1 ਹੁਣ ਯਾਹਵੇਹ ਨੇ ਸਾਰਾਹ ਉੱਤੇ ਮਿਹਰਬਾਨੀ ਕੀਤੀ ਜਿਵੇਂ ਉਸਨੇ ਕਿਹਾ ਸੀ, ਅਤੇ ਯਾਹਵੇਹ ਨੇ ਸਾਰਾਹ ਲਈ ਉਹੀ ਕੀਤਾ ਜੋ ਉਸਨੇ ਵਾਅਦਾ ਕੀਤਾ ਸੀ। 2 ਸਾਰਾਹ ਗਰਭਵਤੀ ਹੋਈ ਅਤੇ ਉਸ ਨੇ ਅਬਰਾਹਾਮ ਲਈ ਬੁਢਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਸਮੇਂ ਵਿੱਚ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ। 3 ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਸਾਰਾਹ ਨੇ ਜਨਮ ਦਿੱਤਾ ਸੀ, ਇਸਹਾਕ ਰੱਖਿਆ। 4 ਜਦੋਂ ਉਸ ਦਾ ਪੁੱਤਰ ਇਸਹਾਕ ਅੱਠ ਦਿਨਾਂ ਦਾ ਸੀ ਤਾਂ ਅਬਰਾਹਾਮ ਨੇ ਉਸ ਦੀ ਸੁੰਨਤ ਕੀਤੀ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਹੁਕਮ ਦਿੱਤਾ ਸੀ। 5 ਅਬਰਾਹਾਮ ਸੌ ਸਾਲਾਂ ਦਾ ਸੀ ਜਦੋਂ ਉਸ ਦੇ ਘਰ ਪੁੱਤਰ ਇਸਹਾਕ ਨੇ ਜਨਮ ਲਿਆ।
6 ਸਾਰਾਹ ਨੇ ਕਿਹਾ, "ਪਰਮੇਸ਼ਵਰ ਨੇ ਮੈਨੂੰ ਅਨੰਦ ਦਿੱਤਾ ਹੈ ਅਤੇ ਹਰ ਕੋਈ ਜੋ ਇਸ ਬਾਰੇ ਸੁਣੇਗਾ ਉਹ ਮੇਰੇ ਨਾਲ ਖੁਸ਼ੀ ਮਨਾਏਗਾ।" 7 ਅਤੇ ਉਸ ਨੇ ਅੱਗੇ ਕਿਹਾ, "ਅਬਰਾਹਾਮ ਨੂੰ ਕਿਸ ਨੇ ਕਿਹਾ ਸੀ ਕੀ ਸਾਰਾਹ ਬੱਚਿਆਂ ਨੂੰ ਦੁੱਧ ਚੁੰਘਾਏਗੀ? ਫਿਰ ਵੀ ਮੈਂ ਉਸ ਦੇ ਬੁਢਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।"
8 ਬੱਚਾ ਵੱਡਾ ਹੋਇਆ ਅਤੇ ਦੁੱਧ ਛੁਡਾਇਆ ਗਿਆ ਅਤੇ ਜਿਸ ਦਿਨ ਇਸਹਾਕ ਦਾ ਦੁੱਧ ਛੁਡਾਇਆ ਗਿਆ, ਅਬਰਾਹਾਮ ਨੇ ਇੱਕ ਵੱਡੀ ਦਾਵਤ ਰੱਖੀ। 9 ਪਰ ਸਾਰਾਹ ਨੇ ਮਿਸਰੀ ਹਾਜਰਾ ਦੇ ਪੁੱਤਰ ਨੂੰ ਜਿਸ ਨੂੰ ਉਹ ਨੇ ਅਬਰਾਹਾਮ ਲਈ ਜਨਮ ਦਿੱਤਾ ਸੀ ਮਖ਼ੌਲ ਕਰਦੇ ਹੋਏ ਵੇਖਿਆ, 10 ਅਤੇ ਇਸ ਲਈ ਉਸ ਨੇ ਅਬਰਾਹਾਮ ਨੂੰ ਆਖਿਆ, ਇਸ ਦਾਸੀ ਔਰਤ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਇਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਦੇ ਨਾਲ ਕਦੇ ਵੀ ਵਾਰਸ ਨਹੀਂ ਹੋਵੇਗਾ।
11 ਇਸ ਗੱਲ ਨੇ ਅਬਰਾਹਾਮ ਨੂੰ ਬਹੁਤ ਦੁਖੀ ਕੀਤਾ ਕਿਉਂਕਿ ਆਪਣੇ ਪੁੱਤਰ ਇਸਮਾਏਲ ਦੀ ਚਿੰਤਾ ਕਰਦਾ ਸੀ। 12 ਪਰ ਪਰਮੇਸ਼ਵਰ ਨੇ ਅਬਰਾਹਾਮ ਨੂੰ ਆਖਿਆ ਸੀ, "ਉਸ ਲੜਕੇ ਅਤੇ ਆਪਣੀ ਦਾਸੀ ਲਈ ਇੰਨਾ ਦੁਖੀ ਨਾ ਹੋ। ਸਾਰਾਹ ਜੋ ਵੀ ਤੈਨੂੰ ਕਹਿੰਦੀ ਹੈ ਉਸਨੂੰ ਸੁਣ, ਕਿਉਂਕਿ ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ। 13 ਮੈਂ ਗੁਲਾਮ ਦੇ ਪੁੱਤਰ ਨੂੰ ਵੀ ਇੱਕ ਕੌਮ ਬਣਾ ਦਿਆਂਗਾ ਕਿਉਂ ਜੋ ਉਹ ਤੇਰੀ ਅੰਸ ਹੈ।"
14 ਅਗਲੀ ਸਵੇਰ ਅਬਰਾਹਾਮ ਨੇ ਕੁਝ ਭੋਜਨ ਅਤੇ ਪਾਣੀ ਦੀ ਇੱਕ ਮੇਸ਼ੇਕ ਲੈ ਕੇ ਹਾਜਰਾ ਨੂੰ ਦਿੱਤੀ। ਉਸ ਨੇ ਉਹਨਾਂ ਨੂੰ ਆਪਣੇ ਮੋਢਿਆਂ ਉੱਤੇ ਬਿਠਾਇਆ ਅਤੇ ਫਿਰ ਉਸ ਨੂੰ ਲੜਕੇ ਦੇ ਨਾਲ ਵਿਦਾ ਕਰ ਦਿੱਤਾ। ਉਹ ਆਪਣੇ ਰਾਹ ਤੁਰ ਪਈ ਅਤੇ ਬੇਰਸ਼ੇਬਾ ਦੇ ਉਜਾੜ ਵਿੱਚ ਭਟਕਦੀ ਰਹੀ।
15 ਜਦੋਂ ਮੇਸ਼ੇਕ ਦਾ ਪਾਣੀ ਮੁੱਕ ਗਿਆ ਤਾਂ ਉਸ ਨੇ ਮੁੰਡੇ ਨੂੰ ਝਾੜੀਆਂ ਦੇ ਹੇਠਾਂ ਬਿਠਾ ਦਿੱਤਾ। 16 ਤਦ ਉਹ ਚਲੀ ਗਈ ਅਤੇ ਲਗਭਗ ਸੋ ਮੀਟਰ ਦੀ ਦੂਰ ਤੇ ਬੈਠ ਗਈ ਕਿਉਂ ਜੋ ਉਸ ਨੇ ਸੋਚਿਆ, "ਮੈਂ ਮੁੰਡੇ ਨੂੰ ਮਰਦੇ ਨਹੀਂ ਦੇਖ ਸਕਦੀ।" ਅਤੇ ਜਦੋਂ ਉਹ ਉੱਥੇ ਬੈਠੀ ਸੀ, ਉੱਚੀ-ਉੱਚੀ ਰੋਣ ਲੱਗ ਪਈ।
17 ਪਰਮੇਸ਼ਵਰ ਨੇ ਲੜਕੇ ਦੇ ਰੋਣ ਨੂੰ ਸੁਣਿਆ ਅਤੇ ਪਰਮੇਸ਼ਵਰ ਦੇ ਦੂਤ ਨੇ ਸਵਰਗ ਤੋਂ ਹਾਜਰਾ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, "ਹਾਜਰਾ ਤੈਨੂੰ ਕੀ ਗੱਲ ਹੈ? ਨਾ ਡਰ, ਪਰਮੇਸ਼ਵਰ ਨੇ ਲੜਕੇ ਦੇ ਰੋਣ ਨੂੰ ਸੁਣਿਆ ਜਦੋਂ ਉਹ ਉੱਥੇ ਪਿਆ ਹੋਇਆ ਸੀ। 18 ਲੜਕੇ ਨੂੰ ਉਠਾ ਅਤੇ ਉਸ ਦਾ ਹੱਥ ਫੜ ਕਿਉਂ ਜੋ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ।"
19 ਤਦ ਪਰਮੇਸ਼ਵਰ ਨੇ ਉਸ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਪਾਣੀ ਦਾ ਇੱਕ ਖੂਹ ਵੇਖਿਆ ਅਤੇ ਇਸ ਲਈ ਉਸ ਨੇ ਜਾ ਕੇ ਮੇਸ਼ੇਕ ਨੂੰ ਪਾਣੀ ਨਾਲ ਭਰਿਆ ਅਤੇ ਲੜਕੇ ਨੂੰ ਪਾਣੀ ਪਿਲਾਇਆ।
20 ਪਰਮੇਸ਼ਵਰ ਉਸ ਮੁੰਡੇ ਦੇ ਨਾਲ ਸੀ ਜਦੋਂ ਉਹ ਵੱਡਾ ਹੋਇਆ। ਉਹ ਮਾਰੂਥਲ ਵਿੱਚ ਰਹਿੰਦਾ ਸੀ ਅਤੇ ਇੱਕ ਤੀਰ-ਅੰਦਾਜ਼ ਬਣ ਗਿਆ ਸੀ। 21 ਜਦੋਂ ਉਹ ਪਾਰਾਨ ਦੇ ਮਾਰੂਥਲ ਵਿੱਚ ਰਹਿੰਦਾ ਸੀ ਤਾਂ ਉਸਦੀ ਮਾਤਾ ਮਿਸਰ ਤੋਂ ਉਸਦੇ ਲਈ ਇੱਕ ਪਤਨੀ ਲਿਆਈ।
22 ਉਸ ਸਮੇਂ ਅਬੀਮੇਲੇਕ ਅਤੇ ਉਸਦੀ ਸੈਨਾ ਦੇ ਸਰਦਾਰ ਫੀਕੋਲ ਨੇ ਅਬਰਾਹਾਮ ਨੂੰ ਆਖਿਆ, "ਪਰਮੇਸ਼ਵਰ ਤੁਹਾਡੇ ਹਰ ਕੰਮ ਵਿੱਚ ਤੁਹਾਡੇ ਨਾਲ ਹੈ। 23 ਹੁਣ ਇੱਥੇ ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਹ ਕਿ ਤੂੰ ਮੇਰੇ ਨਾਲ, ਮੇਰੇ ਬੱਚਿਆਂ ਜਾਂ ਮੇਰੀ ਔਲਾਦ ਨਾਲ ਧੋਖਾਂ ਨਹੀਂ ਕਰੇਗਾ। ਮੈਨੂੰ ਉਹ ਦੇਸ਼ ਦਿਖਾ ਜਿੱਥੇ ਤੁਸੀਂ ਹੁਣ ਇੱਕ ਵਿਦੇਸ਼ੀ ਦੇ ਰੂਪ ਵਿੱਚ ਰਹਿੰਦੇ ਹੋ, ਉਹੀ ਦਿਆਲਤਾ ਜੋ ਮੈਂ ਤੁਹਾਡੇ ਲਈ ਦਿਖਾਈ ਹੈ।"
24 ਅਬਰਾਹਾਮ ਨੇ ਆਖਿਆ, "ਮੈਂ ਸਹੁੰ ਖਾਂਦਾ ਹਾਂ।"
25 ਤਦ ਅਬਰਾਹਾਮ ਨੇ ਅਬੀਮੇਲੇਕ ਕੋਲ ਪਾਣੀ ਦੇ ਇੱਕ ਖੂਹ ਬਾਰੇ ਸ਼ਿਕਾਇਤ ਕੀਤੀ ਜੋ ਅਬੀਮੇਲੇਕ ਦੇ ਸੇਵਕਾਂ ਨੇ ਖੋਹ ਲਿਆ ਸੀ। 26 ਪਰ ਅਬੀਮੇਲੇਕ ਨੇ ਆਖਿਆ, ਮੈਂ ਨਹੀਂ ਜਾਣਦਾ ਕਿ ਇਹ ਕਿਸਨੇ ਕੀਤਾ ਹੈ। ਤੁਸੀਂ ਮੈਨੂੰ ਨਹੀਂ ਦੱਸਿਆ ਅਤੇ ਮੈਂ ਇਸ ਬਾਰੇ ਅੱਜ ਹੀ ਸੁਣਿਆ ਹੈ।
27 ਤਾਂ ਅਬਰਾਹਾਮ ਨੇ ਭੇਡਾਂ ਅਤੇ ਡੰਗਰ ਲੈ ਕੇ ਅਬੀਮੇਲੇਕ ਨੂੰ ਦੇ ਦਿੱਤੇ ਅਤੇ ਦੋਹਾਂ ਨੇ ਆਪਸ ਵਿੱਚ ਨੇਮ ਬੰਨ੍ਹਿਆਂ। 28 ਅਬਰਾਹਾਮ ਨੇ ਇੱਜੜ ਵਿੱਚੋਂ ਸੱਤ ਭੇਡਾਂ ਨੂੰ ਵੱਖਰਾ ਕੀਤਾ, 29 ਅਤੇ ਅਬੀਮੇਲੇਕ ਨੇ ਅਬਰਾਹਾਮ ਨੂੰ ਪੁੱਛਿਆ, "ਇਹਨਾਂ ਸੱਤ ਭੇਡਾਂ ਦਾ ਕੀ ਅਰਥ ਹੈ ਜੋ ਤੂੰ ਵੱਖਰੀਆਂ ਕੀਤੀਆਂ ਹਨ?"
30 ਉਸ ਨੇ ਉੱਤਰ ਦਿੱਤਾ, "ਮੇਰੇ ਹੱਥੋਂ ਇਨ੍ਹਾਂ ਸੱਤ ਲੇਲੀਆਂ ਨੂੰ ਗਵਾਹ ਵਜੋਂ ਸਵੀਕਾਰ ਕਰ ਜੋ ਮੈਂ ਇਹ ਖੂਹ ਪੁੱਟਿਆ ਹੈ।"
31 ਇਸ ਲਈ ਉਸ ਥਾਂ ਦਾ ਨਾਮ ਬੇਰਸ਼ੇਬਾ ਰੱਖਿਆ ਗਿਆ ਕਿਉਂ ਜੋ ਉੱਥੇ ਦੋਹਾਂ ਮਨੁੱਖਾਂ ਨੇ ਸਹੁੰ ਖਾਧੀ।
32 ਬੇਰਸ਼ੇਬਾ ਵਿੱਚ ਨੇਮ ਬੰਨ੍ਹਣ ਤੋਂ ਬਾਅਦ, ਅਬੀਮੇਲੇਕ ਅਤੇ ਫੀਕੋਲ ਉਸ ਦੀਆਂ ਫ਼ੌਜਾਂ ਦੇ ਸੈਨਾਪਤੀ ਫ਼ਲਿਸਤੀਆਂ ਦੇ ਦੇਸ਼ ਨੂੰ ਮੁੜ ਗਏ। 33 ਅਬਰਾਹਾਮ ਨੇ ਬੇਰਸ਼ੇਬਾ ਵਿੱਚ ਇੱਕ ਝਾਊ ਦਾ ਰੁੱਖ ਲਾਇਆ ਅਤੇ ਉੱਥੇ ਯਾਹਵੇਹ ਅੱਗੇ ਜੋ ਅਟੱਲ ਪਰਮੇਸ਼ਵਰ ਹੈ ਪ੍ਰਾਰਥਨਾ ਕੀਤੀ। 34 ਅਤੇ ਅਬਰਾਹਾਮ ਫ਼ਲਿਸਤੀਆਂ ਦੇ ਦੇਸ਼ ਵਿੱਚ ਲੰਮਾ ਸਮਾਂ ਰਿਹਾ।