾਨ ਕਰਾਂਗਾ ਕਿ ਉਹ ਮੇਰੇ ਹੈ। 6 ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ।
7 "ਫ਼ਿਲਦਲਫ਼ੀਏ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ:
ਇਹ ਉਸ ਦੇ ਸ਼ਬਦ ਹਨ ਜੋ ਪਵਿੱਤਰ ਅਤੇ ਸੱਚਾ ਹੈ, ਜਿਸ ਦੇ ਕੋਲ ਦਾਵੀਦ ਦੀ ਕੁੰਜੀ ਹੈ। ਜੋ ਉਹ ਖੋਲ੍ਹਦਾ ਹੈ ਕੋਈ ਵੀ ਬੰਦ ਨਹੀਂ ਕਰ ਸਕਦਾ, ਅਤੇ ਜੋ ਉਹ ਬੰਦ ਕਰਦਾ ਹੈ ਕੋਈ ਨਹੀਂ ਖੋਲ੍ਹ ਸਕਦਾ।
8 ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ। ਵੇਖੋ, ਮੈਂ ਤੁਹਾਡੇ ਸਾਹਮਣੇ ਇੱਕ ਖੁੱਲ੍ਹਾ ਦਰਵਾਜ਼ਾ ਰੱਖਿਆ ਹੈ ਜਿਸ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ। ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਬਹੁਤ ਘੱਟ ਤਾਕਤ ਹੈ, ਫਿਰ ਵੀ ਤੁਸੀਂ ਮੇਰੇ ਬਚਨ ਦੀ ਪਾਲਣਾ ਕੀਤੀ ਹੈ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ ਹੈ। 9 ਜਿਹੜੇ ਸ਼ੈਤਾਨ ਦੀ ਮੰਡਲੀ ਦੇ ਹਨ ਅਤੇ ਆਪਣੇ ਆਪ ਨੂੰ ਯਹੂਦੀ ਹੋਣ ਦਾ ਦਾਅਵਾ ਕਰਦੇ ਹਨ ਹਾਲਾਂਕਿ ਉਹ ਨਹੀਂ ਹਨ, ਪਰ ਝੂਠੇ ਹਨ, ਮੈਂ ਉਹਨਾਂ ਨੂੰ ਮਜਬੂਰ ਕਰਾਂਗਾ ਕਿ ਤੁਹਾਡੇ ਪੈਰਾਂ ਤੇ ਮੱਥਾ ਟੇਕਣ ਅਤੇ ਇਹ ਜਾਣ ਲੈਣ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ। 10 ਇਸ ਲਈ ਕਿ ਤੁਸੀਂ ਧੀਰਜ ਰੱਖ ਕੇ ਮੇਰੇ ਆਦੇਸ਼ ਦੀ ਪਾਲਣਾ ਕੀਤੀ ਹੈ, ਮੈਂ ਪ੍ਰੀਖਿਆ ਦੇ ਸਮੇਂ ਤੁਹਾਡੀ ਰੱਖਿਆ ਕਰਾਂਗਾ, ਜੋ ਧਰਤੀ ਦੇ ਵਾਸੀਆਂ ਉੱਤੇ ਆਉਣ ਵਾਲਾ ਹੈ। 11 ਮੈਂ ਜਲਦੀ ਹੀ ਆ ਰਿਹਾ ਹਾਂ। ਤੁਹਾਡੇ ਕੋਲ ਜੋ ਕੁਝ ਹੈ, ਉਸ ਨੂੰ ਫੜ੍ਹੀ ਰੱਖੋ, ਤਾਂ ਜੋ ਕੋਈ ਵੀ ਤੁਹਾਡੀ ਜਿੱਤ ਦਾ ਮੁਕਟ ਨਾ ਲੈ ਸਕੇ। 12 ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ਵਰ ਦੇ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ। ਉਹ ਫਿਰ ਕਦੇ ਵੀ ਇਸ ਨੂੰ ਨਹੀਂ ਛੱਡਣਗੇ। ਮੈਂ ਉਹਨਾਂ ਉੱਤੇ ਆਪਣੇ ਪਰਮੇਸ਼ਵਰ ਦਾ ਨਾਮ ਅਤੇ ਮੇਰੇ ਪਰਮੇਸ਼ਵਰ ਦੇ ਸ਼ਹਿਰ, ਨਵੇਂ ਯੇਰੂਸ਼ਲੇਮ ਦਾ ਨਾਮ ਲਿਖਾਂਗਾ, ਜੋ ਮੇਰੇ ਪਰਮੇਸ਼ਵਰ ਵੱਲੋਂ ਸਵਰਗ ਤੋਂ ਹੇਠਾਂ ਆ ਰਿਹਾ ਹੈ; ਅਤੇ ਮੈਂ ਉਹਨਾਂ ਉੱਤੇ ਆਪਣਾ ਨਵਾਂ ਨਾਮ ਵੀ ਲਿਖਾਂਗਾ। 13 ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ।
14 "ਲਾਉਦਿਕੀਏ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ:
ਇਹ ਸ਼ਬਦ ਉਸ ਦੇ ਵੱਲੋ ਹਨ ਜਿਹੜਾ ਆਮੀਨ ਹੈ, ਜਿਹੜਾ ਵਫ਼ਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਮੁੱਢ ਹੈ, ਉਹ ਇਹ ਆਖਦਾ ਹੈ।
15 ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ, ਕਿ ਤੁਸੀਂ ਨਾ ਤਾਂ ਠੰਡੇ ਹੋ ਅਤੇ ਨਾ ਹੀ ਗਰਮ। ਮੈਂ ਚਾਹੁੰਦਾ ਸੀ ਜਾਂ ਤੁਸੀਂ ਗਰਮ ਜਾਂ ਠੰਡੇ ਹੁੰਦੇ! 16 ਪਰ ਤੁਸੀਂ ਤਾਂ ਕੋਸੇ ਹੋ, ਨਾ ਤਾਂ ਗਰਮ ਅਤੇ ਨਾ ਹੀ ਠੰਡੇ, ਇਸ ਲਈ ਮੈਂ ਤੁਹਾਨੂੰ ਆਪਣੇ ਮੂੰਹ ਤੋਂ ਉਗਲ ਸੁੱਟਾਂਗਾ। 17 ਤੁਸੀਂ ਕਹਿੰਦੇ ਹੋ, ਮੈਂ ਅਮੀਰ ਹਾਂ: ‘ਮੈਂ ਦੌਲਤ ਹਾਸਲ ਕਰ ਲਈ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ।’ ਪਰ ਤੁਹਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਤੁਸੀਂ ਦੁਖੀ, ਤਰਸਯੋਗ, ਗਰੀਬ, ਅੰਨ੍ਹੇ ਅਤੇ ਨੰਗੇ ਹੋ। 18 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਮੇਰੇ ਕੋਲੋਂ ਅੱਗ ਵਿੱਚ ਸ਼ੁੱਧ ਕੀਤਾ ਹੋਇਆ ਸੋਨਾ ਖਰੀਦੋ, ਤਾਂ ਜੋ ਤੁਸੀਂ ਅਮੀਰ ਬਣ ਸਕੋ; ਅਤੇ ਪਹਿਨਣ ਲਈ ਚਿੱਟੇ ਕੱਪੜੇ, ਤਾਂ ਜੋ ਤੁਸੀਂ ਆਪਣੀ ਸ਼ਰਮਨਾਕ ਨੰਗੇਜ਼ ਨੂੰ ਢੱਕ ਸਕੋ; ਅਤੇ ਆਪਣੀਆਂ ਅੱਖਾਂ ਵਿੱਚ ਪਾਉਣ ਲਈ ਸੁਰਮਾ, ਤਾਂ ਜੋ ਤੁਸੀਂ ਵੇਖ ਸਕੋ। 19 ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹਨਾਂ ਨੂੰ ਮੈਂ ਝਿੜਕਦਾ ਹਾਂ ਅਤੇ ਤਾੜਦਾ ਹਾਂ। ਇਸ ਲਈ ਇਮਾਨਦਾਰ ਬਣੋ ਅਤੇ ਤੋਬਾ ਕਰੋ। 20 ਵੇਖੋ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਆਵਾਜ਼ ਸੁਣਦਾ ਹੈ ਅਤੇ ਦਰਵਾਜ਼ਾ ਖੋਲ੍ਹਦਾ ਹੈ, ਮੈਂ ਅੰਦਰ ਆਵਾਂਗਾ ਅਤੇ ਉਸ ਵਿਅਕਤੀ ਦੇ ਨਾਲ ਖਾਵਾਂਗਾ, ਅਤੇ ਉਹ ਮੇਰੇ ਨਾਲ ਖਾਵੇਗਾ। 21 ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬੈਠਣ ਦਾ ਹੱਕ ਦੇਵਾਂਗਾ, ਜਿਵੇਂ ਮੈਂ ਜਿੱਤ ਕੇ ਆਪਣੇ ਪਿਤਾ ਦੇ ਨਾਲ ਉਸ ਦੇ ਸਿੰਘਾਸਣ ਉੱਤੇ ਬੈਠਾ ਸੀ। 22 ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ।"