Publicidade

Êxodo 1

ਮਿਸਰ ਵਿੱਚੋਂ ਇਸਰਾਏਲੀਆਂ ਦਾ ਨਿਕਲਣਾ

1 ਇਹ ਇਸਰਾਏਲ ਦੇ ਪੁੱਤਰਾਂ ਦੇ ਨਾਮ ਹਨ ਜੋ ਆਪਣੇ ਪਰਿਵਾਰ ਸਮੇਤ ਯਾਕੋਬ ਦੇ ਨਾਲ ਮਿਸਰ ਦੇਸ਼ ਨੂੰ ਗਏ ਸਨ:

2 ਰਊਬੇਨ, ਸ਼ਿਮਓਨ, ਲੇਵੀ ਅਤੇ ਯਹੂਦਾਹ

3 ਯਿੱਸਾਕਾਰ, ਜ਼ਬੂਲੁਨ ਅਤੇ ਬਿਨਯਾਮੀਨ

4 ਦਾਨ ਅਤੇ ਨਫ਼ਤਾਲੀ

ਗਾਦ ਅਤੇ ਆਸ਼ੇਰ।

5 ਯਾਕੋਬ ਦੇ ਵੰਸ਼ਜ ਦੀ ਗਿਣਤੀ ਸੱਤਰ ਸੀ ਅਤੇ ਯੋਸੇਫ਼ ਪਹਿਲਾਂ ਹੀ ਮਿਸਰ ਵਿੱਚ ਸੀ।

6 ਹੁਣ ਯੋਸੇਫ਼ ਅਤੇ ਉਸਦੇ ਸਾਰੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਗਈ ਸੀ। 7 ਪਰ ਇਸਰਾਏਲੀ ਬਹੁਤ ਫਲਦਾਰ ਸਨ ਉਹ ਗਿਣਤੀ ਵਿੱਚ ਬਹੁਤ ਵੱਧੇ, ਅਤੇ ਇੰਨੇ ਵੱਧ ਗਏ ਕਿ ਧਰਤੀ ਉਹਨਾਂ ਨਾਲ ਭਰ ਗਈ।

8 ਤਦ ਇੱਕ ਨਵਾਂ ਰਾਜਾ ਉੱਠਿਆ ਜਿਹੜਾ ਯੋਸੇਫ਼ ਨੂੰ ਨਹੀਂ ਜਾਣਦਾ ਸੀ, ਉਹ ਮਿਸਰ ਵਿੱਚ ਰਾਜ ਕਰਨ ਲੱਗਾ। 9 ਵੇਖੋ, ਉਸਨੇ ਆਪਣੇ ਲੋਕਾਂ ਨੂੰ ਕਿਹਾ ਕਿ ਇਸਰਾਏਲੀ ਸਾਡੇ ਲਈ ਬਹੁਤ ਜ਼ਿਆਦਾ ਹੋ ਗਏ ਹਨ। 10 ਸਾਨੂੰ ਉਹਨਾਂ ਨਾਲ ਸੂਝ-ਬੂਝ ਨਾਲ ਪੇਸ਼ ਆਉਣਾ ਚਾਹੀਦਾ ਹੈ ਅਜਿਹਾ ਨਾ ਹੋਵੇ ਕਿ ਉਹ ਹੋਰ ਵੱਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ, ਤਾਂ ਸਾਡੇ ਦੁਸ਼ਮਣਾਂ ਨਾਲ ਮਿਲ ਕੇ ਸਾਡੇ ਵਿਰੁੱਧ ਲੜਨ ਅਤੇ ਦੇਸ਼ ਛੱਡ ਕੇ ਚਲੇ ਜਾਣ।

11 ਇਸ ਲਈ ਮਿਸਰ ਦੇ ਸਰਦਾਰਾਂ ਨੇ ਇਸਰਾਏਲੀਆਂ ਉੱਤੇ ਜ਼ਬਰਦਸਤੀ ਮਜ਼ਦੂਰੀ ਦੇ ਨਾਲ ਜ਼ੁਲਮ ਕਰਨ ਲਈ ਗ਼ੁਲਾਮਾਂ ਉੱਤੇ ਮਾਲਕਾਂ ਨੂੰ ਬਿਠਾਇਆ ਅਤੇ ਉਹਨਾਂ ਨੇ ਫ਼ਿਰਾਊਨ ਲਈ ਭੰਡਾਰ ਦੇ ਸ਼ਹਿਰਾਂ ਵਜੋਂ ਪਿਥੋਮ ਅਤੇ ਰਾਮਸੇਸ ਨਗਰ ਬਣਾਏ। 12 ਪਰ ਜਿੰਨਾ ਜ਼ਿਆਦਾ ਉਹਨਾਂ ਉੱਤੇ ਜ਼ੁਲਮ ਕੀਤਾ ਗਿਆ, ਉੱਨਾ ਹੀ ਉਹ ਵੱਧਦੇ ਅਤੇ ਫੈਲਦੇ ਗਏ ਇਸ ਲਈ ਮਿਸਰੀ ਇਸਰਾਏਲੀਆਂ ਤੋਂ ਅੱਕ ਗਏ। 13 ਅਤੇ ਮਿਸਰੀ ਬੇਰਹਿਮੀ ਨਾਲ ਇਸਰਾਏਲੀ ਗੁਲਾਮਾਂ ਤੋਂ ਕੰਮ ਕਰਵਾਉਂਦੇ ਰਹੇ। 14 ਉਹਨਾਂ ਨੇ ਇੱਟਾਂ ਬਣਾਉਂਣ ਵਿੱਚ ਸਖ਼ਤ ਮਿਹਨਤ ਅਤੇ ਖੇਤਾਂ ਵਿੱਚ ਹਰ ਕਿਸਮ ਦੇ ਕੰਮ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ। ਮਿਸਰੀਆਂ ਨੇ ਆਪਣੀ ਸਾਰੀ ਕਠੋਰ ਮਿਹਨਤ ਵਿੱਚ ਉਹਨਾਂ ਤੋਂ ਬੇਰਹਿਮੀ ਨਾਲ ਕੰਮ ਕਰਵਾਇਆ।

15 ਮਿਸਰ ਦੇ ਰਾਜੇ ਨੇ ਉਹਨਾਂ ਇਬਰਾਨੀ ਦਾਈਆਂ ਜਿਨ੍ਹਾਂ ਦੇ ਨਾਮ ਸ਼ਿਫਰਾਹ ਅਤੇ ਪੁਆਹ ਨੂੰ ਆਖਿਆ, 16 "ਜਦੋਂ ਤੁਸੀਂ ਇਬਰਾਨੀ ਔਰਤਾਂ ਦੀ ਬੱਚਾ ਪੈਦਾ ਕਰਨ ਸਮੇਂ ਮਦਦ ਕਰੋ ਤਾਂ ਜੇ ਤੁਸੀਂ ਦੇਖੋ ਕਿ ਲੜਕਾ ਹੈ, ਤਾਂ ਉਸਨੂੰ ਮਾਰ ਦਿਓ ਪਰ ਜੇ ਕੁੜੀ ਹੋਵੇ, ਤਾਂ ਉਸਨੂੰ ਜੀਣ ਦਿਓ।" 17 ਪਰ ਦਾਈਆਂ, ਪਰਮੇਸ਼ਵਰ ਤੋਂ ਡਰਦੀਆਂ ਸਨ ਅਤੇ ਉਹ ਜੋ ਮਿਸਰ ਦੇ ਰਾਜੇ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ ਉਹ ਨਹੀਂ ਕਰਦੀਆਂ ਸਨ, ਉਹ ਮੁੰਡਿਆਂ ਨੂੰ ਰਹਿਣ ਦਿੰਦੀਆਂ ਸਨ। 18 ਤਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਪੁੱਛਿਆ, "ਤੁਸੀਂ ਅਜਿਹਾ ਕਿਉਂ ਕੀਤਾ ਹੈ? ਤੁਸੀਂ ਮੁੰਡਿਆਂ ਨੂੰ ਕਿਉਂ ਰਹਿਣ ਦਿੱਤਾ ਹੈ?"

19 ਦਾਈਆਂ ਨੇ ਫ਼ਿਰਾਊਨ ਨੂੰ ਉੱਤਰ ਦਿੱਤਾ, "ਇਬਰਾਨੀ ਔਰਤਾਂ ਮਿਸਰੀ ਔਰਤਾਂ ਵਰਗੀਆਂ ਨਹੀਂ ਹਨ; ਉਹ ਮਜ਼ਬੂਤ ਅਤੇ ਸਿਹਤਮੰਦ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ।"

20 ਇਸ ਲਈ ਪਰਮੇਸ਼ਵਰ ਦਾਈਆਂ ਉੱਤੇ ਮਿਹਰਬਾਨ ਸੀ ਅਤੇ ਲੋਕ ਵੱਧਦੇ ਗਏ ਅਤੇ ਹੋਰ ਵੀ ਵੱਧ ਗਏ। 21 ਕਿਉਂਕਿ ਦਾਈਆਂ ਪਰਮੇਸ਼ਵਰ ਤੋਂ ਡਰਦੀਆਂ ਸਨ, ਇਸ ਲਈ ਪਰਮੇਸ਼ਵਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦਿੱਤੇ।

22 ਫਿਰ ਫ਼ਿਰਾਊਨ ਨੇ ਆਪਣੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ: "ਹਰੇਕ ਇਬਰਾਨੀ ਮੁੰਡਾ ਜੋ ਜੰਮੇ ਤੁਹਾਨੂੰ ਨੀਲ ਨਦੀ ਵਿੱਚ ਸੁੱਟ ਦੇਣਾ ਚਾਹੀਦਾ ਹੈ, ਪਰ ਹਰ ਕੁੜੀ ਨੂੰ ਜਿਉਂਦਾ ਰਹਿਣ ਦਿਓ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-