Publicidade

Gênesis 45

ਯੋਸੇਫ਼ ਦੁਆਰਾ ਆਪਣੇ ਆਪ ਨੂੰ ਪ੍ਰਗਟ ਕਰਨਾ

1 ਤਦ ਯੋਸੇਫ਼ ਆਪਣੇ ਸਾਰੇ ਸੇਵਕਾਂ ਦੇ ਅੱਗੇ ਆਪਣੇ ਆਪ ਨੂੰ ਕਾਬੂ ਨਾ ਕਰ ਸਕਿਆ ਅਤੇ ਉੱਚੀ ਆਵਾਜ਼ ਵਿੱਚ ਬੋਲਿਆ, "ਸਭਨਾਂ ਨੂੰ ਮੇਰੀ ਹਜ਼ੂਰੀ ਵਿੱਚੋਂ ਬਾਹਰ ਕੱਢ ਦਿਓ!" ਯੋਸੇਫ਼ ਦੇ ਨਾਲ ਕੋਈ ਨਹੀਂ ਸੀ ਜਦੋਂ ਉਸਨੇ ਆਪਣੇ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ। 2 ਅਤੇ ਉਹ ਇੰਨੀ ਉੱਚੀ ਰੋਇਆ ਕਿ ਮਿਸਰੀਆਂ ਨੇ ਉਹ ਦੀ ਆਵਾਜ਼ ਸੁਣੀ ਅਤੇ ਫ਼ਿਰਾਊਨ ਦੇ ਘਰਾਣੇ ਨੇ ਇਸ ਬਾਰੇ ਸੁਣਿਆ।

3 ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, "ਮੈਂ ਯੋਸੇਫ਼ ਹਾਂ! ਕੀ ਮੇਰਾ ਪਿਤਾ ਅਜੇ ਵੀ ਜਿਉਂਦਾ ਹੈ?" ਪਰ ਉਸਦੇ ਭਰਾ ਉਸਨੂੰ ਜਵਾਬ ਨਹੀਂ ਦੇ ਸਕੇ ਕਿਉਂਕਿ ਉਹ ਉਸ ਤੋਂ ਡਰੇ ਹੋਏ ਸਨ।

4 ਤਦ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ। ਜਦੋਂ ਉਹਨਾਂ ਨੇ ਅਜਿਹਾ ਕੀਤਾ, ਉਸਨੇ ਆਖਿਆ, "ਮੈਂ ਤੁਹਾਡਾ ਭਰਾ ਯੋਸੇਫ਼ ਹਾਂ, ਜਿਸਨੂੰ ਤੁਸੀਂ ਮਿਸਰ ਵਿੱਚ ਵੇਚ ਦਿੱਤਾ ਸੀ। 5 ਅਤੇ ਹੁਣ ਮੈਨੂੰ ਇੱਥੇ ਵੇਖ ਕੇ ਦੁਖੀ ਨਾ ਹੋਵੋ ਅਤੇ ਆਪਣੇ ਆਪ ਉੱਤੇ ਨਾਰਾਜ਼ ਨਾ ਹੋਵੋ ਕਿਉਂ ਜੋ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਅੱਗੇ ਘੱਲਿਆ ਹੈ। 6 ਹੁਣ ਦੋ ਸਾਲਾਂ ਤੋਂ ਦੇਸ਼ ਵਿੱਚ ਕਾਲ ਪਿਆ ਹੈ ਅਤੇ ਅਗਲੇ ਪੰਜ ਸਾਲਾਂ ਤੱਕ ਹੱਲ ਵਾਹੁਣਾ ਅਤੇ ਵਾਢੀ ਨਹੀਂ ਹੋਵੇਗੀ। 7 ਇਸ ਲਈ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਅੱਗੇ ਭੇਜਿਆ ਤਾਂ ਜੋ ਤੁਸੀਂ ਧਰਤੀ ਉੱਤੇ ਜੀਉਂਦੇ ਰਹੋ ਅਤੇ ਤੁਹਾਨੂੰ ਬਚਾ ਕੇ ਤੁਹਾਡੇ ਵੰਸ਼ ਨੂੰ ਜੀਉਂਦਾ ਰੱਖੇ।

8 "ਇਸ ਲਈ ਸੱਚਮੁੱਚ ਮੈਨੂੰ ਇੱਥੇ ਤੁਹਾਡੇ ਦੁਆਰਾ ਨਹੀਂ, ਸਗੋਂ ਪਰਮੇਸ਼ਵਰ ਦੁਆਰਾ ਭੇਜਿਆ ਗਿਆ ਹੈ। ਉਸ ਨੇ ਮੈਨੂੰ ਫ਼ਿਰਾਊਨ ਦੇ ਪਿਤਾ ਦੀ ਪਦਵੀ ਦਿੱਤੀ ਹੈ, ਮੈਨੂੰ ਫ਼ਿਰਾਊਨ ਦੇ ਸਾਰੇ ਘਰ ਦਾ ਸੁਆਮੀ ਅਤੇ ਮਿਸਰ ਦੇ ਸਾਰੇ ਦੇਸ਼ ਦਾ ਪ੍ਰਬੰਧਕ ਨਿਯੁਕਤ ਕੀਤਾ ਹੈ। 9 ਹੁਣ ਜਲਦੀ ਮੇਰੇ ਪਿਤਾ ਕੋਲ ਵਾਪਸ ਜਾਓ ਅਤੇ ਉਸਨੂੰ ਆਖੋ, ‘ਤੇਰਾ ਪੁੱਤਰ ਯੋਸੇਫ਼ ਇਹ ਆਖਦਾ ਹੈ ਕਿ ਪਰਮੇਸ਼ਵਰ ਨੇ ਮੈਨੂੰ ਸਾਰੇ ਮਿਸਰ ਦਾ ਮਾਲਕ ਬਣਾਇਆ ਹੈ। ਮੇਰੇ ਕੋਲ ਆ ਜਾਓ ਅਤੇ ਦੇਰੀ ਨਾ ਕਰੋ। 10 ਤੁਸੀਂ ਗੋਸ਼ੇਨ ਦੇ ਇਲਾਕੇ ਵਿੱਚ ਰਹੋਂਗੇ ਅਤੇ ਮੇਰੇ ਨੇੜੇ ਰਹੋਗੇ, ਤੁਸੀਂ ਅਤੇ ਤੁਹਾਡੇ ਬਾਲ ਬੱਚੇ ਅਤੇ ਤੁਹਾਡੇ ਬੱਚਿਆਂ ਦੇ ਬੱਚੇ ਅਤੇ ਤੁਹਾਡੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਤੁਹਾਡਾ ਹੈ। 11 ਮੈਂ ਉੱਥੇ ਤੁਹਾਡੀ ਸੇਵਾ ਕਰਾਂਗਾ ਕਿਉਂ ਜੋ ਕਾਲ ਦੇ ਪੰਜ ਸਾਲ ਆਉਣੇ ਬਾਕੀ ਹਨ, ਨਹੀਂ ਤਾਂ ਤੁਸੀਂ ਅਤੇ ਤੁਹਾਡੇ ਘਰਾਣੇ ਅਤੇ ਤੇਰੇ ਸਾਰੇ ਲੋਕ ਬੇਸਹਾਰਾ ਹੋ ਜਾਣਗੇ।’

12 "ਤੁਸੀਂ ਖੁਦ ਦੇਖ ਸਕਦੇ ਹੋ, ਮੇਰੇ ਭਰਾ ਬਿਨਯਾਮੀਨ, ਕਿ ਸੱਚ-ਮੁੱਚ ਮੈਂ ਹੀ ਹਾਂ ਜੋ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। 13 ਮੇਰੇ ਪਿਤਾ ਨੂੰ ਉਸ ਸਾਰੇ ਆਦਰ ਬਾਰੇ ਦੱਸੋ ਜੋ ਮੈਨੂੰ ਮਿਸਰ ਵਿੱਚ ਦਿੱਤਾ ਗਿਆ ਅਤੇ ਜੋ ਕੁਝ ਤੁਸੀਂ ਵੇਖਿਆ ਹੈ ਅਤੇ ਮੇਰੇ ਪਿਤਾ ਨੂੰ ਇੱਥੇ ਜਲਦੀ ਹੇਠਾਂ ਲਿਆਓ।"

14 ਤਦ ਉਸ ਆਪਣੇ ਭਰਾ ਬਿਨਯਾਮੀਨ ਦੇ ਗਲ਼ ਲੱਗ ਕੇ ਰੋਇਆ ਅਤੇ ਬਿਨਯਾਮੀਨ ਉਸ ਦੇ ਗਲ਼ ਲੱਗ ਕੇ ਰੋਂਦਾ ਰਿਹਾ। 15 ਅਤੇ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਹਨਾਂ ਲਈ ਰੋਇਆ। ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਸ ਨਾਲ ਗੱਲ ਕੀਤੀ।

16 ਜਦੋਂ ਇਹ ਖ਼ਬਰ ਫ਼ਿਰਾਊਨ ਦੇ ਮਹਿਲ ਵਿੱਚ ਪਹੁੰਚੀ ਕਿ ਯੋਸੇਫ਼ ਦੇ ਭਰਾ ਆਏ ਹਨ ਤਾਂ ਫ਼ਿਰਾਊਨ ਅਤੇ ਉਸ ਦੇ ਸਾਰੇ ਅਧਿਕਾਰੀ ਪ੍ਰਸੰਨ ਹੋਏ। 17 ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, "ਆਪਣੇ ਭਰਾਵਾਂ ਨੂੰ ਆਖ, ‘ਇੰਝ ਕਰੋ ਕਿ ਆਪਣੇ ਪਸ਼ੂਆਂ ਨੂੰ ਲੱਦ ਕੇ ਕਨਾਨ ਦੀ ਧਰਤੀ ਨੂੰ ਪਰਤ ਜਾਓ, 18 ਅਤੇ ਆਪਣੇ ਪਿਤਾ ਅਤੇ ਆਪਣੇ ਪਰਿਵਾਰ ਨੂੰ ਮੇਰੇ ਕੋਲ ਵਾਪਸ ਲਿਆਓ। ਮੈਂ ਤੁਹਾਨੂੰ ਮਿਸਰ ਦੇਸ਼ ਦੇ ਸਭ ਤੋਂ ਵਧੀਆ ਪਦਾਰਥ ਦੇਵਾਂਗਾ ਅਤੇ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ।’

19 "ਫ਼ਿਰਾਊਨ ਨੇ ਯੋਸੇਫ਼ ਨੂੰ ਇਹ ਆਦੇਸ਼ ਦਿੱਤਾ, ‘ਕਿ ਆਪਣੇ ਭਰਾਵਾਂ ਨੂੰ ਆਖ, ਕਿ ਉਹ ਮਿਸਰ ਦੇਸ਼ ਵਿੱਚੋਂ ਗੱਡੇ ਲੈ ਜਾਣ ਅਤੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਅਤੇ ਆਪਣੇ ਪਿਤਾ ਨੂੰ ਲੈ ਕੇ ਆਓ। 20 ਆਪਣੇ ਮਾਲ ਦੀ ਚਿੰਤਾ ਨਾ ਕਰੋ, ਕਿਉਂਕਿ ਸਾਰੇ ਮਿਸਰ ਦੇਸ਼ ਵਿੱਚੋਂ ਸਭ ਤੋਂ ਉੱਤਮ ਪਦਾਰਥ ਤੁਹਾਡੇ ਹੀ ਹਨ।’ "

21 ਇਸ ਲਈ ਇਸਰਾਏਲ ਦੇ ਪੁੱਤਰਾਂ ਨੇ ਅਜਿਹਾ ਕੀਤਾ। ਯੋਸੇਫ਼ ਨੇ ਉਹਨਾਂ ਨੂੰ ਗੱਡੀਆਂ ਦਿੱਤੀਆਂ, ਜਿਵੇਂ ਕਿ ਫ਼ਿਰਾਊਨ ਨੇ ਹੁਕਮ ਦਿੱਤਾ ਸੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਲਈ ਪ੍ਰਬੰਧ ਵੀ ਦਿੱਤੇ ਸਨ। 22 ਉਸ ਨੇ ਉਹਨਾਂ ਵਿੱਚੋਂ ਹਰੇਕ ਨੂੰ ਨਵੇਂ ਕੱਪੜੇ ਦਿੱਤੇ ਪਰ ਬਿਨਯਾਮੀਨ ਨੂੰ ਤਿੰਨ ਸੌ ਚਾਂਦੀ ਦੇ ਸਿੱਕੇ ਅਤੇ ਪੰਜ ਕੱਪੜੇ ਦਿੱਤੇ। 23 ਅਤੇ ਉਸ ਨੇ ਆਪਣੇ ਪਿਤਾ ਨੂੰ ਜੋ ਭੇਜਿਆ ਉਹ ਇਹ ਹੈ, ਦਸ ਖੋਤੇ ਮਿਸਰ ਦੀਆਂ ਉੱਤਮ ਵਸਤੂਆਂ ਨਾਲ ਲੱਦੇ ਹੋਏ ਅਤੇ ਦਸ ਗਧੀਆਂ ਅਨਾਜ, ਰੋਟੀਆਂ ਅਤੇ ਹੋਰ ਸਮਾਨ ਨਾਲ ਲੱਦੀਆਂ ਹੋਈਆਂ ਉਹ ਦੇ ਸਫ਼ਰ ਲਈ ਦਿੱਤਾ। 24 ਤਦ ਉਸ ਨੇ ਆਪਣੇ ਭਰਾਵਾਂ ਨੂੰ ਵਿਦਾ ਕੀਤਾ ਅਤੇ ਜਦੋਂ ਉਹ ਜਾ ਰਹੇ ਸਨ ਤਾਂ ਉਸ ਨੇ ਉਹਨਾਂ ਨੂੰ ਆਖਿਆ, ਰਾਹ ਵਿੱਚ ਝਗੜਾ ਨਾ ਕਰਿਓ।

25 ਸੋ ਉਹ ਮਿਸਰ ਵਿੱਚੋਂ ਨਿੱਕਲ ਕੇ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੋਬ ਕੋਲ ਆਏ। 26 ਉਹਨਾਂ ਨੇ ਉਸ ਨੂੰ ਕਿਹਾ, "ਅਜੇ ਯੋਸੇਫ਼ ਜੀਉਂਦਾ ਹੈ! ਅਸਲ ਵਿੱਚ, ਉਹ ਸਾਰੇ ਮਿਸਰ ਦਾ ਸ਼ਾਸਕ ਹੈ।" ਯਾਕੋਬ ਬਹੁਤ ਹੈਰਾਨ ਰਹਿ ਗਿਆ; ਉਸਨੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ। 27 ਪਰ ਜਦੋਂ ਉਹਨਾਂ ਨੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਯੋਸੇਫ਼ ਨੇ ਉਹਨਾਂ ਨੂੰ ਕਿਹਾ ਸੀ ਅਤੇ ਜਦੋਂ ਉਸਨੇ ਉਹ ਗੱਡੇ ਵੇਖੇ ਜੋ ਯੋਸੇਫ਼ ਨੇ ਉਹਨਾਂ ਨੂੰ ਵਾਪਸ ਲਿਜਾਣ ਲਈ ਭੇਜੇ ਸਨ, ਤਾਂ ਉਹਨਾਂ ਦੇ ਪਿਤਾ ਯਾਕੋਬ ਦਾ ਆਤਮਾ ਮੁੜ ਉੱਠਿਆ। 28 ਅਤੇ ਇਸਰਾਏਲ ਨੇ ਕਿਹਾ, "ਮੈਨੂੰ ਯਕੀਨ ਹੈ! ਮੇਰਾ ਪੁੱਤਰ ਯੋਸੇਫ਼ ਅਜੇ ਵੀ ਜਿਉਂਦਾ ਹੈ ਅਤੇ ਮੈਂ ਮਰਨ ਤੋਂ ਪਹਿਲਾਂ ਉਸ ਨੂੰ ਜਾ ਕੇ ਦੇਖਾਂਗਾ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-