Publicidade

Gênesis 9

ਨੋਹ ਨਾਲ ਪਰਮੇਸ਼ਵਰ ਦਾ ਨੇਮ

1 ਤਦ ਪਰਮੇਸ਼ਵਰ ਨੇ ਨੋਹ ਅਤੇ ਉਸਦੇ ਪੁੱਤਰਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਨੂੰ ਕਿਹਾ, "ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਧਰਤੀ ਨੂੰ ਭਰ ਦਿਓ। 2 ਤੇਰਾ ਭੈਅ ਅਤੇ ਡਰ ਧਰਤੀ ਦੇ ਸਾਰੇ ਦਰਿੰਦਿਆਂ ਉੱਤੇ, ਅਕਾਸ਼ ਦੇ ਸਾਰੇ ਪੰਛੀਆਂ ਉੱਤੇ, ਧਰਤੀ ਉੱਤੇ ਚੱਲਣ ਵਾਲੇ ਹਰੇਕ ਪ੍ਰਾਣੀ ਉੱਤੇ ਅਤੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਪੈ ਜਾਵੇਗਾ, ਕਿਉਂ ਜੋ ਉਹ ਤੁਹਾਡੇ ਹੱਥਾਂ ਵਿੱਚ ਦਿੱਤੇ ਗਏ ਹਨ। 3 ਹਰ ਚੀਜ਼ ਜੋ ਜਿਉਂਦੀ ਹੈ ਅਤੇ ਚੱਲਦੀ ਹੈ ਤੁਹਾਡੇ ਲਈ ਭੋਜਨ ਹੋਵੇਗੀ। ਜਿਵੇਂ ਮੈਂ ਤੁਹਾਨੂੰ ਹਰੇ ਪੌਦੇ ਦਿੱਤੇ ਸਨ, ਹੁਣ ਮੈਂ ਤੁਹਾਨੂੰ ਸਭ ਕੁਝ ਦਿੰਦਾ ਹਾਂ।

4 "ਪਰ ਤੁਹਾਨੂੰ ਉਹ ਮਾਸ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਜੀਵਨ ਦਾ ਲਹੂ ਅਜੇ ਵੀ ਹੈ। 5 ਅਤੇ ਮੈਂ ਤੁਹਾਡੇ ਜੀਵਨ ਦੇ ਲਹੂ ਦਾ ਲੇਖਾ ਜ਼ਰੂਰ ਮੰਗਾਂਗਾ। ਮੈਂ ਹਰ ਜਾਨਵਰ ਤੋਂ ਹਿਸਾਬ ਮੰਗਾਂਗਾ ਅਤੇ ਹਰੇਕ ਮਨੁੱਖ ਤੋਂ, ਮੈਂ ਦੂਜੇ ਮਨੁੱਖ ਦੀ ਜ਼ਿੰਦਗੀ ਦਾ ਲੇਖਾ-ਜੋਖਾ ਵੀ ਮੰਗਾਂਗਾ।

6 "ਜੋ ਕੋਈ ਮਨੁੱਖਾਂ ਦਾ ਲਹੂ ਵਹਾਉਂਦਾ ਹੈ,

ਮਨੁੱਖਾਂ ਦੁਆਰਾ ਉਹਨਾਂ ਦਾ ਲਹੂ ਵਹਾਇਆ ਜਾਵੇਗਾ;

ਕਿਉਂਕਿ ਪਰਮੇਸ਼ਵਰ ਨੇ ਮਨੁੱਖ ਨੂੰ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਹੈ।

7 ਤੁਸੀਂ ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਧਰਤੀ ਨੂੰ ਭਰ ਦਿਓ।"

8 ਤਦ ਪਰਮੇਸ਼ਵਰ ਨੇ ਨੋਹ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ, 9 "ਹੁਣ ਮੈਂ ਤੇਰੇ ਨਾਲ ਅਤੇ ਤੇਰੇ ਬਾਅਦ ਤੇਰੇ ਅੰਸ ਨਾਲ ਆਪਣਾ ਨੇਮ ਬੰਨ੍ਹਦਾ ਹਾਂ, 10 ਅਤੇ ਹਰ ਜੀਵ-ਜੰਤੂ ਦੇ ਨਾਲ ਜੋ ਤੁਹਾਡੇ ਨਾਲ ਸੀ, ਪੰਛੀਆਂ, ਪਸ਼ੂਆਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲ, ਉਹ ਸਾਰੇ ਜੋ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਨਿਕਲੇ ਹਨ, ਧਰਤੀ ਦੇ ਸਾਰੇ ਜੀਵਾਂ ਨਾਲ। 11 ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਕਾਇਮ ਕਰਦਾ ਹਾਂ: ਹੜ੍ਹ ਦੇ ਪਾਣੀ ਨਾਲ ਸਾਰੇ ਪ੍ਰਾਣੀਆਂ ਦਾ ਫਿਰ ਕਦੇ ਨਾਸ਼ ਨਹੀਂ ਹੋਵੇਗਾ ਹੋਵੇਗੀ, ਧਰਤੀ ਨੂੰ ਤਬਾਹ ਕਰਨ ਲਈ ਫਿਰ ਕਦੇ ਹੜ੍ਹ ਨਹੀਂ ਆਉਣਗੇ।"

12 ਅਤੇ ਪਰਮੇਸ਼ਵਰ ਨੇ ਆਖਿਆ, "ਇਹ ਉਸ ਨੇਮ ਦੀ ਨਿਸ਼ਾਨੀ ਹੈ ਜੋ ਮੈਂ ਆਪਣੇ ਅਤੇ ਤੁਹਾਡੇ ਵਿਚਕਾਰ ਅਤੇ ਤੁਹਾਡੇ ਨਾਲ ਹਰ ਜੀਵਤ ਪ੍ਰਾਣੀ ਵਿੱਚ ਬੰਨ੍ਹਦਾ ਹਾਂ, ਇਹ ਇੱਕ ਨੇਮ ਸਾਰੀਆਂ ਪੀੜ੍ਹੀਆਂ ਲਈ ਹੈ। 13 ਮੈਂ ਬੱਦਲਾਂ ਵਿੱਚ ਆਪਣੀ ਸਤਰੰਗੀ ਪੀਂਘ ਰੱਖੀ ਹੈ, ਇਹ ਮੇਰੇ ਅਤੇ ਧਰਤੀ ਦੇ ਵਿਚਕਾਰ ਨੇਮ ਦਾ ਚਿੰਨ੍ਹ ਹੋਵੇਗਾ। 14 ਜਦੋਂ ਵੀ ਮੈਂ ਧਰਤੀ ਉੱਤੇ ਬੱਦਲਾਂ ਨੂੰ ਲਿਆਵਾਂਗਾ ਤਾਂ ਬੱਦਲਾਂ ਵਿੱਚ ਸਤਰੰਗੀ ਪੀਂਘ ਵਿਖਾਈ ਦੇਵੇਗੀ, 15 ਤਾਂ ਮੈਂ ਆਪਣੇ ਅਤੇ ਤੁਹਾਡੇ ਵਿਚਕਾਰ ਅਤੇ ਹਰ ਪ੍ਰਕਾਰ ਦੇ ਸਾਰੇ ਜੀਵਾਂ ਦੇ ਵਿਚਕਾਰ ਆਪਣੇ ਨੇਮ ਨੂੰ ਚੇਤੇ ਕਰਾਂਗਾ। ਸਾਰੇ ਜੀਵਨ ਨੂੰ ਤਬਾਹ ਕਰਨ ਲਈ ਕਦੇ ਵੀ ਹੜ੍ਹ ਨਹੀਂ ਲਿਆਵਾਂਗਾ। 16 ਜਦੋਂ ਵੀ ਬੱਦਲਾਂ ਵਿੱਚ ਸਤਰੰਗੀ ਪੀਂਘ ਦਿਖਾਈ ਦੇਵੇਗੀ, ਮੈਂ ਇਸਨੂੰ ਵੇਖਾਂਗਾ ਤਾਂ ਜੋ ਪਰਮੇਸ਼ਵਰ ਅਤੇ ਧਰਤੀ ਉੱਤੇ ਹਰ ਪ੍ਰਕਾਰ ਦੇ ਸਾਰੇ ਜੀਵਾਂ ਦੇ ਵਿਚਕਾਰ ਸਦੀਵੀ ਨੇਮ ਨੂੰ ਯਾਦ ਕਰਾਂਗਾ।"

17 ਇਸ ਲਈ ਪਰਮੇਸ਼ਵਰ ਨੇ ਨੋਹ ਨੂੰ ਆਖਿਆ, "ਇਹ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਤੇ ਧਰਤੀ ਉੱਤੇ ਸਾਰੇ ਜੀਵਨ ਵਿਚਕਾਰ ਸਥਾਪਿਤ ਕੀਤਾ ਹੈ।"

ਨੋਹ ਦੇ ਪੁੱਤਰ

18 ਨੋਹ ਦੇ ਜੋ ਪੁੱਤਰ ਕਿਸ਼ਤੀ ਵਿੱਚੋਂ ਬਾਹਰ ਨਿੱਕਲੇ, ਉਹ ਸ਼ੇਮ, ਹਾਮ ਅਤੇ ਯਾਫ਼ਥ ਸਨ। (ਹਾਮ ਕਨਾਨ ਦਾ ਪਿਤਾ ਸੀ।) 19 ਇਹ ਨੋਹ ਦੇ ਤਿੰਨ ਪੁੱਤਰ ਸਨ ਅਤੇ ਉਹਨਾਂ ਤੋਂ ਉਹ ਲੋਕ ਆਏ ਜੋ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ।

20 ਨੋਹ ਇੱਕ ਮਿੱਟੀ ਦਾ ਮਨੁੱਖ, ਇੱਕ ਅੰਗੂਰੀ ਬਾਗ਼ ਲਾਉਣ ਲਈ ਅੱਗੇ ਵੱਧਿਆ। 21 ਜਦੋਂ ਉਸ ਨੇ ਉਸ ਦੀ ਦਾਖ਼ਰਸ ਵਿੱਚੋਂ ਕੁਝ ਪੀਤਾ ਤਾਂ ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਨੰਗਾ ਹੋ ਗਿਆ। 22 ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਨੂੰ ਨੰਗਾ ਵੇਖਿਆ ਅਤੇ ਬਾਹਰ ਆਪਣੇ ਦੋਹਾਂ ਭਰਾਵਾਂ ਨੂੰ ਦੱਸਿਆ। 23 ਪਰ ਸ਼ੇਮ ਅਤੇ ਯਾਫ਼ਥ ਨੇ ਇੱਕ ਕੱਪੜਾ ਲੈ ਕੇ ਆਪਣੇ ਮੋਢਿਆਂ ਉੱਤੇ ਰੱਖਿਆ ਅਤੇ ਪੁੱਠੇ ਪੈਰੀਂ ਜਾ ਕੇ ਆਪਣੇ ਪਿਤਾ ਦਾ ਨਾਗੇਜ਼ ਢੱਕਿਆ। ਉਹਨਾਂ ਦੇ ਮੂੰਹ ਦੂਸਰੇ ਪਾਸੇ ਨੂੰ ਸਨ, ਇਸ ਲਈ ਉਹਨਾਂ ਨੇ ਆਪਣੇ ਪਿਤਾ ਦੇ ਨੰਗੇਜ਼ ਨੂੰ ਨਾ ਵੇਖਿਆ।

24 ਜਦ ਨੋਹ ਦਾ ਨਸ਼ਾ ਉੱਤਰ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਛੋਟੇ ਪੁੱਤਰ ਨੇ ਕੀ ਕੀਤਾ ਹੈ। 25 ਤਾਂ ਉਸ ਨੇ ਆਖਿਆ,

ਕਨਾਨ ਸਰਾਪੀ ਹੋਵੇ!

ਉਹ ਆਪਣੇ ਭਰਾਵਾਂ ਲਈ ਸਭ ਤੋਂ ਨੀਵਾਂ ਹੋਵੇਗਾ।

26 ਉਸ ਨੇ ਇਹ ਵੀ ਕਿਹਾ,

"ਸ਼ੇਮ ਦੇ ਪਰਮੇਸ਼ਵਰ ਯਾਹਵੇਹ ਦੀ ਉਸਤਤ ਹੋਵੇ!

ਕਨਾਨ ਸ਼ੇਮ ਦਾ ਦਾਸ ਹੋਵੇ।

27 ਪਰਮੇਸ਼ਵਰ ਯਾਫ਼ਥ ਦੇ ਇਲਾਕੇ ਨੂੰ ਵੱਧਾਵੇ;

ਯਾਫੇਥ ਸ਼ੇਮ ਦੇ ਤੰਬੂਆਂ ਵਿੱਚ ਰਹੇ,

ਅਤੇ ਕਨਾਨ ਯਾਫੇਥ ਦਾ ਗੁਲਾਮ ਹੋਵੇ।"

28 ਪਰਲੋ ਤੋਂ ਬਾਅਦ ਨੋਹ 350 ਸਾਲ ਜੀਉਂਦਾ ਰਿਹਾ। 29 ਨੋਹ ਕੁੱਲ 950 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-