Publicidade

Gênesis 22

ਅਬਰਾਹਾਮ ਦੀ ਪਰਖ

1 ਕੁਝ ਸਮੇਂ ਬਾਅਦ ਪਰਮੇਸ਼ਵਰ ਨੇ ਅਬਰਾਹਾਮ ਨੂੰ ਪਰਖਿਆ ਅਤੇ ਪਰਮੇਸ਼ਵਰ ਨੇ ਉਸਨੂੰ ਕਿਹਾ, "ਅਬਰਾਹਾਮ!"

ਉਸਨੇ ਜਵਾਬ ਦਿੱਤਾ, ਮੈਂ ਇੱਥੇ ਹਾਂ।

2 ਤਦ ਪਰਮੇਸ਼ਵਰ ਨੇ ਆਖਿਆ, "ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ, ਆਪਣੇ ਇੱਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਸਹਾਕ ਨੂੰ ਲੈ ਕੇ ਮੋਰਿਆਹ ਦੇ ਇਲਾਕੇ ਵਿੱਚ ਜਾ ਅਤੇ ਉਸ ਨੂੰ ਉੱਥੇ ਇੱਕ ਪਰਬਤ ਉੱਤੇ ਹੋਮ ਦੀ ਭੇਟ ਵਜੋਂ ਚੜ੍ਹਾਓ ਜੋ ਮੈਂ ਤੈਨੂੰ ਵਿਖਾਵਾਂਗਾ।"

3 ਅਗਲੀ ਸਵੇਰ ਅਬਰਾਹਾਮ ਉੱਠਿਆ ਅਤੇ ਆਪਣੇ ਗਧੇ ਉੱਤੇ ਕਾਠੀ ਕੱਸੀ। ਉਹ ਆਪਣੇ ਨਾਲ ਆਪਣੇ ਦੋ ਸੇਵਕਾਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਲੈ ਗਿਆ। ਜਦੋਂ ਉਸ ਨੇ ਹੋਮ ਦੀ ਭੇਟ ਲਈ ਕਾਫ਼ੀ ਲੱਕੜ ਕੱਟ ਲਈ, ਤਾਂ ਉਹ ਉਸ ਥਾਂ ਵੱਲ ਚੱਲ ਪਿਆ ਜਿਸ ਬਾਰੇ ਪਰਮੇਸ਼ਵਰ ਨੇ ਉਸ ਨੂੰ ਦੱਸਿਆ ਸੀ। 4 ਤੀਜੇ ਦਿਨ ਅਬਰਾਹਾਮ ਨੇ ਉੱਪਰ ਵੱਲ ਤੱਕਿਆ ਅਤੇ ਦੂਰੋਂ ਉਹ ਥਾਂ ਵੇਖਿਆ। 5 ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਕਿਹਾ, "ਤੁਸੀਂ ਇੱਥੇ ਗਧੇ ਕੋਲ ਠਹਿਰੋ ਜਦੋਂ ਤੱਕ ਮੈਂ ਅਤੇ ਇਹ ਮੁੰਡਾ ਉੱਥੇ ਜਾਵਾਂਗੇ ਅਤੇ ਅਸੀਂ ਉਪਾਸਨਾ ਕਰਕੇ ਫਿਰ ਤੁਹਾਡੇ ਕੋਲ ਵਾਪਸ ਆਵਾਂਗੇ।"

6 ਅਬਰਾਹਾਮ ਨੇ ਹੋਮ ਦੀ ਭੇਟ ਲਈ ਲੱਕੜਾਂ ਲੈ ਕੇ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ ਅਤੇ ਅੱਗ ਅਤੇ ਛੁਰੀ ਉਸ ਨੇ ਆਪ ਚੁੱਕੇ ਜਦੋਂ ਉਹ ਦੋਵੇਂ ਇਕੱਠੇ ਚੱਲ ਰਹੇ ਸਨ, 7 ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਕਿਹਾ, "ਪਿਤਾ ਜੀ?"

ਅਬਰਾਹਾਮ ਨੇ ਜਵਾਬ ਦਿੱਤਾ, "ਹਾਂ, ਮੇਰੇ ਪੁੱਤਰ?"

ਇਸਹਾਕ ਨੇ ਕਿਹਾ, "ਅੱਗ ਅਤੇ ਲੱਕੜ ਇੱਥੇ ਹਨ, ਪਰ ਹੋਮ ਦੀ ਭੇਟ ਲਈ ਲੇਲਾ ਕਿੱਥੇ ਹੈ?"

8 ਅਬਰਾਹਾਮ ਨੇ ਜਵਾਬ ਦਿੱਤਾ, "ਮੇਰੇ ਪੁੱਤਰ, ਪਰਮੇਸ਼ਵਰ ਖੁਦ ਹੋਮ ਦੀ ਭੇਟ ਲਈ ਲੇਲਾ ਪ੍ਰਦਾਨ ਕਰੇਗਾ।" ਅਤੇ ਉਹ ਦੋਵੇਂ ਇਕੱਠੇ ਤੁਰਦੇ ਗਏ।

9 ਜਦੋਂ ਉਹ ਉਸ ਥਾਂ ਪਹੁੰਚੇ ਜਿੱਥੇ ਪਰਮੇਸ਼ਵਰ ਨੇ ਉਸ ਨੂੰ ਦੱਸਿਆ ਸੀ, ਅਬਰਾਹਾਮ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਉਸ ਉੱਤੇ ਲੱਕੜਾਂ ਦਾ ਪ੍ਰਬੰਧ ਕੀਤਾ। ਉਸਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹਿਆ ਅਤੇ ਉਸਨੂੰ ਜਗਵੇਦੀ ਉੱਤੇ ਲੱਕੜ ਦੇ ਉੱਪਰ ਰੱਖਿਆ। 10 ਤਦ ਅਬਰਾਹਾਮ ਨੇ ਆਪਣਾ ਹੱਥ ਵਧਾ ਕੇ ਆਪਣੇ ਪੁੱਤਰ ਨੂੰ ਮਾਰਨ ਲਈ ਚਾਕੂ ਫੜ ਲਿਆ। 11 ਪਰ ਯਾਹਵੇਹ ਦੇ ਦੂਤ ਨੇ ਸਵਰਗ ਤੋਂ ਉਸ ਨੂੰ ਪੁਕਾਰ ਕੇ ਆਖਿਆ, "ਅਬਰਾਹਾਮ! ਅਬਰਾਹਾਮ!"

ਉਸਨੇ ਜਵਾਬ ਦਿੱਤਾ, "ਮੈਂ ਇੱਥੇ ਹਾਂ।"

12 ਯਾਹਵੇਹ ਨੇ ਕਿਹਾ, "ਮੁੰਡੇ ਨੂੰ ਹੱਥ ਨਾ ਲਾ ਅਤੇ ਉਸ ਨਾਲ ਕੁਝ ਨਾ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਵਰ ਤੋਂ ਡਰਦਾ ਹੈ, ਕਿਉਂਕਿ ਤੂੰ ਆਪਣੇ ਪੁੱਤਰ, ਆਪਣੇ ਇੱਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ।"

13 ਅਬਰਾਹਾਮ ਨੇ ਆਪਣੀਆਂ ਅੱਖਾਂ ਉੱਪਰ ਚੁੱਕ ਕੇ ਵੇਖਿਆ, ਤਾਂ ਉਸਦੇ ਪਿੱਛੇ ਇੱਕ ਲੇਲਾ ਸੀ, ਜਿਸ ਦੇ ਸਿੰਗ ਝਾੜੀ ਵਿੱਚ ਫਸੇ ਹੋਏ ਸਨ। ਅਬਰਾਹਾਮ ਨੇ ਜਾ ਕੇ ਉਸ ਲੇਲੇ ਨੂੰ ਫੜ੍ਹ ਲਿਆਂ ਅਤੇ ਆਪਣੇ ਪੁੱਤਰ ਦੀ ਥਾਂ ਹੋਮ ਦੀ ਭੇਟ ਵਜੋਂ ਚੜ੍ਹਾ ਦਿੱਤਾ। 14 ਇਸ ਲਈ ਅਬਰਾਹਾਮ ਨੇ ਉਸ ਥਾਂ ਦਾ ਨਾਮ ਯਾਹਵੇਹ ਯਿਰਹ ਰੱਖਿਆ, ਜਿਸ ਦਾ ਅਰਥ ਯਾਹਵੇਹ ਮੁਹੱਈਆ ਕਰਨ ਵਾਲਾ ਹੈ ਅਤੇ ਅੱਜ ਤੱਕ ਇਹ ਕਿਹਾ ਜਾਂਦਾ ਹੈ, "ਯਾਹਵੇਹ ਦੇ ਪਰਬਤ ਉੱਤੇ ਇਹ ਪ੍ਰਦਾਨ ਕੀਤਾ ਜਾਵੇਗਾ।"

15 ਯਾਹਵੇਹ ਦੇ ਦੂਤ ਨੇ ਦੂਜੀ ਵਾਰ ਅਬਰਾਹਾਮ ਨੂੰ ਸਵਰਗ ਤੋਂ ਬੁਲਾਇਆ, 16 ਯਾਹਵੇਹ ਦੇ ਦੂਤ ਨੇ ਸਵਰਗ ਤੋਂ ਅਬਰਾਹਾਮ ਨੂੰ ਦੂਸਰੀ ਵਾਰ ਬੁਲਾਇਆ ਅਤੇ ਕਿਹਾ, "ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ, ਯਾਹਵੇਹ ਦਾ ਵਾਕ ਹੈ, ਕਿਉਂਕਿ ਤੂੰ ਇਹ ਕੀਤਾ ਹੈ ਅਤੇ ਆਪਣੇ ਇੱਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ 17 ਮੈਂ ਜ਼ਰੂਰ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਵਾਂਗ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਵਧਾਵਾਂਗਾ। ਤੇਰੀ ਸੰਤਾਨ ਆਪਣੇ ਵੈਰੀਆਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇਗੀ, 18 ਅਤੇ ਤੇਰੀ ਸੰਤਾਨ ਦੁਆਰਾ ਧਰਤੀ ਦੀਆਂ ਸਾਰੀਆਂ ਕੌਮਾਂ ਮੁਬਾਰਕ ਹੋਣਗੀਆਂ, ਕਿਉਂਕਿ ਤੂੰ ਮੇਰੇ ਹੁਕਮ ਮੰਨੇ ਹਨ।"

19 ਤਦ ਅਬਰਾਹਾਮ ਆਪਣੇ ਸੇਵਕਾਂ ਕੋਲ ਮੁੜਿਆ ਅਤੇ ਉਹ ਇਕੱਠੇ ਬੇਰਸ਼ੇਬਾ ਨੂੰ ਚੱਲ ਪਏ ਅਤੇ ਅਬਰਾਹਾਮ ਬੇਰਸ਼ੇਬਾ ਵਿੱਚ ਠਹਿਰਿਆ।

ਨਾਹੋਰ ਦੇ ਪੁੱਤਰ

20 ਕੁਝ ਸਮੇਂ ਬਾਅਦ ਅਬਰਾਹਾਮ ਨੂੰ ਦੱਸਿਆ ਗਿਆ, "ਮਿਲਕਾਹ ਵੀ ਇੱਕ ਮਾਂ ਹੈ। ਉਸ ਨੇ ਤੇਰੇ ਭਰਾ ਨਾਹੋਰ ਲਈ ਪੁੱਤਰਾਂ ਨੂੰ ਜਨਮ ਦਿੱਤਾ:

21 ਊਜ਼ ਜੇਠਾ, ਉਸਦਾ ਭਰਾ ਬੂਜ਼,

ਕਮੂਏਲ (ਅਰਾਮ ਦਾ ਪਿਤਾ),

22 ਕੇਸਦ, ਹਜ਼ੋ, ਪਿਲਦਾਸ਼, ਯਿਦਲਾਫ਼ ਅਤੇ ਬਥੂਏਲ।"

23 ਬਥੂਏਲ ਰਿਬਕਾਹ ਦਾ ਪਿਤਾ ਸੀ।

ਮਿਲਕਾਹ ਨੇ ਅਬਰਾਹਾਮ ਦੇ ਭਰਾ ਨਾਹੋਰ ਲਈ ਇਨ੍ਹਾਂ ਅੱਠ ਪੁੱਤਰਾਂ ਨੂੰ ਜਨਮ ਦਿੱਤਾ।

24 ਉਸ ਦੀ ਰਖੇਲ, ਜਿਸ ਦਾ ਨਾਮ ਰਊਮਾਹ ਸੀ, ਦੇ ਵੀ ਪੁੱਤਰ ਸਨ:

ਤਬਾਹ, ਗਹਾਮ, ਤਾਹਸ਼ ਅਤੇ ਮਕਾਹ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-