Publicidade

Gênesis 39

ਯੋਸੇਫ਼ ਅਤੇ ਪੋਟੀਫ਼ਰ ਦੀ ਪਤਨੀ

1 ਹੁਣ ਯੋਸੇਫ਼ ਨੂੰ ਮਿਸਰ ਲਿਜਾਇਆ ਗਿਆ ਸੀ। ਪੋਟੀਫ਼ਰ, ਇੱਕ ਮਿਸਰੀ ਜੋ ਫ਼ਿਰਾਊਨ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਪਹਿਰੇਦਾਰਾਂ ਦਾ ਪ੍ਰਧਾਨ ਸੀ, ਉਸਨੇ ਉਸਨੂੰ ਇਸਮਾਏਲੀ ਲੋਕਾਂ ਤੋਂ ਖਰੀਦ ਲਿਆ ਜੋ ਉਸਨੂੰ ਉੱਥੇ ਲਿਆਏ ਸਨ।

2 ਯਾਹਵੇਹ ਯੋਸੇਫ਼ ਦੇ ਨਾਲ ਸੀ ਤਾਂ ਜੋ ਉਹ ਖੁਸ਼ਹਾਲ ਹੋਇਆ ਅਤੇ ਉਹ ਆਪਣੇ ਮਿਸਰੀ ਮਾਲਕ ਦੇ ਘਰ ਰਹਿੰਦਾ ਸੀ। 3 ਜਦੋਂ ਉਸ ਦੇ ਮਾਲਕ ਨੇ ਵੇਖਿਆ ਕਿ ਯਾਹਵੇਹ ਉਸ ਦੇ ਨਾਲ ਹੈ ਅਤੇ ਯਾਹਵੇਹ ਨੇ ਉਸ ਨੂੰ ਹਰ ਕੰਮ ਵਿੱਚ ਸਫ਼ਲਤਾ ਦਿੱਤੀ ਹੈ, 4 ਤਾਂ ਯੋਸੇਫ਼ ਨੇ ਉਸ ਦੀ ਨਿਗਾਹ ਵਿੱਚ ਕਿਰਪਾ ਪਾਈ ਅਤੇ ਉਸ ਦਾ ਸੇਵਾਦਾਰ ਬਣ ਗਿਆ। ਪੋਟੀਫ਼ਰ ਨੇ ਉਸਨੂੰ ਆਪਣੇ ਘਰ ਦਾ ਮੁਖ਼ਤਿਆਰ ਬਣਾ ਦਿੱਤਾ, ਅਤੇ ਉਸਨੇ ਆਪਣੀ ਸਾਰੀ ਮਲਕੀਅਤ ਉਸਦੀ ਦੇਖਭਾਲ ਲਈ ਸੌਂਪ ਦਿੱਤੀ। 5 ਜਦੋਂ ਤੋਂ ਉਸ ਨੇ ਉਸ ਨੂੰ ਆਪਣੇ ਘਰਾਣੇ ਅਤੇ ਉਸ ਦੀ ਸਾਰੀ ਮਲਕੀਅਤ ਦਾ ਪ੍ਰਧਾਨ ਬਣਾਇਆ, ਯਾਹਵੇਹ ਨੇ ਯੋਸੇਫ਼ ਦੇ ਕਾਰਨ ਮਿਸਰੀ ਦੇ ਘਰਾਣੇ ਨੂੰ ਅਸੀਸ ਦਿੱਤੀ। ਯਾਹਵੇਹ ਦੀ ਬਰਕਤ ਪੋਟੀਫ਼ਰ ਦੀ ਹਰ ਚੀਜ਼ ਉੱਤੇ ਸੀ, ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ। 6 ਇਸ ਲਈ ਪੋਟੀਫ਼ਰ ਨੇ ਸਭ ਕੁਝ ਯੋਸੇਫ਼ ਦੇ ਹੱਥ ਵਿੱਚ ਸੌਂਪ ਦਿੱਤਾ ਅਤੇ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖ਼ਬਰ ਨਾ ਰੱਖੀ।

ਅਤੇ ਯੋਸੇਫ਼ ਰੂਪਵੰਤ ਅਤੇ ਸੋਹਣਾ ਸੀ। 7 ਅਤੇ ਥੋੜ੍ਹੀ ਦੇਰ ਬਾਅਦ ਉਹ ਦੇ ਸੁਆਮੀ ਦੀ ਪਤਨੀ ਨੇ ਯੋਸੇਫ਼ ਨੂੰ ਵੇਖ ਕੇ ਆਖਿਆ, ਮੇਰੇ ਨਾਲ ਸੌ!

8 ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਆਪਣੇ ਮਾਲਕ ਦੀ ਪਤਨੀ ਨੂੰ ਆਖਿਆ, "ਵੇਖੋ, ਮੇਰਾ ਮਾਲਕ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ। 9 ਇਸ ਘਰ ਵਿੱਚ ਮੇਰੇ ਨਾਲੋਂ ਵੱਡਾ ਕੋਈ ਨਹੀਂ ਹੈ। ਮੇਰੇ ਮਾਲਕ ਨੇ ਤੇਰੇ ਸਿਵਾਏ ਮੇਰੇ ਤੋਂ ਕੁਝ ਨਹੀਂ ਰੋਕਿਆ, ਕਿਉਂਕਿ ਤੂੰ ਉਸਦੀ ਪਤਨੀ ਹੈ। ਫਿਰ ਮੈਂ ਅਜਿਹਾ ਬੁਰਾ ਕੰਮ ਕਿਵੇਂ ਕਰ ਸਕਦਾ ਹਾਂ ਅਤੇ ਪਰਮੇਸ਼ਵਰ ਦੇ ਵਿਰੁੱਧ ਪਾਪ ਕਿਵੇਂ ਕਰ ਸਕਦਾ ਹਾਂ?" 10 ਅਤੇ ਭਾਵੇਂ ਉਹ ਹਰ ਰੋਜ਼ ਯੋਸੇਫ਼ ਨਾਲ ਗੱਲ ਕਰਦੀ ਸੀ, ਪਰ ਉਸ ਨੇ ਉਸ ਦੇ ਨਾਲ ਸੌਣ ਜਾਂ ਉਸ ਦੇ ਨਾਲ ਰਹਿਣ ਤੋਂ ਇਨਕਾਰ ਕੀਤਾ।

11 ਇੱਕ ਦਿਨ ਉਹ ਆਪਣੇ ਕੰਮ ਨੂੰ ਪੂਰਾ ਕਰਨ ਲਈ ਘਰ ਵਿੱਚ ਗਿਆ ਅਤੇ ਘਰ ਦਾ ਕੋਈ ਵੀ ਨੌਕਰ ਅੰਦਰ ਨਹੀਂ ਸੀ। 12 ਉਸ ਨੇ ਉਹ ਨੂੰ ਆਪਣੀ ਚਾਦਰ ਤੋਂ ਫੜ੍ਹ ਲਿਆ ਅਤੇ ਆਖਿਆ, ਮੇਰੇ ਨਾਲ ਸੌਣ ਆ! ਪਰ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਘਰੋਂ ਬਾਹਰ ਭੱਜ ਗਿਆ।

13 ਜਦੋਂ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਘਰੋਂ ਭੱਜ ਗਿਆ ਹੈ, 14 ਤਾਂ ਉਸ ਨੇ ਆਪਣੇ ਘਰ ਦੇ ਨੌਕਰਾਂ ਨੂੰ ਬੁਲਾਇਆ ਅਤੇ ਉਸਨੇ ਉਹਨਾਂ ਨੂੰ ਕਿਹਾ, "ਦੇਖੋ, ਉਹ ਇੱਕ ਇਬਰਾਨੀ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਡੀ ਦੇਖਭਾਲ ਲਈ ਰੱਖਿਆ ਗਿਆ। ਉਹ ਮੇਰੇ ਨਾਲ ਸੌਣ ਲਈ ਇੱਥੇ ਆਇਆ, ਪਰ ਮੈਂ ਚੀਕਿਆ। 15 ਜਦੋਂ ਉਸ ਨੇ ਮੈਨੂੰ ਮਦਦ ਲਈ ਚੀਕਦਿਆਂ ਸੁਣਿਆ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਘਰੋਂ ਭੱਜ ਗਿਆ।"

16 ਜਦੋਂ ਤੱਕ ਉਹ ਦਾ ਮਾਲਕ ਘਰ ਨਾ ਆਇਆ, ਉਸਨੇ ਉਸਦਾ ਕੱਪੜਾ ਆਪਣੇ ਕੋਲ ਰੱਖਿਆ। 17 ਤਦ ਉਸ ਨੇ ਉਸ ਨੂੰ ਇਹ ਕਹਾਣੀ ਸੁਣਾਈ, "ਉਹ ਇਬਰਾਨੀ ਨੌਕਰ ਜਿਸ ਨੂੰ ਤੂੰ ਸਾਡੇ ਕੋਲ ਲਿਆਇਆ ਸੀ ਉਹ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗਾ ਸੀ। 18 ਪਰ ਜਿਵੇਂ ਹੀ ਮੈਂ ਮਦਦ ਲਈ ਚਿੱਲਾਈ, ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਘਰੋਂ ਬਾਹਰ ਭੱਜ ਗਿਆ।"

19 ਜਦੋਂ ਉਸਦੇ ਮਾਲਕ ਨੇ ਇਹ ਕਹਾਣੀ ਸੁਣੀ ਤਾਂ ਉਸਦੀ ਪਤਨੀ ਨੇ ਉਸਨੂੰ ਕਿਹਾ, "ਤੇਰੇ ਨੌਕਰ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ," ਉਹ ਗੁੱਸੇ ਨਾਲ ਸੜ ਗਿਆ। 20 ਯੋਸੇਫ਼ ਦੇ ਸੁਆਮੀ ਨੇ ਉਹ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ, ਇਹ ਉਹ ਥਾਂ ਸੀ ਜਿੱਥੇ ਰਾਜੇ ਦੇ ਸ਼ਾਹੀ ਕੈਦੀ ਸਨ।

ਯੋਸੇਫ਼ ਉੱਥੇ ਕੈਦ ਵਿੱਚ ਰਿਹਾ। 21 ਯਾਹਵੇਹ ਯੋਸੇਫ਼ ਦੇ ਨਾਲ ਸੀ ਕਿ ਉਸਨੇ ਉਸਨੂੰ ਦਿਆਲਤਾ ਦਿਖਾਈ ਅਤੇ ਉਸਨੇ ਕੈਦਖ਼ਾਨੇ ਦੇ ਦਰੋਗੇ ਦੀਆਂ ਨਜ਼ਰਾ ਵਿੱਚ ਦਯਾ ਪਾਈ। 22 ਸੋ ਦਰੋਗੇ ਨੇ ਯੋਸੇਫ਼ ਨੂੰ ਕੈਦਖ਼ਾਨੇ ਦੇ ਸਾਰੇ ਬੰਦਿਆਂ ਤੇ ਜ਼ਿੰਮੇਵਾਰ ਠਹਿਰਾਇਆ ਅਤੇ ਜੋ ਕੁਝ ਉੱਥੇ ਕੀਤਾ ਗਿਆ ਸੀ ਉਸ ਦਾ ਜ਼ਿੰਮੇਵਾਰ ਠਹਿਰਾਇਆ ਗਿਆ। 23 ਚੌਕੀਦਾਰ ਨੇ ਯੋਸੇਫ਼ ਦੀ ਦੇਖਭਾਲ ਵਿੱਚ ਕਿਸੇ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਯਾਹਵੇਹ ਯੋਸੇਫ਼ ਦੇ ਨਾਲ ਸੀ ਅਤੇ ਉਸ ਨੇ ਜੋ ਵੀ ਕੀਤਾ ਉਸ ਵਿੱਚ ਉਸ ਨੂੰ ਸਫ਼ਲਤਾ ਦਿੱਤੀ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-