1 ਯੋਸੇਫ਼ ਆਪਣੇ ਪਿਤਾ ਦੇ ਉੱਤੇ ਸਿਰ ਸੁੱਟ ਕੇ ਰੋਇਆ ਅਤੇ ਉਸ ਨੂੰ ਚੁੰਮਿਆ। 2 ਤਦ ਯੋਸੇਫ਼ ਨੇ ਆਪਣੇ ਸੇਵਕਾਂ ਨੂੰ, ਜੋ ਵੈਦਾਂ ਨੂੰ ਸਨ ਇਹ ਆਗਿਆ ਦਿੱਤੀ, ਕਿ ਉਹ ਉਸ ਦੇ ਪਿਤਾ ਦੇ ਸਰੀਰ ਨੂੰ ਅਤਰ ਨਾਲ ਭਰਨ, ਇਸ ਲਈ ਉਨ੍ਹਾਂ ਵੈਦਾਂ ਨੇ ਸਰੀਰ ਨੂੰ ਸੁਗੰਧਿਤ ਕੀਤਾ। 3 ਪੂਰੇ ਚਾਲੀ ਦਿਨ ਲੱਗ ਗਏ, ਕਿਉਂਕਿ ਸੁਗੰਧ ਦੇਣ ਲਈ ਇਹ ਸਮਾਂ ਲੋੜੀਂਦਾ ਸੀ ਅਤੇ ਮਿਸਰੀਆਂ ਨੇ ਉਹ ਦੇ ਲਈ ਸੱਤਰ ਦਿਨ ਸੋਗ ਕੀਤਾ।
4 ਜਦੋਂ ਸੋਗ ਦੇ ਦਿਨ ਬੀਤ ਗਏ ਤਾਂ ਯੋਸੇਫ਼ ਨੇ ਫ਼ਿਰਾਊਨ ਦੇ ਸਲਾਹਕਾਰਾਂ ਨੂੰ ਆਖਿਆ, "ਜੇ ਮੈਂ ਤੁਹਾਡੀ ਨਿਗਾਹ ਵਿੱਚ ਕਿਰਪਾ ਪਾਈ ਹੈ ਤਾਂ ਮੇਰੇ ਲਈ ਫ਼ਿਰਾਊਨ ਨਾਲ ਗੱਲ ਕਰੋ। 5 ‘ਮੇਰੇ ਪਿਤਾ ਨੇ ਮੈਨੂੰ ਸਹੁੰ ਚੁਕਾਈ ਅਤੇ ਆਖਿਆ, "ਮੈਂ ਮਰਨ ਵਾਲਾ ਹਾਂ; ਮੈਨੂੰ ਉਸ ਕਬਰ ਵਿੱਚ ਦਫ਼ਨ ਕਰ ਦਿਓ ਜੋ ਮੈਂ ਕਨਾਨ ਦੇਸ਼ ਵਿੱਚ ਆਪਣੇ ਲਈ ਪੁੱਟੀ ਸੀ।" ਹੁਣ ਮੈਨੂੰ ਉੱਪਰ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਓ। ਫਿਰ ਮੈਂ ਵਾਪਸ ਮੁੜ ਆਵਾਂਗਾ।’ "
6 ਫ਼ਿਰਾਊਨ ਨੇ ਆਖਿਆ, "ਉੱਠ ਜਾ ਅਤੇ ਆਪਣੇ ਪਿਤਾ ਨੂੰ ਦਫ਼ਨ ਕਰ, ਜਿਵੇਂ ਉਸਨੇ ਤੈਨੂੰ ਕਰਨ ਦੀ ਸਹੁੰ ਚੁਕਾਈ ਸੀ।"
7 ਤਾਂ ਯੋਸੇਫ਼ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਗਿਆ। ਫ਼ਿਰਾਊਨ ਦੇ ਸਾਰੇ ਅਧਿਕਾਰੀ ਉਸ ਦੇ ਨਾਲ ਸਨ, ਉਸਦੇ ਨਾਲ ਉਸਦੇ ਪਰਿਵਾਰ ਦੇ ਮੈਂਬਰ ਅਤੇ ਮਿਸਰ ਦੇ ਸਾਰੇ ਆਗੂ ਸਨ। 8 ਯੋਸੇਫ਼ ਦੇ ਘਰਾਣੇ ਦੇ ਸਾਰੇ ਮੈਂਬਰ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਵੀ। ਸਿਰਫ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਇੱਜੜ ਅਤੇ ਇੱਜੜ ਗੋਸ਼ੇਨ ਵਿੱਚ ਰਹਿ ਗਏ ਸਨ। 9 ਰਥ ਅਤੇ ਘੋੜ ਸਵਾਰ ਵੀ ਉਹ ਦੇ ਨਾਲ ਚੜ੍ਹੇ। ਇਹ ਬਹੁਤ ਵੱਡੀ ਭੀੜ ਸੀ।
10 ਜਦੋਂ ਉਹ ਅਤਾਦ ਦੇ ਪਿੜ ਉੱਤੇ ਪਹੁੰਚੇ, ਜਿਹੜਾ ਯਰਦਨ ਨਦੀ ਦੇ ਪਾਰ ਹੈ, ਤਾਂ ਉਹਨਾਂ ਨੇ ਉੱਚੀ-ਉੱਚੀ ਅਤੇ ਡਾਢਾ ਵਿਰਲਾਪ ਕੀਤਾ; ਅਤੇ ਉੱਥੇ ਯੋਸੇਫ਼ ਨੇ ਆਪਣੇ ਪਿਤਾ ਲਈ ਸੱਤ ਦਿਨਾਂ ਦਾ ਸੋਗ ਮਨਾਇਆ। 11 ਜਦੋਂ ਉੱਥੇ ਰਹਿਣ ਵਾਲੇ ਕਨਾਨੀਆਂ ਨੇ ਅਤਾਦ ਦੇ ਪਿੜ ਵਿੱਚ ਸੋਗ ਹੁੰਦਾ ਵੇਖਿਆ ਤਾਂ ਆਖਿਆ, ਮਿਸਰੀ ਸੋਗ ਦੀ ਰਸਮ ਮਨਾ ਰਹੇ ਹਨ। ਇਸ ਲਈ ਯਰਦਨ ਦੇ ਨੇੜੇ ਉਸ ਥਾਂ ਨੂੰ ਹਾਬਲ ਮਿਸਰਾਈਮ ਕਿਹਾ ਜਾਂਦਾ ਹੈ।
12 ਇਸ ਲਈ ਯਾਕੋਬ ਦੇ ਪੁੱਤਰਾਂ ਨੇ ਜਿਵੇਂ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ, 13 ਉਹ ਉਸ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਸ ਨੂੰ ਖੇਤਾਂ ਦੀ ਗੁਫ਼ਾ ਵਿੱਚ ਦੱਬ ਦਿੱਤਾ। ਮਕਪੇਲਾਹ, ਮਮਰੇ ਦੇ ਨੇੜੇ, ਜਿਸ ਨੂੰ ਅਬਰਾਹਾਮ ਨੇ ਹਿੱਤੀ ਇਫਰੋਨ ਤੋਂ ਦਫ਼ਨਾਉਣ ਲਈ ਖੇਤ ਦੇ ਨਾਲ ਖਰੀਦਿਆ ਸੀ। 14 ਆਪਣੇ ਪਿਤਾ ਨੂੰ ਦਫ਼ਨਾਉਣ ਤੋਂ ਬਾਅਦ, ਯੋਸੇਫ਼ ਆਪਣੇ ਭਰਾਵਾਂ ਅਤੇ ਹੋਰ ਸਾਰੇ ਲੋਕਾਂ ਨਾਲ ਜੋ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਉਸ ਦੇ ਨਾਲ ਗਏ ਸਨ, ਮਿਸਰ ਨੂੰ ਮੁੜ ਆਏ।
15 ਜਦੋਂ ਯੋਸੇਫ਼ ਦੇ ਭਰਾਵਾਂ ਨੇ ਦੇਖਿਆ ਕਿ ਉਹਨਾਂ ਦਾ ਪਿਤਾ ਮਰ ਗਿਆ ਹੈ, ਤਾਂ ਉਹਨਾਂ ਨੇ ਕਿਹਾ, "ਕੀ ਹੋਵੇਗਾ ਜੇਕਰ ਯੋਸੇਫ਼ ਸਾਡੇ ਨਾਲ ਵੈਰ ਰੱਖਦਾ ਹੈ ਅਤੇ ਸਾਨੂੰ ਉਹਨਾਂ ਸਾਰੀਆਂ ਗ਼ਲਤੀਆਂ ਦਾ ਬਦਲਾ ਦਿੰਦਾ ਹੈ ਜੋ ਅਸੀਂ ਉਸ ਨਾਲ ਕੀਤੀ ਸੀ?" 16 ਤਾਂ ਉਹਨਾਂ ਨੇ ਯੋਸੇਫ਼ ਨੂੰ ਇਹ ਕਹਿ ਕੇ ਸੁਨੇਹਾ ਭੇਜਿਆ, "ਤੇਰੇ ਪਿਤਾ ਨੇ ਮਰਨ ਤੋਂ ਪਹਿਲਾਂ ਇਹ ਹਦਾਇਤਾਂ ਛੱਡ ਦਿੱਤੀਆਂ ਸਨ: 17 ‘ਯੋਸੇਫ਼ ਨੂੰ ਇਹ ਕਹਿਣਾ ਹੈ ਕਿ ਕਿਰਪਾ ਕਰਕੇ ਆਪਣੇ ਭਰਾਵਾਂ ਦੇ ਪਾਪਾਂ ਅਤੇ ਗਲਤੀਆਂ ਨੂੰ ਮਾਫ਼ ਕਰ ਦੇਣਾ, ਜੋ ਉਹਨਾਂ ਨੇ ਤੇਰੇ ਨਾਲ ਬੁਰਾ ਸਲੂਕ ਕੀਤਾ ਸੀ।’ ਹੁਣ ਕਿਰਪਾ ਕਰਕੇ ਆਪਣੇ ਪਿਤਾ ਦੇ ਪਰਮੇਸ਼ਵਰ ਦੇ ਸੇਵਕਾਂ ਦੇ ਪਾਪਾਂ ਨੂੰ ਮਾਫ਼ ਕਰੋ।" ਜਦੋਂ ਉਹਨਾਂ ਦਾ ਸੰਦੇਸ਼ ਉਸ ਕੋਲ ਆਇਆ, ਤਾਂ ਯੋਸੇਫ਼ ਰੋਇਆ।
18 ਤਦ ਉਹ ਦੇ ਭਰਾ ਆਏ ਅਤੇ ਉਹ ਦੇ ਅੱਗੇ ਡਿੱਗ ਪਏ ਅਤੇ ਉਹਨਾਂ ਨੇ ਕਿਹਾ, "ਅਸੀਂ ਤੁਹਾਡੇ ਗੁਲਾਮ ਹਾਂ।"
19 ਪਰ ਯੋਸੇਫ਼ ਨੇ ਉਹਨਾਂ ਨੂੰ ਆਖਿਆ, "ਨਾ ਡਰੋ। ਕੀ ਮੈਂ ਪਰਮੇਸ਼ਵਰ ਦੀ ਥਾਂ ਤੇ ਹਾਂ? 20 ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਮਨ ਬਣਾਇਆ; ਪਰ ਪਰਮੇਸ਼ਵਰ ਨੇ ਉਸ ਨੂੰ ਭਲਿਆਈ ਦਾ ਵਿਚਾਰ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜਿਉਂਦਾ ਰੱਖੇ, ਜਿਵੇਂ ਇਸ ਵੇਲੇ ਹੋਇਆ ਹੈ। 21 ਇਸ ਲਈ ਤੁਸੀਂ ਨਾ ਡਰੋ। ਮੈਂ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਪ੍ਰਬੰਧ ਕਰਾਂਗਾ।" ਅਤੇ ਉਸ ਨੇ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਉਹਨਾਂ ਨਾਲ ਪਿਆਰ ਨਾਲ ਗੱਲ ਕੀਤੀ।
22 ਯੋਸੇਫ਼ ਆਪਣੇ ਪਿਤਾ ਦੇ ਸਾਰੇ ਪਰਿਵਾਰ ਸਮੇਤ ਮਿਸਰ ਵਿੱਚ ਰਿਹਾ। ਉਹ ਇੱਕ ਸੌ ਦਸ ਸਾਲ ਜੀਉਂਦਾ ਰਿਹਾ 23 ਅਤੇ ਇਫ਼ਰਾਈਮ ਦੇ ਬੱਚਿਆਂ ਦੀ ਤੀਜੀ ਪੀੜ੍ਹੀ ਨੂੰ ਵੇਖਿਆ। ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਬੱਚਿਆਂ ਨੂੰ ਵੀ, ਯੋਸੇਫ਼ ਨੇ ਉਹਨਾਂ ਨੂੰ ਗੋਦ ਵਿੱਚ ਲਿਆ।
24 ਤਦ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, "ਮੈਂ ਮਰਨ ਵਾਲਾ ਹਾਂ। ਪਰ ਪਰਮੇਸ਼ਵਰ ਤੁਹਾਡੀ ਮਦਦ ਲਈ ਜ਼ਰੂਰ ਆਵੇਗਾ ਅਤੇ ਤੁਹਾਨੂੰ ਇਸ ਧਰਤੀ ਤੋਂ ਉਸ ਧਰਤੀ ਉੱਤੇ ਲੈ ਜਾਵੇਗਾ ਜਿਸਦੀ ਉਸਨੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ।" 25 ਅਤੇ ਯੋਸੇਫ਼ ਨੇ ਇਸਰਾਏਲੀਆਂ ਨੂੰ ਸਹੁੰ ਚੁਕਾਈ ਅਤੇ ਆਖਿਆ, "ਪਰਮੇਸ਼ਵਰ ਜ਼ਰੂਰ ਤੁਹਾਡੇ ਕੋਲ ਆਵੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਉਸ ਦੇਸ਼ ਵਿੱਚ ਲੈ ਜਾਣਾ।"
26 ਯੋਸੇਫ਼ ਇੱਕ ਸੌ ਦਸ ਸਾਲਾਂ ਦਾ ਹੋ ਕੇ ਮਰ ਗਿਆ ਅਤੇ ਉਹਨਾਂ ਨੇ ਉਸ ਦੇ ਸਰੀਰ ਨੂੰ ਅਤਰ ਨਾਲ ਭਰ ਕੇ ਮਿਸਰ ਵਿੱਚ ਇੱਕ ਸੰਦੂਕ ਵਿੱਚ ਰੱਖਿਆ ਗਿਆ।