Pular para o conteúdo
Publicidade

ਉਤਪਤ 8

1 ਪਰ ਪਰਮੇਸ਼ਵਰ ਨੇ ਨੋਹ ਨੂੰ ਅਤੇ ਸਾਰੇ ਜੰਗਲੀ ਜਾਨਵਰਾਂ ਅਤੇ ਡੰਗਰਾਂ ਨੂੰ ਜਿਹੜੇ ਕਿਸ਼ਤੀ ਵਿੱਚ ਉਸਦੇ ਨਾਲ ਸਨ ਚੇਤੇ ਕੀਤਾ ਅਤੇ ਉਸ ਨੇ ਧਰਤੀ ਉੱਤੇ ਹਵਾ ਭੇਜੀ ਅਤੇ ਪਾਣੀ ਘੱਟ ਗਿਆ। 2 ਹੁਣ ਡੂੰਘੇ ਚਸ਼ਮੇ ਅਤੇ ਅਕਾਸ਼ ਦੇ ਦਰਵਾਜ਼ੇ ਬੰਦ ਹੋ ਗਏ ਸਨ ਅਤੇ ਅਕਾਸ਼ ਤੋਂ ਮੀਂਹ ਪੈਣਾ ਬੰਦ ਹੋ ਗਿਆ ਸੀ। 3 ਧਰਤੀ ਤੋਂ ਪਾਣੀ ਲਗਾਤਾਰ ਘੱਟਦਾ ਗਿਆ ਅਤੇ ਇੱਕ ਸੌ ਪੰਜਾਹ ਦਿਨਾਂ ਦੇ ਅੰਤ ਤੱਕ ਪਾਣੀ ਘੱਟ ਗਿਆ ਸੀ। 4 ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਕਿਸ਼ਤੀ ਅਰਾਰਾਤ ਦੇ ਪਹਾੜਾਂ ਉੱਤੇ ਟਿਕ ਗਈ। 5 ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦਾ ਗਿਆ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਚੋਟੀਆਂ ਦਿਖਾਈ ਦੇਣ ਲੱਗ ਪਈਆਂ।

6 ਚਾਲੀ ਦਿਨਾਂ ਬਾਅਦ ਨੋਹ ਨੇ ਇੱਕ ਖਿੜਕੀ ਖੋਲ੍ਹੀ ਜੋ ਉਸ ਨੇ ਕਿਸ਼ਤੀ ਵਿੱਚ ਬਣਾਈ ਸੀ 7 ਅਤੇ ਉਸ ਨੇ ਇੱਕ ਕਾਂ ਨੂੰ ਬਾਹਰ ਭੇਜਿਆ, ਅਤੇ ਉਹ ਅੱਗੇ-ਪਿੱਛੇ ਉੱਡਦਾ ਰਿਹਾ ਜਦੋਂ ਤੱਕ ਧਰਤੀ ਤੋਂ ਪਾਣੀ ਸੁੱਕ ਨਾ ਗਿਆ। 8 ਫਿਰ ਉਸ ਨੇ ਇੱਕ ਘੁੱਗੀ ਨੂੰ ਇਹ ਵੇਖਣ ਲਈ ਭੇਜਿਆ ਕਿ ਪਾਣੀ ਜ਼ਮੀਨ ਦੀ ਸਤ੍ਹਾ ਤੋਂ ਘੱਟ ਗਿਆ ਹੈ ਜਾਂ ਨਹੀਂ। 9 ਪਰ ਘੁੱਗੀ ਨੂੰ ਬੈਠਣ ਲਈ ਕੋਈ ਟਿਕਾਣਾ ਨਾ ਲੱਭਿਆ ਕਿਉਂਕਿ ਧਰਤੀ ਦੀ ਸਾਰੀ ਸਤ੍ਹਾ ਉੱਤੇ ਪਾਣੀ ਸੀ, ਇਸ ਲਈ ਉਹ ਕਿਸ਼ਤੀ ਵਿੱਚ ਨੋਹ ਕੋਲ ਵਾਪਸ ਆ ਗਈ ਉਸਨੇ ਆਪਣਾ ਹੱਥ ਵਧਾ ਕੇ ਘੁੱਗੀ ਨੂੰ ਫੜ ਲਿਆ ਅਤੇ ਕਿਸ਼ਤੀ ਵਿੱਚ ਆਪਣੇ ਕੋਲ ਵਾਪਸ ਲੈ ਆਇਆ। 10 ਉਸ ਨੇ ਸੱਤ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਫੇਰ ਕਬੂਤਰ ਨੂੰ ਕਿਸ਼ਤੀ ਵਿੱਚੋਂ ਬਾਹਰ ਭੇਜਿਆ। 11 ਜਦੋਂ ਸ਼ਾਮ ਨੂੰ ਘੁੱਗੀ ਉਹ ਦੇ ਕੋਲ ਮੁੜੀ ਤਾਂ ਉਸ ਦੀ ਚੁੰਝ ਵਿੱਚ ਜ਼ੈਤੂਨ ਦਾ ਇੱਕ ਤਾਜ਼ਾ ਪੱਤਾ ਸੀ! ਤਦ ਨੋਹ ਨੂੰ ਪਤਾ ਲੱਗਾ ਕਿ ਪਾਣੀ ਧਰਤੀ ਤੋਂ ਘੱਟ ਗਿਆ ਹੈ। 12 ਉਸ ਨੇ ਸੱਤ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਘੁੱਗੀ ਨੂੰ ਫੇਰ ਬਾਹਰ ਭੇਜਿਆ ਪਰ ਇਸ ਵਾਰ ਉਹ ਉਸ ਕੋਲ ਮੁੜ ਕੇ ਵਾਪਸ ਨਾ ਆਈ।

13 ਨੋਹ ਦੀ ਉਮਰ ਦੇ ਛੇ ਸੌ ਪਹਿਲੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਤੱਕ ਧਰਤੀ ਉੱਤੋਂ ਪਾਣੀ ਸੁੱਕ ਗਿਆ ਸੀ ਅਤੇ ਫਿਰ ਨੋਹ ਨੇ ਕਿਸ਼ਤੀ ਦੀ ਛੱਤ ਖੋਲੀ ਅਤੇ ਦੇਖਿਆ ਕਿ ਜ਼ਮੀਨ ਦੀ ਸਤ੍ਹਾ ਸੁੱਕੀ ਸੀ। 14 ਦੂਜੇ ਮਹੀਨੇ ਦੇ ਸਤਾਈਵੇਂ ਦਿਨ ਤੱਕ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ।

15 ਤਦ ਪਰਮੇਸ਼ਵਰ ਨੇ ਨੋਹ ਨੂੰ ਆਖਿਆ, 16 "ਤੂੰ ਅਤੇ ਤੇਰੀ ਪਤਨੀ ਅਤੇ ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਕਿਸ਼ਤੀ ਵਿੱਚੋਂ ਬਾਹਰ ਆ ਜਾਓ। 17 ਹਰ ਪ੍ਰਕਾਰ ਦੇ ਜੀਵ-ਜੰਤੂ, ਪੰਛੀ, ਜਾਨਵਰ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਸਾਰੇ ਪ੍ਰਾਣੀ ਜੋ ਤੁਹਾਡੇ ਨਾਲ ਹਨ ਬਾਹਰ ਲਿਆਓ ਤਾਂ ਜੋ ਉਹ ਧਰਤੀ ਉੱਤੇ ਵੱਧ ਸਕਣ ਅਤੇ ਫਲਦਾਰ ਹੋਣ ਅਤੇ ਇਸ ਉੱਤੇ ਗਿਣਤੀ ਵਿੱਚ ਵੱਧ ਸਕਣ।"

18 ਤਾਂ ਨੋਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਸਮੇਤ ਬਾਹਰ ਆਇਆ। 19 ਸਾਰੇ ਜਾਨਵਰ, ਜੀਵ-ਜੰਤੂ, ਧਰਤੀ ਤੇ ਘਿੱਸਰਨ ਵਾਲੇ ਅਤੇ ਸਾਰੇ ਪੰਛੀ ਅਰਥਾਤ ਸਭ ਕੁਝ ਜੋ ਧਰਤੀ ਉੱਤੇ ਚਲਦਾ ਹੈ, ਇੱਕ-ਇੱਕ ਕਰਕੇ ਕਿਸ਼ਤੀ ਵਿੱਚੋਂ ਬਾਹਰ ਆਏ।

20 ਤਦ ਨੋਹ ਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਸਾਰੇ ਸ਼ੁੱਧ ਜਾਨਵਰਾਂ ਅਤੇ ਸ਼ੁੱਧ ਪੰਛੀਆਂ ਵਿੱਚੋਂ ਕੁਝ ਲੈ ਕੇ ਉਸ ਉੱਤੇ ਹੋਮ ਦੀਆਂ ਭੇਟਾਂ ਚੜ੍ਹਾਈਆਂ। 21 ਯਾਹਵੇਹ ਨੇ ਪ੍ਰਸੰਨ ਸੁਗੰਧੀ ਨੂੰ ਸੁੰਘ ਕੇ ਆਪਣੇ ਮਨ ਵਿੱਚ ਕਿਹਾ, "ਮੈਂ ਮਨੁੱਖਾਂ ਦੇ ਕਾਰਨ ਧਰਤੀ ਨੂੰ ਕਦੇ ਵੀ ਸਰਾਪ ਨਹੀਂ ਦੇਵਾਂਗਾ, ਭਾਵੇਂ ਮਨੁੱਖ ਦੇ ਮਨ ਦੀ ਹਰ ਪ੍ਰਵਿਰਤੀ ਬਚਪਨ ਤੋਂ ਹੀ ਬੁਰੀ ਹੈ ਅਤੇ ਮੈਂ ਕਦੇ ਵੀ ਸਾਰੇ ਜੀਵਿਤ ਪ੍ਰਾਣੀਆਂ ਨੂੰ ਤਬਾਹ ਨਹੀਂ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ।

22 "ਜਿੰਨਾ ਚਿਰ ਧਰਤੀ ਕਾਇਮ ਰਹੇਗੀ,

ਬੀਜਣ ਅਤੇ ਵਾਢੀ ਦਾ ਸਮਾਂ,

ਠੰਡਾ ਅਤੇ ਗਰਮ,

ਗਰਮੀਆਂ ਅਤੇ ਸਰਦੀਆਂ,

ਦਿਨ ਅਤੇ ਰਾਤ

ਕਦੇ ਨਹੀਂ ਰੁਕਣਗੇ।"

Estes versículos te tocaram? Ore agora!

+581 estão orando agora.

Junte-se à corrente de oração.