1 ਤਦ ਸਵਰਗਦੂਤ ਨੇ ਮੈਨੂੰ ਜੀਵਨ ਦੇ ਜਲ ਦੀ ਨਦੀ ਵਿਖਾਈ, ਜੋ ਬਲੌਰ ਵਾਂਗ ਸਾਫ਼ ਅਤੇ ਜੋ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਣ ਦੇ ਵਿੱਚਕਾਰੋ ਨਿਕਲਦੀ ਸੀ, 2 ਉਸ ਨਦੀ ਦੇ ਦੋਨਾਂ ਕਿਨਾਰਿਆ ਉੱਤੇ ਜੀਵਨ ਦਾ ਦਰੱਖਤ ਹੈ। ਜਿਸ ਨੂੰ ਬਾਰ੍ਹਾ ਪ੍ਰਕਾਰ ਦੇ ਫ਼ਲ ਲੱਗਦੇ ਹਨ, ਅਤੇ ਉਹ ਹਰ ਮਹੀਨੇ ਆਪਣਾ ਫ਼ਲ ਦਿੰਦਾ ਹੈ, ਅਤੇ ਉਸ ਦੇ ਪੱਤੇ ਰਾਸ਼ਟਰਾ ਦੇ ਇਲਾਜ ਲਈ ਹਨ। 3 ਹੁਣ ਅਗਾਹਾਂ ਨੂੰ ਕੋਈ ਸਰਾਪ ਨਹੀਂ ਹੋਵੇਗਾ। ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ ਉਹਨਾਂ ਦੇ ਦਾਸ ਉਹਨਾਂ ਦੀ ਬੰਦਗੀ ਕਰਨਗੇ। 4 ਉਹ ਉਹਨਾਂ ਦਾ ਚਿਹਰਾ ਵੇਖਣਗੇ, ਅਤੇ ਪਰਮੇਸ਼ਵਰ ਦਾ ਨਾਮ ਉਹਨਾਂ ਦੇ ਮੱਥੇ ਤੇ ਹੋਵੇਗਾ। 5 ਅਤੇ ਅੱਗੇ ਤੋਂ ਉੱਥੇ ਰਾਤ ਨਾ ਹੋਵੇਗੀ। ਉਹਨਾਂ ਨੂੰ ਨਾ ਸੂਰਜ ਦੀ ਰੋਸ਼ਨੀ ਦੀ, ਨਾ ਦੀਵੇ ਦੀ ਰੋਸ਼ਨੀ ਦੀ ਲੋੜ ਹੋਵੇਗੀ, ਕਿਉ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਰੋਸ਼ਨੀ ਦੇਵੇਗਾ। ਅਤੇ ਉਹ ਹਮੇਸ਼ਾ ਲਈ ਰਾਜ ਕਰਨਗੇ।
6 ਸਵਰਗਦੂਤ ਨੇ ਮੈਨੂੰ ਆਖਿਆ, "ਇਹ ਵਚਨ ਵਿਸ਼ਵਾਸਯੋਗ ਅਤੇ ਸੱਚੇ ਹਨ। ਪ੍ਰਭੂ, ਜੋ ਨਬੀਆਂ ਨੂੰ ਪ੍ਰੇਰਨਾ ਦਿੰਦਾ ਹੈ, ਉਹਨਾਂ ਨੇ ਆਪਣੇ ਸਵਰਗਦੂਤ ਨੂੰ ਭੇਜਿਆ, ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣਿਆਂ ਦਾਸਾਂ ਨੂੰ ਵਿਖਾਵੇ।"
7 "ਵੇਖ, ਮੈਂ ਛੇਤੀ ਆਉਂਦਾ ਹਾਂ! ਮੁਬਾਰਕ ਹੈ ਉਹ ਜਿਹੜਾ ਇਨ੍ਹਾਂ ਪੁਸਤਕ ਵਿੱਚ ਲਿਖੀਆ ਹੋਈਆ ਭਵਿੱਖਬਾਣੀਆ ਦੀਆ ਗੱਲਾਂ ਦੀ ਪਾਲਣਾ ਕਰਦਾ ਹੈ।"
8 ਮੈਂ ਯੋਹਨ ਉਹ ਹਾਂ, ਜਿਸ ਨੇ ਇਨ੍ਹਾਂ ਗੱਲਾਂ ਨੂੰ ਵੇਖਿਆ ਅਤੇ ਸੁਣਿਆ। ਅਤੇ ਜਦੋਂ ਮੈਂ ਇਨ੍ਹਾਂ ਗੱਲਾਂ ਨੂੰ ਵੇਖਿਆ ਅਤੇ ਸੁਣਿਆ, ਤਾਂ ਮੈਂ ਸਵਰਗਦੂਤ ਦੇ ਪੈਰੀ ਡਿੱਗ ਕੇ ਉਸ ਦੀ ਮਹਿਮਾ ਕਰਨ ਲੱਗਾ ਜਿਸ ਨੇ ਮੈਨੂੰ ਇਹ ਸਭ ਵਿਖਾਇਆ ਸੀ। 9 ਪਰ ਉਸ ਨੇ ਮੈਨੂੰ ਆਖਿਆ, "ਇਸ ਤਰ੍ਹਾਂ ਨਾ ਕਰ! ਮੈਂ ਵੀ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਨ੍ਹਾਂ ਪੋਥੀ ਦੀਆ ਗੱਲਾਂ ਦੀ ਪਾਲਨਾ ਕਰਦੇ ਹਨ, ਨਾਲ ਦਾ ਦਾਸ ਹਾਂ। ਪਰਮੇਸ਼ਵਰ ਦੀ ਮਹਿਮਾ ਕਰ!"
10 ਤਦ ਉਸ ਨੇ ਮੈਨੂੰ ਆਖਿਆ, "ਇਸ ਪੋਥੀ ਦੀ ਭਵਿੱਖਬਾਣੀਆ ਦੀਆ ਗੱਲਾਂ ਉੱਤੇ ਮੋਹਰ ਨਾ ਲਗਾ, ਕਿਉਂਕਿ ਸਮਾਂ ਨੇੜੇ ਹੈ। 11 ਜਿਹੜਾ ਗਲਤ ਕਰਦਾ ਹੈ ਉਹ ਅਗਾਹਾਂ ਨੂੰ ਗਲਤ ਹੀ ਕਰੀ ਜਾਵੇ; ਅਤੇ ਜਿਹੜਾ ਅਸ਼ੁੱਧ ਹੈ ਉਹ ਅਗਾਹਾਂ ਨੂੰ ਅਸ਼ੁੱਧ ਹੋਈ ਜਾਵੇ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮੀ ਹੋਈ ਜਾਵੇ; ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਵੇ।"
12 "ਵੇਖੋ, ਮੈਂ ਜਲਦੀ ਆਉਂਦਾ ਹਾਂ! ਮੇਰਾ ਇਨਾਮ ਮੇਰੇ ਕੋਲ ਹੈ, ਮੈ ਹਰ ਇੱਕ ਆਦਮੀ ਨੂੰ ਉਸਦੇ ਕੰਮਾਂ ਦੇ ਅਨੁਸਾਰ ਫ਼ਲ ਦੇਵਾਂਗਾ। 13 ਮੈਂ ਅਲਫਾ ਅਤੇ ਓਮੇਗਾ ਹਾਂ, ਅਤੇ ਪਹਿਲਾਂ ਅਤੇ ਪਿਛਲਾ, ਸ਼ੁਰੂਆਤ ਅਤੇ ਅੰਤ ਹਾਂ।
14 "ਮੁਬਾਰਕ ਹਨ ਉਹ ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ, ਉਹਨਾਂ ਨੂੰ ਜੀਵਨ ਦੇ ਦਰੱਖਤ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਰਾਹੀ ਉਸ ਸ਼ਹਿਰ ਵਿੱਚ ਪਰਵੇਸ਼ ਕਰਨ। 15 ਕੁੱਤੇ, ਜਾਦੂਗਰ, ਵਿਭਚਾਰੀ, ਖੂਨੀ, ਮੂਰਤੀ ਪੂਜਕ, ਅਤੇ ਹਰ ਕੋਈ ਜਿਹੜਾ ਝੂਠ ਨੂੰ ਪਿਆਰ ਕਰਦਾ ਅਤੇ ਉਸ ਉੱਤੇ ਚੱਲਦਾ ਹੈ ਉਹ ਸ਼ਹਿਰ ਵਿੱਚ ਪਰਵੇਸ਼ ਨਹੀਂ ਕਰੇਗਾ।
16 "ਮੈਂ, ਯਿਸ਼ੂ, ਆਪਣੇ ਦੂਤ ਨੂੰ ਕਲੀਸਿਆਵਾਂ ਦੇ ਕੋਲ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਭੇਜਿਆ ਹੈ। ਮੈਂ ਦਾਵੀਦ ਦੀ ਜੜ੍ਹ ਅਤੇ ਅੰਸ ਹਾਂ, ਅਤੇ ਸਵੇਰ ਦਾ ਚਮਕਦਾ ਹੋਇਆ ਤਾਰਾ।"
17 ਆਤਮਾ ਅਤੇ ਲਾੜੀ ਆਖਦੀ ਹੈ, "ਆਓ!" ਅਤੇ ਜਿਹੜਾ ਸੁਣਦਾ ਹੈ ਉਹ ਆਖੇ, "ਆਓ!" ਜਿਹੜਾ ਪਿਆਸਾ ਹੈ ਉਹ ਆਵੇ; ਅਤੇ ਜਿਹੜਾ ਚਾਹੇ ਉਹ ਜੀਵਨ ਜਲ ਮੁਫ਼ਤ ਲਵੇ।
18 ਮੈਂ ਹਰ ਇੱਕ ਨੂੰ ਜਿਹੜਾ ਇਸ ਪੋਥੀ ਦੀ ਭਵਿੱਖਬਾਣੀਆ ਦੀਆ ਸ਼ਬਦਾ ਨੂੰ ਸੁਣਦਾ ਹੈ: ਜੇ ਕੋਈ ਵੀ ਇਨ੍ਹਾਂ ਵਿੱਚ ਕੁਝ ਹੋਰ ਸ਼ਾਮਲ ਕਰੇ, ਤਾਂ ਪਰਮੇਸ਼ਵਰ ਉਹਨਾਂ ਮਹਾਂਮਾਰੀਆਂ ਨੂੰ ਜਿਨ੍ਹਾਂ ਦਾ ਵਰਣਨ ਇਸ ਵਿੱਚ ਕੀਤਾ ਗਿਆ ਹੈ ਉਸ ਉੱਤੇ ਲਿਆਵੇਗਾ। 19 ਜੇ ਕੋਈ ਇਨ੍ਹਾਂ ਪੋਥੀ ਦੀ ਭਵਿੱਖਬਾਣੀਆ ਦੀਆਂ ਸ਼ਬਦਾ ਵਿੱਚੋਂ ਕੁਝ ਘਟਾਵੇ, ਤਾਂ ਪਰਮੇਸ਼ਵਰ ਜੀਵਨ ਦੇ ਰੁੱਖ ਅਤੇ ਉਸ ਪਵਿੱਤਰ ਸ਼ਹਿਰ ਵਿੱਚੋਂ, ਜਿਸ ਦਾ ਵਰਣਨ ਇਸ ਅਭਿਲੇਖ ਵਿੱਚ ਕੀਤਾ ਗਿਆ ਹੈ ਉਸ ਮਨੁੱਖ ਦਾ ਹਿੱਸਾ ਘਟਾਵੇਗਾ।
20 ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਅਤੇ ਆਖਦਾ ਹੈ, "ਹਾਂ, ਮੈਂ ਛੇਤੀ ਆਉਂਦਾ ਹਾਂ।"
ਆਮੀਨ। ਪ੍ਰਭੂ ਯਿਸ਼ੂ, ਆਓ।
21 ਪ੍ਰਭੂ ਯਿਸ਼ੂ ਦੀ ਕਿਰਪਾ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਹੋਵੇ। ਆਮੀਨ।