Publicidade

Gênesis 3

ਮਨੁੱਖ ਦੇ ਪਾਪੀ ਹੋ ਜਾਣ ਦਾ ਵਰਨਣ

1 ਹੁਣ ਸੱਪ ਉਹਨਾਂ ਸਭ ਜੰਗਲੀ ਜਾਨਵਰਾਂ ਨਾਲੋਂ ਵੱਧ ਚਲਾਕ ਸੀ ਜਿਨ੍ਹਾਂ ਨੂੰ ਯਾਹਵੇਹ ਨੇ ਬਣਾਇਆ ਸੀ, ਉਸ ਨੇ ਔਰਤ ਨੂੰ ਕਿਹਾ, "ਕੀ ਪਰਮੇਸ਼ਵਰ ਨੇ ਸੱਚ-ਮੁੱਚ ਕਿਹਾ ਹੈ, ‘ਤੈਨੂੰ ਬਾਗ਼ ਦੇ ਕਿਸੇ ਰੁੱਖ ਦਾ ਫਲ ਨਹੀਂ ਖਾਣਾ ਚਾਹੀਦਾ’?"

2 ਉਸ ਔਰਤ ਨੇ ਸੱਪ ਨੂੰ ਕਿਹਾ, "ਅਸੀਂ ਬਾਗ਼ ਦੇ ਸਾਰੇ ਰੁੱਖਾਂ ਦਾ ਫਲ ਖਾ ਸਕਦੇ ਹਾਂ, 3 ਪਰ ਪਰਮੇਸ਼ਵਰ ਨੇ ਕਿਹਾ, ‘ਉਸ ਰੁੱਖ ਦਾ ਫਲ ਨਹੀਂ ਖਾਣਾ ਜਿਹੜਾ ਬਾਗ਼ ਦੇ ਵਿਚਕਾਰ ਹੈ, ਤੁਸੀਂ ਨਾ ਖਾਓ ਨਾ ਹੀ ਉਸਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ।’ "

4 ਪਰ ਸੱਪ ਨੇ ਔਰਤ ਨੂੰ ਆਖਿਆ ਕਿ ਤੁਸੀਂ ਕਦੇ ਨਹੀਂ ਮਰੋਗੇ। 5 ਕਿਉਂਕਿ ਪਰਮੇਸ਼ਵਰ ਜਾਣਦਾ ਹੈ ਕਿ ਜਦੋਂ ਤੁਸੀਂ ਉਸ ਰੁੱਖ ਤੋਂ ਖਾਓਗੇ ਤਾਂ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਬੁਰੇ ਅਤੇ ਭਲੇ ਦਾ ਗਿਆਨ ਪਾ ਕੇ ਪਰਮੇਸ਼ਵਰ ਦੇ ਤੁੱਲ ਹੋ ਜਾਵੋਗੇ।

6 ਜਦੋਂ ਉਸ ਔਰਤ ਨੇ ਵੇਖਿਆ ਕਿ ਰੁੱਖ ਦਾ ਫਲ ਖਾਣ ਲਈ ਚੰਗਾ, ਵੇਖਣ ਵਿੱਚ ਸੋਹਣਾ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਣ ਵਾਲਾ ਹੈ ਤਾਂ ਉਸ ਨੇ ਉਸ ਰੁੱਖ ਦਾ ਫਲ ਤੋੜ ਕੇ ਕੁੱਝ ਆਪ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ, ਜਿਹੜਾ ਉਸਦੇ ਨਾਲ ਸੀ। ਉਸ ਦੇ ਪਤੀ ਨੇ ਵੀ ਖਾ ਲਿਆ। 7 ਤਦ ਉਹਨਾਂ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣਿਆ ਕਿ ਉਹ ਨੰਗੇ ਹਨ ਇਸ ਲਈ ਉਹਨਾਂ ਨੇ ਹੰਜੀਰ ਦੇ ਪੱਤੇ ਸੀਉਂਕੇ ਆਪਣੇ ਲਈ ਬਸਤਰ ਬਣਾ ਲਏ।

8 ਤਦ ਆਦਮੀ ਅਤੇ ਉਸ ਦੀ ਪਤਨੀ ਨੇ ਯਾਹਵੇਹ ਪਰਮੇਸ਼ਵਰ ਦੀ ਆਵਾਜ਼ ਸੁਣੀ, ਜਦੋਂ ਉਹ ਸ਼ਾਮ ਦੇ ਵੇਲੇ ਬਾਗ਼ ਵਿੱਚ ਟਹਿਲ ਰਿਹਾ ਸੀ ਅਤੇ ਉਹ ਯਾਹਵੇਹ ਪਰਮੇਸ਼ਵਰ ਤੋਂ ਬਾਗ਼ ਦੇ ਰੁੱਖਾਂ ਦੇ ਵਿੱਚਕਾਰ ਛੁੱਪ ਗਏ। 9 ਪਰ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਪੁਕਾਰਿਆ, "ਤੂੰ ਕਿੱਥੇ ਹੈ?"

10 ਉਸ ਨੇ ਉੱਤਰ ਦਿੱਤਾ, "ਮੈਂ ਬਾਗ਼ ਵਿੱਚ ਤੇਰੀ ਆਵਾਜ਼ ਸੁਣ ਕੇ ਡਰ ਗਿਆ ਕਿਉਂਕਿ ਮੈਂ ਨੰਗਾ ਸੀ, ਇਸ ਲਈ ਮੈਂ ਛੁੱਪ ਗਿਆ।"

11 ਅਤੇ ਯਾਹਵੇਹ ਨੇ ਪੁੱਛਿਆ, "ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੁਸੀਂ ਉਸ ਰੁੱਖ ਦਾ ਫਲ ਖਾਧਾ ਹੈ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਸ ਤੋਂ ਨਾ ਖਾਣਾ?"

12 ਆਦਮ ਨੇ ਕਿਹਾ, "ਜਿਸ ਔਰਤ ਨੂੰ ਤੁਸੀਂ ਇੱਥੇ ਮੇਰੇ ਨਾਲ ਰੱਖਿਆ ਹੈ, ਉਸਨੇ ਮੈਨੂੰ ਉਸ ਰੁੱਖ ਦਾ ਫਲ ਖਾਣ ਨੂੰ ਦਿੱਤਾ ਅਤੇ ਮੈਂ ਉਹ ਖਾਧਾ।"

13 ਤਦ ਯਾਹਵੇਹ ਨੇ ਉਸ ਔਰਤ ਨੂੰ ਕਿਹਾ, "ਤੂੰ ਇਹ ਕੀ ਕੀਤਾ?"

ਔਰਤ ਨੇ ਕਿਹਾ, "ਸੱਪ ਨੇ ਮੈਨੂੰ ਭਰਮਾਇਆ ਅਤੇ ਮੈਂ ਖਾ ਲਿਆ।"

14 ਇਸ ਲਈ ਯਾਹਵੇਹ ਪਰਮੇਸ਼ਵਰ ਨੇ ਸੱਪ ਨੂੰ ਕਿਹਾ, "ਕਿਉਂਕਿ ਤੂੰ ਅਜਿਹਾ ਕੀਤਾ ਹੈ,

"ਤੂੰ ਸਾਰੇ ਪਸ਼ੂਆਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈ!

ਤੂੰ ਆਪਣੇ ਪੇਟ ਦੇ ਭਾਰ ਚੱਲੇਗਾ ਅਤੇ ਸਾਰੀ ਉਮਰ ਮਿੱਟੀ ਖਾਵੇਂਗਾ।

15 ਮੈਂ ਤੇਰੇ ਅਤੇ ਔਰਤ ਵਿੱਚ ਤੇਰੀ ਔਲਾਦ,

ਉਸਦੀ ਔਲਾਦ ਵਿੱਚ ਦੁਸ਼ਮਣੀ ਪਾਵਾਂਗਾ।

ਉਹ ਤੇਰੇ ਸਿਰ ਨੂੰ ਕੁਚਲ ਦੇਵੇਗਾ,

ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ।"

16 ਉਸ ਨੇ ਉਸ ਔਰਤ ਨੂੰ ਆਖਿਆ,

"ਮੈਂ ਤੇਰੇ ਗਰਭ ਦੀਆਂ ਪੀੜਾਂ ਨੂੰ ਬਹੁਤ ਵਧਾਵਾਂਗਾ।

ਦਰਦ ਨਾਲ ਤੂੰ ਬੱਚੇ ਨੂੰ ਜਨਮ ਦੇਵੇਗੀ,

ਤੇਰੀ ਇੱਛਾ ਤੇਰੇ ਪਤੀ ਵੱਲ ਹੋਵੇਗੀ,

ਅਤੇ ਉਸ ਦਾ ਅਧਿਕਾਰ ਤੇਰੇ ਉੱਤੇ ਹੋਵੇਗਾ।"

17 ਉਸ ਨੇ ਆਦਮ ਨੂੰ ਆਖਿਆ, "ਕਿਉਂ ਜੋ ਤੂੰ ਆਪਣੀ ਪਤਨੀ ਦੀ ਗੱਲ ਸੁਣੀ ਅਤੇ ਉਸ ਰੁੱਖ ਦਾ ਫਲ ਖਾਧਾ ਜਿਸ ਬਾਰੇ ਮੈਂ ਹੁਕਮ ਦਿੱਤਾ ਸੀ, ‘ਤੂੰ ਇਸ ਤੋਂ ਨਹੀਂ ਖਾਣਾ,’

"ਇਸ ਲਈ ਤੇਰੇ ਕਾਰਨ ਜ਼ਮੀਨ ਸਰਾਪਤ ਹੋਈ ਹੈ;

ਤੂੰ ਇਸਦੀ ਉਪਜ ਸਾਰੀ ਜਿੰਦਗੀ ਦੁੱਖ ਨਾਲ ਖਾਇਆ ਕਰੇਗਾ।

18 ਇਹ ਤੁਹਾਡੇ ਲਈ ਕੰਡੇ ਅਤੇ ਕੰਡਿਆਲੇ ਪੈਦਾ ਕਰੇਗੀ,

ਅਤੇ ਤੂੰ ਖੇਤ ਦੇ ਸਾਗ ਪੱਤ ਖਾਵੇਂਗਾ।

19 ਤੂੰ ਆਪਣੇ ਮੱਥੇ ਦੇ ਪਸੀਨੇ ਨਾਲ

ਆਪਣਾ ਭੋਜਨ ਖਾਵੇਂਗਾ,

ਜਦੋਂ ਤੱਕ ਤੂੰ ਮਿੱਟੀ ਵਿੱਚ ਵਾਪਸ ਨਾ ਮਿਲ ਜਾਵੇਂ,

ਕਿਉਂਕਿ ਤੂੰ ਇਸ ਤੋਂ ਹੀ ਕੱਢਿਆ ਗਿਆ ਸੀ,

ਤੂੰ ਮਿੱਟੀ ਹੈਂ

ਅਤੇ ਮਿੱਟੀ ਵਿੱਚ ਹੀ ਮੁੜ ਜਾਵੇਂਗਾ।"

20 ਆਦਮ ਨੇ ਆਪਣੀ ਪਤਨੀ ਦਾ ਨਾਮ ਹੱਵਾਹ ਰੱਖਿਆ, ਕਿਉਂ ਜੋ ਉਹ ਸਾਰੇ ਜੀਉਂਦਿਆਂ ਦੀ ਪਹਿਲੀ ਮਾਂ ਹੋਈ।

21 ਯਾਹਵੇਹ ਪਰਮੇਸ਼ਵਰ ਨੇ ਆਦਮ ਅਤੇ ਉਸਦੀ ਪਤਨੀ ਲਈ ਚਮੜੀ ਦੇ ਕੱਪੜੇ ਬਣਾਏ ਅਤੇ ਉਹਨਾਂ ਨੂੰ ਪਹਿਨਾਇਆ। 22 ਅਤੇ ਯਾਹਵੇਹ ਪਰਮੇਸ਼ਵਰ ਨੇ ਆਖਿਆ, "ਉਹ ਮਨੁੱਖ ਹੁਣ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ, ਭਲੇ ਬੁਰੇ ਦੀ ਸਮਝ ਹੈ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਖਾ ਲਵੇ ਅਤੇ ਸਦਾ ਜੀਉਂਦਾ ਰਹੇ।" 23 ਇਸ ਲਈ ਯਾਹਵੇਹ ਪਰਮੇਸ਼ਵਰ ਨੇ ਉਸਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਜੋ ਉਹ ਜ਼ਮੀਨ ਦਾ ਕੰਮ ਕਰੇ ਜਿੱਥੋਂ ਉਸਨੂੰ ਰਚਿਆ ਗਿਆ ਸੀ। 24 ਜਦੋਂ ਉਸ ਨੇ ਮਨੁੱਖ ਨੂੰ ਬਾਹਰ ਕੱਢ ਦਿੱਤਾ, ਉਸ ਨੇ ਅਦਨ ਦੇ ਬਾਗ਼ ਦੇ ਪੂਰਬ ਵਾਲੇ ਪਾਸੇ ਕਰੂਬੀਮ ਅਤੇ ਇੱਕ ਬਲਦੀ ਤਲਵਾਰ ਨੂੰ ਜੀਵਨ ਦੇ ਰੁੱਖ ਦੇ ਰਾਹ ਦੀ ਰਾਖੀ ਕਰਨ ਲਈ ਅੱਗੇ-ਪਿੱਛੇ ਚਮਕਾਇਆ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-