1 ਇਸ ਤਰ੍ਹਾਂ ਅਕਾਸ਼ ਅਤੇ ਧਰਤੀ ਆਪਣੀ ਸਾਰੀ ਵਿਸ਼ਾਲ ਸ਼੍ਰੇਣੀ ਵਿੱਚ ਸੰਪੂਰਨ ਹੋਏ।
2 ਸੱਤਵੇਂ ਦਿਨ ਪਰਮੇਸ਼ਵਰ ਨੇ ਆਪਣਾ ਕੰਮ ਸੰਪੂਰਨ ਕੀਤਾ ਜੋ ਉਹ ਉਸਨੇ ਸ਼ੁਰੂ ਕੀਤਾ ਸੀ, ਇਸ ਤਰ੍ਹਾਂ ਸੱਤਵੇਂ ਦਿਨ ਉਸਨੇ ਆਪਣੇ ਸਾਰੇ ਕੰਮ ਤੋਂ ਆਰਾਮ ਕੀਤਾ। 3 ਤਦ ਪਰਮੇਸ਼ਵਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ, ਕਿਉਂ ਜੋ ਉਸ ਦਿਨ ਉਸਨੇ ਆਪਣੇ ਰਚਨਾ ਦੇ ਕੰਮ ਤੋਂ ਅਰਾਮ ਕੀਤਾ।
4 ਇਹ ਅਕਾਸ਼ ਅਤੇ ਧਰਤੀ ਦੀ ਸਿਰਜਣਾ ਦਾ ਵਰਨਣ ਹੈ ਜਦੋਂ ਉਹ ਬਣਾਏ ਗਏ ਅਰਥਾਤ ਜਿਸ ਦਿਨ ਯਾਹਵੇਹ ਪਰਮੇਸ਼ਵਰ ਨੇ ਧਰਤੀ ਅਤੇ ਅਕਾਸ਼ ਨੂੰ ਬਣਾਇਆ ਸੀ।
5 ਅਜੇ ਤੱਕ ਧਰਤੀ ਉੱਤੇ ਕੋਈ ਬੂਟਾ ਨਹੀਂ ਸੀ ਉੱਗਿਆ ਅਤੇ ਨਾ ਹੀ ਕੋਈ ਸਾਗ ਪੱਤ ਧਰਤੀ ਤੇ ਉੱਗਿਆ ਸੀ ਕਿਉਂ ਜੋ ਪਰਮੇਸ਼ਵਰ ਨੇ ਧਰਤੀ ਉੱਤੇ ਮੀਂਹ ਨਹੀਂ ਵਰ੍ਹਾਇਆ ਸੀ ਅਤੇ ਨਾ ਹੀ ਜ਼ਮੀਨ ਦਾ ਕੰਮ ਕਰਨ ਵਾਲਾ ਕੋਈ ਮਨੁੱਖ ਸੀ। 6 ਪਰ ਧੁੰਦ ਧਰਤੀ ਤੋਂ ਉੱਠੀ ਅਤੇ ਧਰਤੀ ਦੀ ਸਾਰੀ ਸਤ੍ਹਾ ਨੂੰ ਸਿੰਜਿਆ। 7 ਤਦ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਧਰਤੀ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ ਇਸ ਤਰ੍ਹਾਂ ਮਨੁੱਖ ਇੱਕ ਜਿਉਂਦਾ ਪ੍ਰਾਣੀ ਬਣ ਗਿਆ।
8 ਹੁਣ ਯਾਹਵੇਹ ਪਰਮੇਸ਼ਵਰ ਨੇ ਪੂਰਬ ਵੱਲ ਇੱਕ ਬਾਗ਼ ਅਦਨ ਵਿੱਚ ਲਾਇਆ ਅਤੇ ਉੱਥੇ ਉਸਨੇ ਉਸ ਆਦਮੀ ਨੂੰ ਰੱਖਿਆ ਜਿਸਨੂੰ ਉਸਨੇ ਰਚਿਆ ਸੀ। 9 ਯਾਹਵੇਹ ਪਰਮੇਸ਼ਵਰ ਨੇ ਜ਼ਮੀਨ ਵਿੱਚੋਂ ਹਰ ਕਿਸਮ ਦੇ ਰੁੱਖ ਉਗਾਏ, ਉਹ ਰੁੱਖ ਜੋ ਵੇਖਣ ਨੂੰ ਮਨਭਾਉਂਦੇ ਅਤੇ ਭੋਜਨ ਲਈ ਚੰਗੇ ਸਨ। ਬਾਗ਼ ਦੇ ਵਿਚਕਾਰ ਜੀਵਨ ਦਾ ਰੁੱਖ ਅਤੇ ਚੰਗੇ ਬੁਰੇ ਦੇ ਗਿਆਨ ਦਾ ਰੁੱਖ ਵੀ ਸੀ।
10 ਬਾਗ਼ ਨੂੰ ਪਾਣੀ ਦੇਣ ਵਾਲੀ ਨਦੀ ਅਦਨ ਤੋਂ ਵਗਦੀ ਸੀ ਅਤੇ ਉੱਥੋਂ ਚਾਰ ਹਿੱਸਿਆਂ ਵਿੱਚ ਵੰਡੀ ਗਈ। 11 ਪਹਿਲੇ ਦਾ ਨਾਮ ਪਿਸ਼ੋਨ ਹੈ; ਇਹ ਹਵੀਲਾਹ ਦੀ ਸਾਰੀ ਧਰਤੀ ਵਿੱਚੋਂ ਲੰਘਦੀ ਹੈ, ਜਿੱਥੇ ਸੋਨਾ ਹੈ। 12 (ਉਸ ਧਰਤੀ ਦਾ ਸੋਨਾ ਚੰਗਾ ਹੈ; ਉੱਥੇ ਮੋਤੀ ਅਤੇ ਸੁਲੇਮਾਨੀ ਪੱਥਰ ਵੀ ਪਾਏ ਜਾਂਦੇ ਹਨ।) 13 ਦੂਜੀ ਨਦੀ ਦਾ ਨਾਮ ਗੀਹੋਨ ਹੈ; ਇਹ ਕੂਸ਼ ਦੀ ਸਾਰੀ ਧਰਤੀ ਵਿੱਚੋਂ ਲੰਘਦੀ ਹੈ। 14 ਤੀਜੀ ਨਦੀ ਦਾ ਨਾਮ ਹਿੱਦਕਲ ਹੈ; ਇਹ ਅੱਸ਼ੂਰ ਦੇ ਪੂਰਬ ਵਾਲੇ ਪਾਸੇ ਚੱਲਦੀ ਹੈ ਅਤੇ ਚੌਥੀ ਨਦੀ ਫ਼ਰਾਤ ਹੈ।
15 ਪਰਮੇਸ਼ਵਰ ਨੇ ਮਨੁੱਖ ਨੂੰ ਲਿਆ ਅਤੇ ਅਦਨ ਦੇ ਬਾਗ਼ ਵਿੱਚ ਕੰਮ ਕਰਨ ਅਤੇ ਇਸਦੀ ਦੇਖਭਾਲ ਕਰਨ ਲਈ ਰੱਖਿਆ। 16 ਤਦ ਪਰਮੇਸ਼ਵਰ ਨੇ ਮਨੁੱਖ ਨੂੰ ਹੁਕਮ ਦਿੱਤਾ, "ਤੂੰ ਬਾਗ਼ ਦੇ ਕਿਸੇ ਵੀ ਰੁੱਖ ਤੋਂ ਖਾਣ ਲਈ ਅਜ਼ਾਦ ਹੈ, 17 ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ, ਤੂੰ ਜ਼ਰੂਰ ਮਰੇਂਗਾ।"
18 ਯਾਹਵੇਹ ਪਰਮੇਸ਼ਵਰ ਨੇ ਆਖਿਆ, "ਮਨੁੱਖ ਦਾ ਇਕੱਲਾ ਰਹਿਣਾ ਚੰਗਾ ਨਹੀਂ, ਇਸ ਲਈ ਮੈਂ ਉਸ ਲਈ ਉਸ ਵਰਗੀ ਯੋਗ ਸਹਾਇਕਣ ਬਣਾਵਾਂਗਾ।"
19 ਹੁਣ ਯਾਹਵੇਹ ਪਰਮੇਸ਼ਵਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਉਹ ਵੇਖੇ ਜੋ ਉਹ ਕਿਵੇਂ ਉਹਨਾਂ ਨੂੰ ਸੱਦੇਗਾ ਅਤੇ ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ, ਉਹੀ ਉਹ ਦਾ ਨਾਮ ਹੋ ਗਿਆ। 20 ਇਸ ਤਰ੍ਹਾਂ ਮਨੁੱਖ ਨੇ ਸਾਰੇ ਪਸ਼ੂਆਂ ਦੇ, ਅਕਾਸ਼ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਦੇ ਨਾਮ ਰੱਖੇ।
ਪਰ ਆਦਮ ਲਈ ਕੋਈ ਯੋਗ ਸਹਾਇਕ ਨਹੀਂ ਮਿਲਿਆ। 21 ਇਸ ਲਈ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਗੂੜੀ ਨੀਂਦ ਵਿੱਚ ਪਾ ਦਿੱਤਾ, ਜਦੋਂ ਉਹ ਸੌਂ ਰਿਹਾ ਸੀ ਪਰਮੇਸ਼ਵਰ ਨੇ ਮਨੁੱਖ ਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਲਈ ਅਤੇ ਉਸਦੀ ਥਾਂ ਮਾਸ ਭਰ ਦਿੱਤਾ। 22 ਤਦ ਯਾਹਵੇਹ ਪਰਮੇਸ਼ਵਰ ਨੇ ਇੱਕ ਔਰਤ ਨੂੰ ਉਸ ਪਸਲੀ ਤੋਂ ਬਣਾਇਆ ਜਿਸ ਨੂੰ ਉਸਨੇ ਆਦਮੀ ਵਿੱਚੋਂ ਕੱਢਿਆ ਸੀ ਅਤੇ ਉਹ ਉਸਨੂੰ ਆਦਮੀ ਕੋਲ ਲੈ ਆਇਆ।
23 ਤਦ ਆਦਮ ਨੇ ਆਖਿਆ,
"ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਤੇ ਮੇਰੇ ਮਾਸ ਵਿੱਚੋਂ ਮਾਸ ਹੈ,
ਇਸਨੂੰ ‘ਔਰਤ’ ਕਿਹਾ ਜਾਵੇਗਾ,
ਕਿਉਂਕਿ ਉਹ ਆਦਮੀ ਵਿੱਚੋਂ ਕੱਢੀ ਗਈ ਸੀ।"
24 ਇਸ ਕਾਰਨ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ।
25 ਆਦਮ ਅਤੇ ਉਹ ਦੀ ਪਤਨੀ ਦੋਵੇਂ ਨੰਗੇ ਸਨ ਪਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਸੀ।