1 ਹੁਣ ਅਬਰਾਮ ਦੀ ਪਤਨੀ ਸਾਰਈ ਦੇ ਕੋਈ ਔਲਾਦ ਨਹੀਂ ਸੀ, ਪਰ ਉਸ ਕੋਲ ਹਾਜਰਾ ਨਾਮ ਦੀ ਇੱਕ ਮਿਸਰੀ ਦਾਸੀ ਸੀ। 2 ਤਾਂ ਸਾਰਈ ਨੇ ਅਬਰਾਮ ਨੂੰ ਕਿਹਾ, "ਯਾਹਵੇਹ ਨੇ ਮੇਰੀ ਕੁੱਖ ਨੂੰ ਬੰਦ ਕਰ ਰੱਖਿਆ ਹੈ ਹੁਣ ਜਾ ਅਤੇ ਮੇਰੀ ਮਿਸਰੀ ਦਾਸੀ ਨਾਲ ਸੌਂ, ਸ਼ਾਇਦ ਮੈਂ ਉਸ ਰਾਹੀਂ ਸੰਤਾਨ ਪੈਦਾ ਕਰ ਸਕਾ।"
ਅਬਰਾਮ ਨੇ ਸਾਰਈ ਦੀ ਗੱਲ ਮੰਨ ਲਈ। 3 ਜਦੋਂ ਅਬਰਾਮ ਨੂੰ ਕਨਾਨ ਦੇਸ਼ ਵਿੱਚ ਵੱਸਦਿਆਂ ਦੱਸ ਸਾਲ ਹੋ ਗਏ ਤਾਂ ਉਸ ਦੀ ਪਤਨੀ ਸਾਰਈ ਨੇ ਆਪਣੀ ਮਿਸਰੀ ਦਾਸੀ ਹਾਜਰਾ ਨੂੰ ਲੈ ਕੇ ਆਪਣੇ ਪਤੀ ਨੂੰ ਉਸ ਦੀ ਪਤਨੀ ਹੋਣ ਲਈ ਦੇ ਦਿੱਤਾ। 4 ਉਹ ਹਾਜਰਾ ਨਾਲ ਸੌਂ ਗਿਆ ਅਤੇ ਉਹ ਗਰਭਵਤੀ ਹੋਈ।
ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ, ਤਾਂ ਉਹ ਆਪਣੀ ਮਾਲਕਣ ਨੂੰ ਤੁੱਛ ਸਮਝਣ ਲੱਗ ਪਈ। 5 ਤਦ ਸਾਰਈ ਨੇ ਅਬਰਾਮ ਨੂੰ ਕਿਹਾ, "ਮੈਂ ਜੋ ਦੁੱਖ ਭੋਗ ਰਹੀ ਹਾਂ ਉਸ ਲਈ ਤੂੰ ਜ਼ਿੰਮੇਵਾਰ ਹੈ। ਮੈਂ ਆਪਣੀ ਦਾਸੀ ਨੂੰ ਤੇਰੀ ਪਤਨੀ ਹੋਣ ਲਈ ਆਪ ਦਿੱਤਾ ਅਤੇ ਹੁਣ ਜਦੋਂ ਉਹ ਜਾਣਦੀ ਹੈ ਕਿ ਉਹ ਗਰਭਵਤੀ ਹੈ, ਉਹ ਮੈਨੂੰ ਤੁੱਛ ਜਾਣਦੀ ਹੈ। ਯਾਹਵੇਹ ਤੇਰਾ ਅਤੇ ਮੇਰਾ ਨਿਆਂ ਕਰੇ।"
6 ਅਬਰਾਮ ਨੇ ਕਿਹਾ, "ਤੇਰੀ ਦਾਸੀ ਤੇਰੇ ਹੱਥ ਵਿੱਚ ਹੈ, ਉਸ ਨਾਲ ਉਹੋ ਕਰ ਜੋ ਤੈਨੂੰ ਵੱਧੀਆ ਲੱਗਦਾ ਹੈ।" ਤਦ ਸਾਰਈ ਨੇ ਹਾਜਰਾ ਨਾਲ ਬਦਸਲੂਕੀ ਕੀਤੀ, ਇਸ ਲਈ ਉਹ ਉਸ ਤੋਂ ਭੱਜ ਗਈ।
7 ਯਾਹਵੇਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਵਿੱਚ ਇੱਕ ਚਸ਼ਮੇ ਦੇ ਨੇੜੇ ਲੱਭਿਆ, ਇਹ ਉਹ ਝਰਨਾ ਸੀ ਜੋ ਸ਼ੂਰ ਦੀ ਸੜਕ ਦੇ ਕਿਨਾਰੇ ਹੈ। 8 ਅਤੇ ਉਸ ਨੇ ਆਖਿਆ, ਹੇ ਸਾਰਈ ਦੀ ਦਾਸੀ ਹਾਜਰਾ, ਤੂੰ ਕਿੱਥੋਂ ਆਈ ਹੈ ਅਤੇ ਕਿੱਥੇ ਜਾ ਰਹੀ ਹੈ?
ਉਸਨੇ ਜਵਾਬ ਦਿੱਤਾ, "ਮੈਂ ਆਪਣੀ ਮਾਲਕਣ ਸਾਰਈ ਤੋਂ ਭੱਜ ਰਹੀ ਹਾਂ।"
9 ਤਦ ਯਾਹਵੇਹ ਦੇ ਦੂਤ ਨੇ ਉਸ ਨੂੰ ਕਿਹਾ, "ਆਪਣੀ ਮਾਲਕਣ ਕੋਲ ਵਾਪਸ ਜਾ ਅਤੇ ਉਸ ਦੇ ਅਧੀਨ ਹੋ ਜਾ।" 10 ਯਾਹਵੇਹ ਦੇ ਦੂਤ ਨੇ ਅੱਗੇ ਕਿਹਾ, ਮੈਂ ਤੇਰੀ ਸੰਤਾਨ ਨੂੰ ਇੰਨਾ ਵਧਾਵਾਂਗਾ ਕਿ ਉਹ ਗਿਣਨ ਯੋਗ ਨਹੀਂ ਹੋਣਗੇ।
11 ਯਾਹਵੇਹ ਦੇ ਦੂਤ ਨੇ ਉਸ ਨੂੰ ਇਹ ਵੀ ਕਿਹਾ,
"ਤੂੰ ਹੁਣ ਗਰਭਵਤੀ ਹੈ
ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਗੀ।
ਤੂੰ ਉਸਦਾ ਨਾਮ ਇਸਮਾਏਲ ਰੱਖਣਾ,
ਕਿਉਂਕਿ ਯਾਹਵੇਹ ਨੇ ਤੁਹਾਡੇ ਦੁੱਖ ਬਾਰੇ ਸੁਣਿਆ ਹੈ।
12 ਉਹ ਮਨੁੱਖਾਂ ਵਿੱਚੋਂ ਜੰਗਲੀ ਗਧੇ ਵਰਗਾ ਹੋਵੇਗਾ;
ਉਸਦਾ ਹੱਥ ਹਰ ਇੱਕ ਦੇ ਵਿਰੁੱਧ ਹੋਵੇਗਾ
ਅਤੇ ਹਰ ਇੱਕ ਦਾ ਹੱਥ ਉਸਦੇ ਵਿਰੁੱਧ ਹੋਵੇਗਾ,
ਅਤੇ ਉਹ ਆਪਣੇ ਸਾਰੇ ਭਰਾਵਾਂ ਨਾਲ ਦੁਸ਼ਮਣੀ ਵਿੱਚ ਰਹੇਗਾ।"
13 ਤਦ ਉਸ ਨੇ ਯਾਹਵੇਹ ਦਾ ਨਾਮ ਜਿਸ ਨੇ ਉਸ ਨਾਲ ਗੱਲ ਕੀਤੀ ਇਹ ਰੱਖਿਆ "ਕਿ ਤੂੰ ਮੇਰਾ ਵੇਖਣਹਾਰਾ ਪਰਮੇਸ਼ਵਰ ਹੈ" ਕਿਉਂਕਿ ਉਸਨੇ ਕਿਹਾ, "ਹੁਣ ਮੈਂ ਉਸਨੂੰ ਵੇਖ ਲਿਆ ਹੈ ਜੋ ਮੈਨੂੰ ਦੇਖਦਾ ਹੈ।" 14 ਇਸੇ ਲਈ ਇਸ ਖੂਹ ਨੂੰ ਬਏਰ-ਲਹਈ-ਰੋਈ ਕਿਹਾ ਜਾਂਦਾ ਸੀ ਜੋ ਅਜੇ ਵੀ ਕਾਦੇਸ਼ ਅਤੇ ਬੇਰਦ ਵਿਚਕਾਰ ਹੈ।
15 ਇਸ ਲਈ ਹਾਜਰਾ ਨੇ ਅਬਰਾਮ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਉਸ ਪੁੱਤਰ ਦਾ ਨਾਮ ਇਸਮਾਏਲ ਰੱਖਿਆ ਜਿਸਨੂੰ ਉਸਨੇ ਜਨਮ ਦਿੱਤਾ ਸੀ। 16 ਅਬਰਾਮ 86 ਸਾਲਾਂ ਦਾ ਸੀ ਜਦੋਂ ਹਾਜਰਾ ਨੇ ਉਸ ਦੇ ਲਈ ਇਸਮਾਏਲ ਨੂੰ ਜਨਮ ਦਿੱਤਾ।