1 ਇਸ ਲਈ ਇਸਹਾਕ ਨੇ ਯਾਕੋਬ ਨੂੰ ਬੁਲਾਇਆ ਅਤੇ ਉਸ ਨੂੰ ਅਸੀਸ ਦਿੱਤੀ। ਫਿਰ ਉਸ ਨੇ ਉਸ ਨੂੰ ਹੁਕਮ ਦਿੱਤਾ, "ਕਿਸੇ ਕਨਾਨੀ ਔਰਤ ਨਾਲ ਵਿਆਹ ਨਾ ਕਰੀ। 2 ਉੱਠ ਪਦਨ ਅਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਜਾ। ਉੱਥੇ ਆਪਣੇ ਲਈ ਆਪਣੀ ਮਾਤਾ ਦੇ ਭਰਾ ਲਾਬਾਨ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕਰ ਲੈ। 3 ਸਰਵਸ਼ਕਤੀਮਾਨ ਪਰਮੇਸ਼ਵਰ ਤੈਨੂੰ ਅਸੀਸ ਦੇਵੇ ਅਤੇ ਤੈਨੂੰ ਫਲਦਾਇਕ ਬਣਾਵੇ ਅਤੇ ਤੇਰੀ ਗਿਣਤੀ ਵਿੱਚ ਵਾਧਾ ਕਰੇ ਜਦੋਂ ਤੱਕ ਤੁਸੀਂ ਲੋਕਾਂ ਦਾ ਸਮੂਹ ਨਹੀਂ ਬਣ ਜਾਂਦੇ। 4 ਉਹ ਤੈਨੂੰ ਅਤੇ ਤੇਰੀ ਸੰਤਾਨ ਨੂੰ ਅਬਰਾਹਾਮ ਨੂੰ ਦਿੱਤੀ ਹੋਈ ਬਰਕਤ ਦੇਵੇ ਤਾਂ ਜੋ ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜਿੱਥੇ ਤੁਸੀਂ ਹੁਣ ਪਰਦੇਸੀ ਹੋ ਕੇ ਰਹਿ ਰਹੇ ਹੋ, ਜਿਹੜੀ ਧਰਤੀ ਪਰਮੇਸ਼ਵਰ ਨੇ ਅਬਰਾਹਾਮ ਨੂੰ ਦਿੱਤੀ ਸੀ।" 5 ਤਦ ਇਸਹਾਕ ਨੇ ਯਾਕੋਬ ਨੂੰ ਆਪਣੇ ਰਾਹ ਵਿੱਚ ਭੇਜਿਆ ਅਤੇ ਉਹ ਪਦਨ ਅਰਾਮ ਵਿੱਚ ਅਰਾਮੀ ਬਥੂਏਲ ਦੇ ਪੁੱਤਰ ਲਾਬਾਨ ਕੋਲ ਗਿਆ ਜੋ ਰਿਬਕਾਹ ਦਾ ਭਰਾ ਸੀ ਜੋ ਯਾਕੋਬ ਅਤੇ ਏਸਾਓ ਦੀ ਮਾਤਾ ਸੀ।
6 ਹੁਣ ਏਸਾਓ ਨੂੰ ਪਤਾ ਲੱਗਾ ਕਿ ਇਸਹਾਕ ਨੇ ਯਾਕੋਬ ਨੂੰ ਬਰਕਤ ਦਿੱਤੀ ਸੀ ਅਤੇ ਉਸ ਨੂੰ ਉੱਥੋਂ ਪਤਨੀ ਲੈਣ ਲਈ ਪਦਨ ਅਰਾਮ ਵਿੱਚ ਭੇਜਿਆ ਸੀ ਅਤੇ ਜਦੋਂ ਉਸ ਨੇ ਉਸ ਨੂੰ ਬਰਕਤ ਦਿੱਤੀ ਤਾਂ ਉਸ ਨੇ ਉਸ ਨੂੰ ਹੁਕਮ ਦਿੱਤਾ, "ਕਿਸੇ ਕਨਾਨੀ ਔਰਤ ਨਾਲ ਵਿਆਹ ਨਾ ਕਰੀਂ।" 7 ਅਤੇ ਯਾਕੋਬ ਨੇ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨ ਲਿਆ ਅਤੇ ਪਦਨ ਅਰਾਮ ਨੂੰ ਚਲਾ ਗਿਆ। 8 ਤਦ ਏਸਾਓ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਿਤਾ ਇਸਹਾਕ ਨੂੰ ਕਨਾਨੀ ਔਰਤਾਂ ਕਿੰਨੀਆਂ ਬੁਰੀਆਂ ਲੱਗਦੀਆ ਸਨ। 9 ਇਸ ਲਈ ਏਸਾਓ ਇਸਮਾਏਲ ਕੋਲ ਗਿਆ ਅਤੇ ਉਸ ਨੇ ਨਬਾਯੋਥ ਦੀ ਭੈਣ ਅਤੇ ਅਬਰਾਹਾਮ ਦੇ ਪੁੱਤਰ ਇਸਮਾਏਲ ਦੀ ਧੀ ਮਹਲਥ ਨੂੰ ਆਪਣੇ ਨਾਲ ਲੈ ਆਇਆ ਆਪਣੀਆਂ ਦੂਜੀਆਂ ਪਤਨੀਆਂ ਦੇ ਨਾਲ ਰਲਾ ਲਿਆ।
10 ਯਾਕੋਬ ਨੇ ਬੇਰਸ਼ੇਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚੱਲ ਪਿਆ। 11 ਜਦੋਂ ਉਹ ਕਿਸੇ ਥਾਂ ਪਹੁੰਚਿਆ ਤਾਂ ਉਹ ਰਾਤ ਲਈ ਰੁਕ ਗਿਆ ਕਿਉਂਕਿ ਸੂਰਜ ਡੁੱਬ ਗਿਆ ਸੀ। ਉੱਥੇ ਇੱਕ ਪੱਥਰ ਲੈ ਕੇ ਉਸ ਨੇ ਆਪਣੇ ਸਿਰ ਹੇਠਾਂ ਰੱਖ ਲਿਆ ਅਤੇ ਸੌਣ ਲਈ ਲੇਟ ਗਿਆ। 12 ਉਸ ਨੇ ਇੱਕ ਸੁਪਨਾ ਵੇਖਿਆ ਜਿਸ ਵਿੱਚ ਉਸ ਨੇ ਇੱਕ ਪੌੜੀ ਧਰਤੀ ਉੱਤੇ ਟਿਕੀ ਹੋਈ ਵੇਖੀ ਜਿਸ ਦੀ ਸਿਖਰ ਅਕਾਸ਼ ਤੱਕ ਸੀ ਅਤੇ ਪਰਮੇਸ਼ਵਰ ਦੇ ਦੂਤ ਉਸ ਉੱਤੇ ਚੜ੍ਹਦੇ ਅਤੇ ਉੱਤਰਦੇ ਸਨ। 13 ਵੇਖੋ, ਯਾਹਵੇਹ ਉਸ ਦੇ ਉੱਤੇ ਖੜ੍ਹਾ ਸੀ ਅਤੇ ਉਸਨੇ ਕਿਹਾ, "ਮੈਂ ਯਾਹਵੇਹ ਹਾਂ, ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ਵਰ ਅਤੇ ਇਸਹਾਕ ਦਾ ਪਰਮੇਸ਼ਵਰ ਹਾਂ। ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦਿਆਂਗਾ ਜਿਸ ਉੱਤੇ ਤੂੰ ਪਿਆ ਹੋਇਆ ਹੈ। 14 ਤੇਰੀ ਸੰਤਾਨ ਧਰਤੀ ਦੀ ਧੂੜ ਵਾਂਗ ਹੋਵੇਗੀ, ਅਤੇ ਤੁਸੀਂ ਪੱਛਮ ਅਤੇ ਪੂਰਬ ਵੱਲ, ਉੱਤਰ ਅਤੇ ਦੱਖਣ ਵੱਲ ਫੈਲ ਜਾਵੋਗੇ। ਧਰਤੀ ਦੇ ਸਾਰੇ ਲੋਕ ਤੇਰੇ ਅਤੇ ਤੇਰੀ ਅੰਸ ਦੇ ਰਾਹੀਂ ਅਸੀਸ ਪਾਉਣਗੇ। 15 ਮੈਂ ਤੇਰੇ ਨਾਲ ਹਾਂ ਅਤੇ ਜਿੱਥੇ ਕਿਤੇ ਵੀ ਤੂੰ ਜਾਵੇਂਗਾ, ਮੈਂ ਤੇਰੀ ਦੇਖਭਾਲ ਕਰਾਂਗਾ ਅਤੇ ਮੈਂ ਤੈਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਉਦੋਂ ਤੱਕ ਨਹੀਂ ਛੱਡਾਂਗਾ ਜਦੋਂ ਤੱਕ ਮੈਂ ਤੁਹਾਡੇ ਨਾਲ ਕੀਤੇ ਵਾਅਦੇ ਨੂੰ ਪੂਰਾ ਨਾ ਕਰਾਂ।"
16 ਜਦੋਂ ਯਾਕੋਬ ਆਪਣੀ ਨੀਂਦ ਤੋਂ ਜਾਗਿਆ ਤਾਂ ਉਸ ਨੇ ਸੋਚਿਆ, "ਯਕੀਨ ਹੀ ਯਾਹਵੇਹ ਇਸ ਥਾਂ ਉੱਤੇ ਹੈ ਅਤੇ ਮੈਨੂੰ ਇਸ ਬਾਰੇ ਪਤਾ ਨਹੀਂ ਸੀ।" 17 ਉਹ ਡਰ ਗਿਆ ਅਤੇ ਬੋਲਿਆ, "ਇਹ ਥਾਂ ਕਿੰਨੀ ਸ਼ਾਨਦਾਰ ਹੈ! ਇਹ ਪਰਮੇਸ਼ਵਰ ਦੇ ਘਰ ਬਿਨ੍ਹਾਂ ਕੋਈ ਹੋਰ ਸਥਾਨ ਨਹੀਂ ਹੈ, ਇਹ ਸਵਰਗ ਦਾ ਦਰਵਾਜ਼ਾ ਹੈ।"
18 ਅਗਲੀ ਸਵੇਰ ਯਾਕੋਬ ਨੇ ਉਸ ਪੱਥਰ ਨੂੰ ਜੋ ਉਸ ਨੇ ਆਪਣੇ ਸਿਰ ਹੇਠਾਂ ਰੱਖਿਆ ਸੀ, ਲੈ ਕੇ ਥੰਮ੍ਹ ਵਾਂਗ ਖੜ੍ਹਾ ਕੀਤਾ ਅਤੇ ਉਸ ਦੇ ਉੱਪਰ ਤੇਲ ਪਾਇਆ। 19 ਉਸ ਨੇ ਉਸ ਥਾਂ ਨੂੰ ਬੈਤਏਲ ਕਿਹਾ ਭਾਵੇਂ ਉਹ ਸ਼ਹਿਰ ਲੂਜ਼ ਕਹਾਉਂਦਾ ਸੀ।
20 ਤਦ ਯਾਕੋਬ ਨੇ ਸੁੱਖਣਾ ਖਾ ਕੇ ਆਖਿਆ, "ਜੇ ਪਰਮੇਸ਼ਵਰ ਮੇਰੇ ਨਾਲ ਹੋਵੇ ਅਤੇ ਇਸ ਸਫ਼ਰ ਵਿੱਚ ਮੇਰੀ ਰਾਖੀ ਕਰੇ ਜੋ ਮੈਂ ਜਾ ਰਿਹਾ ਹਾਂ ਅਤੇ ਮੈਨੂੰ ਖਾਣ ਨੂੰ ਭੋਜਨ ਅਤੇ ਪਹਿਨਣ ਲਈ ਕੱਪੜੇ ਦੇਵੇ 21 ਤਾਂ ਜੋ ਮੈਂ ਆਪਣੇ ਪਿਤਾ ਦੇ ਘਰ ਸਹੀ-ਸਲਾਮਤ ਵਾਪਸ ਆਵਾਂ, ਤਦ ਯਾਹਵੇਹ ਮੇਰਾ ਪਰਮੇਸ਼ਵਰ ਹੋਵੇਗਾ 22 ਅਤੇ ਇਹ ਪੱਥਰ ਜਿਸ ਨੂੰ ਮੈਂ ਥੰਮ੍ਹ ਵਜੋਂ ਖੜ੍ਹਾ ਕੀਤਾ ਹੈ ਇਹ ਪਰਮੇਸ਼ਵਰ ਦਾ ਘਰ ਹੋਵੇਗਾ, ਅਤੇ ਜੋ ਕੁਝ ਤੁਸੀਂ ਮੈਨੂੰ ਦਿੰਦੇ ਹੋ ਉਸ ਵਿੱਚੋਂ ਮੈਂ ਤੈਨੂੰ ਦਸਵੰਧ ਦੇਵਾਂਗਾ।"