Publicidade

Gênesis 27

1 ਜਦੋਂ ਇਸਹਾਕ ਬੁੱਢਾ ਹੋ ਗਿਆ ਅਤੇ ਉਸ ਦੀਆਂ ਅੱਖਾਂ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਉਹ ਦੇਖ ਨਹੀਂ ਸਕਦਾ ਸੀ, ਤਾਂ ਉਸ ਨੇ ਆਪਣੇ ਵੱਡੇ ਪੁੱਤਰ ਏਸਾਓ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, "ਮੇਰੇ ਪੁੱਤਰ।"

ਉਸਨੇ ਜਵਾਬ ਦਿੱਤਾ, "ਮੈਂ ਇੱਥੇ ਹਾਂ।"

2 ਇਸਹਾਕ ਨੇ ਆਖਿਆ, "ਮੈਂ ਹੁਣ ਬੁੱਢਾ ਹੋ ਗਿਆ ਹਾਂ ਅਤੇ ਮੈਂ ਆਪਣੀ ਮੌਤ ਦਾ ਦਿਨ ਨਹੀਂ ਜਾਣਦਾ। 3 ਤਾਂ ਹੁਣ ਆਪਣਾ ਸ਼ਸਤਰ ਅਰਥਾਤ, ਆਪਣਾ ਤਰਕਸ਼ ਅਤੇ ਧਨੁਸ਼ ਲੈ, ਅਤੇ ਮੈਦਾਨ ਵਿੱਚ ਜਾ ਕੇ ਮੇਰੇ ਸ਼ਿਕਾਰ ਮਾਰ। 4 ਮੇਰੇ ਲਈ ਜਿਸ ਤਰ੍ਹਾਂ ਦਾ ਸੁਆਦਲਾ ਭੋਜਨ ਮੈਨੂੰ ਚੰਗਾ ਲੱਗਦਾ ਹੈ ਤਿਆਰ ਕਰ ਅਤੇ ਮੇਰੇ ਕੋਲ ਖਾਣ ਲਈ ਲਿਆਓ ਤਾਂ ਜੋ ਮੈਂ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇ ਸਕਾਂ।"

5 ਜਦੋਂ ਇਸਹਾਕ ਨੇ ਆਪਣੇ ਪੁੱਤਰ ਏਸਾਓ ਨਾਲ ਗੱਲ ਕੀਤੀ ਅਤੇ ਰਿਬਕਾਹ ਸੁਣ ਰਹੀ ਸੀ। ਜਦੋਂ ਏਸਾਓ ਸ਼ਿਕਾਰ ਖੇਡਣ ਅਤੇ ਇਸਨੂੰ ਵਾਪਸ ਲਿਆਉਣ ਲਈ ਮੈਦਾਨ ਵੱਲ ਚਲਾ ਗਿਆ, 6 ਰਿਬਕਾਹ ਨੇ ਆਪਣੇ ਪੁੱਤਰ ਯਾਕੋਬ ਨੂੰ ਕਿਹਾ, "ਵੇਖ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨੂੰ ਇਹ ਕਹਿੰਦੇ ਹੋਏ ਸੁਣਿਆ, 7 ‘ਕਿ ਮੇਰੇ ਲਈ ਸ਼ਿਕਾਰ ਮਾਰ ਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਤੇ ਯਾਹਵੇਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ।’ 8 ਹੁਣ, ਹੇ ਮੇਰੇ ਪੁੱਤਰ, ਧਿਆਨ ਨਾਲ ਮੇਰੀ ਗੱਲ ਸੁਣ ਅਤੇ ਉਹੀ ਕਰ ਜੋ ਮੈਂ ਤੈਨੂੰ ਦੱਸਦੀ ਹਾਂ। 9 ਇੱਜੜ ਵਿੱਚ ਜਾ ਕੇ ਮੇਰੇ ਕੋਲ ਪਸੰਦੀਦਾ ਬੱਕਰੀ ਦੇ ਦੋ ਮੇਮਣੇ ਲਿਆ, ਤਾਂ ਜੋ ਮੈਂ ਤੇਰੇ ਪਿਤਾ ਲਈ ਕੁਝ ਸੁਆਦਲਾ ਭੋਜਨ ਤਿਆਰ ਕਰ ਸਕਾਂ, ਜਿਵੇਂ ਉਹ ਪਸੰਦ ਕਰਦੇ ਹਨ। 10 ਫੇਰ ਆਪਣੇ ਪਿਤਾ ਕੋਲ ਲੈ ਕੇ ਜਾਵੀਂ ਤਾਂ ਜੋ ਉਹ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇਵੇ।"

11 ਯਾਕੋਬ ਨੇ ਆਪਣੀ ਮਾਂ ਰਿਬਕਾਹ ਨੂੰ ਕਿਹਾ, "ਪਰ ਮੇਰਾ ਭਰਾ ਏਸਾਓ ਇੱਕ ਜੱਤਵਾਲਾ ਮਨੁੱਖ ਹੈ ਜਦੋਂ ਕਿ ਮੇਰੀ ਚਮੜੀ ਨਰਮ ਹੈ। 12 ਜੇ ਮੇਰਾ ਪਿਤਾ ਮੈਨੂੰ ਛੂਹ ਲਵੇ ਤਾਂ ਕੀ ਹੋਵੇਗਾ? ਮੈਂ ਉਸਨੂੰ ਧੋਖਾ ਦੇ ਰਿਹਾ ਜਾਪਦਾ ਹਾਂ ਅਤੇ ਅਸੀਸ ਦੀ ਬਜਾਏ ਆਪਣੇ ਆਪ ਉੱਤੇ ਸਰਾਪ ਲਿਆਵਾਂਗਾ।"

13 ਉਸ ਦੀ ਮਾਤਾ ਨੇ ਉਹ ਨੂੰ ਆਖਿਆ, "ਹੇ ਮੇਰੇ ਪੁੱਤਰ, ਮੇਰੇ ਉੱਤੇ ਸਰਾਪ ਪਵੇ। ਬੱਸ ਉਹੀ ਕਰ ਜੋ ਮੈਂ ਕਹਿੰਦੀ ਹਾਂ, ਜਾ ਕੇ ਮੇਰੇ ਲਈ ਉਹਨਾਂ ਨੂੰ ਲਿਆ।"

14 ਤਾਂ ਉਹ ਗਿਆ ਅਤੇ ਉਹਨਾਂ ਨੂੰ ਲੈ ਕੇ ਆਪਣੀ ਮਾਤਾ ਕੋਲ ਲਿਆਇਆ ਅਤੇ ਉਸ ਨੇ ਕੁਝ ਸੁਆਦਲਾ ਭੋਜਨ ਤਿਆਰ ਕੀਤਾ ਜਿਵੇਂ ਉਹ ਦੇ ਪਿਤਾ ਨੂੰ ਪਸੰਦ ਸੀ। 15 ਤਦ ਰਿਬਕਾਹ ਨੇ ਆਪਣੇ ਵੱਡੇ ਪੁੱਤਰ ਏਸਾਓ ਦੇ ਸਭ ਤੋਂ ਚੰਗੇ ਕੱਪੜੇ ਜੋ ਉਸ ਦੇ ਘਰ ਵਿੱਚ ਸਨ ਲੈ ਲਏ ਅਤੇ ਆਪਣੇ ਛੋਟੇ ਪੁੱਤਰ ਯਾਕੋਬ ਨੂੰ ਪਹਿਨਾਏ। 16 ਉਸ ਨੇ ਉਹ ਦੇ ਹੱਥ ਅਤੇ ਉਸ ਦੀ ਗਰਦਨ ਦਾ ਮੁਲਾਇਮ ਹਿੱਸਾ ਬੱਕਰੇ ਦੀ ਖੱਲ ਨਾਲ ਢੱਕ ਲਿਆ। 17 ਤਦ ਉਸ ਨੇ ਆਪਣੇ ਪੁੱਤਰ ਯਾਕੋਬ ਨੂੰ ਉਹ ਸੁਆਦਲਾ ਭੋਜਨ ਅਤੇ ਰੋਟੀ ਜੋ ਉਸ ਨੇ ਬਣਾਈ ਸੀ ਦੇ ਦਿੱਤੀ।

18 ਉਹ ਆਪਣੇ ਪਿਤਾ ਕੋਲ ਗਿਆ ਅਤੇ ਕਿਹਾ, "ਮੇਰੇ ਪਿਤਾ ਜੀ।"

ਉਸਨੇ ਜਵਾਬ ਦਿੱਤਾ, "ਹਾਂ ਮੇਰੇ ਪੁੱਤਰ, ਤੂੰ ਕੌਣ ਹੈ?"

19 ਯਾਕੋਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਤੇਰਾ ਜੇਠਾ ਪੁੱਤਰ ਏਸਾਓ ਹਾਂ। ਜਿਵੇਂ ਤੁਸੀਂ ਮੈਨੂੰ ਕਿਹਾ ਸੀ ਮੈਂ ਕੀਤਾ ਹੈ। ਕਿਰਪਾ ਕਰਕੇ ਬੈਠੋ ਅਤੇ ਮੇਰੇ ਸ਼ਿਕਾਰ ਵਿੱਚੋਂ ਕੁਝ ਖਾਓ, ਤਾਂ ਜੋ ਤੁਸੀਂ ਮੈਨੂੰ ਬਰਕਤ ਦੇ ਸਕੋ।

20 ਇਸਹਾਕ ਨੇ ਆਪਣੇ ਪੁੱਤਰ ਨੂੰ ਪੁੱਛਿਆ, "ਮੇਰੇ ਪੁੱਤਰ, ਤੈਨੂੰ ਇਹ ਇੰਨੀ ਜਲਦੀ ਕਿਵੇਂ ਲੱਭਿਆ?"

ਉਸਨੇ ਜਵਾਬ ਦਿੱਤਾ, "ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਮੈਨੂੰ ਸਫਲਤਾ ਦਿੱਤੀ।"

21 ਤਦ ਇਸਹਾਕ ਨੇ ਯਾਕੋਬ ਨੂੰ ਆਖਿਆ, ਨੇੜੇ ਆ ਤਾਂ ਜੋ ਮੈਂ ਤੈਨੂੰ ਛੂਹ ਕੇ ਜਾਣ ਸਕਾਂ ਕਿ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੈ ਜਾਂ ਨਹੀਂ।

22 ਯਾਕੋਬ ਆਪਣੇ ਪਿਤਾ ਇਸਹਾਕ ਦੇ ਨੇੜੇ ਗਿਆ ਅਤੇ ਉਸ ਨੇ ਉਸ ਨੂੰ ਛੂਹ ਕੇ ਕਿਹਾ, ਆਵਾਜ਼ ਤਾਂ ਯਾਕੋਬ ਦੀ ਹੈ ਪਰ ਹੱਥ ਏਸਾਓ ਦੇ ਹੱਥ ਹਨ। 23 ਉਸ ਨੇ ਉਹ ਨੂੰ ਨਾ ਪਛਾਣਿਆ ਕਿਉਂ ਜੋ ਉਹ ਦੇ ਹੱਥ ਉਹ ਦੇ ਭਰਾ ਏਸਾਓ ਦੇ ਹੱਥਾਂ ਵਰਗੇ ਸਨ, ਇਸ ਲਈ ਉਹ ਉਸਨੂੰ ਅਸੀਸ ਦੇਣ ਲਈ ਅੱਗੇ ਵੱਧਿਆ। 24 ਉਸ ਨੇ ਫਿਰ ਪੁੱਛਿਆ, "ਕੀ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੈ?"

ਉਸਨੇ ਜਵਾਬ ਦਿੱਤਾ, "ਮੈਂ ਹੀ ਹਾਂ।"

25 ਤਦ ਉਸ ਨੇ ਆਖਿਆ, ਹੇ ਮੇਰੇ ਪੁੱਤਰ, ਆਪਣੇ ਸ਼ਿਕਾਰ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਤੈਨੂੰ ਬਰਕਤ ਦੇ ਸਕਾਂ।

ਯਾਕੋਬ ਉਸ ਕੋਲ ਲਿਆਇਆ, ਉਸ ਨੇ ਖਾਧਾ ਅਤੇ ਉਹ ਕੁਝ ਦਾਖ਼ਰਸ ਵੀ ਲਿਆਇਆ ਅਤੇ ਇਸਹਾਕ ਨੇ ਪੀਤੀ। 26 ਤਦ ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਆਖਿਆ, ਹੇ ਮੇਰੇ ਪੁੱਤਰ ਇੱਥੇ ਆ ਅਤੇ ਮੈਨੂੰ ਚੁੰਮ।

27 ਤਾਂ ਉਹ ਉਸ ਕੋਲ ਗਿਆ ਅਤੇ ਉਸ ਨੂੰ ਚੁੰਮਿਆ। ਜਦੋਂ ਇਸਹਾਕ ਨੇ ਆਪਣੇ ਕੱਪੜਿਆਂ ਦੀ ਸੁਗੰਧ ਸੁੰਘੀ, ਤਾਂ ਉਸਨੇ ਉਸਨੂੰ ਬਰਕਤ ਦਿੱਤੀ ਅਤੇ ਕਿਹਾ,

"ਆਹ, ਮੇਰੇ ਪੁੱਤਰ ਦੀ ਸੁਗੰਧ ਖੇਤ ਦੀ ਸੁਗੰਧ ਵਰਗੀ ਹੈ

ਜਿਸ ਨੂੰ ਯਾਹਵੇਹ ਨੇ ਬਰਕਤ ਦਿੱਤੀ ਹੈ।

28 ਪਰਮੇਸ਼ਵਰ ਤੁਹਾਨੂੰ ਅਕਾਸ਼ ਦੀ ਤ੍ਰੇਲ

ਅਤੇ ਧਰਤੀ ਦੀ ਅਮੀਰੀ ਦੇਵੇ,

ਬਹੁਤ ਸਾਰਾ ਅਨਾਜ ਅਤੇ ਦਾਖ਼ਰਸ ਦੀ ਭਰਪੂਰੀ ਤੋਂ ਬਰਕਤ ਦੇਵੇ।

29 ਕੌਮਾਂ ਤੇਰੀ ਸੇਵਾ ਕਰਨ

ਅਤੇ ਲੋਕ ਤੇਰੇ ਅੱਗੇ ਝੁੱਕਣ।

ਤੂੰ ਆਪਣੇ ਭਰਾਵਾਂ ਉੱਤੇ ਸਰਦਾਰ ਹੋਵੇ,

ਅਤੇ ਤੇਰੀ ਮਾਤਾ ਦੇ ਪੁੱਤਰ ਤੇਰੇ ਅੱਗੇ ਝੁੱਕਣ।

ਜਿਹੜਾ ਤੈਨੂੰ ਸਰਾਪ ਦੇਵੇ ਉਹ ਸਰਾਪੀ ਹੋਵੇ

ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ।"

30 ਜਦੋਂ ਇਸਹਾਕ ਨੇ ਉਸ ਨੂੰ ਅਸੀਸ ਦੇ ਦਿੱਤੀ ਅਤੇ ਯਾਕੋਬ ਆਪਣੇ ਪਿਤਾ ਇਸਹਾਕ ਕੋਲੋਂ ਬਾਹਰ ਨਿੱਕਲਿਆ ਹੀ ਸੀ ਕਿ ਉਸ ਦਾ ਭਰਾ ਏਸਾਓ ਸ਼ਿਕਾਰ ਤੋਂ ਆਇਆ। 31 ਉਸ ਨੇ ਵੀ ਸੁਆਦਲਾ ਭੋਜਨ ਤਿਆਰ ਕੀਤਾ ਅਤੇ ਆਪਣੇ ਪਿਤਾ ਕੋਲ ਲਿਆਇਆ। ਤਦ ਉਸ ਨੇ ਉਸ ਨੂੰ ਕਿਹਾ, "ਮੇਰੇ ਪਿਤਾ ਜੀ, ਕਿਰਪਾ ਕਰਕੇ ਬੈਠੋ ਆਪਣੇ ਪੁੱਤਰ ਦੇ ਸ਼ਿਕਾਰ ਵਿੱਚੋਂ ਖਾਓ ਤਾਂ ਜੋ ਤੁਸੀਂ ਮੈਨੂੰ ਬਰਕਤ ਦਿਓ।"

32 ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਪੁੱਛਿਆ, ਤੂੰ ਕੌਣ ਹੈ?

ਉਸਨੇ ਜਵਾਬ ਦਿੱਤਾ, "ਮੈਂ ਤੇਰਾ ਪੁੱਤਰ ਹਾਂ, ਤੇਰਾ ਜੇਠਾ ਪੁੱਤਰ ਏਸਾਓ।"

33 ਇਸਹਾਕ ਨੇ ਥਰ-ਥਰ ਕੰਬਦੇ ਹੋਏ ਕਿਹਾ, "ਫੇਰ ਉਹ ਕੌਣ ਸੀ, ਜੋ ਸ਼ਿਕਾਰ ਖੇਡ ਕੇ ਮੇਰੇ ਕੋਲ ਲਿਆਇਆ? ਤੇਰੇ ਆਉਣ ਤੋਂ ਠੀਕ ਪਹਿਲਾਂ ਮੈਂ ਉਸ ਦੇ ਭੋਜਨ ਨੂੰ ਖਾਧਾ ਅਤੇ ਮੈਂ ਉਸਨੂੰ ਬਰਕਤ ਦਿੱਤੀ, ਅਤੇ ਸੱਚ-ਮੁੱਚ ਉਹ ਮੁਬਾਰਕ ਹੋਵੇਗਾ!"

34 ਜਦੋਂ ਏਸਾਓ ਨੇ ਆਪਣੇ ਪਿਤਾ ਦੀਆਂ ਗੱਲਾਂ ਸੁਣੀਆਂ ਤਾਂ ਉਹ ਉੱਚੀ-ਉੱਚੀ ਭੁੱਬਾਂ ਮਾਰ ਕੇ ਰੋਣ ਲੱਗਾ ਅਤੇ ਆਪਣੇ ਪਿਤਾ ਨੂੰ ਕਿਹਾ, "ਮੇਰੇ ਪਿਤਾ, ਮੈਨੂੰ ਵੀ ਅਸੀਸ ਦੇ!"

35 ਪਰ ਉਸ ਨੇ ਆਖਿਆ, ਤੇਰਾ ਭਰਾ ਧੋਖੇ ਨਾਲ ਆ ਕੇ ਤੇਰੀ ਅਸੀਸ ਲੈ ਗਿਆ।

36 ਏਸਾਓ ਨੇ ਆਖਿਆ, ਕੀ ਉਸ ਦਾ ਨਾਮ ਯਾਕੋਬ ਠੀਕ ਨਹੀਂ ਹੈ? ਇਹ ਦੂਜੀ ਵਾਰ ਹੈ ਜਦੋਂ ਉਸਨੇ ਮੇਰੇ ਨਾਲ ਧੋਖਾ ਕੀਤਾ ਹੈ, ਉਸਨੇ ਮੇਰਾ ਪਹਿਲੌਠੇ ਹੋਣ ਦਾ ਹੱਕ ਲੈ ਲਿਆ ਅਤੇ ਹੁਣ ਉਸਨੇ ਮੇਰੀ ਬਰਕਤ ਵੀ ਲੈ ਲਈ! ਫਿਰ ਉਸਨੇ ਪੁੱਛਿਆ, "ਕੀ ਤੁਸੀਂ ਮੇਰੇ ਲਈ ਕੋਈ ਬਰਕਤ ਨਹੀਂ ਰੱਖੀ?"

37 ਇਸਹਾਕ ਨੇ ਏਸਾਓ ਨੂੰ ਉੱਤਰ ਦਿੱਤਾ, "ਮੈਂ ਉਹ ਨੂੰ ਤੇਰਾ ਸੁਆਮੀ ਠਹਿਰਾਇਆ ਹੈ ਅਤੇ ਉਸ ਦੇ ਸਾਰੇ ਰਿਸ਼ਤੇਦਾਰਾਂ ਨੂੰ ਉਸ ਦਾ ਸੇਵਕ ਬਣਾਇਆ ਹੈ ਅਤੇ ਮੈਂ ਅਨਾਜ ਅਤੇ ਦਾਖ਼ਰਸ ਉਸਨੂੰ ਦਿੱਤੀ। ਇਸ ਲਈ, ਮੇਰੇ ਪੁੱਤਰ, ਮੈਂ ਤੇਰੇ ਲਈ ਕੀ ਕਰਾਂ?"

38 ਏਸਾਓ ਨੇ ਆਪਣੇ ਪਿਤਾ ਨੂੰ ਆਖਿਆ, "ਹੇ ਮੇਰੇ ਪਿਤਾ, ਕੀ ਤੁਹਾਡੇ ਕੋਲ ਇੱਕ ਵੀ ਬਰਕਤ ਨਹੀਂ ਹੈ? ਏਸਾਓ ਉੱਚੀ-ਉੱਚੀ ਰੋਂਦਾ ਹੋਇਆ ਕਹਿਣ ਲੱਗਾ ਕਿ ਮੇਰੇ ਪਿਤਾ!" ਮੈਨੂੰ ਵੀ ਬਰਕਤ ਦਿਓ।

39 ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਉੱਤਰ ਦਿੱਤਾ,

ਤੇਰਾ ਨਿਵਾਸ ਧਰਤੀ ਦੀ ਅਮੀਰੀ ਤੋਂ,

ਉੱਪਰ ਅਕਾਸ਼ ਦੀ ਤ੍ਰੇਲ ਤੋਂ ਦੂਰ ਹੋਵੇਗਾ।

40 ਤੂੰ ਤਲਵਾਰ ਨਾਲ ਜੀਵੇਂਗਾ

ਅਤੇ ਤੂੰ ਆਪਣੇ ਭਰਾ ਦੀ ਸੇਵਾ ਕਰੇਗਾ।

ਪਰ ਜਦੋਂ ਤੂੰ ਬੇਚੈਨ ਹੋਵੇਗਾ,

ਤੂੰ ਉਸਦਾ ਜੂਲਾ ਆਪਣੀ ਗਰਦਨ ਤੋਂ ਭੰਨ ਸੁੱਟੇਗਾ।

41 ਏਸਾਓ ਨੇ ਯਾਕੋਬ ਨਾਲ ਵੈਰ ਰੱਖਿਆ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਬਰਕਤ ਦਿੱਤੀ ਸੀ। ਉਸਨੇ ਆਪਣੇ ਆਪ ਨੂੰ ਕਿਹਾ, "ਮੇਰੇ ਪਿਤਾ ਲਈ ਸੋਗ ਦੇ ਦਿਨ ਨੇੜੇ ਹਨ, ਫ਼ੇਰ ਮੈਂ ਆਪਣੇ ਭਰਾ ਯਾਕੋਬ ਨੂੰ ਮਾਰ ਦਿਆਂਗਾ।"

42 ਜਦੋਂ ਰਿਬਕਾਹ ਨੂੰ ਉਸ ਦੇ ਵੱਡੇ ਪੁੱਤਰ ਏਸਾਓ ਦੀ ਗੱਲ ਦੱਸੀ ਗਈ ਤਾਂ ਉਸ ਨੇ ਆਪਣੇ ਛੋਟੇ ਪੁੱਤਰ ਯਾਕੋਬ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, "ਤੇਰਾ ਭਰਾ ਏਸਾਓ ਤੈਨੂੰ ਮਾਰ ਕੇ ਆਪਣਾ ਬਦਲਾ ਲੈਣ ਦੀ ਯੋਜਨਾ ਬਣਾ ਰਿਹਾ ਹੈ। 43 ਸੋ ਹੁਣ ਮੇਰੇ ਪੁੱਤਰ, ਉਹੀ ਕਰ ਜੋ ਮੈਂ ਆਖਦੀ ਹਾਂ, ਇੱਕ ਵਾਰ ਹਾਰਾਨ ਵਿੱਚ ਮੇਰੇ ਭਰਾ ਲਾਬਾਨ ਕੋਲ ਭੱਜ ਜਾ। 44 ਜਦ ਤੱਕ ਤੇਰੇ ਭਰਾ ਦਾ ਕਹਿਰ ਨਾ ਸ਼ਾਂਤ ਨਾ ਹੋ ਜਾਵੇ ਥੋੜ੍ਹਾ ਚਿਰ ਉਸ ਦੇ ਨਾਲ ਰਹਿ। 45 ਜਦੋਂ ਤੇਰਾ ਭਰਾ ਤੇਰੇ ਨਾਲ ਨਾਰਾਜ਼ ਨਾ ਹੋਵੇ ਅਤੇ ਭੁੱਲ ਜਾਵੇ ਜੋ ਤੂੰ ਉਸ ਨਾਲ ਕੀਤਾ ਸੀ, ਮੈਂ ਤੈਨੂੰ ਉੱਥੋਂ ਵਾਪਿਸ ਆਉਣ ਦਾ ਸੁਨੇਹਾ ਭੇਜਾਂਗਾ। ਮੈਂ ਤੁਹਾਨੂੰ ਦੋਨਾਂ ਨੂੰ ਇੱਕ ਦਿਨ ਵਿੱਚ ਕਿਉਂ ਗੁਆਵਾਂ?"

46 ਫਿਰ ਰਿਬਕਾਹ ਨੇ ਇਸਹਾਕ ਨੂੰ ਆਖਿਆ, "ਮੈਂ ਇਨ੍ਹਾਂ ਹਿੱਤੀ ਔਰਤਾਂ ਦੇ ਕਾਰਨ ਜੀਉਣ ਤੋਂ ਘਿਣ ਕਰਦਾ ਹਾਂ। ਜੇ ਯਾਕੋਬ ਇਸ ਦੇਸ਼ ਦੀਆਂ ਔਰਤਾਂ ਵਿੱਚੋਂ, ਇਸ ਤਰ੍ਹਾਂ ਦੀਆਂ ਹਿੱਤੀ ਔਰਤਾਂ ਵਿੱਚੋਂ ਇੱਕ ਪਤਨੀ ਲੈ ਲਵੇ, ਤਾਂ ਮੇਰੀ ਜ਼ਿੰਦਗੀ ਜੀਉਣ ਦੇ ਯੋਗ ਨਹੀਂ ਹੋਵੇਗੀ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-