Publicidade

Gênesis 29

ਯਾਕੋਬ ਪਦਨ ਅਰਾਮ ਵਿੱਚ ਪਹੁੰਚਿਆ

1 ਤਦ ਯਾਕੋਬ ਨੇ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਪੂਰਬੀ ਲੋਕਾਂ ਦੇ ਦੇਸ਼ ਵਿੱਚ ਆਇਆ। 2 ਉੱਥੇ ਉਸ ਨੇ ਖੁੱਲ੍ਹੇ ਦੇਸ਼ ਵਿੱਚ ਇੱਕ ਖੂਹ ਵੇਖਿਆ ਜਿਸ ਦੇ ਕੋਲ ਭੇਡਾਂ ਦੇ ਤਿੰਨ ਝੁੰਡ ਬੈਠੇ ਸਨ ਕਿਉਂਕਿ ਉਹ ਉਸ ਖੂਹ ਤੋਂ ਇੱਜੜਾ ਨੂੰ ਪਾਣੀ ਪਿਲਾਉਂਦੇ ਸਨ। ਖੂਹ ਦੇ ਮੂੰਹ ਉੱਤੇ ਪੱਥਰ ਵੱਡਾ ਸੀ। 3 ਜਦੋਂ ਸਾਰੇ ਇੱਜੜ ਉੱਥੇ ਇਕੱਠੇ ਹੋ ਜਾਂਦੇ, ਤਾਂ ਚਰਵਾਹੇ ਖੂਹ ਦੇ ਮੂੰਹ ਤੋਂ ਪੱਥਰ ਨੂੰ ਹਟਾ ਦਿੰਦੇ ਅਤੇ ਭੇਡਾਂ ਨੂੰ ਪਾਣੀ ਪਿਲਾਉਂਦੇ। ਫਿਰ ਉਹ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੀ ਥਾਂ ਤੇ ਵਾਪਸ ਰੱਖ ਦਿੰਦੇ ਸਨ।

4 ਯਾਕੋਬ ਨੇ ਆਜੜੀਆਂ ਨੂੰ ਪੁੱਛਿਆ, ਹੇ ਮੇਰੇ ਭਰਾਵੋ ਤੁਸੀਂ ਕਿੱਥੋਂ ਦੇ ਹੋ?

ਉਹਨਾਂ ਨੇ ਜਵਾਬ ਦਿੱਤਾ, "ਅਸੀਂ ਹਾਰਾਨ ਤੋਂ ਹਾਂ।"

5 ਉਸ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਨਾਹੋਰ ਦੇ ਪੋਤੇ ਲਾਬਾਨ ਨੂੰ ਜਾਣਦੇ ਹੋ?

ਉਹਨਾਂ ਨੇ ਜਵਾਬ ਦਿੱਤਾ, "ਹਾਂ, ਅਸੀਂ ਉਸਨੂੰ ਜਾਣਦੇ ਹਾਂ।"

6 ਤਦ ਯਾਕੋਬ ਨੇ ਉਹਨਾਂ ਨੂੰ ਪੁੱਛਿਆ, ਕੀ ਉਹ ਠੀਕ ਹੈ?

ਉਹਨਾਂ ਨੇ ਕਿਹਾ, "ਹਾਂ ਉਹ ਠੀਕ ਹੈ ਅਤੇ ਇੱਥੇ ਉਸਦੀ ਧੀ ਰਾਖ਼ੇਲ ਭੇਡਾਂ ਲੈ ਕੇ ਆ ਰਹੀ ਹੈ।"

7 ਉਸ ਨੇ ਕਿਹਾ, "ਵੇਖੋ, ਸੂਰਜ ਅਜੇ ਵੀ ਉੱਚਾ ਹੈ। ਇਹ ਇੱਜੜਾਂ ਦੇ ਇਕੱਠੇ ਹੋਣ ਦਾ ਸਮਾਂ ਨਹੀਂ ਹੈ। ਭੇਡਾਂ ਨੂੰ ਪਾਣੀ ਪਿਲਾਓ ਅਤੇ ਉਹਨਾਂ ਨੂੰ ਚਰਾਉਣ ਲਈ ਵਾਪਸ ਲੈ ਜਾਓ।"

8 ਉਹਨਾਂ ਨੇ ਉੱਤਰ ਦਿੱਤਾ, "ਅਸੀਂ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਇੱਜੜ ਇਕੱਠੇ ਨਾ ਹੋ ਜਾਣ ਅਤੇ ਪੱਥਰ ਨੂੰ ਖੂਹ ਦੇ ਮੂੰਹ ਤੋਂ ਹਟਾ ਦਿੱਤਾ ਜਾਵੇ। ਫਿਰ ਅਸੀਂ ਭੇਡਾਂ ਨੂੰ ਪਾਣੀ ਪਿਲਾ ਸਕਦੇ ਹਾਂ।"

9 ਜਦੋਂ ਉਹ ਅਜੇ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਤਾਂ ਰਾਖ਼ੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ ਕਿਉਂ ਜੋ ਉਹ ਇੱਕ ਆਜੜੀ ਸੀ। 10 ਜਦੋਂ ਯਾਕੋਬ ਨੇ ਆਪਣੇ ਚਾਚੇ ਲਾਬਾਨ ਦੀ ਧੀ ਰਾਖ਼ੇਲ ਅਤੇ ਲਾਬਾਨ ਦੀਆਂ ਭੇਡਾਂ ਨੂੰ ਵੇਖਿਆ ਤਾਂ ਉਸ ਨੇ ਪਾਰ ਜਾ ਕੇ ਪੱਥਰ ਨੂੰ ਖੂਹ ਦੇ ਮੂੰਹ ਤੋਂ ਹਟਾ ਦਿੱਤਾ ਅਤੇ ਆਪਣੇ ਚਾਚੇ ਦੀਆਂ ਭੇਡਾਂ ਨੂੰ ਪਾਣੀ ਪਿਲਾਇਆ। 11 ਤਦ ਯਾਕੋਬ ਨੇ ਰਾਖ਼ੇਲ ਨੂੰ ਚੁੰਮਿਆ ਅਤੇ ਉੱਚੀ-ਉੱਚੀ ਰੋਣ ਲੱਗਾ। 12 ਯਾਕੋਬ ਨੇ ਰਾਖ਼ੇਲ ਨੂੰ ਦੱਸਿਆ ਸੀ ਕਿ ਉਹ ਉਸ ਦੇ ਪਿਤਾ ਦਾ ਰਿਸ਼ਤੇਦਾਰ ਅਤੇ ਰਿਬਕਾਹ ਦਾ ਪੁੱਤਰ ਸੀ। ਇਸ ਲਈ ਉਸ ਨੇ ਭੱਜ ਕੇ ਆਪਣੇ ਪਿਤਾ ਨੂੰ ਦੱਸਿਆ।

13 ਜਿਵੇਂ ਹੀ ਲਾਬਾਨ ਨੇ ਆਪਣੀ ਭੈਣ ਦੇ ਪੁੱਤਰ ਯਾਕੋਬ ਦੀ ਖ਼ਬਰ ਸੁਣੀ ਤਾਂ ਉਹ ਉਸ ਨੂੰ ਮਿਲਣ ਲਈ ਕਾਹਲਾ ਹੋਇਆ। ਉਸ ਨੇ ਉਸ ਨੂੰ ਗਲੇ ਲਾਇਆ ਅਤੇ ਚੁੰਮਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਅਤੇ ਉੱਥੇ ਯਾਕੋਬ ਨੇ ਉਸ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। 14 ਤਦ ਲਾਬਾਨ ਨੇ ਉਹ ਨੂੰ ਆਖਿਆ, ਤੂੰ ਮੇਰਾ ਆਪਣਾ ਮਾਸ ਅਤੇ ਲਹੂ ਹੈ।

ਯਾਕੋਬ ਨੇ ਲੇਆਹ ਅਤੇ ਰਾਖ਼ੇਲ ਨਾਲ ਵਿਆਹ ਕੀਤਾ

ਯਾਕੋਬ ਇੱਕ ਪੂਰਾ ਮਹੀਨਾ ਉਸ ਦੇ ਨਾਲ ਰਿਹਾ, 15 ਲਾਬਾਨ ਨੇ ਯਾਕੋਬ ਨੂੰ ਕਿਹਾ, "ਕਿਉਂਕਿ ਤੂੰ ਮੇਰਾ ਰਿਸ਼ਤੇਦਾਰ ਹੈ, ਕੀ ਤੂੰ ਮੇਰੇ ਲਈ ਮੁ਼ਫ਼ਤ ਕੰਮ ਕਰੇਂਗਾ? ਮੈਨੂੰ ਦੱਸ ਤੂੰ ਕੀ ਮਜ਼ਦੂਰੀ ਲਵੇਗਾ।"

16 ਹੁਣ ਲਾਬਾਨ ਦੀਆਂ ਦੋ ਧੀਆਂ ਸਨ; ਵੱਡੀ ਦਾ ਨਾਮ ਲੇਆਹ ਸੀ ਅਤੇ ਛੋਟੀ ਦਾ ਨਾਮ ਰਾਖ਼ੇਲ ਸੀ। 17 ਲੇਆਹ ਦੀਆਂ ਅੱਖਾਂ ਕਮਜ਼ੋਰ ਸਨ ਪਰ ਰਾਖ਼ੇਲ ਸੋਹਣੀ ਅਤੇ ਸੁੰਦਰ ਸੀ। 18 ਯਾਕੋਬ ਨੂੰ ਰਾਖ਼ੇਲ ਨਾਲ ਪਿਆਰ ਸੀ ਅਤੇ ਉਸਨੇ ਕਿਹਾ, "ਤੇਰੀ ਛੋਟੀ ਧੀ ਰਾਖ਼ੇਲ ਦੇ ਬਦਲੇ ਮੈਂ ਸੱਤ ਸਾਲ ਤੇਰੇ ਲਈ ਕੰਮ ਕਰਾਂਗਾ।"

19 ਲਾਬਾਨ ਨੇ ਆਖਿਆ, "ਇਹ ਚੰਗਾ ਹੈ ਜੋ ਮੈਂ ਉਸ ਨੂੰ ਕਿਸੇ ਹੋਰ ਮਨੁੱਖ ਨੂੰ ਦੇ ਦੇਵਾਂ, ਤੂੰ ਇੱਥੇ ਮੇਰੇ ਨਾਲ ਰਹਿ।" 20 ਇਸ ਲਈ ਯਾਕੋਬ ਨੇ ਰਾਖ਼ੇਲ ਨੂੰ ਲੈਣ ਲਈ ਸੱਤ ਸਾਲ ਸੇਵਾ ਕੀਤੀ ਪਰ ਉਹ ਉਸ ਦੇ ਪ੍ਰੇਮ ਦੇ ਕਾਰਨ ਉਸ ਨੂੰ ਥੋੜ੍ਹੇ ਹੀ ਦਿਨ ਲੱਗਦੇ ਸਨ।

21 ਤਦ ਯਾਕੋਬ ਨੇ ਲਾਬਾਨ ਨੂੰ ਆਖਿਆ, ਮੇਰੀ ਪਤਨੀ ਮੈਨੂੰ ਦੇ, ਕਿਉ ਮੇਰਾ ਸਮਾਂ ਪੂਰਾ ਹੋ ਗਿਆ ਹੈ ਅਤੇ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ।

22 ਸੋ ਲਾਬਾਨ ਨੇ ਉੱਥੋਂ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਵਿਆਹ ਦੀ ਦਾਵਤ ਦਿੱਤੀ। 23 ਪਰ ਜਦੋਂ ਸ਼ਾਮ ਹੋਈ ਤਾਂ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੋਬ ਕੋਲ ਲੈ ਆਇਆ ਅਤੇ ਯਾਕੋਬ ਨੇ ਉਸ ਨਾਲ ਪਿਆਰ ਕੀਤਾ। 24 ਅਤੇ ਲਾਬਾਨ ਨੇ ਆਪਣੀ ਦਾਸੀ ਜ਼ਿਲਫ਼ਾਹ ਨੂੰ ਆਪਣੀ ਧੀ ਲੇਆਹ ਦਾ ਸੇਵਾਦਾਰ ਬਣਾ ਦਿੱਤਾ।

25 ਜਦੋਂ ਸਵੇਰ ਹੋਈ ਤਾਂ ਉੱਥੇ ਲੇਆਹ ਸੀ! ਤਾਂ ਯਾਕੋਬ ਨੇ ਲਾਬਾਨ ਨੂੰ ਆਖਿਆ, "ਤੂੰ ਮੇਰੇ ਨਾਲ ਇਹ ਕੀ ਕੀਤਾ ਹੈ? ਕੀ ਮੈਂ ਰਾਖ਼ੇਲ ਲਈ ਤੇਰੀ ਸੇਵਾ ਨਹੀਂ ਕੀਤੀ? ਤੂੰ ਮੈਨੂੰ ਕਿਉਂ ਧੋਖਾ ਦਿੱਤਾ?"

26 ਲਾਬਾਨ ਨੇ ਉੱਤਰ ਦਿੱਤਾ, "ਸਾਡੀ ਇੱਥੇ ਇਹ ਰੀਤ ਨਹੀਂ ਹੈ ਕਿ ਅਸੀਂ ਛੋਟੀ ਧੀ ਦਾ ਵਿਆਹ ਵੱਡੀ ਤੋਂ ਪਹਿਲਾਂ ਕਰ ਦੇਈਏ। 27 ਇਸ ਧੀ ਦੇ ਵਿਆਹ ਦੇ ਹਫ਼ਤੇ ਨੂੰ ਪੂਰਾ ਕਰ, ਫਿਰ ਮੈਂ ਤੈਨੂੰ ਦੂਸਰੀ ਵੀ ਉਸ ਸੇਵਾ ਦੇ ਬਦਲੇ, ਜਿਹੜੀ ਤੂੰ ਮੇਰੇ ਲਈ ਹੋਰ ਸੱਤ ਸਾਲ ਕਰੇਂਗਾ ਦੇ ਦਿਆਂਗਾ।"

28 ਅਤੇ ਯਾਕੋਬ ਨੇ ਅਜਿਹਾ ਹੀ ਕੀਤਾ। ਉਸਨੇ ਲੇਆਹ ਦੇ ਨਾਲ ਹਫ਼ਤਾ ਪੂਰਾ ਕੀਤਾ, ਅਤੇ ਫਿਰ ਲਾਬਾਨ ਨੇ ਉਸਨੂੰ ਆਪਣੀ ਧੀ ਰਾਖ਼ੇਲ ਉਸਦੀ ਪਤਨੀ ਹੋਣ ਲਈ ਦੇ ਦਿੱਤੀ। 29 ਲਾਬਾਨ ਨੇ ਆਪਣੀ ਦਾਸੀ ਬਿਲਹਾਹ ਨੂੰ ਆਪਣੀ ਧੀ ਰਾਖ਼ੇਲ ਨੂੰ ਸੇਵਾਦਾਰ ਵਜੋਂ ਦੇ ਦਿੱਤਾ। 30 ਯਾਕੋਬ ਨੇ ਰਾਖ਼ੇਲ ਨਾਲ ਵੀ ਪਿਆਰ ਕੀਤਾ ਅਤੇ ਲੇਆਹ ਨਾਲ ਉਸ ਦੇ ਪਿਆਰ ਨਾਲੋਂ ਰਾਖ਼ੇਲ ਦਾ ਪਿਆਰ ਵੱਧ ਸੀ ਤੇ ਉਸਨੇ ਲਾਬਾਨ ਲਈ ਹੋਰ ਸੱਤ ਸਾਲ ਕੰਮ ਕੀਤਾ।

ਯਾਕੋਬ ਦੇ ਬੱਚੇ

31 ਜਦੋਂ ਯਾਹਵੇਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ, ਤਾਂ ਉਸਨੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ, ਪਰ ਰਾਖ਼ੇਲ ਬੇ-ਔਲਾਦ ਰਹੀ। 32 ਲੇਆਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ, ਉਸਨੇ ਉਸਦਾ ਨਾਮ ਰਊਬੇਨ ਰੱਖਿਆ ਕਿਉਂਕਿ ਉਸਨੇ ਕਿਹਾ, "ਇਹ ਇਸ ਲਈ ਹੈ ਕਿਉਂਕਿ ਯਾਹਵੇਹ ਨੇ ਮੇਰਾ ਦੁੱਖ ਦੇਖਿਆ ਹੈ। ਯਕੀਨਨ ਮੇਰਾ ਪਤੀ ਹੁਣ ਮੈਨੂੰ ਪਿਆਰ ਕਰੇਗਾ।"

33 ਉਹ ਫੇਰ ਗਰਭਵਤੀ ਹੋਈ ਅਤੇ ਜਦੋਂ ਉਸ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸ ਨੇ ਕਿਹਾ, "ਕਿਉਂਕਿ ਯਾਹਵੇਹ ਨੇ ਸੁਣਿਆ ਹੈ ਕਿ ਮੈਂ ਤੁੱਛ ਜਾਣੀ ਗਈ ਸੀ, ਇਸ ਕਾਰਨ ਉਸਨੇ ਮੈਨੂੰ ਇਹ ਪੁੱਤਰ ਵੀ ਦਿੱਤਾ ਹੈ।" ਇਸ ਲਈ ਉਸਨੇ ਉਸਦਾ ਨਾਮ ਸ਼ਿਮਓਨ ਰੱਖਿਆ।

34 ਫੇਰ ਉਹ ਗਰਭਵਤੀ ਹੋਈ ਅਤੇ ਜਦੋਂ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸਨੇ ਕਿਹਾ, "ਹੁਣ ਅੰਤ ਵਿੱਚ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ ਕਿਉਂਕਿ ਮੈਂ ਉਸਦੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਹੈ।" ਇਸ ਲਈ ਉਸਦਾ ਨਾਮ ਲੇਵੀ ਰੱਖਿਆ ਗਿਆ।

35 ਉਹ ਦੁਬਾਰਾ ਗਰਭਵਤੀ ਹੋਈ ਅਤੇ ਜਦੋਂ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸਨੇ ਕਿਹਾ, "ਇਸ ਵਾਰ ਮੈਂ ਯਾਹਵੇਹ ਦੀ ਉਸਤਤ ਕਰਾਂਗੀ।" ਇਸ ਲਈ ਉਸਨੇ ਉਸਦਾ ਨਾਮ ਯਹੂਦਾਹ ਰੱਖਿਆ, ਫ਼ੇਰ ਉਹ ਜਣਨ ਤੋਂ ਰਹਿ ਗਈ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-