1 ਹੁਣ ਸਾਰੇ ਸੰਸਾਰ ਵਿੱਚ ਇੱਕ ਭਾਸ਼ਾ ਅਤੇ ਇੱਕ ਸਾਂਝੀ ਬੋਲੀ ਸੀ। 2 ਜਦੋਂ ਲੋਕ ਪੂਰਬ ਵੱਲ ਵੱਧਦੇ ਗਏ ਤਾਂ ਉਹਨਾਂ ਨੂੰ ਸ਼ਿਨਾਰ ਦੇਸ਼ ਵਿੱਚ ਇੱਕ ਮੈਦਾਨ ਮਿਲਿਆ ਅਤੇ ਉੱਥੇ ਵੱਸ ਗਏ।
3 ਉਹ ਇੱਕ-ਦੂਜੇ ਨੂੰ ਕਹਿਣ ਲੱਗੇ, "ਆਓ, ਇੱਟਾਂ ਬਣਾਈਏ ਅਤੇ ਚੰਗੀ ਤਰ੍ਹਾਂ ਪਕਾਈਏ।" ਉਹਨਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਤੇ ਚੂਨੇ ਦੀ ਥਾਂ ਗਾਰਾ ਸੀ। 4 ਤਦ ਉਹਨਾਂ ਨੇ ਆਖਿਆ, "ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ, ਜਿਸ ਦੀ ਉਚਾਈ ਅਕਾਸ਼ ਤੱਕ ਹੋਵੇ ਤਾਂ ਜੋ ਅਸੀਂ ਆਪਣਾ ਨਾਮ ਬਣਾ ਸਕੀਏ। ਨਹੀਂ ਤਾਂ ਅਸੀਂ ਸਾਰੀ ਧਰਤੀ ਉੱਤੇ ਖਿੱਲਰ ਜਾਵਾਂਗੇ।"
5 ਪਰ ਯਾਹਵੇਹ ਸ਼ਹਿਰ ਅਤੇ ਬੁਰਜ ਨੂੰ ਵੇਖਣ ਲਈ ਹੇਠਾਂ ਆਇਆ ਜਿਸਨੂੰ ਲੋਕ ਬਣਾ ਰਹੇ ਸਨ। 6 ਯਾਹਵੇਹ ਨੇ ਆਖਿਆ, "ਵੇਖੋ, ਇਹ ਲੋਕ ਇੱਕ ਹਨ, ਇਹਨਾਂ ਸਾਰਿਆਂ ਦੀ ਬੋਲੀ ਵੀ ਇੱਕ ਹੈ ਅਤੇ ਇਹਨਾਂ ਨੇ ਇਸ ਕੰਮ ਨੂੰ ਅਰੰਭ ਕੀਤਾ ਹੈ, ਜੋ ਕੁਝ ਵੀ ਉਹ ਕਰਨ ਦਾ ਯਤਨ ਕਰਨਗੇ ਹੁਣ ਉਨ੍ਹਾਂ ਲਈ ਕੁਝ ਵੀ ਰੁਕਾਵਟ ਨਾ ਹੋਵੇਗੀ। 7 ਆਓ, ਅਸੀਂ ਹੇਠਾਂ ਚੱਲੀਏ ਅਤੇ ਉਹਨਾਂ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦੇਈਏ ਤਾਂ ਜੋ ਉਹ ਇੱਕ-ਦੂਜੇ ਦੀ ਭਾਸ਼ਾ ਨਾ ਸਮਝ ਸਕਣ।"
8 ਤਾਂ ਯਾਹਵੇਹ ਨੇ ਉਹਨਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ ਅਤੇ ਉਹਨਾਂ ਨੇ ਸ਼ਹਿਰ ਬਣਾਉਣਾ ਬੰਦ ਕਰ ਦਿੱਤਾ। 9 ਇਸ ਲਈ ਇਸ ਨੂੰ ਬਾਬੇਲ ਕਿਹਾ ਜਾਂਦਾ ਸੀ, ਕਿਉਂਕਿ ਉੱਥੇ ਯਾਹਵੇਹ ਨੇ ਸਾਰੇ ਸੰਸਾਰ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦਿੱਤਾ ਸੀ। ਉਥੋਂ ਯਾਹਵੇਹ ਨੇ ਉਹਨਾਂ ਨੂੰ ਸਾਰੀ ਧਰਤੀ ਦੇ ਚਿਹਰੇ ਉੱਤੇ ਖਿੰਡਾ ਦਿੱਤਾ।
10 ਇਹ ਸ਼ੇਮ ਦੀ ਵੰਸ਼ਾਵਲੀ ਹੈ:
ਹੜ੍ਹ ਤੋਂ ਦੋ ਸਾਲ ਬਾਅਦ ਜਦੋਂ ਸ਼ੇਮ 100 ਸਾਲਾਂ ਦਾ ਸੀ, ਉਹ ਅਰਪਕਸ਼ਦ ਦਾ ਪਿਤਾ ਬਣਿਆ। 11 ਅਤੇ ਅਰਪਕਸ਼ਦ ਦਾ ਪਿਤਾ ਬਣਨ ਤੋਂ ਬਾਅਦ ਸ਼ੇਮ 500 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
12 ਜਦੋਂ ਅਰਪਕਸ਼ਦ 35 ਸਾਲਾਂ ਦਾ ਹੋਇਆ ਤਾਂ ਉਹ ਸ਼ੇਲਾਹ ਦਾ ਪਿਤਾ ਬਣਿਆ। 13 ਅਤੇ ਸ਼ੇਲਾਹ ਦਾ ਪਿਤਾ ਬਣਨ ਤੋਂ ਬਾਅਦ ਅਰਪਕਸ਼ਦ 403 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
14 ਜਦੋਂ ਸ਼ੇਲਾਹ 30 ਸਾਲਾਂ ਦਾ ਹੋਇਆ ਤਾਂ ਉਹ ਏਬਰ ਦਾ ਪਿਤਾ ਬਣਿਆ। 15 ਅਤੇ ਏਬਰ ਦਾ ਪਿਤਾ ਬਣਨ ਤੋਂ ਬਾਅਦ ਸ਼ੇਲਾਹ 403 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
16 ਜਦੋਂ ਏਬਰ 34 ਸਾਲਾਂ ਦਾ ਹੋਇਆ ਤਾਂ ਉਹ ਪੇਲੇਗ ਦਾ ਪਿਤਾ ਬਣਿਆ। 17 ਅਤੇ ਪੇਲੇਗ ਦਾ ਪਿਤਾ ਬਣਨ ਤੋਂ ਬਾਅਦ ਏਬਰ 430 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
18 ਜਦੋਂ ਪੇਲੇਗ 30 ਸਾਲਾਂ ਦਾ ਹੋਇਆ ਤਾਂ ਉਹ ਰਊ ਦਾ ਪਿਤਾ ਬਣਿਆ। 19 ਅਤੇ ਰਊ ਦਾ ਪਿਤਾ ਬਣਨ ਤੋਂ ਬਾਅਦ ਪੇਲੇਗ 209 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਅਤੇ ਧੀਆਂ ਜੰਮੀਆਂ।
20 ਜਦੋਂ ਰਊ 32 ਸਾਲਾਂ ਦਾ ਹੋਇਆ ਤਾਂ ਉਹ ਸਰੂਗ ਦਾ ਪਿਤਾ ਬਣਿਆ। 21 ਅਤੇ ਸਰੂਗ ਦਾ ਪਿਤਾ ਬਣਨ ਤੋਂ ਬਾਅਦ ਰਊ 207 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
22 ਜਦੋਂ ਸਰੂਗ 30 ਸਾਲਾਂ ਦਾ ਹੋਇਆ ਤਾਂ ਉਹ ਨਾਹੋਰ ਦਾ ਪਿਤਾ ਬਣਿਆ। 23 ਅਤੇ ਨਾਹੋਰ ਦਾ ਪਿਤਾ ਬਣਨ ਤੋਂ ਬਾਅਦ ਸਰੂਗ 200 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
24 ਜਦੋਂ ਨਾਹੋਰ 29 ਸਾਲਾਂ ਦਾ ਹੋਇਆ ਤਾਂ ਉਹ ਤਾਰਹ ਦਾ ਪਿਤਾ ਬਣਿਆ। 25 ਅਤੇ ਤਾਰਹ ਦਾ ਪਿਤਾ ਬਣਨ ਤੋਂ ਬਾਅਦ ਨਾਹੋਰ 119 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
26 ਤਾਰਹ ਦੇ 70 ਸਾਲ ਜੀਣ ਤੋਂ ਬਾਅਦ ਉਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਬਣਿਆ।
27 ਇਹ ਤਾਰਹ ਦੀ ਵੰਸ਼ਾਵਲੀ ਹੈ:
ਤਾਰਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਸੀ ਅਤੇ ਹਾਰਾਨ ਲੂਤ ਦਾ ਪਿਤਾ ਬਣਿਆ। 28 ਜਦੋਂ ਉਹ ਦਾ ਪਿਤਾ ਤਾਰਹ ਜੀਉਂਦਾ ਸੀ ਤਾਂ ਹਾਰਾਨ ਕਸਦੀਆਂ ਦੇ ਊਰ ਵਿੱਚ ਆਪਣੇ ਜਨਮ ਦੇਸ਼ ਵਿੱਚ ਮਰ ਗਿਆ। 29 ਅਬਰਾਮ ਅਤੇ ਨਾਹੋਰ ਦੋਹਾਂ ਨੇ ਵਿਆਹ ਕਰ ਲਿਆ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ ਅਤੇ ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਉਹ ਹਾਰਾਨ ਦੀ ਧੀ ਸੀ, ਜੋ ਮਿਲਕਾਹ ਅਤੇ ਇਸਕਾਹ ਦੋਵਾਂ ਦਾ ਪਿਤਾ ਸੀ। 30 ਹੁਣ ਸਾਰਈ ਬੇ-ਔਲਾਦ ਸੀ ਕਿਉਂਕਿ ਉਹ ਗਰਭਵਤੀ ਨਹੀਂ ਸੀ ਹੋ ਸਕਦੀ।
31 ਤਾਰਹ ਨੇ ਆਪਣੇ ਪੁੱਤਰ ਅਬਰਾਮ, ਹਾਰਾਨ ਦੇ ਪੋਤੇ ਲੂਤ ਅਤੇ ਉਸ ਦੇ ਪੁੱਤਰ ਅਬਰਾਮ ਦੀ ਪਤਨੀ ਸਾਰਈ ਨੂੰ ਨਾਲ ਲਿਆ ਅਤੇ ਕਸਦੀਆਂ ਦੇ ਊਰ ਤੋਂ ਕਨਾਨ ਨੂੰ ਜਾਣ ਲਈ ਕੂਚ ਕੀਤਾ। ਪਰ ਜਦੋਂ ਉਹ ਹਾਰਾਨ ਕਸਬੇ ਵਿੱਚ ਆਏ ਤਾਂ ਉਹ ਉੱਥੇ ਹੀ ਵੱਸ ਗਏ।
32 ਤਾਰਹ 205 ਸਾਲ ਜੀਉਂਦਾ ਰਿਹਾ ਅਤੇ ਹਾਰਾਨ ਕਸਬੇ ਵਿੱਚ ਮਰ ਗਿਆ।