Publicidade

Gênesis 15

ਅਬਰਾਮ ਨਾਲ ਪਰਮੇਸ਼ਵਰ ਦਾ ਨੇਮ

1 ਇਸ ਤੋਂ ਬਾਅਦ, ਇੱਕ ਦਰਸ਼ਣ ਵਿੱਚ ਅਬਰਾਮ ਨੂੰ ਯਾਹਵੇਹ ਦਾ ਬਚਨ ਆਇਆ:

"ਅਬਰਾਮ, ਨਾ ਡਰ,

ਮੈਂ ਤੇਰੀ ਢਾਲ ਹਾਂ ਅਤੇ ਤੇਰੇ ਲਈ ਵੱਡਾ ਫਲ ਹਾਂ।"

2 ਪਰ ਅਬਰਾਮ ਨੇ ਕਿਹਾ, "ਹੇ ਪ੍ਰਭੂ ਯਾਹਵੇਹ, ਤੂੰ ਮੈਨੂੰ ਕੀ ਦੇ ਸਕਦਾ ਹੈਂ ਕਿਉਂਕਿ ਮੈਂ ਤਾਂ ਬੇ-ਔਲਾਦ ਹਾਂ ਅਤੇ ਮੇਰੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ, ਕਿ ਦੰਮਿਸ਼ਕ ਦਾ ਅਲੀਅਜ਼ਰ ਹੋਵੇਗਾ?" 3 ਅਤੇ ਅਬਰਾਮ ਨੇ ਇਹ ਵੀ ਆਖਿਆ, "ਤੂੰ ਮੈਨੂੰ ਕੋਈ ਔਲਾਦ ਨਹੀਂ ਦਿੱਤੀ, ਇਸ ਲਈ ਮੇਰੇ ਘਰ ਦਾ ਇੱਕ ਨੌਕਰ ਮੇਰਾ ਵਾਰਸ ਹੋਵੇਗਾ।"

4 ਤਦ ਯਾਹਵੇਹ ਦਾ ਬਚਨ ਉਸ ਕੋਲ ਆਇਆ, "ਇਹ ਮਨੁੱਖ ਤੇਰਾ ਵਾਰਿਸ ਨਹੀਂ ਹੋਵੇਗਾ, ਪਰ ਇੱਕ ਪੁੱਤਰ ਜੋ ਤੇਰਾ ਮਾਸ ਅਤੇ ਲਹੂ ਹੈ, ਤੇਰਾ ਵਾਰਸ ਹੋਵੇਗਾ" 5 ਉਹ ਉਸ ਨੂੰ ਬਾਹਰ ਲੈ ਗਿਆ ਅਤੇ ਕਿਹਾ, "ਅਕਾਸ਼ ਵੱਲ ਵੇਖ ਅਤੇ ਤਾਰਿਆਂ ਨੂੰ ਗਿਣ, ਜੇ ਤੂੰ ਉਹਨਾਂ ਨੂੰ ਗਿਣ ਸਕਦਾ ਹੈ।" ਤਦ ਉਸ ਨੇ ਉਸਨੂੰ ਕਿਹਾ, "ਇਸੇ ਤਰ੍ਹਾਂ ਤੂੰ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ।"

6 ਅਬਰਾਮ ਨੇ ਯਾਹਵੇਹ ਉੱਤੇ ਵਿਸ਼ਵਾਸ ਕੀਤਾ, ਅਤੇ ਉਸ ਦੇ ਲਈ ਇਹ ਗੱਲ ਧਾਰਮਿਕਤਾ ਗਿਣੀ ਗਈ।

7 ਉਸ ਨੇ ਉਸ ਨੂੰ ਇਹ ਵੀ ਕਿਹਾ, "ਮੈਂ ਉਹ ਯਾਹਵੇਹ ਹਾਂ, ਜੋ ਤੁਹਾਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਇਆ ਤਾਂ ਜੋ ਤੈਨੂੰ ਇਸ ਧਰਤੀ ਉੱਤੇ ਕਬਜ਼ਾ ਕਰਨ ਲਈ ਦੇਵੇ।"

8 ਪਰ ਅਬਰਾਮ ਨੇ ਕਿਹਾ, "ਹੇ ਪ੍ਰਭੂ ਯਾਹਵੇਹ, ਮੈਂ ਕਿਵੇਂ ਜਾਣ ਸਕਦਾ ਹਾਂ ਕਿ ਮੈਂ ਇਸ ਉੱਤੇ ਕਬਜ਼ਾ ਕਰ ਲਵਾਂਗਾ?"

9 ਤਾਂ ਯਾਹਵੇਹ ਨੇ ਉਸ ਨੂੰ ਕਿਹਾ, "ਮੇਰੇ ਕੋਲ ਇੱਕ ਵੱਛੀ, ਇੱਕ ਬੱਕਰੀ ਅਤੇ ਇੱਕ ਤਿੰਨ ਸਾਲ ਦਾ ਲੇਲਾ ਲਿਆਓ, ਇੱਕ ਘੁੱਗੀ ਅਤੇ ਇੱਕ ਕਬੂਤਰ ਦਾ ਬੱਚਾ ਵੀ ਲੈ ਆਓ।"

10 ਅਬਰਾਮ ਇਨ੍ਹਾਂ ਸਭਨਾਂ ਨੂੰ ਆਪਣੇ ਕੋਲ ਲਿਆਇਆ ਅਤੇ ਉਹਨਾਂ ਦੇ ਦੋ-ਦੋ ਟੁਕੜੇ ਕੀਤੇ ਅਤੇ ਇੱਕ-ਦੂਜੇ ਦੇ ਸਾਹਮਣੇ ਅੱਧੇ ਹਿੱਸੇ ਕੀਤੇ, ਪਰ ਉਸਨੇ ਪੰਛੀਆਂ ਦੇ ਟੁਕੜੇ ਨਾ ਕੀਤੇ। 11 ਤਦ ਸ਼ਿਕਾਰੀ ਪੰਛੀਆਂ ਦੀਆਂ ਲੋਥਾਂ ਉੱਤੇ ਉਤਰੇ, ਪਰ ਅਬਰਾਮ ਨੇ ਉਹਨਾਂ ਨੂੰ ਭਜਾ ਦਿੱਤਾ।

12 ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜ੍ਹੀ ਨੀਂਦ ਵਿੱਚ ਸੋ ਗਿਆ ਤਦ ਇੱਕ ਸੰਘਣਾ ਅਤੇ ਭਿਆਨਕ ਹਨੇਰਾ ਉਸ ਉੱਤੇ ਛਾ ਗਿਆ। 13 ਤਦ ਯਾਹਵੇਹ ਨੇ ਅਬਰਾਮ ਨੂੰ ਕਿਹਾ, "ਨਿਸ਼ਚਤ ਤੌਰ ਉੱਤੇ ਜਾਣ ਕਿ ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ ਅਤੇ ਉਹ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਉੱਥੇ ਉਹ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ। 14 ਪਰ ਮੈਂ ਉਸ ਕੌਮ ਨੂੰ ਵੀ ਜਿਸ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ ਅਤੇ ਉਸ ਤੋਂ ਬਾਅਦ ਉਹ ਵੱਡੀਆਂ ਚੀਜ਼ਾਂ ਲੈ ਕੇ ਨਿੱਕਲਣਗੇ। 15 ਪਰ ਤੂੰ ਸ਼ਾਂਤੀ ਨਾਲ ਆਪਣੇ ਪੁਰਖਿਆਂ ਕੋਲ ਜਾਵੇਗਾ ਅਤੇ ਪੂਰੇ ਬੁਢਾਪੇ ਵਿੱਚ ਦਫ਼ਨਾਇਆ ਜਾਵੇਗਾ। 16 ਚੌਥੀ ਪੀੜ੍ਹੀ ਵਿੱਚ ਉਹ ਇੱਥੇ ਮੁੜ ਆਉਣਗੇ ਕਿਉਂ ਜੋ ਅਮੋਰੀਆਂ ਦਾ ਪਾਪ ਅਜੇ ਪੂਰਾ ਨਹੀਂ ਹੋਇਆ।"

17 ਜਦੋਂ ਸੂਰਜ ਡੁੱਬ ਗਿਆ ਅਤੇ ਹਨੇਰਾ ਛਾ ਗਿਆ, ਤਾਂ ਇੱਕ ਬਲਦੀ ਮਸ਼ਾਲ ਵਾਲਾ ਧੂੰਏਂ ਦਾ ਭਾਂਡਾ ਪ੍ਰਗਟ ਹੋਇਆ ਅਤੇ ਟੁਕੜਿਆਂ ਦੇ ਵਿਚਕਾਰੋਂ ਲੰਘ ਗਿਆ। 18 ਉਸ ਦਿਨ ਯਾਹਵੇਹ ਨੇ ਅਬਰਾਮ ਨਾਲ ਨੇਮ ਬੰਨ੍ਹਿਆ ਅਤੇ ਆਖਿਆ, "ਮੈਂ ਇਹ ਧਰਤੀ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੀ ਨਦੀ ਫ਼ਰਾਤ ਤੱਕ ਦੀ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦਿੰਦਾ ਹਾਂ। 19 ਅਰਥਾਤ ਕੇਨੀ, ਕਨਿਜ਼ੀ, ਅਤੇ ਕਦਮੋਨੀ, 20 ਹਿੱਤੀ, ਪਰਿੱਜ਼ੀਆਂ, ਰਫ਼ਾਈਮ, 21 ਅਮੋਰੀ, ਕਨਾਨੀ, ਗਿਰਗਾਸ਼ੀ ਅਤੇ ਯਬੂਸੀ ਇਹ ਵੀ ਦਿੱਤੇ ਹਨ।"

Veja também

Publicidade
Bíblia Online Bíblia Online

Bíblia Online • Versão: 2026-06-18_10-32-54-