Publicidade

Gênesis 26

ਇਸਹਾਕ ਅਤੇ ਅਬੀਮੇਲੇਕ

1 ਹੁਣ ਦੇਸ਼ ਵਿੱਚ ਕਾਲ ਪੈ ਗਿਆ, ਅਬਰਾਹਾਮ ਦੇ ਸਮੇਂ ਵਿੱਚ ਪਿਛਲੇ ਕਾਲ ਤੋਂ ਇਲਾਵਾ, ਅਤੇ ਇਸਹਾਕ ਗਰਾਰ ਵਿੱਚ ਫ਼ਲਿਸਤੀਆਂ ਦੇ ਰਾਜੇ ਅਬੀਮੇਲੇਕ ਕੋਲ ਗਿਆ। 2 ਯਾਹਵੇਹ ਨੇ ਇਸਹਾਕ ਨੂੰ ਦਰਸ਼ਨ ਦੇ ਕੇ ਕਿਹਾ, "ਮਿਸਰ ਨੂੰ ਨਾ ਜਾਈਂ ਪਰ ਉਸ ਧਰਤੀ ਉੱਤੇ ਜਾਈਂ ਜਿੱਥੇ ਮੈਂ ਤੁਹਾਨੂੰ ਰਹਿਣ ਲਈ ਦੱਸਾਂਗਾ। 3 ਇਸ ਦੇਸ਼ ਵਿੱਚ ਥੋੜਾ ਚਿਰ ਠਹਿਰੋ ਤਾਂ ਮੈਂ ਤੇਰੇ ਨਾਲ ਰਹਾਂਗਾ ਅਤੇ ਤੈਨੂੰ ਅਸੀਸ ਦਿਆਂਗਾ ਕਿਉਂ ਜੋ ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਇਹ ਸਾਰੀ ਧਰਤੀ ਦਿਆਂਗਾ ਅਤੇ ਉਸ ਸਹੁੰ ਨੂੰ ਪੱਕਾ ਕਰਾਂਗਾ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ। 4 ਮੈਂ ਤੇਰੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕਰ ਦਿਆਂਗਾ ਅਤੇ ਉਹਨਾਂ ਨੂੰ ਇਹ ਸਾਰੇ ਦੇਸ਼ ਦਿਆਂਗਾ ਅਤੇ ਤੇਰੀ ਸੰਤਾਨ ਦੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਮੁਬਾਰਕ ਹੋਣਗੀਆਂ, 5 ਕਿਉਂਕਿ ਅਬਰਾਹਾਮ ਨੇ ਮੇਰੀ ਆਗਿਆ ਮੰਨੀ ਅਤੇ ਉਹ ਸਭ ਕੁਝ ਕੀਤਾ ਜੋ ਮੈਂ ਚਾਹੁੰਦਾ ਸੀ, ਉਹ ਮੇਰੇ ਹੁਕਮਾਂ ਅਤੇ ਮੇਰੀਆਂ ਹਿਦਾਇਤਾਂ ਦੀ ਪਾਲਣਾ ਕਰਦਾ ਸੀ।" 6 ਇਸ ਲਈ ਇਸਹਾਕ ਗਰਾਰ ਵਿੱਚ ਰਿਹਾ।

7 ਜਦੋਂ ਉਸ ਸਥਾਨ ਦੇ ਮਨੁੱਖਾਂ ਨੇ ਉਸ ਤੋਂ ਉਸ ਦੀ ਪਤਨੀ ਬਾਰੇ ਪੁੱਛਿਆ, ਤਾਂ ਉਸ ਨੇ ਕਿਹਾ, "ਇਹ ਮੇਰੀ ਭੈਣ ਹੈ," ਕਿਉਂਕਿ ਉਹ ਇਹ ਕਹਿਣ ਤੋਂ ਡਰਦਾ ਸੀ, "ਉਹ ਮੇਰੀ ਪਤਨੀ ਹੈ।" ਉਸਨੇ ਸੋਚਿਆ, "ਇਸ ਸਥਾਨ ਦੇ ਲੋਕ ਸ਼ਾਇਦ ਰਿਬਕਾਹ ਦੇ ਕਾਰਨ ਮੈਨੂੰ ਮਾਰ ਦੇਣਗੇ, ਕਿਉਂਕਿ ਉਹ ਵੇਖਣ ਵਿੱਚ ਸੋਹਣੀ ਸੀ।"

8 ਜਦੋਂ ਇਸਹਾਕ ਨੂੰ ਉੱਥੇ ਰਹਿੰਦੇ ਹੋਏ ਬਹੁਤ ਦਿਨ ਬੀਤ ਗਏ ਤਾਂ ਫ਼ਲਿਸਤੀਆਂ ਦੇ ਰਾਜੇ ਅਬੀਮੇਲੇਕ ਨੇ ਖਿੜਕੀ ਵਿੱਚੋਂ ਹੇਠਾਂ ਤੱਕਿਆ ਅਤੇ ਇਸਹਾਕ ਨੂੰ ਆਪਣੀ ਪਤਨੀ ਰਿਬਕਾਹ ਨੂੰ ਪਿਆਰ ਕਰਦੇ ਵੇਖਿਆ। 9 ਤਾਂ ਅਬੀਮੇਲੇਕ ਨੇ ਇਸਹਾਕ ਨੂੰ ਸੱਦ ਕੇ ਕਿਹਾ, "ਉਹ ਸੱਚ-ਮੁੱਚ ਤੇਰੀ ਪਤਨੀ ਹੈ! ਤੂੰ ਕਿਉਂ ਕਿਹਾ, ‘ਉਹ ਮੇਰੀ ਭੈਣ ਹੈ?’ "

ਇਸਹਾਕ ਨੇ ਉਸ ਨੂੰ ਉੱਤਰ ਦਿੱਤਾ, "ਕਿਉਂਕਿ ਮੈਂ ਸੋਚਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਂਵਾਂ।"

10 ਤਦ ਅਬੀਮੇਲੇਕ ਨੇ ਆਖਿਆ, "ਤੂੰ ਸਾਡੇ ਨਾਲ ਇਹ ਕੀ ਕੀਤਾ ਹੈ? ਹੋ ਸਕਦਾ ਹੈ ਕਿ ਇੱਕ ਆਦਮੀ ਤੇਰੀ ਪਤਨੀ ਨਾਲ ਲੇਟਦਾ, ਅਤੇ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ।"

11 ਇਸ ਲਈ ਅਬੀਮੇਲੇਕ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ "ਜੋ ਕੋਈ ਇਸ ਆਦਮੀ ਜਾਂ ਉਸਦੀ ਪਤਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹ ਜ਼ਰੂਰ ਮਾਰਿਆ ਜਾਵੇਗਾ।"

12 ਇਸਹਾਕ ਨੇ ਉਸ ਧਰਤੀ ਵਿੱਚ ਫ਼ਸਲ ਬੀਜੀ ਅਤੇ ਉਸੇ ਸਾਲ ਸੌ ਗੁਣਾ ਫ਼ਸਲ ਵੱਢੀ ਕਿਉਂਕਿ ਯਾਹਵੇਹ ਨੇ ਉਸ ਨੂੰ ਅਸੀਸ ਦਿੱਤੀ ਸੀ। 13 ਉਹ ਮਨੁੱਖ ਧਨਵਾਨ ਹੋ ਗਿਆ ਅਤੇ ਉਸ ਦੀ ਦੌਲਤ ਵੱਧਦੀ ਗਈ ਜਦ ਤੱਕ ਉਹ ਬਹੁਤ ਧਨਵਾਨ ਨਾ ਹੋ ਗਿਆ। 14 ਉਸ ਕੋਲ ਬਹੁਤ ਸਾਰੀਆਂ ਭੇਡਾਂ-ਬੱਕਰੀਆਂ, ਬਲਦ ਗਾਵਾਂ ਅਤੇ ਨੌਕਰ ਹੋ ਗਏ ਸਨ ਕਿ ਫ਼ਲਿਸਤੀ ਉਸ ਨਾਲ ਈਰਖਾ ਕਰਨ ਲੱਗੇ। 15 ਸੋ ਉਹ ਸਾਰੇ ਖੂਹ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਸਮੇਂ ਉਸ ਦੇ ਸੇਵਕਾਂ ਨੇ ਪੁੱਟੇ ਸਨ, ਫ਼ਲਿਸਤੀਆਂ ਨੇ ਉਹਨਾਂ ਨੂੰ ਮਿੱਟੀ ਨਾਲ ਭਰ ਕੇ ਬੰਦ ਕਰ ਦਿੱਤੇ।

16 ਤਦ ਅਬੀਮੇਲੇਕ ਨੇ ਇਸਹਾਕ ਨੂੰ ਆਖਿਆ, "ਸਾਡੇ ਕੋਲੋਂ ਦੂਰ ਚਲੇ ਜਾਹ, ਤੁਸੀਂ ਸਾਡੇ ਲਈ ਬਹੁਤ ਤਾਕਤਵਰ ਹੋ ਗਏ ਹੋ।"

17 ਤਾਂ ਇਸਹਾਕ ਉੱਥੋਂ ਨਿੱਕਲ ਗਿਆ ਅਤੇ ਗਰਾਰ ਦੀ ਵਾਦੀ ਵਿੱਚ ਡੇਰਾ ਲਾਇਆ ਜਿੱਥੇ ਉਹ ਵੱਸ ਗਿਆ। 18 ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਦੇ ਸਮੇਂ ਪੁੱਟੇ ਗਏ ਖੂਹਾਂ ਨੂੰ ਮੁੜ ਖੋਲ੍ਹਿਆ, ਜਿਨ੍ਹਾਂ ਨੂੰ ਅਬਰਾਹਾਮ ਦੀ ਮੌਤ ਤੋਂ ਬਾਅਦ ਫ਼ਲਿਸਤੀਆਂ ਨੇ ਬੰਦ ਕਰ ਦਿੱਤਾ ਸੀ ਅਤੇ ਉਸ ਨੇ ਉਹਨਾਂ ਨੂੰ ਉਹੀ ਨਾਮ ਦਿੱਤੇ ਜੋ ਉਸ ਦੇ ਪਿਤਾ ਨੇ ਉਹਨਾਂ ਨੂੰ ਦਿੱਤੇ ਸਨ।

19 ਇਸਹਾਕ ਦੇ ਸੇਵਕਾਂ ਨੇ ਘਾਟੀ ਵਿੱਚ ਪੁੱਟਿਆ ਅਤੇ ਉੱਥੇ ਤਾਜ਼ੇ ਪਾਣੀ ਦਾ ਇੱਕ ਖੂਹ ਲੱਭਿਆ। 20 ਪਰ ਗਰਾਰ ਦੇ ਚਰਵਾਹਿਆਂ ਨੇ ਇਸਹਾਕ ਦੇ ਨਾਲ ਝਗੜਾ ਕੀਤਾ ਅਤੇ ਆਖਿਆ, ਪਾਣੀ ਸਾਡਾ ਹੈ! ਇਸ ਲਈ ਉਸ ਨੇ ਖੂਹ ਦਾ ਨਾਮ ਏਸੇਕ ਰੱਖਿਆ ਕਿਉਂਕਿ ਉਹ ਉਸ ਨਾਲ ਝਗੜਾ ਕਰਦੇ ਸਨ। 21 ਤਦ ਉਹਨਾਂ ਨੇ ਇੱਕ ਹੋਰ ਖੂਹ ਪੁੱਟਿਆ ਪਰ ਉਸ ਉੱਤੇ ਵੀ ਝਗੜਾ ਕੀਤਾ ਅਤੇ ਤਦ ਉਹ ਨੇ ਉਸ ਖੂਹ ਦਾ ਨਾਮ ਸਿਟਨਾ ਰੱਖਿਆ। 22 ਉਹ ਉੱਥੋਂ ਅੱਗੇ ਤੁਰਿਆ ਅਤੇ ਇੱਕ ਹੋਰ ਖੂਹ ਪੁੱਟਿਆ ਅਤੇ ਕਿਸੇ ਨੇ ਉਸ ਉੱਤੇ ਝਗੜਾ ਨਾ ਕੀਤਾ। ਉਸਨੇ ਇਸਦਾ ਨਾਮ ਰਹੋਬੋਥ ਰੱਖਿਆ, "ਹੁਣ ਯਾਹਵੇਹ ਨੇ ਸਾਨੂੰ ਚੌੜਾ ਸਥਾਨ ਦਿੱਤਾ ਹੈ ਅਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ।"

23 ਉੱਥੋਂ ਉਹ ਬੇਰਸ਼ੇਬਾ ਨੂੰ ਗਿਆ। 24 ਉਸ ਰਾਤ ਯਾਹਵੇਹ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਆਖਿਆ, "ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ਵਰ ਹਾਂ ਇਸ ਲਈ ਨਾ ਡਰ ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਅਸੀਸ ਦਿਆਂਗਾ ਅਤੇ ਆਪਣੇ ਸੇਵਕ ਅਬਰਾਹਾਮ ਦੀ ਖ਼ਾਤਰ ਤੇਰੀ ਔਲਾਦ ਦੀ ਗਿਣਤੀ ਵਧਾਵਾਂਗਾ।"

25 ਇਸਹਾਕ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਲੈ ਕੇ ਪੁਕਾਰਿਆ। ਉੱਥੇ ਉਸ ਨੇ ਆਪਣਾ ਤੰਬੂ ਲਾਇਆ ਅਤੇ ਉੱਥੇ ਉਸ ਦੇ ਸੇਵਕਾਂ ਨੇ ਇੱਕ ਖੂਹ ਪੁੱਟਿਆ।

26 ਇਸ ਦੌਰਾਨ ਅਬੀਮੇਲੇਕ ਗਰਾਰ ਤੋਂ ਉਸ ਦੇ ਕੋਲ ਆਹੂਜ਼ਾਥ ਆਪਣੇ ਨਿਜੀ ਸਲਾਹਕਾਰ ਅਤੇ ਉਸ ਦੀਆਂ ਫ਼ੌਜਾਂ ਦਾ ਸੈਨਾਪਤੀ ਫੀਕੋਲ ਨਾਲ ਆਇਆ ਸੀ। 27 ਇਸਹਾਕ ਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਮੇਰੇ ਕੋਲ ਕਿਉਂ ਆਏ ਹੋ ਜਦੋਂ ਤੁਸੀਂ ਮੇਰੇ ਨਾਲ ਵੈਰ ਕੀਤਾ ਅਤੇ ਆਪਣੇ ਵਿੱਚੋਂ ਮੈਨੂੰ ਕੱਢ ਦਿੱਤਾ ਸੀ?"

28 ਉਹਨਾਂ ਨੇ ਜਵਾਬ ਦਿੱਤਾ, "ਅਸੀਂ ਸਾਫ਼ ਦੇਖਿਆ ਹੈ ਕਿ ਯਾਹਵੇਹ ਤੇਰੇ ਨਾਲ ਸੀ ਇਸ ਲਈ ਅਸੀਂ ਕਿਹਾ, ‘ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਸਹੁੰ ਦਾ ਇਕਰਾਰਨਾਮਾ ਹੋਣਾ ਚਾਹੀਦਾ ਹੈ’ ਅਸੀਂ ਤੇਰੇ ਨਾਲ ਇੱਕ ਨੇਮ ਬੰਨ੍ਹੀਏ। 29 ਕਿ ਤੂੰ ਸਾਡਾ ਕੋਈ ਨੁਕਸਾਨ ਨਹੀਂ ਕਰੇਗਾ, ਜਿਵੇਂ ਅਸੀਂ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਪਰ ਤੇਰੇ ਨਾਲ ਸਦਾ ਚੰਗਾ ਸਲੂਕ ਕੀਤਾ, ਤੈਨੂੰ ਸ਼ਾਂਤੀ ਨਾਲ ਵਿਦਾ ਕੀਤਾ ਅਤੇ ਹੁਣ ਤੁਸੀਂ ਯਾਹਵੇਹ ਵੱਲੋ ਮੁਬਾਰਕ ਹੋ।"

30 ਤਦ ਇਸਹਾਕ ਨੇ ਉਹਨਾਂ ਲਈ ਦਾਵਤ ਕੀਤੀ ਅਤੇ ਉਹਨਾਂ ਨੇ ਖਾਧਾ ਪੀਤਾ। 31 ਅਗਲੀ ਸਵੇਰ ਮਨੁੱਖਾਂ ਨੇ ਇੱਕ-ਦੂਜੇ ਨਾਲ ਸਹੁੰ ਖਾਧੀ। ਤਦ ਇਸਹਾਕ ਨੇ ਉਹਨਾਂ ਨੂੰ ਉਹਨਾਂ ਦੇ ਰਾਹ ਭੇਜਿਆ ਅਤੇ ਉਹ ਸ਼ਾਂਤੀ ਨਾਲ ਚਲੇ ਗਏ।

32 ਉਸ ਦਿਨ ਇਸਹਾਕ ਦੇ ਸੇਵਕਾਂ ਨੇ ਆ ਕੇ ਉਸ ਖੂਹ ਬਾਰੇ ਦੱਸਿਆ ਜੋ ਉਹਨਾਂ ਨੇ ਪੁੱਟਿਆ ਸੀ। ਉਹਨਾਂ ਨੇ ਕਿਹਾ, "ਸਾਨੂੰ ਪਾਣੀ ਮਿਲ ਗਿਆ ਹੈ!" 33 ਉਸ ਨੇ ਉਸ ਦਾ ਨਾਮ ਸ਼ਿਬਆਹ ਰੱਖਿਆ ਅਤੇ ਅੱਜ ਤੱਕ ਉਸ ਨਗਰ ਦਾ ਨਾਮ ਬੇਰਸ਼ੇਬਾ ਹੈ।

ਯਾਕੋਬ ਨੇ ਏਸਾਓ ਦੀ ਬਰਕਤ ਪਾਈ

34 ਜਦੋਂ ਏਸਾਓ ਚਾਲੀ ਸਾਲਾਂ ਦਾ ਹੋਇਆ ਤਾਂ ਉਸ ਨੇ ਹਿੱਤੀ ਬੇਰੀ ਦੀ ਧੀ ਯਹੂਦਿਥ ਨਾਲ ਵਿਆਹ ਕੀਤਾ ਅਤੇ ਏਲੋਨ ਹਿੱਤਾਈ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ। 35 ਉਹ ਇਸਹਾਕ ਅਤੇ ਰਿਬਕਾਹ ਲਈ ਸੋਗ ਦਾ ਕਾਰਨ ਸਨ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-