Publicidade

Gênesis 1

ਅਰੰਭ

1 ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ। 2 ਹੁਣ ਧਰਤੀ ਬੇਡੌਲ ਅਤੇ ਵਿਰਾਨ ਸੀ, ਡੂੰਘਾਈ ਦੀ ਸਤ੍ਹਾ ਉੱਤੇ ਹਨੇਰਾ ਸੀ ਅਤੇ ਪਰਮੇਸ਼ਵਰ ਦਾ ਆਤਮਾ ਪਾਣੀਆਂ ਉੱਤੇ ਘੁੰਮਦਾ ਸੀ।

3 ਅਤੇ ਪਰਮੇਸ਼ਵਰ ਨੇ ਆਖਿਆ, "ਚਾਨਣ ਹੋਵੇ" ਅਤੇ ਚਾਨਣ ਹੋ ਗਿਆ। 4 ਪਰਮੇਸ਼ਵਰ ਨੇ ਵੇਖਿਆ ਕਿ ਚਾਨਣ ਚੰਗਾ ਹੈ ਅਤੇ ਪਰਮੇਸ਼ਵਰ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰ ਦਿੱਤਾ। 5 ਪਰਮੇਸ਼ਵਰ ਨੇ ਚਾਨਣ ਨੂੰ "ਦਿਨ" ਅਤੇ ਹਨੇਰੇ ਨੂੰ "ਰਾਤ" ਆਖਿਆ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ।

6 ਫਿਰ ਪਰਮੇਸ਼ਵਰ ਨੇ ਕਿਹਾ, "ਪਾਣੀ ਨੂੰ ਪਾਣੀ ਤੋਂ ਵੱਖ ਕਰਨ ਲਈ ਪਾਣੀਆਂ ਦੇ ਵਿਚਕਾਰ ਇੱਕ ਅੰਬਰ ਹੋਵੇ।" 7 ਇਸ ਤਰ੍ਹਾਂ ਪਰਮੇਸ਼ਵਰ ਨੇ ਹੇਠਲੇ ਪਾਣੀ ਨੂੰ ਉੱਪਰਲੇ ਪਾਣੀ ਤੋਂ ਵੱਖ ਕਰ ਦਿੱਤਾ ਅਤੇ ਉਹ ਇਸੇ ਤਰ੍ਹਾਂ ਹੀ ਹੋ ਗਿਆ। 8 ਪਰਮੇਸ਼ਵਰ ਨੇ ਅੰਬਰ ਨੂੰ "ਅਕਾਸ਼" ਕਿਹਾ, ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ ਅਤੇ ਇਹ ਦੂਸਰਾ ਦਿਨ ਸੀ।

9 ਅਤੇ ਪਰਮੇਸ਼ਵਰ ਨੇ ਆਖਿਆ, "ਅਕਾਸ਼ ਦੇ ਹੇਠਲਾਂ ਪਾਣੀ ਇੱਕ ਥਾਂ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਦਿਖਾਈ ਦੇਵੇ" ਅਤੇ ਉਸ ਤਰ੍ਹਾਂ ਹੀ ਹੋ ਗਿਆ। 10 ਪਰਮੇਸ਼ਵਰ ਨੇ ਸੁੱਕੀ ਜ਼ਮੀਨ ਨੂੰ "ਧਰਤੀ" ਅਤੇ ਇਕੱਠੇ ਕੀਤੇ ਪਾਣੀਆਂ ਨੂੰ "ਸਮੁੰਦਰ" ਕਿਹਾ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ।

11 ਤਦ ਪਰਮੇਸ਼ਵਰ ਨੇ ਆਖਿਆ, ਜ਼ਮੀਨ ਬਨਸਪਤੀ ਪੈਦਾ ਕਰੇ, ਬੀਜ ਪੈਦਾ ਕਰਨ ਵਾਲੇ ਪੌਦੇ ਅਤੇ ਜ਼ਮੀਨ ਉੱਤੇ ਰੁੱਖ ਜਿਹੜੇ ਬੀਜ ਨਾਲ ਫਲ ਦਿੰਦੇ ਹਨ, ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ ਅਤੇ ਇਹ ਇਸੇ ਤਰ੍ਹਾਂ ਹੀ ਹੋ ਗਿਆ। 12 ਧਰਤੀ ਨੇ ਬਨਸਪਤੀ ਪੈਦਾ ਕੀਤੀ; ਪੌਦੇ ਆਪਣੀ ਕਿਸਮ ਦੇ ਅਨੁਸਾਰ ਬੀਜ ਦਿੰਦੇ ਹਨ ਅਤੇ ਰੁੱਖ ਆਪਣੀ ਕਿਸਮ ਦੇ ਅਨੁਸਾਰ ਬੀਜ ਵਾਲੇ ਫਲ ਦਿੰਦੇ ਹਨ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਸੀ। 13 ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਤੀਸਰਾ ਦਿਨ ਹੋਇਆ।

14 ਅਤੇ ਪਰਮੇਸ਼ਵਰ ਨੇ ਕਿਹਾ, "ਕਿ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਚਮਕਣ ਜਿਹੜੀਆਂ ਦਿਨ ਨੂੰ ਰਾਤ ਤੋਂ ਅਲੱਗ ਕਰਨ, ਇਹ ਸਮਿਆਂ, ਨਿਸ਼ਾਨੀਆਂ, ਰੁੱਤਾਂ, ਵਰਿਆਂ ਅਤੇ ਦਿਨਾਂ ਨੂੰ ਠਹਿਰਾਉਣ। 15 ਉਹ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਹੋਣ ਜੋ ਧਰਤੀ ਉੱਤੇ ਚਮਕਣ ਅਤੇ ਅਜਿਹਾ ਹੀ ਹੋ ਗਿਆ।" 16 ਪਰਮੇਸ਼ਵਰ ਨੇ ਦੋ ਵੱਡੀਆਂ ਰੌਸ਼ਨੀਆਂ ਬਣਾਈਆਂ, ਦਿਨ ਉੱਤੇ ਰਾਜ ਕਰਨ ਲਈ ਵੱਡੀ ਰੋਸ਼ਨੀ ਅਤੇ ਰਾਤ ਉੱਤੇ ਰਾਜ ਕਰਨ ਲਈ ਛੋਟੀ ਰੌਸ਼ਨੀ ਅਤੇ ਨਾਲ ਹੀ ਉਸ ਨੇ ਤਾਰੇ ਵੀ ਬਣਾਏ। 17 ਪਰਮੇਸ਼ਵਰ ਨੇ ਉਹਨਾਂ ਨੂੰ ਅਕਾਸ਼ ਦੇ ਅੰਬਰ ਵਿੱਚ ਧਰਤੀ ਉੱਤੇ ਰੋਸ਼ਨੀ ਦੇਣ ਲਈ ਰੱਖਿਆ, 18 ਤਾਂ ਜੋ ਉਹ ਦਿਨ ਅਤੇ ਰਾਤ ਉੱਤੇ ਰਾਜ ਕਰਨ ਅਤੇ ਹਨੇਰੇ ਤੋਂ ਰੋਸ਼ਨੀ ਨੂੰ ਵੱਖ ਕਰਨ ਲਈ। ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ। 19 ਅਤੇ ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਚੌਥਾ ਦਿਨ ਹੋਇਆ।

20 ਫਿਰ ਪਰਮੇਸ਼ਵਰ ਨੇ ਆਖਿਆ, "ਪਾਣੀ ਜੀਉਂਦੇ ਜੀਵਾਂ ਨਾਲ ਭਰ ਜਾਵੇ, ਅਤੇ ਪੰਛੀ ਧਰਤੀ ਦੇ ਉੱਪਰ ਅਕਾਸ਼ ਦੇ ਅੰਬਰਾਂ ਵਿੱਚ ਉੱਡਣ।" 21 ਇਸ ਲਈ ਪਰਮੇਸ਼ਵਰ ਨੇ ਸਮੁੰਦਰ ਦੇ ਵੱਡੇ-ਵੱਡੇ ਜਲ ਜੰਤੂਆਂ ਨੂੰ ਅਤੇ ਪਾਣੀ ਵਿੱਚ ਚੱਲਣ ਵਾਲੇ ਜੀਉਂਦੇ ਪ੍ਰਾਣੀਆਂ ਨੂੰ ਉਤਪਤ ਕੀਤਾ ਅਤੇ ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਪਾਣੀ ਭਰ ਗਏ ਨਾਲੇ ਖੰਭ ਵਾਲੇ ਪੰਛੀ ਨੂੰ ਆਪਣੀ ਕਿਸਮ ਦੇ ਅਨੁਸਾਰ ਉਤਪਤ ਕੀਤੇ, ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ। 22 ਪਰਮੇਸ਼ਵਰ ਨੇ ਉਹਨਾਂ ਨੂੰ ਇਹ ਕਹਿ ਕੇ ਅਸੀਸ ਦਿੱਤੀ, "ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਸਮੁੰਦਰਾਂ ਦੇ ਪਾਣੀਆਂ ਨੂੰ ਭਰ ਦਿਓ ਅਤੇ ਧਰਤੀ ਉੱਤੇ ਪੰਛੀ ਵੱਧਣ।" 23 ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪੰਜਵਾਂ ਦਿਨ ਹੋਇਆ।

24 ਅਤੇ ਪਰਮੇਸ਼ਵਰ ਨੇ ਕਿਹਾ, "ਧਰਤੀ ਦੇ ਜੀਵਤ ਪ੍ਰਾਣੀਆਂ ਨੂੰ, ਪਸ਼ੂਆਂ ਨੂੰ, ਜੰਤੂਆਂ ਨੂੰ, ਘਿੱਸਰਨ ਵਾਲਿਆਂ ਨੂੰ, ਜੰਗਲੀ ਜਾਨਵਰਾਂ ਅਤੇ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਪੈਦਾ ਕਰੇ।" ਅਤੇ ਇਹ ਇਸੇ ਤਰ੍ਹਾਂ ਹੀ ਹੋ ਗਿਆ। 25 ਪਰਮੇਸ਼ਵਰ ਨੇ ਜੰਗਲੀ ਜਾਨਵਰਾਂ ਨੂੰ ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ, ਪਸ਼ੂਆਂ ਨੂੰ ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ ਅਤੇ ਧਰਤੀ ਉੱਤੇ ਚੱਲਣ ਵਾਲੇ ਸਾਰੇ ਪ੍ਰਾਣੀਆਂ ਨੂੰ ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ ਬਣਾਇਆ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ।

26 ਤਦ ਪਰਮੇਸ਼ਵਰ ਨੇ ਆਖਿਆ, ਆਓ ਮਨੁੱਖ ਨੂੰ ਆਪਣੇ ਸਰੂਪ ਉੱਤੇ ਆਪਣੇ ਵਰਗਾ ਬਣਾਈਏ ਤਾਂ ਜੋ ਉਹ ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ, ਪਸ਼ੂਆਂ, ਜੰਗਲੀ ਜਾਨਵਰਾਂ ਅਤੇ ਧਰਤੀ ਉੱਤੇ ਘਿੱਸਰਨ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਰਾਜ ਕਰਨ।

27 ਇਸ ਲਈ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ,

ਪਰਮੇਸ਼ਵਰ ਦੇ ਸਰੂਪ ਉੱਤੇ ਉਸ ਨੇ ਉਹਨਾਂ ਨੂੰ;

ਨਰ ਅਤੇ ਨਾਰੀ ਕਰਕੇ ਬਣਾਇਆ।

28 ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਕਿਹਾ, "ਫਲੋ ਅਤੇ ਗਿਣਤੀ ਵਿੱਚ ਵੱਧੋ, ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧੀਨ ਕਰੋ। ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਚੱਲਣ ਵਾਲੇ ਹਰ ਜੀਵ ਉੱਤੇ ਰਾਜ ਕਰੋ।"

29 ਤਦ ਪਰਮੇਸ਼ਵਰ ਨੇ ਆਖਿਆ, "ਮੈਂ ਤੁਹਾਨੂੰ ਸਾਰੀ ਧਰਤੀ ਉੱਤੇ ਹਰ ਬੀਜ ਪੈਦਾ ਕਰਨ ਵਾਲਾ ਬੂਟਾ ਦਿੰਦਾ ਹਾਂ, ਉਹ ਤੁਹਾਡੇ ਭੋਜਨ ਲਈ ਹੋਣਗੇ। 30 ਅਤੇ ਧਰਤੀ ਦੇ ਸਾਰੇ ਜਾਨਵਰਾਂ ਅਤੇ ਅਕਾਸ਼ ਦੇ ਸਾਰੇ ਪੰਛੀਆਂ ਨੂੰ ਅਤੇ ਧਰਤੀ ਉੱਤੇ ਘਿੱਸਰਣ ਵਾਲੇ ਸਾਰੇ ਪ੍ਰਾਣੀਆਂ ਨੂੰ, ਹਰ ਉਹ ਚੀਜ਼ ਜਿਸ ਵਿੱਚ ਜੀਵਨ ਦਾ ਸਾਹ ਹੈ, ਮੈਂ ਭੋਜਨ ਲਈ ਹਰ ਹਰਾ ਬੂਟਾ ਦਿੰਦਾ ਹਾਂ।" ਅਤੇ ਇਸੇ ਤਰ੍ਹਾਂ ਹੀ ਹੋ ਗਿਆ।

31 ਪਰਮੇਸ਼ਵਰ ਨੇ ਉਹ ਸਭ ਕੁਝ ਦੇਖਿਆ ਜੋ ਉਸ ਨੇ ਬਣਾਇਆ ਸੀ ਅਤੇ ਇਹ ਬਹੁਤ ਚੰਗਾ ਸੀ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਛੇਵਾਂ ਦਿਨ ਹੋਇਆ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-