Publicidade

Gênesis 37

ਯੋਸੇਫ਼ ਦੇ ਸੁਪਨੇ

1 ਯਾਕੋਬ ਉਸ ਦੇਸ਼ ਵਿੱਚ ਰਹਿੰਦਾ ਸੀ ਜਿੱਥੇ ਉਸਦਾ ਪਿਤਾ ਠਹਿਰਿਆ ਸੀ ਅਰਥਾਤ ਕਨਾਨ ਦੀ ਧਰਤੀ।

2 ਇਹ ਯਾਕੋਬ ਦੀ ਵੰਸ਼ਾਵਲੀ ਹੈ।

ਯੋਸੇਫ਼ ਸਤਾਰ੍ਹਾਂ ਸਾਲਾਂ ਦਾ ਸੀ, ਉਹ ਆਪਣੇ ਭਰਾਵਾਂ ਨਾਲ ਇੱਜੜ ਚਾਰਦਾ ਸੀ ਅਤੇ ਉਹ ਜਵਾਨ ਆਪਣੇ ਪਿਤਾ ਦੀਆਂ ਪਤਨੀਆਂ ਬਿਲਹਾਹ ਅਤੇ ਜ਼ਿਲਫ਼ਾਹ ਦੇ ਪੁੱਤਰਾਂ ਨਾਲ ਰਹਿੰਦਾ ਸੀ ਅਤੇ ਯੋਸੇਫ਼ ਉਹਨਾਂ ਦੀਆਂ ਬੁਰੀਆਂ ਗੱਲਾਂ ਆਪਣੇ ਪਿਤਾ ਨੂੰ ਆ ਕੇ ਦੱਸਦਾ ਸੀ।

3 ਹੁਣ ਇਸਰਾਏਲ ਯੋਸੇਫ਼ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਲਈ ਬੁਢਾਪੇ ਵਿੱਚ ਜੰਮਿਆ ਸੀ ਅਤੇ ਉਸਨੇ ਉਸਦੇ ਲਈ ਇੱਕ ਸਜਾਵਟੀ ਚੋਗਾ ਬਣਾਇਆ। 4 ਜਦੋਂ ਉਹ ਦੇ ਭਰਾਵਾਂ ਨੇ ਵੇਖਿਆ ਕਿ ਉਹਨਾਂ ਦਾ ਪਿਤਾ ਉਸ ਨੂੰ ਉਹਨਾਂ ਸਾਰਿਆਂ ਨਾਲੋਂ ਵੱਧ ਪਿਆਰ ਕਰਦਾ ਹੈ, ਤਾਂ ਉਹ ਉਸ ਨਾਲ ਵੈਰ ਕਰਨ ਲੱਗ ਪਏ ਅਤੇ ਉਹ ਉਸ ਨਾਲ ਸ਼ਾਂਤੀ ਨਾਲ ਗੱਲ ਨਹੀਂ ਕਰਦੇ ਸਨ।

5 ਯੋਸੇਫ਼ ਨੇ ਇੱਕ ਸੁਪਨਾ ਵੇਖਿਆ ਅਤੇ ਜਦੋਂ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਉਸ ਤੋਂ ਹੋਰ ਵੀ ਨਫ਼ਰਤ ਕਰਨ ਲੱਗੇ। 6 ਉਸ ਨੇ ਉਹਨਾਂ ਨੂੰ ਆਖਿਆ, "ਇਹ ਸੁਪਨਾ ਸੁਣੋ ਜੋ ਮੈਂ ਵੇਖਿਆ ਸੀ। 7 ਅਸੀਂ ਖੇਤ ਵਿੱਚ ਪੂਲੇ ਬੰਨ੍ਹ ਰਹੇ ਸੀ ਕਿ ਅਚਾਨਕ ਮੇਰੀ ਪੂਲੀ ਉੱਠੀ ਅਤੇ ਸਿੱਧੀ ਖੜ੍ਹੀ ਹੋ ਗਈ ਅਤੇ ਤੁਹਾਡੀਆਂ ਪੂਲੀਆਂ ਮੇਰੇ ਦੁਆਲੇ ਇਕੱਠੀਆਂ ਹੋ ਗਈਆਂ ਅਤੇ ਮੇਰੀ ਪੂਲੀ ਅੱਗੇ ਝੁਕ ਗਈਆਂ।"

8 ਉਹ ਦੇ ਭਰਾਵਾਂ ਨੇ ਉਹ ਨੂੰ ਆਖਿਆ, "ਕੀ ਤੂੰ ਸਾਡੇ ਉੱਤੇ ਰਾਜ ਕਰਨਾ ਚਾਹੁੰਦਾ ਹੈ? ਕੀ ਤੂੰ ਸੱਚਮੁੱਚ ਸਾਡੇ ਉੱਤੇ ਰਾਜ ਕਰੇਗਾ?" ਤਦ ਉਹ ਉਸਦੇ ਸੁਪਨੇ ਅਤੇ ਜੋ ਉਸਨੇ ਕਿਹਾ ਸੀ ਉਸਦੇ ਕਾਰਨ ਉਸਨੂੰ ਹੋਰ ਵੀ ਨਫ਼ਰਤ ਕਰਦੇ ਸਨ।

9 ਫਿਰ ਉਸ ਨੂੰ ਇੱਕ ਹੋਰ ਸੁਪਨਾ ਆਇਆ ਅਤੇ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ, "ਮੈਂ ਇੱਕ ਹੋਰ ਸੁਪਨਾ ਵੇਖਿਆ ਜਿਸ ਵਿੱਚ ਇਸ ਵਾਰ ਸੂਰਜ ਅਤੇ ਚੰਦ ਅਤੇ ਗਿਆਰਾਂ ਤਾਰੇ ਮੇਰੇ ਅੱਗੇ ਝੁਕ ਰਹੇ ਸਨ।"

10 ਜਦੋਂ ਉਸ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਦੱਸਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਝਿੜਕ ਕੇ ਕਿਹਾ, "ਇਹ ਕੀ ਸੁਪਨਾ ਹੈ ਜੋ ਤੈਨੂੰ ਆਇਆ ਹੈ? ਕੀ ਤੇਰੀ ਮਾਂ, ਮੈਂ ਅਤੇ ਤੇਰੇ ਭਰਾ ਸੱਚ-ਮੁੱਚ ਆ ਕੇ ਤੇਰੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਾਂਗੇ?" 11 ਉਹ ਦੇ ਭਰਾ ਉਸ ਨਾਲ ਈਰਖਾ ਕਰਦੇ ਸਨ ਪਰ ਉਹ ਦੇ ਪਿਤਾ ਨੇ ਗੱਲ ਨੂੰ ਚੇਤੇ ਰੱਖਿਆ।

ਯੋਸੇਫ਼ ਨੂੰ ਉਸਦੇ ਭਰਾਵਾਂ ਨੇ ਵੇਚਿਆ

12 ਹੁਣ ਉਹ ਦੇ ਭਰਾ ਸ਼ੇਕੇਮ ਦੇ ਨੇੜੇ ਆਪਣੇ ਪਿਉ ਦੇ ਇੱਜੜ ਚਰਾਉਣ ਗਏ ਸਨ, 13 ਅਤੇ ਇਸਰਾਏਲ ਨੇ ਯੋਸੇਫ਼ ਨੂੰ ਆਖਿਆ, "ਜਿਵੇਂ ਤੂੰ ਜਾਣਦਾ ਹੈ ਕਿ ਤੇਰੇ ਭਰਾ ਸ਼ੇਕੇਮ ਦੇ ਨੇੜੇ ਇੱਜੜ ਚਰ ਰਹੇ ਹਨ। ਜਾ, ਮੈਂ ਤੈਨੂੰ ਉਹਨਾਂ ਕੋਲ ਭੇਜ ਰਿਹਾ ਹਾਂ।"

ਉਸਨੇ ਜਵਾਬ ਦਿੱਤਾ, "ਮੈਂ ਚਲੇ ਜਾਂਦਾ ਹਾਂ।"

14 ਤਾਂ ਉਸ ਨੇ ਉਹ ਨੂੰ ਆਖਿਆ, ਜਾ ਕੇ ਵੇਖ ਜੋ ਤੇਰੇ ਭਰਾਵਾਂ ਅਤੇ ਇੱਜੜਾਂ ਦਾ ਸਭ ਕੁਝ ਠੀਕ ਹੈ ਜਾਂ ਨਹੀਂ ਅਤੇ ਮੈਨੂੰ ਸੁਣਾ। ਫ਼ੇਰ ਉਸਨੇ ਉਸਨੂੰ ਹੇਬਰੋਨ ਦੀ ਵਾਦੀ ਤੋਂ ਵਿਦਾ ਕੀਤਾ।

ਜਦੋਂ ਯੋਸੇਫ਼ ਸ਼ਕਮ ਵਿੱਚ ਪਹੁੰਚਿਆ, 15 ਇੱਕ ਮਨੁੱਖ ਨੇ ਉਸ ਨੂੰ ਖੇਤਾਂ ਵਿੱਚ ਘੁੰਮਦਾ ਵੇਖਿਆ ਅਤੇ ਉਸ ਨੂੰ ਪੁੱਛਿਆ, "ਤੂੰ ਕੀ ਭਾਲਦਾ ਹੈ?"

16 ਉਸ ਨੇ ਉੱਤਰ ਦਿੱਤਾ, "ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਆਪਣੇ ਇੱਜੜ ਕਿੱਥੇ ਚਰਾ ਰਹੇ ਹਨ?"

17 ਉਸ ਆਦਮੀ ਨੇ ਉੱਤਰ ਦਿੱਤਾ, "ਉਹ ਇੱਥੋਂ ਚਲੇ ਗਏ ਹਨ ਕਿਉਂ ਜੋ ਮੈਂ ਉਹਨਾਂ ਨੂੰ ਇਹ ਕਹਿੰਦੇ ਸੁਣਿਆ, ‘ਆਓ ਦੋਥਾਨ ਨੂੰ ਚੱਲੀਏ।’ "

ਇਸ ਲਈ ਯੋਸੇਫ਼ ਆਪਣੇ ਭਰਾਵਾਂ ਨੂੰ ਲੱਭਦੇ ਹੋਏ ਦੋਥਾਨ ਵਿੱਚ ਗਿਆ। 18 ਪਰ ਉਹਨਾਂ ਨੇ ਉਹ ਨੂੰ ਦੂਰੋਂ ਵੇਖਿਆ ਅਤੇ ਉਹ ਦੇ ਪਹੁੰਚਣ ਤੋਂ ਪਹਿਲਾਂ ਉਹ ਨੂੰ ਮਾਰਨ ਦੀ ਵਿਉਂਤ ਬਣਾਈ।

19 ਉਹ ਇੱਕ-ਦੂਜੇ ਨੂੰ ਕਹਿਣ ਲੱਗੇ, "ਉਹ ਸੁਪਨਾ ਵੇਖਣ ਵਾਲਾ ਆ ਰਿਹਾ!" 20 "ਆਓ, ਹੁਣ ਅਸੀਂ ਉਸ ਨੂੰ ਮਾਰ ਦੇਈਏ ਅਤੇ ਕਿਸੇ ਟੋਏ ਵਿੱਚ ਸੁੱਟ ਦੇਈਏ ਅਤੇ ਕਹੀਏ ਕਿ ਇੱਕ ਭਿਆਨਕ ਜਾਨਵਰ ਉਸ ਨੂੰ ਖਾ ਗਿਆ ਹੈ। ਫਿਰ ਅਸੀਂ ਦੇਖਾਂਗੇ ਕਿ ਉਸਦੇ ਸੁਪਨਿਆਂ ਦਾ ਕੀ ਹੁੰਦਾ ਹੈ।"

21 ਜਦੋਂ ਰਊਬੇਨ ਨੇ ਇਹ ਸੁਣਿਆ ਤਾਂ ਉਸ ਨੇ ਉਸ ਨੂੰ ਉਹਨਾਂ ਦੇ ਹੱਥੋਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ, "ਅਸੀਂ ਇਸ ਨੂੰ ਜਾਨੋਂ ਨਾ ਮਾਰੀਏ।" 22 "ਕੋਈ ਵੀ ਖੂਨ ਨਾ ਵਹਾਓ। ਉਸ ਨੂੰ ਇੱਥੇ ਉਜਾੜ ਵਿੱਚ ਇਸ ਟੋਏ ਵਿੱਚ ਸੁੱਟ ਦਿਓ, ਪਰ ਉਸ ਨੂੰ ਹੱਥ ਨਾ ਲਾਓ।" ਰਊਬੇਨ ਨੇ ਇਹ ਇਸ ਲਈ ਕਿਹਾ ਤਾਂ ਜੋ ਉਸਨੂੰ ਉਹਨਾਂ ਤੋਂ ਛੁਡਾ ਕੇ ਉਸਦੇ ਪਿਤਾ ਕੋਲ ਵਾਪਸ ਪਹੁੰਚਾ ਦੇਵੇ।

23 ਸੋ ਜਦੋਂ ਯੋਸੇਫ਼ ਆਪਣੇ ਭਰਾਵਾਂ ਕੋਲ ਆਇਆ ਤਾਂ ਉਹਨਾਂ ਨੇ ਉਸ ਦਾ ਚੋਗਾ ਲਾਹ ਦਿੱਤਾ ਅਰਥਾਤ ਉਹ ਸਜਾਵਟ ਵਾਲਾ ਚੋਗਾ ਜਿਹੜਾ ਉਸ ਨੇ ਪਾਇਆ ਹੋਇਆ ਸੀ 24 ਅਤੇ ਉਹਨਾਂ ਨੇ ਉਸ ਨੂੰ ਚੁੱਕ ਕੇ ਟੋਏ ਵਿੱਚ ਸੁੱਟ ਦਿੱਤਾ। ਟੋਆ ਖਾਲੀ ਸੀ, ਇਸ ਵਿੱਚ ਕੋਈ ਪਾਣੀ ਨਹੀਂ ਸੀ।

25 ਜਦੋਂ ਉਹ ਖਾਣਾ ਖਾਣ ਲਈ ਬੈਠੇ, ਤਾਂ ਉਹਨਾਂ ਨੇ ਉੱਪਰ ਤੱਕਿਆ ਅਤੇ ਗਿਲਆਦ ਤੋਂ ਇਸਮਾਏਲੀਆਂ ਦਾ ਇੱਕ ਕਾਫ਼ਲਾ ਆਉਂਦਾ ਦੇਖਿਆ। ਉਹਨਾਂ ਦੇ ਊਠ ਮਸਾਲੇ, ਮਲਮ ਅਤੇ ਗੰਧਰਸ ਨਾਲ ਲੱਦੇ ਹੋਏ ਸਨ, ਅਤੇ ਉਹ ਉਸਨੂੰ ਮਿਸਰ ਲੈ ਜਾ ਰਹੇ ਸਨ।

26 ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, ਜੇ ਅਸੀਂ ਆਪਣੇ ਭਰਾ ਨੂੰ ਮਾਰ ਕੇ ਉਸ ਦੇ ਲਹੂ ਨੂੰ ਢੱਕ ਲਵਾਂਗੇ ਤਾਂ ਸਾਨੂੰ ਕੀ ਲਾਭ ਹੋਵੇਗਾ? 27 ਆਓ, ਅਸੀਂ ਉਸ ਨੂੰ ਇਸਮਾਏਲੀਆਂ ਦੇ ਹੱਥ ਵੇਚ ਦੇਈਏ ਅਤੇ ਉਸ ਉੱਤੇ ਹੱਥ ਨਾ ਰੱਖੀਏ। ਆਖਰਕਾਰ, ਉਹ ਸਾਡਾ ਭਰਾ, ਸਾਡਾ ਆਪਣਾ ਮਾਸ ਅਤੇ ਲਹੂ ਹੈ। ਉਸਦੇ ਭਰਾ ਮੰਨ ਗਏ।

28 ਸੋ ਜਦੋਂ ਮਿਦਯਾਨੀ ਵਪਾਰੀ ਆਏ, ਤਾਂ ਉਸ ਦੇ ਭਰਾਵਾਂ ਨੇ ਯੋਸੇਫ਼ ਨੂੰ ਟੋਏ ਵਿੱਚੋਂ ਬਾਹਰ ਕੱਢਿਆ ਅਤੇ ਉਸ ਨੂੰ ਚਾਂਦੀ ਦੇ ਵੀਹ ਸਿੱਕਿਆ ਵਿੱਚ ਇਸਮਾਏਲੀਆਂ ਦੇ ਹੱਥ ਵੇਚ ਦਿੱਤਾ ਅਤੇ ਉਹ ਉਸ ਨੂੰ ਮਿਸਰ ਵਿੱਚ ਲੈ ਗਏ।

29 ਜਦੋਂ ਰਊਬੇਨ ਨੇ ਟੋਏ ਵੱਲ ਮੁੜ ਕੇ ਵੇਖਿਆ ਕਿ ਯੋਸੇਫ਼ ਉੱਥੇ ਨਹੀਂ ਸੀ ਤਾਂ ਉਸ ਨੇ ਆਪਣੇ ਕੱਪੜੇ ਪਾੜ ਦਿੱਤੇ। 30 ਉਹ ਆਪਣੇ ਭਰਾਵਾਂ ਕੋਲ ਵਾਪਸ ਗਿਆ ਅਤੇ ਆਖਿਆ, "ਉਹ ਮੁੰਡਾ ਉੱਥੇ ਨਹੀਂ ਹੈ! ਮੈਂ ਹੁਣ ਕਿੱਥੇ ਜਾਵਾਂ?"

31 ਤਦ ਉਹਨਾਂ ਨੇ ਯੋਸੇਫ਼ ਦਾ ਚੋਗਾ ਲਿਆ ਅਤੇ ਇੱਕ ਬੱਕਰਾ ਵੱਢਿਆ ਅਤੇ ਚੋਗਾ ਲਹੂ ਵਿੱਚ ਡੁਬੋਇਆ। 32 ਉਹ ਸਜਾਏ ਹੋਏ ਚੋਲੇ ਨੂੰ ਆਪਣੇ ਪਿਤਾ ਕੋਲ ਵਾਪਸ ਲੈ ਗਏ ਅਤੇ ਆਖਿਆ, "ਸਾਨੂੰ ਇਹ ਮਿਲਿਆ ਹੈ। ਇਸ ਦੀ ਜਾਂਚ ਕਰੋ ਕਿ ਇਹ ਤੁਹਾਡੇ ਪੁੱਤਰ ਦਾ ਚੋਗਾ ਹੈ ਜਾਂ ਨਹੀਂ।"

33 ਉਸ ਨੇ ਉਸ ਨੂੰ ਪਛਾਣ ਲਿਆ ਅਤੇ ਆਖਿਆ, ਇਹ ਮੇਰੇ ਪੁੱਤਰ ਦਾ ਚੋਗਾ ਹੈ! ਕਿਸੇ ਭਿਆਨਕ ਜਾਨਵਰ ਨੇ ਉਸਨੂੰ ਖਾ ਲਿਆ ਹੈ। ਯੋਸੇਫ਼ ਜ਼ਰੂਰ ਹੀ ਘਾਤ ਕੀਤਾ ਗਿਆ ਹੈ।

34 ਤਦ ਯਾਕੋਬ ਨੇ ਆਪਣੇ ਕੱਪੜੇ ਪਾੜੇ ਅਤੇ ਤੱਪੜ ਪਾ ਲਿਆ ਅਤੇ ਆਪਣੇ ਪੁੱਤਰ ਲਈ ਬਹੁਤ ਦਿਨ ਸੋਗ ਕੀਤਾ। 35 ਉਸ ਦੇ ਸਾਰੇ ਪੁੱਤਰ ਧੀਆਂ ਉਸ ਨੂੰ ਦਿਲਾਸਾ ਦੇਣ ਲਈ ਆਏ ਪਰ ਉਸ ਨੇ ਦਿਲਾਸਾ ਦੇਣ ਤੋਂ ਇਨਕਾਰ ਕੀਤਾ। ਉਸਨੇ ਕਿਹਾ, "ਨਹੀਂ, ਮੈਂ ਉਦੋਂ ਤੱਕ ਸੋਗ ਕਰਦਾ ਰਹਾਂਗਾ ਜਦੋਂ ਤੱਕ ਮੈਂ ਆਪਣੇ ਪੁੱਤਰ ਨੂੰ ਕਬਰ ਵਿੱਚ ਨਹੀਂ ਮਿਲਾਂਗਾ।" ਇਸ ਲਈ ਉਸ ਦਾ ਪਿਤਾ ਉਸ ਲਈ ਰੋਇਆ।

36 ਇਸ ਦੌਰਾਨ, ਮਿਦਯਾਨੀਆਂ ਨੇ ਯੋਸੇਫ਼ ਨੂੰ ਮਿਸਰ ਵਿੱਚ ਪੋਟੀਫ਼ਰ, ਫ਼ਿਰਾਊਨ ਦੇ ਅਧਿਕਾਰੀਆਂ ਵਿੱਚੋਂ ਇੱਕ, ਪਹਿਰੇਦਾਰਾਂ ਦੇ ਪ੍ਰਧਾਨ ਨੂੰ ਵੇਚ ਦਿੱਤਾ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-