1 ਯਾਹਵੇਹ ਨੇ ਅਬਰਾਮ ਨੂੰ ਕਿਹਾ ਸੀ, "ਤੂੰ ਆਪਣਾ ਦੇਸ਼, ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰਾਣੇ ਤੋਂ ਉਸ ਭੂਮੀ ਵੱਲ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ।
2 "ਮੈਂ ਤੈਨੂੰ ਇੱਕ ਮਹਾਨ ਕੌਮ ਬਣਾਵਾਂਗਾ,
ਅਤੇ ਮੈਂ ਤੈਨੂੰ ਅਸੀਸ ਦਿਆਂਗਾ;
ਮੈਂ ਤੇਰਾ ਨਾਮ ਮਹਾਨ ਬਣਾਵਾਂਗਾ,
ਅਤੇ ਤੂੰ ਇੱਕ ਬਰਕਤ ਦਾ ਕਾਰਨ ਹੋਵੇਗਾ।
3 ਮੈਂ ਉਹਨਾਂ ਨੂੰ ਅਸੀਸ ਦਿਆਂਗਾ ਜੋ ਤੈਨੂੰ ਅਸੀਸ ਦੇਣਗੇ,
ਅਤੇ ਜੋ ਕੋਈ ਤੈਨੂੰ ਸਰਾਪ ਦੇਵੇ ਮੈਂ ਉਸਨੂੰ ਸਰਾਪ ਦਿਆਂਗਾ।
ਅਤੇ ਧਰਤੀ ਦੇ ਸਾਰੇ ਲੋਕ ਤੇਰੇ ਦੁਆਰਾ ਮੁਬਾਰਕ ਹੋਣਗੇ।"
4 ਇਸ ਲਈ ਯਾਹਵੇਹ ਦੇ ਕਹਿਣ ਅਨੁਸਾਰ ਅਬਰਾਮ ਗਿਆ, ਅਤੇ ਲੂਤ ਉਸਦੇ ਨਾਲ ਚਲਾ ਗਿਆ। ਅਬਰਾਮ 75 ਸਾਲਾਂ ਦਾ ਸੀ ਜਦੋਂ ਉਹ ਹਾਰਾਨ ਤੋਂ ਨਿੱਕਲਿਆ। 5 ਅਬਰਾਮ ਨੇ ਆਪਣੀ ਪਤਨੀ ਸਾਰਈ ਅਤੇ ਆਪਣੇ ਭਤੀਜੇ ਲੂਤ ਨੂੰ ਅਤੇ ਉਹ ਸਾਰੀਆਂ ਚੀਜ਼ਾਂ ਜੋ ਉਹਨਾਂ ਨੇ ਇਕੱਠੀਆਂ ਕੀਤੀਆਂ ਸਨ ਅਤੇ ਉਹਨਾਂ ਲੋਕਾਂ ਨੂੰ ਲੈ ਕੇ ਜਿਹਨਾਂ ਨੂੰ ਉਹਨਾਂ ਨੇ ਹਾਰਾਨ ਵਿੱਚ ਲਿਆ ਸੀ ਅਤੇ ਉਹ ਕਨਾਨ ਦੇਸ਼ ਵੱਲ ਤੁਰ ਪਿਆ ਅਤੇ ਉੱਥੇ ਪਹੁੰਚਿਆ।
6 ਅਬਰਾਮ ਨੇ ਸ਼ੇਕੇਮ ਵਿੱਚ ਮੋਰੇਹ ਦੇ ਵੱਡੇ ਰੁੱਖ ਦੇ ਟਿਕਾਣੇ ਤੱਕ ਦੇਸ਼ ਵਿੱਚੋਂ ਦੀ ਯਾਤਰਾ ਕੀਤੀ। ਉਸ ਸਮੇਂ ਉੱਥੇ ਕਨਾਨੀ ਲੋਕ ਰਹਿੰਦੇ ਸਨ। 7 ਯਾਹਵੇਹ ਨੇ ਅਬਰਾਮ ਨੂੰ ਦਰਸ਼ਣ ਦਿੱਤਾ ਅਤੇ ਕਿਹਾ, "ਮੈਂ ਇਹ ਧਰਤੀ ਤੇਰੀ ਅੰਸ ਨੂੰ ਦਿਆਂਗਾ।" ਇਸ ਲਈ ਉਸ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ, ਜਿਸ ਨੇ ਉਸਨੂੰ ਦਰਸ਼ਣ ਦਿੱਤੇ ਸਨ।
8 ਉੱਥੋਂ ਉਹ ਬੈਤਏਲ ਦੇ ਪੂਰਬ ਵੱਲ ਦੀਆਂ ਪਹਾੜੀਆਂ ਵੱਲ ਗਿਆ ਅਤੇ ਆਪਣਾ ਤੰਬੂ ਲਾਇਆ ਅਤੇ ਪੱਛਮ ਵੱਲ ਬੈਤਏਲ ਅਤੇ ਪੂਰਬ ਵੱਲ ਅਈ ਸੀ। ਉੱਥੇ ਉਸਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਪੁਕਾਰਿਆ।
9 ਤਦ ਅਬਰਾਮ ਤੁਰ ਪਿਆ ਅਤੇ ਨੇਗੇਵ ਵੱਲ ਚੱਲ ਪਿਆ।
10 ਹੁਣ ਦੇਸ਼ ਵਿੱਚ ਕਾਲ ਪੈ ਗਿਆ ਅਤੇ ਅਬਰਾਮ ਮਿਸਰ ਵਿੱਚ ਕੁਝ ਸਮੇਂ ਲਈ ਰਹਿਣ ਲਈ ਚਲਾ ਗਿਆ ਕਿਉਂਕਿ ਕਾਲ ਬਹੁਤ ਭਿਆਨਕ ਸੀ। 11 ਜਦੋਂ ਉਹ ਮਿਸਰ ਵਿੱਚ ਵੜਨ ਵਾਲਾ ਸੀ ਤਾਂ ਉਸਨੇ ਆਪਣੀ ਪਤਨੀ ਸਾਰਈ ਨੂੰ ਆਖਿਆ, "ਮੈਂ ਜਾਣਦਾ ਹਾਂ ਕਿ ਤੂੰ ਸੋਹਣੀ ਔਰਤ ਹੈ, 12 ਜਦੋਂ ਮਿਸਰੀ ਤੈਨੂੰ ਵੇਖਣਗੇ ਤਾਂ ਕਹਿਣਗੇ ਕਿ ਇਹ ਉਸ ਦੀ ਪਤਨੀ ਹੈ, ਫ਼ੇਰ ਉਹ ਮੈਨੂੰ ਮਾਰ ਦੇਣਗੇ ਪਰ ਤੈਨੂੰ ਜਿਉਂਦੇ ਰਹਿਣ ਦੇਣਗੇ। 13 ਇਸ ਲਈ ਤੂੰ ਆਖੀਂ ਕਿ ਤੂੰ ਮੇਰੀ ਭੈਣ ਹੈ ਤਾਂ ਜੋ ਤੇਰੇ ਕਾਰਨ ਮੇਰੇ ਨਾਲ ਚੰਗਾ ਸਲੂਕ ਕੀਤਾ ਜਾਏ ਅਤੇ ਤੇਰੇ ਕਾਰਨ ਮੇਰੀ ਜਾਨ ਬਚ ਜਾਵੇ।"
14 ਜਦੋਂ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਵੇਖਿਆ ਕਿ ਸਾਰਈ ਇੱਕ ਬਹੁਤ ਹੀ ਸੁੰਦਰ ਔਰਤ ਸੀ। 15 ਅਤੇ ਜਦੋਂ ਫ਼ਿਰਾਊਨ ਦੇ ਅਧਿਕਾਰੀਆਂ ਨੇ ਉਸ ਨੂੰ ਵੇਖਿਆ ਤਾਂ ਫ਼ਿਰਾਊਨ ਦੇ ਅੱਗੇ ਉਸ ਦੀ ਉਸਤਤ ਕੀਤੀ ਅਤੇ ਉਸ ਨੂੰ ਮਹਿਲ ਵਿੱਚ ਲੈ ਜਾਇਆ ਗਿਆ। 16 ਉਸ ਨੇ ਅਬਰਾਮ ਦੀ ਖ਼ਾਤਰ ਚੰਗਾ ਸਲੂਕ ਕੀਤਾ ਅਤੇ ਅਬਰਾਮ ਨੇ ਭੇਡਾਂ ਅਤੇ ਡੰਗਰ, ਨਰ ਅਤੇ ਮਾਦਾ, ਗਧੇ, ਦਾਸ-ਦਾਸੀਆਂ ਅਤੇ ਊਠ ਲਏ।
17 ਪਰ ਯਾਹਵੇਹ ਨੇ ਅਬਰਾਮ ਦੀ ਪਤਨੀ ਸਾਰਈ ਦੇ ਕਾਰਨ ਫ਼ਿਰਾਊਨ ਅਤੇ ਉਸ ਦੇ ਘਰਾਣੇ ਨੂੰ ਵੱਡੀਆਂ ਬਿਮਾਰੀਆਂ ਪਾਈਆਂ। 18 ਇਸ ਲਈ ਫ਼ਿਰਾਊਨ ਨੇ ਅਬਰਾਮ ਨੂੰ ਬੁਲਾਇਆ, "ਤੁਸੀਂ ਮੇਰੇ ਨਾਲ ਕੀ ਕੀਤਾ ਹੈ?" ਉਸ ਨੇ ਕਿਹਾ, "ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਉਹ ਤੁਹਾਡੀ ਪਤਨੀ ਸੀ? 19 ਤੁਸੀਂ ਕਿਉਂ ਕਿਹਾ, ‘ਉਹ ਮੇਰੀ ਭੈਣ ਹੈ,’ ਤਾਂ ਜੋ ਮੈਂ ਉਹ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਲਿਆ? ਹੁਣ ਇੱਥੇ ਤੁਹਾਡੀ ਪਤਨੀ ਹੈ। ਉਸਨੂੰ ਲੈ ਜਾਓ ਅਤੇ ਜਾਓ!" 20 ਤਦ ਫ਼ਿਰਾਊਨ ਨੇ ਆਪਣੇ ਬੰਦਿਆਂ ਨੂੰ ਅਬਰਾਮ ਦੇ ਬਾਰੇ ਹੁਕਮ ਦਿੱਤਾ ਕਿ ਅਬਰਾਮ ਅਤੇ ਉਸਦੀ ਪਤਨੀ ਨੂੰ ਅਤੇ ਜੋ ਕੁਝ ਉਸ ਦਾ ਸੀ, ਉਸਨੂੰ ਦੇ ਕੇ ਤੋਰ ਦਿੱਤਾ।