Publicidade

Gênesis 46

ਯਾਕੋਬ ਮਿਸਰ ਨੂੰ ਗਿਆ

1 ਤਦ ਇਸਰਾਏਲ ਆਪਣਾ ਸਭ ਕੁਝ ਲੈ ਕੇ ਚੱਲਿਆ ਅਤੇ ਜਦੋਂ ਉਹ ਬੇਰਸ਼ੇਬਾ ਪਹੁੰਚਿਆ ਤਾਂ ਉਸ ਨੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਈਆਂ।

2 ਅਤੇ ਪਰਮੇਸ਼ਵਰ ਨੇ ਰਾਤ ਨੂੰ ਦਰਸ਼ਨ ਵਿੱਚ ਇਸਰਾਏਲ ਨਾਲ ਗੱਲ ਕੀਤੀ ਅਤੇ ਆਖਿਆ, "ਯਾਕੋਬ! ਯਾਕੋਬ!"

ਉਸਨੇ ਜਵਾਬ ਦਿੱਤਾ, "ਮੈਂ ਹਾਜ਼ਰ ਹਾਂ।"

3 ਉਸ ਨੇ ਆਖਿਆ, "ਮੈਂ ਪਰਮੇਸ਼ਵਰ, ਤੇਰੇ ਪਿਤਾ ਦਾ ਪਰਮੇਸ਼ਵਰ ਹਾਂ। ਮਿਸਰ ਨੂੰ ਜਾਣ ਤੋਂ ਨਾ ਡਰ, ਕਿਉਂਕਿ ਮੈਂ ਤੁਹਾਨੂੰ ਉੱਥੇ ਇੱਕ ਮਹਾਨ ਕੌਮ ਬਣਾਵਾਂਗਾ। 4 ਮੈਂ ਤੁਹਾਡੇ ਨਾਲ ਮਿਸਰ ਨੂੰ ਜਾਵਾਂਗਾ ਅਤੇ ਤੁਹਾਨੂੰ ਉੱਥੋਂ ਜ਼ਰੂਰ ਵਾਪਸ ਲਿਆਵਾਂਗਾ ਅਤੇ ਯੋਸੇਫ਼ ਦਾ ਆਪਣਾ ਹੱਥ ਤੇਰੀਆਂ ਅੱਖਾਂ ਬੰਦ ਕਰੇਗਾ।"

5 ਤਦ ਯਾਕੋਬ ਬੇਰਸ਼ੇਬਾ ਛੱਡ ਗਿਆ ਅਤੇ ਇਸਰਾਏਲ ਦੇ ਪੁੱਤਰਾਂ ਨੇ ਆਪਣੇ ਪਿਤਾ ਯਾਕੋਬ ਅਤੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਉਹਨਾਂ ਗੱਡੀਆਂ ਵਿੱਚ ਲੈ ਲਿਆ ਜੋ ਫ਼ਿਰਾਊਨ ਨੇ ਉਸ ਨੂੰ ਲਿਜਾਣ ਲਈ ਭੇਜੀਆਂ ਸਨ। 6 ਇਸ ਲਈ ਯਾਕੋਬ ਅਤੇ ਉਸ ਦੀ ਸਾਰੀ ਅੰਸ ਆਪਣੇ ਪਸ਼ੂਆਂ ਨੂੰ ਅਤੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਨਾਨ ਵਿੱਚ ਹਾਸਲ ਕੀਤੀਆਂ ਸਨ, ਆਪਣੇ ਨਾਲ ਲੈ ਕੇ ਮਿਸਰ ਨੂੰ ਗਏ। 7 ਯਾਕੋਬ ਆਪਣੇ ਪੁੱਤਰਾਂ ਅਤੇ ਪੋਤਿਆਂ ਅਤੇ ਆਪਣੀਆਂ ਧੀਆਂ ਅਤੇ ਪੋਤੀਆਂ ਨੂੰ ਅਰਥਾਤ ਆਪਣੀ ਸਾਰੀ ਸੰਤਾਨ ਨੂੰ ਆਪਣੇ ਨਾਲ ਮਿਸਰ ਵਿੱਚ ਲਿਆਇਆ।

8 ਇਹ ਇਸਰਾਏਲ ਦੇ ਪੁੱਤਰਾਂ (ਯਾਕੋਬ ਅਤੇ ਉਸਦੇ ਉੱਤਰਾਧਿਕਾਰੀ) ਦੇ ਨਾਮ ਹਨ ਜੋ ਮਿਸਰ ਨੂੰ ਗਏ ਸਨ।

ਯਾਕੋਬ ਦਾ ਜੇਠਾ ਪੁੱਤਰ ਰਊਬੇਨ।

9 ਰਊਬੇਨ ਦੇ ਪੁੱਤਰ:

ਹਨੋਕ, ਪੱਲੂ, ਹੇਜ਼ਰੋਨ ਅਤੇ ਕਰਮੀ।

10 ਸ਼ਿਮਓਨ ਦੇ ਪੁੱਤਰ:

ਯਮੂਏਲ, ਯਾਮੀਨ, ਓਹਦ, ਯਾਕੀਨ, ਜ਼ੋਹਰ ਅਤੇ ਇੱਕ ਕਨਾਨੀ ਔਰਤ ਦਾ ਪੁੱਤਰ ਸ਼ਾਊਲ।

11 ਲੇਵੀ ਦੇ ਪੁੱਤਰ:

ਗੇਰਸ਼ੋਨ, ਕੋਹਾਥ ਅਤੇ ਮੇਰਾਰੀ।

12 ਯਹੂਦਾਹ ਦੇ ਪੁੱਤਰ:

ਏਰ, ਓਨਾਨ, ਸ਼ੇਲਾਹ, ਪੇਰੇਜ਼ ਅਤੇ ਜ਼ੇਰਾਹ (ਪਰ ਏਰ ਅਤੇ ਓਨਾਨ ਕਨਾਨ ਦੀ ਧਰਤੀ ਵਿੱਚ ਮਰ ਗਏ ਸਨ)।

ਪਰਸ ਦੇ ਪੁੱਤਰ:

ਹੇਜ਼ਰੋਨ ਅਤੇ ਹਾਮੂਲ।

13 ਯਿੱਸਾਕਾਰ ਦੇ ਪੁੱਤਰ: ਤੋਲਾ, ਪੁਆਹ, ਯਸ਼ੂਬ ਅਤੇ ਸ਼ਿਮਰੋਨ।

14 ਜ਼ਬੂਲੁਨ ਦੇ ਪੁੱਤਰ:

ਸੇਰੇਦ, ਏਲੋਨ ਅਤੇ ਯਹਲੇਲ।

15 ਇਹ ਸਾਰੇ ਲੇਆਹ ਦੇ ਪੁੱਤਰ ਸਨ ਜਿਹੜੇ ਪਦਨ ਅਰਾਮ ਵਿੱਚ ਯਾਕੋਬ ਤੋਂ ਪੈਦਾ ਹੋਏ ਸਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਇੱਕ ਬੇਟੀ ਦੀਨਾਹ ਵੀ ਸੀ। ਉਸ ਦੇ ਪੁੱਤਰਾਂ ਅਤੇ ਧੀਆਂ ਦੀ ਗਿਣਤੀ ਤੇਂਤੀ ਸੀ।

16 ਗਾਦ ਦੇ ਪੁੱਤਰ:

ਸਫ਼ੋਨ, ਹੱਗੀ, ਸ਼ੂਨੀ, ਅਜ਼ਬੋਨ, ਏਰੀ, ਅਰੋਦੀ ਅਤੇ ਅਰੇਲੀ।

17 ਆਸ਼ੇਰ ਦੇ ਪੁੱਤਰ:

ਇਮਨਾਹ, ਈਸ਼ਵਾਹ, ਇਸ਼ਵੀ ਅਤੇ ਬਰੀਆਹ। ਉਹਨਾਂ ਦੀ ਭੈਣ ਸੇਰਾਹ ਸੀ।

ਬਰਿਯਾਹ ਦੇ ਪੁੱਤਰ:

ਹੇਬਰ ਅਤੇ ਮਲਕੀਏਲ।

18 ਇਹ ਉਹ ਬੱਚੇ ਸਨ ਜੋ ਯਾਕੋਬ ਲਈ ਜ਼ਿਲਫ਼ਾਹ ਤੋਂ ਪੈਦਾ ਹੋਏ ਸਨ, ਜਿਨ੍ਹਾਂ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ, ਕੁੱਲ ਮਿਲਾ ਕੇ ਸੋਲਾਂ।

19 ਯਾਕੋਬ ਦੀ ਪਤਨੀ ਰਾਖ਼ੇਲ ਦੇ ਪੁੱਤਰ:

ਯੋਸੇਫ਼ ਅਤੇ ਬਿਨਯਾਮੀਨ।

20 ਯੋਸੇਫ਼ ਤੋਂ ਮਿਸਰ ਦੇ ਵਿੱਚ ਊਨ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਨੇ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਜਨਮ ਦਿੱਤਾ।

21 ਬਿਨਯਾਮੀਨ ਦੇ ਪੁੱਤਰ: ਬੇਲਾ, ਬੇਕਰ, ਅਸ਼ਬੇਲ, ਗੇਰਾ, ਨਅਮਾਨ, ਏਹੀ, ਰੋਸ਼, ਮੁੱਫੀਮ, ਹੁੱਪੀਮ ਅਤੇ ਅਰਦ ਸਨ।

22 ਇਹ ਰਾਖ਼ੇਲ ਦੇ ਪੁੱਤਰ ਸਨ ਜੋ ਯਾਕੋਬ ਤੋਂ ਪੈਦਾ ਹੋਏ ਸਨ, ਕੁੱਲ ਮਿਲਾ ਕੇ ਚੌਦਾਂ।

23 ਦਾਨ ਦਾ ਪੁੱਤਰ:

ਹੁਸ਼ੀਮ ਸੀ।

24 ਨਫ਼ਤਾਲੀ ਦੇ ਪੁੱਤਰ:

ਯਹਜ਼ੀਏਲ, ਗੁਨੀ, ਯੇਜ਼ਰ ਅਤੇ ਸ਼ਿਲੇਮ।

25 ਬਿਲਹਾਹ ਤੋਂ ਯਾਕੋਬ ਦੇ ਇਹ ਕੁੱਲ ਸੱਤ ਪੁੱਤਰ ਪੈਦਾ ਹੋਏ, ਜਿਨ੍ਹਾਂ ਨੂੰ ਲਾਬਾਨ ਨੇ ਆਪਣੀ ਧੀ ਰਾਖ਼ੇਲ ਨੂੰ ਦਿੱਤਾ ਸੀ।

26 ਯਾਕੋਬ ਦੇ ਨਿੱਜ ਵੰਸ਼ ਵਿੱਚੋਂ ਸਾਰੇ ਪ੍ਰਾਣੀ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਆਏ, ਉਸ ਦੀਆਂ ਨੂੰਹਾਂ ਤੋਂ ਬਿਨ੍ਹਾਂ ਛਿਆਹਠ ਪ੍ਰਾਣੀ ਸਨ। 27 ਯੋਸੇਫ਼ ਦੇ ਪੁੱਤਰ ਜਿਹੜੇ ਉਸ ਤੋਂ ਮਿਸਰ ਵਿੱਚ ਜਨਮੇ ਦੋ ਸਨ। ਇਸ ਤਰ੍ਹਾਂ ਉਹ ਸਾਰੇ ਜਿਹੜੇ ਯਾਕੋਬ ਦੇ ਘਰਾਣੇ ਤੋਂ ਮਿਸਰ ਵਿੱਚ ਆਏ ਸਨ, ਸੱਤਰ ਮਨੁੱਖ ਸਨ।

28 ਹੁਣ ਯਾਕੋਬ ਨੇ ਆਪਣੇ ਤੋਂ ਪਹਿਲਾਂ ਯਹੂਦਾਹ ਨੂੰ ਯੋਸੇਫ਼ ਕੋਲ ਘੱਲਿਆ ਕਿ ਉਹ ਗੋਸ਼ੇਨ ਵੱਲ ਨਿਰਦੇਸ਼ਨ ਕਰੇ। ਜਦੋਂ ਉਹ ਗੋਸ਼ੇਨ ਦੇ ਇਲਾਕੇ ਵਿੱਚ ਪਹੁੰਚੇ, 29 ਯੋਸੇਫ਼ ਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ੇਨ ਵਿੱਚ ਗਿਆ। ਜਿਵੇਂ ਹੀ ਯੋਸੇਫ਼ ਉਸ ਦੇ ਸਾਹਮਣੇ ਆਇਆ, ਉਸਨੇ ਆਪਣੇ ਪਿਤਾ ਦੇ ਦੁਆਲੇ ਆਪਣੀਆਂ ਬਾਹਾਂ ਸੁੱਟੀਆਂ ਅਤੇ ਬਹੁਤ ਦੇਰ ਤੱਕ ਰੋਇਆ।

30 ਇਸਰਾਏਲ ਨੇ ਯੋਸੇਫ਼ ਨੂੰ ਆਖਿਆ, ਹੁਣ ਮੈਂ ਮਰਨ ਲਈ ਤਿਆਰ ਹਾਂ ਕਿਉਂ ਜੋ ਮੈਂ ਆਪ ਵੇਖ ਲਿਆ ਹੈ ਕਿ ਤੂੰ ਅਜੇ ਜੀਉਂਦਾ ਹੈ।

31 ਤਦ ਯੋਸੇਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਉ ਦੇ ਘਰਾਣੇ ਨੂੰ ਆਖਿਆ, "ਮੈਂ ਉੱਪਰ ਜਾ ਕੇ ਫ਼ਿਰਾਊਨ ਨਾਲ ਗੱਲ ਕਰਾਂਗਾ ਅਤੇ ਉਹ ਨੂੰ ਆਖਾਂਗਾ, ‘ਮੇਰੇ ਭਰਾਵਾਂ ਅਤੇ ਮੇਰੇ ਪਿਤਾ ਦੇ ਘਰਾਣੇ ਨੂੰ ਜਿਹੜੇ ਕਨਾਨ ਦੇਸ਼ ਵਿੱਚ ਰਹਿੰਦੇ ਸਨ, ਮੇਰੇ ਕੋਲ ਆ ਗਏ ਹਨ। 32 ਉਹ ਆਦਮੀ ਚਰਵਾਹੇ ਹਨ; ਉਹ ਪਸ਼ੂ ਪਾਲਣ ਵਾਲੇ ਸਨ ਅਤੇ ਆਪਣੇ ਇੱਜੜ, ਅਤੇ ਵੱਗ ਸਭ ਕੁਝ ਨਾਲ ਲੈ ਆਏ ਹਨ ਜੋ ਉਹਨਾਂ ਦਾ ਹੈ।’ 33 ਜਦੋਂ ਫ਼ਿਰਾਊਨ ਤੁਹਾਨੂੰ ਅੰਦਰ ਬੁਲਾਵੇ ਅਤੇ ਪੁੱਛੇ, ‘ਤੁਹਾਡਾ ਕੰਮ ਕੀ ਹੈ?’ 34 ਤੁਸੀਂ ਇਹ ਉੱਤਰ ਦੇਣਾ, ‘ਤੁਹਾਡੇ ਸੇਵਕ ਬਚਪਨ ਤੋਂ ਲੈ ਕੇ ਹੁਣ ਤੱਕ ਪਸ਼ੂ ਪਾਲਦੇ ਰਹੇ ਹਨ, ਜਿਵੇਂ ਸਾਡੇ ਪਿਉ-ਦਾਦਿਆਂ ਨੇ ਕੀਤਾ ਸੀ।’ ਫਿਰ ਤੁਹਾਨੂੰ ਗੋਸ਼ੇਨ ਦੇ ਇਲਾਕੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਸਾਰੇ ਚਰਵਾਹੇ ਮਿਸਰੀਆਂ ਲਈ ਘਿਣਾਉਣੇ ਹਨ।"

Veja também

Publicidade
Bíblia Online Bíblia Online

Bíblia Online • Versão: 2026-06-16_18-40-07-