Publicidade

Gênesis 17

ਸੁੰਨਤ ਦਾ ਨੇਮ

1 ਜਦੋਂ ਅਬਰਾਮ 99 ਸਾਲਾਂ ਦਾ ਸੀ ਤਾਂ ਯਾਹਵੇਹ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਕਿਹਾ, "ਮੈਂ ਸਰਵਸ਼ਕਤੀਮਾਨ ਪਰਮੇਸ਼ਵਰ ਹਾਂ; ਮੇਰੇ ਅੱਗੇ ਵਫ਼ਾਦਾਰੀ ਨਾਲ ਚੱਲ ਅਤੇ ਸੰਪੂਰਨ ਹੋ। 2 ਤਦ ਮੈਂ ਆਪਣੇ ਅਤੇ ਤੇਰੇ ਵਿਚਕਾਰ ਆਪਣਾ ਨੇਮ ਬੰਨ੍ਹਾਂਗਾ ਅਤੇ ਮੈਂ ਤੈਨੂੰ ਗਿਣਤੀ ਵਿੱਚ ਹੱਦੋਂ ਬਾਹਲਾ ਵਧਾਵਾਂਗਾ।"

3 ਤਦ ਅਬਰਾਮ ਮੂੰਹ ਦੇ ਭਾਰ ਡਿੱਗ ਪਿਆ ਅਤੇ ਪਰਮੇਸ਼ਵਰ ਨੇ ਉਸ ਨੂੰ ਆਖਿਆ, 4 "ਮੇਰਾ ਤੇਰੇ ਨਾਲ ਇਹ ਨੇਮ ਹੈ ਤੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਂਗਾ। 5 ਹੁਣ ਤੈਨੂੰ ਅਬਰਾਮ ਨਹੀਂ ਕਿਹਾ ਜਾਵੇਗਾ ਤੇਰਾ ਨਾਮ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ। 6 ਮੈਂ ਤੈਨੂੰ ਬਹੁਤ ਫਲਦਾਇਕ ਬਣਾਵਾਂਗਾ, ਮੈਂ ਤੇਰੇ ਵਿੱਚੋਂ ਕੌਮਾਂ ਬਣਾਵਾਂਗਾ ਅਤੇ ਤੇਰੇ ਵਿੱਚੋਂ ਰਾਜੇ ਨਿੱਕਲਣਗੇ। 7 ਮੈਂ ਆਪਣਾ ਨੇਮ ਆਪਣੇ ਅਤੇ ਤੇਰੀ ਅੰਸ ਦੇ ਵਿੱਚ ਜੋ ਤੇਰੇ ਬਾਅਦ ਹੋਵੇਗੀ ਸਗੋਂ ਉਹਨਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ, ਜੋ ਕਿ ਤੇਰਾ ਪਰਮੇਸ਼ਵਰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਦਾ ਪਰਮੇਸ਼ਵਰ ਹੋਵਾਂਗਾ। 8 ਕਨਾਨ ਦੀ ਸਾਰੀ ਧਰਤੀ ਜਿੱਥੇ ਤੁਸੀਂ ਹੁਣ ਪਰਦੇਸੀ ਹੋ ਕੇ ਵੱਸਦੇ ਹੋ, ਮੈਂ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੇ ਉੱਤਰਾਧਿਕਾਰੀਆਂ ਨੂੰ ਸਦੀਪਕ ਅਧਿਕਾਰ ਵਜੋਂ ਦੇ ਦਿਆਂਗਾ ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।"

9 ਤਦ ਪਰਮੇਸ਼ਵਰ ਨੇ ਅਬਰਾਹਾਮ ਨੂੰ ਕਿਹਾ, "ਤੂੰ ਮੇਰੇ ਨੇਮ ਦੀ ਪਾਲਣਾ ਕਰ ਤੂੰ ਅਤੇ ਤੇਰੇ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਇਸ ਨੇਮ ਦੀ ਪਾਲਣਾ ਕਰਨ। 10 ਇਹ ਮੇਰਾ ਨੇਮ ਤੇਰੇ ਨਾਲ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਨਾਲ ਹੈ, ਜਿਸ ਨੇਮ ਦੀ ਤੂੰ ਪਾਲਣਾ ਕਰਨੀ ਹੈ: ਤੁਹਾਡੇ ਵਿੱਚੋਂ ਹਰੇਕ ਪੁਰਖ ਦੀ ਸੁੰਨਤ ਕੀਤੀ ਜਾਵੇ। 11 ਤੁਸੀਂ ਆਪਣੇ ਬਦਨ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ। 12 ਆਉਣ ਵਾਲੀਆਂ ਪੀੜ੍ਹੀਆਂ ਲਈ ਤੁਹਾਡੇ ਵਿੱਚੋਂ ਹਰ ਇੱਕ ਆਦਮੀ ਦੀ ਸੁੰਨਤ ਹੋਣੀ ਚਾਹੀਦੀ ਹੈ ਜੋ ਅੱਠ ਦਿਨਾਂ ਦਾ ਹੈ, ਉਹਨਾਂ ਵਿੱਚ ਜਿਹੜੇ ਤੁਹਾਡੇ ਘਰ ਵਿੱਚ ਜੰਮੇ ਹਨ ਜਾਂ ਪਰਦੇਸੀਆਂ ਤੋਂ ਪੈਸੇ ਨਾਲ ਖਰੀਦੇ ਗਏ ਹਨ, ਜਿਹੜੇ ਤੁਹਾਡੀ ਸੰਤਾਨ ਨਹੀਂ ਹਨ। 13 ਭਾਵੇਂ ਤੁਹਾਡੇ ਘਰ ਵਿੱਚ ਜੰਮੇ ਹੋਣ ਜਾਂ ਤੁਹਾਡੇ ਪੈਸੇ ਨਾਲ ਖਰੀਦੇ ਗਏ ਹੋਣ, ਉਹਨਾਂ ਦੀ ਸੁੰਨਤ ਹੋਣੀ ਚਾਹੀਦੀ ਹੈ। ਤੁਹਾਡੇ ਸਰੀਰ ਵਿੱਚ ਮੇਰਾ ਨੇਮ ਇੱਕ ਸਦੀਵੀ ਨੇਮ ਹੋਣਾ ਹੈ। 14 ਜਿਹੜਾ ਵੀ ਅਸੁੰਨਤੀ ਪੁਰਸ਼, ਜਿਸ ਦੀ ਸਰੀਰ ਵਿੱਚ ਸੁੰਨਤ ਨਹੀਂ ਹੋਈ, ਉਹ ਆਪਣੇ ਲੋਕਾਂ ਵਿੱਚੋਂ ਅਲੱਗ ਕਰ ਦਿੱਤਾ ਜਾਵੇਗਾ। ਕਿਉਂਕਿ ਉਸਨੇ ਮੇਰਾ ਨੇਮ ਤੋੜ ਦਿੱਤਾ ਹੈ।"

15 ਪਰਮੇਸ਼ਵਰ ਨੇ ਅਬਰਾਹਾਮ ਨੂੰ ਇਹ ਵੀ ਕਿਹਾ, "ਜੋ ਤੇਰੀ ਪਤਨੀ ਸਾਰਈ ਲਈ ਹੈ, ਤੂੰ ਹੁਣ ਉਸ ਨੂੰ ਸਾਰਈ ਨਹੀਂ ਕਹੇਂਗਾ। ਉਸਦਾ ਨਾਮ ਸਾਰਾਹ ਹੋਵੇਗਾ। 16 ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਸ ਤੋਂ ਤੈਨੂੰ ਇੱਕ ਪੁੱਤਰ ਜ਼ਰੂਰ ਦਿਆਂਗਾ। ਮੈਂ ਉਸ ਨੂੰ ਅਸੀਸ ਦਿਆਂਗਾ ਤਾਂ ਜੋ ਉਹ ਕੌਮਾਂ ਦੀ ਮਾਂ ਬਣੇ; ਉਸ ਤੋਂ ਕੌਮਾਂ ਦੇ ਰਾਜੇ ਆਉਣਗੇ।"

17 ਅਬਰਾਹਾਮ ਮੂਧੇ ਮੂੰਹ ਡਿੱਗ ਪਿਆ। ਉਹ ਹੱਸਿਆ ਅਤੇ ਆਪਣੇ ਆਪ ਨੂੰ ਕਿਹਾ, "ਕੀ 100 ਸਾਲ ਦੇ ਮਨੁੱਖ ਲਈ ਪੁੱਤਰ ਪੈਦਾ ਹੋਵੇਗਾ? ਕੀ ਸਾਰਾਹ 90 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਨਮ ਦੇਵੇਗੀ?" 18 ਅਤੇ ਅਬਰਾਹਾਮ ਨੇ ਪਰਮੇਸ਼ਵਰ ਨੂੰ ਆਖਿਆ, ਜੇ ਇਸਮਾਏਲ ਤੇਰੀ ਬਰਕਤ ਵਿੱਚ ਜਿਉਂਦਾ ਰਹੇ!

19 ਤਦ ਪਰਮੇਸ਼ਵਰ ਨੇ ਆਖਿਆ, "ਹਾਂ, ਪਰ ਤੇਰੀ ਪਤਨੀ ਸਾਰਾਹ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਹ ਨੂੰ ਇਸਹਾਕ ਆਖੇਂਗਾ ਅਤੇ ਮੈਂ ਉਹ ਦੇ ਨਾਲ ਆਪਣਾ ਨੇਮ ਉਸ ਤੋਂ ਬਾਅਦ ਉਸ ਦੀ ਸੰਤਾਨ ਲਈ ਸਦੀਪਕ ਨੇਮ ਵਜੋਂ ਕਾਇਮ ਕਰਾਂਗਾ। 20 ਅਤੇ ਇਸਮਾਏਲ ਲਈ, ਮੈਂ ਤੇਰੀ ਸੁਣੀ ਹੈ: ਮੈਂ ਉਸਨੂੰ ਜ਼ਰੂਰ ਅਸੀਸ ਦਿਆਂਗਾ; ਮੈਂ ਉਸਨੂੰ ਫਲਦਾਇਕ ਬਣਾਵਾਂਗਾ ਅਤੇ ਉਸਦੀ ਗਿਣਤੀ ਬਹੁਤ ਵਧਾਵਾਂਗਾ। ਉਹ ਬਾਰਾਂ ਸ਼ਾਸਕਾਂ ਦਾ ਪਿਤਾ ਹੋਵੇਗਾ, ਅਤੇ ਮੈਂ ਉਸਨੂੰ ਇੱਕ ਮਹਾਨ ਕੌਮ ਬਣਾਵਾਂਗਾ। 21 ਪਰ ਮੈਂ ਆਪਣਾ ਨੇਮ ਇਸਹਾਕ ਨਾਲ ਬੰਨ੍ਹਾਂਗਾ, ਜਿਸ ਨੂੰ ਸਾਰਾਹ ਅਗਲੇ ਸਾਲ ਇਸ ਸਮੇਂ ਤੱਕ ਤੇਰੇ ਲਈ ਜਨਮ ਦੇਵੇਗੀ।" 22 ਜਦੋਂ ਉਹ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ਵਰ ਉਹ ਦੇ ਕੋਲੋਂ ਉੱਠ ਗਿਆ।

23 ਉਸੇ ਦਿਨ ਅਬਰਾਹਾਮ ਨੇ ਆਪਣੇ ਪੁੱਤਰ ਇਸਮਾਏਲ ਨੂੰ ਅਤੇ ਉਹਨਾਂ ਸਭਨਾਂ ਨੂੰ ਜੋ ਉਸ ਦੇ ਘਰ ਵਿੱਚ ਜੰਮੇ ਜਾਂ ਆਪਣੇ ਪੈਸੇ ਨਾਲ ਖਰੀਦੇ ਸਨ, ਆਪਣੇ ਘਰ ਦੇ ਹਰੇਕ ਪੁਰਖ ਨੂੰ ਲੈ ਕੇ ਉਹਨਾਂ ਦੀ ਸੁੰਨਤ ਕੀਤੀ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਕਿਹਾ ਸੀ। 24 ਜਦੋਂ ਅਬਰਾਹਾਮ ਦੀ ਸੁੰਨਤ ਹੋਈ ਤਾਂ ਉਹ 99 ਸਾਲਾਂ ਦਾ ਸੀ, 25 ਅਤੇ ਉਸ ਦਾ ਪੁੱਤਰ ਇਸਮਾਏਲ 13 ਸਾਲਾਂ ਦਾ ਸੀ ਜਦੋਂ ਉਸ ਦੀ ਸੁੰਨਤ ਹੋਈ ਸੀ। 26 ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਸੁੰਨਤ ਉਸੇ ਦਿਨ ਹੋਈ। 27 ਅਤੇ ਅਬਰਾਹਾਮ ਦੇ ਘਰਾਣੇ ਦੇ ਹਰੇਕ ਪੁਰਖ ਦੀ, ਜੋ ਉਸ ਦੇ ਘਰ ਵਿੱਚ ਜੰਮੇ ਜਾਂ ਪਰਦੇਸੀਆਂ ਤੋਂ ਖਰੀਦੇ ਹੋਏ ਸਨ, ਦੀ ਸੁੰਨਤ ਉਹ ਦੇ ਨਾਲ ਕੀਤੀ ਗਈ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-