Publicidade

Gênesis 18

ਤਿੰਨ ਮਹਿਮਾਨ

1 ਯਾਹਵੇਹ ਨੇ ਅਬਰਾਹਾਮ ਨੂੰ ਮਮਰੇ ਦੇ ਵੱਡੇ ਰੁੱਖਾਂ ਦੇ ਕੋਲ ਦਰਸ਼ਣ ਦਿੱਤਾ ਜਦੋਂ ਉਹ ਦਿਨ ਦੀ ਗਰਮੀ ਵਿੱਚ ਆਪਣੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਬੈਠਾ ਸੀ। 2 ਅਬਰਾਹਾਮ ਨੇ ਉੱਪਰ ਤੱਕ ਕੇ ਤਿੰਨ ਮਨੁੱਖਾਂ ਨੂੰ ਨੇੜੇ ਖੜ੍ਹੇ ਵੇਖਿਆ। ਜਦੋਂ ਉਸਨੇ ਉਹਨਾਂ ਨੂੰ ਦੇਖਿਆ, ਤਾਂ ਉਹ ਉਹਨਾਂ ਨੂੰ ਮਿਲਣ ਲਈ ਆਪਣੇ ਤੰਬੂ ਦੇ ਪ੍ਰਵੇਸ਼ ਦੁਆਰ ਤੋਂ ਜਲਦੀ ਆਇਆ ਅਤੇ ਜ਼ਮੀਨ ਤੱਕ ਝੁੱਕ ਕੇ ਮੱਥਾ ਟੇਕਿਆ।

3 ਉਸ ਨੇ ਆਖਿਆ, "ਹੇ ਯਾਹਵੇਹ! ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚਲੇ ਨਾ ਜਾਣਾ। 4 ਮੈਂ ਥੋੜ੍ਹਾ ਜਿਹਾ ਪਾਣੀ ਲਿਆਉਂਦਾ ਹਾਂ ਅਤੇ ਤੁਸੀਂ ਸਾਰੇ ਆਪਣੇ ਪੈਰ ਧੋਵੋ ਅਤੇ ਇਸ ਰੁੱਖ ਦੇ ਹੇਠਾਂ ਆਰਾਮ ਕਰੋ। 5 ਮੈਂ ਤੁਹਾਡੇ ਲਈ ਕੁਝ ਖਾਣ ਲਈ ਲਿਆਵਾਂ ਤਾਂ ਜੋ ਤੁਸੀਂ ਤਰੋ-ਤਾਜ਼ਾ ਹੋ ਸਕੋ ਅਤੇ ਫਿਰ ਆਪਣੇ ਰਾਹ ਚੱਲ ਸਕੋ, ਹੁਣ ਜਦੋਂ ਤੁਸੀਂ ਆਪਣੇ ਸੇਵਕ ਕੋਲ ਆਏ ਹੋ।"

ਉਹਨਾਂ ਨੇ ਜਵਾਬ ਦਿੱਤਾ, "ਜਿਵੇਂ ਤੂੰ ਕਹਿੰਦਾ ਹੈ ਉਸੇ ਤਰ੍ਹਾਂ ਕਰ।"

6 ਤਾਂ ਅਬਰਾਹਾਮ ਜਲਦੀ ਨਾਲ ਸਾਰਾਹ ਕੋਲ ਤੰਬੂ ਵਿੱਚ ਗਿਆ। ਉਸਨੇ ਕਿਹਾ, "ਛੇਤੀ ਨਾਲ ਤਿੰਨ ਮਾਪ ਮੈਦਾ ਗੁੰਨ੍ਹ ਕੇ ਰੋਟੀਆਂ ਪਕਾ।"

7 ਤਦ ਅਬਰਾਹਾਮ ਇੱਜੜ ਵੱਲ ਭੱਜਿਆ ਅਤੇ ਇੱਕ ਪਸੰਦੀਦਾ ਕੋਮਲ ਵੱਛਾ ਚੁਣਿਆ ਅਤੇ ਇੱਕ ਨੌਕਰ ਨੂੰ ਦਿੱਤਾ ਅਤੇ ਉਸ ਨੇ ਜਲਦੀ ਨਾਲ ਉਸਨੂੰ ਤਿਆਰ ਕੀਤਾ। 8 ਤਦ ਉਸ ਨੇ ਕੁਝ ਦਹੀਂ, ਦੁੱਧ ਅਤੇ ਵੱਛਾ ਤਿਆਰ ਕਰਕੇ ਉਹਨਾਂ ਦੇ ਅੱਗੇ ਪਰੋਸ ਦਿੱਤਾ। ਜਦੋਂ ਉਹ ਖਾ ਰਹੇ ਸਨ ਤਾਂ ਉਹ ਉਹਨਾਂ ਦੇ ਕੋਲ ਇੱਕ ਰੁੱਖ ਹੇਠਾਂ ਖੜ੍ਹਾ ਰਿਹਾ।

9 ਫਿਰ ਉਹਨਾਂ ਨੇ ਉਸਨੂੰ ਪੁੱਛਿਆ, "ਤੇਰੀ ਪਤਨੀ ਸਾਰਾਹ ਕਿੱਥੇ ਹੈ?"

ਉਸਨੇ ਆਖਿਆ, ਉੱਥੇ ਤੰਬੂ ਵਿੱਚ ਹੈ।

10 ਤਦ ਉਹਨਾਂ ਵਿੱਚੋਂ ਇੱਕ ਨੇ ਆਖਿਆ, ਮੈਂ ਅਗਲੇ ਸਾਲ ਇਸ ਸਮੇਂ ਵਿੱਚ ਜ਼ਰੂਰ ਤੇਰੇ ਕੋਲ ਆਵਾਂਗਾ ਅਤੇ ਤੇਰੀ ਪਤਨੀ ਸਾਰਾਹ ਦੇ ਇੱਕ ਪੁੱਤਰ ਹੋਵੇਗਾ।

ਹੁਣ ਸਾਰਾਹ ਤੰਬੂ ਦੇ ਬੂਹੇ ਉੱਤੇ ਜੋ ਉਸ ਦੇ ਪਿੱਛੇ ਸੀ, ਸੁਣ ਰਹੀ ਸੀ। 11 ਅਬਰਾਹਾਮ ਅਤੇ ਸਾਰਾਹ ਬਹੁਤ ਬੁੱਢੇ ਹੋ ਚੁੱਕੇ ਸਨ ਅਤੇ ਸਾਰਾਹ ਜਣਨ ਦੀ ਉਮਰ ਤੋਂ ਲੰਘ ਚੁੱਕੀ ਸੀ। 12 ਤਾਂ ਸਾਰਾਹ ਆਪਣੇ-ਆਪ ਨਾਲ ਹੱਸ ਪਈ ਜਿਵੇਂ ਉਹ ਸੋਚਦੀ ਸੀ, "ਹੁਣ ਮੈਂ ਕਮਜ਼ੋਰ ਹੋ ਗਈ ਹਾਂ ਅਤੇ ਮੇਰਾ ਸੁਆਮੀ ਬੁੱਢਾ ਹੋ ਗਿਆ ਹੈ, ਕੀ ਹੁਣ ਮੈਨੂੰ ਇਹ ਖੁਸ਼ੀ ਮਿਲੇਗੀ?"

13 ਤਦ ਯਾਹਵੇਹ ਨੇ ਅਬਰਾਹਾਮ ਨੂੰ ਕਿਹਾ, "ਸਾਰਾਹ ਨੇ ਕਿਉਂ ਹੱਸ ਕੇ ਕਿਹਾ, ‘ਕੀ ਹੁਣ ਮੈਂ ਬੁੱਢੀ ਹੋ ਗਈ ਹਾਂ, ਕੀ ਮੈਂ ਸੱਚ-ਮੁੱਚ ਪੁੱਤਰ ਨੂੰ ਜਨਮ ਦੇਵਾਂਗੀ?’ 14 ਕੀ ਕੋਈ ਚੀਜ਼ ਯਾਹਵੇਹ ਪਰਮੇਸ਼ਵਰ ਲਈ ਬਹੁਤ ਔਖੀ ਹੈ? ਮੈਂ ਅਗਲੇ ਸਾਲ ਨਿਸ਼ਚਿਤ ਸਮੇਂ ਤੇ ਤੇਰੇ ਕੋਲ ਵਾਪਸ ਆਵਾਂਗਾ ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।"

15 ਸਾਰਾਹ ਡਰ ਗਈ, ਇਸ ਲਈ ਉਸਨੇ ਝੂਠ ਬੋਲਿਆ ਅਤੇ ਕਿਹਾ, "ਮੈਂ ਨਹੀਂ ਹੱਸੀ।"

ਪਰ ਉਸਨੇ ਕਿਹਾ, "ਹਾਂ, ਤੂੰ ਜ਼ਰੂਰ ਹੱਸੀ ਹੈ।"

ਅਬਰਾਹਾਮ ਨੇ ਸੋਦੋਮ ਦੇ ਲੋਕਾਂ ਲਈ ਬੇਨਤੀ ਕੀਤੀ

16 ਜਦੋਂ ਉਹ ਆਦਮੀ ਜਾਣ ਲਈ ਉੱਠੇ ਉਹਨਾਂ ਨੇ ਸੋਦੋਮ ਵੱਲ ਵੇਖਿਆ ਅਤੇ ਅਬਰਾਹਾਮ ਉਹਨਾਂ ਦੇ ਨਾਲ-ਨਾਲ ਚੱਲਿਆ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਰਾਹ ਵਿੱਚ ਵੇਖ ਸਕੇ। 17 ਤਦ ਯਾਹਵੇਹ ਨੇ ਆਖਿਆ, ਕੀ ਮੈਂ ਅਬਰਾਹਾਮ ਤੋਂ ਉਹ ਗੱਲ ਲੁਕਾਵਾਂ ਜੋ ਮੈਂ ਕਰਨ ਵਾਲਾ ਹਾਂ? 18 ਅਬਰਾਹਾਮ ਜ਼ਰੂਰ ਇੱਕ ਮਹਾਨ ਅਤੇ ਸ਼ਕਤੀਸ਼ਾਲੀ ਕੌਮ ਬਣੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਦੁਆਰਾ ਮੁਬਾਰਕ ਹੋਣਗੀਆਂ। 19 ਕਿਉਂ ਜੋ ਮੈਂ ਉਹ ਨੂੰ ਚੁਣਿਆ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਘਰਾਣੇ ਨੂੰ ਆਪਣੇ ਤੋਂ ਬਾਅਦ ਰਾਹ ਉੱਤੇ ਚੱਲਣ ਲਈ ਨਿਰਦੇਸ਼ਿਤ ਕਰੇ। ਉਹ ਯਾਹਵੇਹ ਦੇ ਰਾਹ ਦੀ ਪਾਲਣਾ ਕਰਨ ਅਤੇ ਧਰਮ ਅਤੇ ਨਿਆਂ ਕਰਦੇ ਰਹਿਣ ਤਾਂ ਜੋ ਯਾਹਵੇਹ ਅਬਰਾਹਾਮ ਲਈ ਉਹ ਲਿਆਵੇ ਜੋ ਉਸਨੇ ਉਸ ਨਾਲ ਵਾਅਦਾ ਕੀਤਾ ਹੈ।

20 ਤਦ ਯਾਹਵੇਹ ਨੇ ਆਖਿਆ, "ਸੋਦੋਮ ਅਤੇ ਗਾਮੂਰਾਹ ਸ਼ਹਿਰ ਦਾ ਰੌਲਾ ਬਹੁਤ ਵੱਧ ਗਿਆ ਹੈ ਅਤੇ ਉਹਨਾਂ ਦਾ ਪਾਪ ਬਹੁਤ ਵੱਧ ਗਿਆ ਹੈ 21 ਮੈਂ ਹੇਠਾਂ ਜਾ ਕੇ ਵੇਖਾਂਗਾ ਕਿ ਕੀ ਉਹਨਾਂ ਨੇ ਜੋ ਕੁਝ ਕੀਤਾ ਹੈ, ਉਹ ਬੁਰਾ ਹੈ। ਰੌਲਾ ਜੋ ਮੇਰੇ ਤੱਕ ਪਹੁੰਚ ਗਿਆ ਹੈ। ਜੇ ਨਹੀਂ, ਤਾਂ ਮੈਨੂੰ ਪਤਾ ਲੱਗੇਗਾ।"

22 ਉਹ ਮਨੁੱਖ ਮੁੜੇ ਅਤੇ ਸੋਦੋਮ ਵੱਲ ਚਲੇ ਗਏ, ਪਰ ਅਬਰਾਹਾਮ ਯਾਹਵੇਹ ਦੇ ਸਾਹਮਣੇ ਖੜ੍ਹਾ ਰਿਹਾ 23 ਤਦ ਅਬਰਾਹਾਮ ਨੇ ਉਸ ਕੋਲ ਆ ਕੇ ਕਿਹਾ, "ਕੀ ਤੂੰ ਸੱਚ-ਮੁੱਚ ਧਰਮੀ ਨੂੰ ਕੁਧਰਮੀ ਨਾਲ ਨਾਸ ਕਰ ਦੇਵੇਗਾ? 24 ਜੇਕਰ ਸ਼ਹਿਰ ਵਿੱਚ ਪੰਜਾਹ ਧਰਮੀ ਹੋਣ ਤਾਂ ਕੀ ਹੋਵੇਗਾ? ਕੀ ਤੂੰ ਜ਼ਰੂਰ ਉਸ ਜਗ੍ਹਾ ਨੂੰ ਮਿਟਾ ਦੇਵੇਂਗਾ ਅਤੇ ਉਹਨਾਂ ਪੰਜਾਹ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ, ਛੱਡ ਨਾ ਦੇਵੇਗਾ? 25 ਇਹੋ ਜਿਹਾ ਕੰਮ ਕਰਨਾ ਤੁਹਾਡੇ ਤੋਂ ਦੂਰ ਹੋਵੇ ਜਿਵੇਂ ਧਰਮੀ ਨੂੰ ਦੁਸ਼ਟ ਨਾਲ ਮਾਰਨਾ ਅਰਥਾਤ ਧਰਮੀ ਅਤੇ ਦੁਸ਼ਟ ਨਾਲ ਇੱਕੋ ਜਿਹਾ ਸਲੂਕ ਕਰਨਾ, ਇਹ ਤੁਹਾਡੇ ਤੋਂ ਦੂਰ ਹੋਵੇ! ਕੀ ਸਾਰੀ ਧਰਤੀ ਦਾ ਨਿਆਈਂ ਸਹੀ ਨਿਆਂ ਨਹੀਂ ਕਰੇਗਾ?"

26 ਯਾਹਵੇਹ ਨੇ ਆਖਿਆ, "ਜੇਕਰ ਮੈਨੂੰ ਸੋਦੋਮ ਸ਼ਹਿਰ ਵਿੱਚ ਪੰਜਾਹ ਧਰਮੀ ਲੋਕ ਮਿਲੇ, ਤਾਂ ਮੈਂ ਉਹਨਾਂ ਦੀ ਖ਼ਾਤਰ ਸਾਰੀ ਜਗ੍ਹਾ ਨੂੰ ਬਚਾ ਲਵਾਂਗਾ।"

27 ਤਦ ਅਬਰਾਹਾਮ ਨੇ ਫੇਰ ਕਿਹਾ, "ਹੁਣ ਜਦੋਂ ਮੈਂ ਯਾਹਵੇਹ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ, ਭਾਵੇਂ ਮੈਂ ਕੁਝ ਵੀ ਨਹੀਂ ਹਾਂ ਸਗੋਂ ਮਿੱਟੀ ਅਤੇ ਸੁਆਹ ਹਾਂ। 28 ਜੇਕਰ ਧਰਮੀ ਲੋਕਾਂ ਦੀ ਗਿਣਤੀ ਪੰਜਾਹ ਤੋਂ ਘੱਟ ਹੋਵੇ ਤਾਂ ਕੀ ਹੋਵੇਗਾ? ਕੀ ਤੁਸੀਂ ਪੰਜਾਹ ਬੰਦਿਆਂ ਦੀ ਘਾਟ ਕਾਰਨ ਪੂਰੇ ਸ਼ਹਿਰ ਨੂੰ ਤਬਾਹ ਕਰ ਦਿਓਗੇ?"

"ਜੇ ਮੈਨੂੰ ਉੱਥੇ ਪੈਂਤਾਲੀ ਮਿਲੇ," ਉਸ ਨੇ ਕਿਹਾ, "ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।"

29 ਇੱਕ ਵਾਰ ਫੇਰ ਉਸ ਨੇ ਉਸ ਨਾਲ ਗੱਲ ਕੀਤੀ, "ਜੇ ਉੱਥੇ ਸਿਰਫ ਚਾਲੀ ਹੀ ਮਿਲ ਜਾਣ ਤਾਂ ਕੀ ਹੋਵੇਗਾ?"

ਉਸਨੇ ਕਿਹਾ, "ਜੇ ਉੱਥੇ ਚਾਲੀ ਧਰਮੀ ਬੰਦੇ ਮਿਲ ਜਾਣ, ਮੈਂ ਇਹ ਨਹੀਂ ਕਰਾਂਗਾ।"

30 ਤਦ ਉਸ ਨੇ ਆਖਿਆ, "ਯਾਹਵੇਹ ਨਾਰਾਜ਼ ਨਾ ਹੋਵੇ ਪਰ ਮੈਨੂੰ ਬੋਲਣ ਦਿਓ। ਜੇ ਉੱਥੇ ਸਿਰਫ ਤੀਹ ਹੀ ਮਿਲ ਜਾਣ ਤਾਂ ਕੀ ਹੋਵੇਗਾ?"

ਉਸ ਨੇ ਉੱਤਰ ਦਿੱਤਾ, "ਜੇ ਮੈਨੂੰ ਉੱਥੇ ਤੀਹ ਮਿਲੇ ਤਾਂ ਮੈਂ ਇਹ ਨਹੀਂ ਕਰਾਂਗਾ।"

31 ਅਬਰਾਹਾਮ ਨੇ ਆਖਿਆ, ਹੁਣ ਜਦੋਂ ਮੈਂ ਪ੍ਰਭੂ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ ਤਾਂ ਕੀ ਜੇ ਉੱਥੇ ਸਿਰਫ ਵੀਹ ਹੀ ਮਿਲ ਜਾਣ?

ਉਸਨੇ ਕਿਹਾ, "ਮੈਂ ਉਨ੍ਹਾਂ ਵੀਹ ਦੇ ਕਾਰਨ, ਮੈਂ ਇਸਨੂੰ ਤਬਾਹ ਨਹੀਂ ਕਰਾਂਗਾ।"

32 ਤਦ ਉਸ ਨੇ ਆਖਿਆ, "ਯਾਹਵੇਹ ਨਾਰਾਜ਼ ਨਾ ਹੋਵੇ ਪਰ ਮੈਨੂੰ ਇੱਕ ਵਾਰੀ ਫੇਰ ਬੋਲਣ ਦਿਓ। ਜੇ ਉੱਥੇ ਸਿਰਫ ਦਸ ਹੀ ਮਿਲ ਜਾਣ ਤਾਂ ਕੀ ਹੋਵੇਗਾ?"

ਉਸ ਨੇ ਉੱਤਰ ਦਿੱਤਾ, "ਦਸ ਦੀ ਖ਼ਾਤਰ, ਮੈਂ ਇਸਨੂੰ ਤਬਾਹ ਨਹੀਂ ਕਰਾਂਗਾ।"

33 ਜਦੋਂ ਯਾਹਵੇਹ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਉਹ ਉੱਥੋਂ ਚਲਾ ਗਿਆ ਅਤੇ ਅਬਰਾਹਾਮ ਘਰ ਨੂੰ ਮੁੜਿਆ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-