Publicidade

Êxodo 29

ਜਾਜਕਾਂ ਦੀ ਪਵਿੱਤਰਤਾਈ

1 "ਇਹ ਉਹ ਹੈ ਜੋ ਤੁਸੀਂ ਉਹਨਾਂ ਨੂੰ ਪਵਿੱਤਰ ਕਰਨ ਲਈ ਕਰਨਾ ਹੈ, ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ ਜਿਸ ਵਿੱਚ ਇੱਕ ਬਲਦ ਅਤੇ ਦੋ ਭੇਡੂ ਬਿਨਾਂ ਕਿਸੇ ਨੁਕਸ ਦੇ ਲਵੀਂ। 2 ਅਤੇ ਸਭ ਤੋਂ ਵਧੀਆ ਕਣਕ ਦੇ ਆਟੇ ਤੋਂ ਗੋਲ ਰੋਟੀਆਂ ਜੋ ਬਿਨਾਂ ਖਮੀਰ ਤੋਂ ਹੋਣ ਫਿਰ ਜ਼ੈਤੂਨ ਦੇ ਤੇਲ ਨਾਲ ਚੋਪੜੇ ਹੋਏ ਪੂੜੇ ਬਣਾਈ। 3 ਉਹਨਾਂ ਨੂੰ ਇੱਕ ਟੋਕਰੀ ਵਿੱਚ ਪਾਓ ਅਤੇ ਉਹਨਾਂ ਨੂੰ ਬਲਦ ਅਤੇ ਦੋ ਭੇਡੂਆਂ ਸਮੇਤ ਨੇੜੇ ਲਿਆਵੀਂ। 4 ਫਿਰ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਲਿਆਓ ਅਤੇ ਉਹਨਾਂ ਨੂੰ ਪਾਣੀ ਨਾਲ ਧੋਵੋ। 5 ਬਸਤਰ ਲੈ ਕੇ ਹਾਰੋਨ ਨੂੰ ਕੁੜਤਾ, ਏਫ਼ੋਦ ਦਾ ਚੋਗਾ, ਏਫ਼ੋਦ ਅਤੇ ਸੀਨੇ ਬੰਦ ਪਹਿਨਾਓ। ਏਫ਼ੋਦ ਨੂੰ ਉਸ ਉੱਤੇ ਕੁਸ਼ਲਤਾ ਨਾਲ ਬੁਣੇ ਹੋਏ ਕਮਰਬੰਦ ਨਾਲ ਬੰਨ੍ਹੋ। 6 ਉਸਦੇ ਸਿਰ ਉੱਤੇ ਪੱਗੜੀ ਬੰਨ੍ਹੀ ਅਤੇ ਪਵਿੱਤਰ ਮੁਕਟ ਪੱਗੜੀ ਦੇ ਉੱਤੇ ਰੱਖਿਆ। 7 ਮਸਹ ਕਰਨ ਵਾਲਾ ਤੇਲ ਲੈ ਕੇ ਅਤੇ ਉਸ ਦੇ ਸਿਰ ਉੱਤੇ ਡੋਲ੍ਹ ਕੇ ਉਸ ਨੂੰ ਮਸਹ ਕਰੀ। 8 ਉਸ ਦੇ ਪੁੱਤਰਾਂ ਨੂੰ ਲਿਆਓ ਅਤੇ ਉਹਨਾਂ ਨੂੰ ਕੁੜਤੇ ਪਹਿਨਾਈ 9 ਤੂੰ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਲੱਕ ਪੇਟੀਆ ਨਾਲ ਬੰਨ੍ਹੀ ਅਤੇ ਉਹਨਾਂ ਨੂੰ ਪੱਗੜੀਆਂ ਬੰਨ੍ਹੀ ਅਤੇ ਜਾਜਕਪੁਣਾ ਉਹਨਾਂ ਲਈ ਸਦਾ ਦੀ ਬਿਧੀ ਅਨੁਸਾਰ ਹੋਵੇਗਾ।

"ਇਸ ਤਰ੍ਹਾਂ ਤੂੰ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਨਿਯੁਕਤ ਕਰੀ।

10 "ਬਲਦ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਲਿਆਓ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ। 11 ਉਸ ਬਲਦ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਯਾਹਵੇਹ ਦੀ ਹਜ਼ੂਰੀ ਵਿੱਚ ਵੱਢ ਸੁੱਟੀ। 12 ਬਲਦ ਦੇ ਲਹੂ ਵਿੱਚੋਂ ਕੁਝ ਲੈ ਕੇ ਆਪਣੀ ਉਂਗਲੀ ਨਾਲ ਜਗਵੇਦੀ ਦੇ ਸਿੰਗਾਂ ਉੱਤੇ ਲਗਾਈ ਅਤੇ ਬਾਕੀ ਬਚਿਆ ਹੋਇਆ ਖੂਨ ਜਗਵੇਦੀ ਦੇ ਹੇਠਾਂ ਡੋਲ੍ਹ ਦੇਈ। 13 ਤੂੰ ਸਾਰੀ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੇ ਦੇ ਉੱਪਰ ਵਾਲੀ ਚਰਬੀ ਅਤੇ ਦੋਹਾਂ ਗੁਰਦਿਆਂ ਨੂੰ ਅਤੇ ਉਹਨਾਂ ਦੇ ਉੱਤੇ ਹੈ ਲੈ ਕੇ ਜਗਵੇਦੀ ਉੱਤੇ ਸਾੜ ਦੇਣਾ। 14 ਪਰ ਬਲਦ ਦੇ ਮਾਸ ਅਤੇ ਉਸ ਦੀ ਖੱਲ ਅਤੇ ਉਸ ਦੀਆਂ ਅੰਤੜੀਆਂ ਨੂੰ ਡੇਰੇ ਦੇ ਬਾਹਰ ਸਾੜ ਦਿਓ। ਇਹ ਇੱਕ ਪਾਪ ਦੀ ਭੇਟ ਹੈ।

15 "ਇੱਕ ਭੇਡੂ ਨੂੰ ਲੈ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ। 16 ਇਸ ਭੇਡੂ ਨੂੰ ਵੱਢ ਕੇ ਅਤੇ ਇਸ ਦਾ ਲਹੂ ਨੂੰ ਲੈ ਕੇ ਜਗਵੇਦੀ ਦੇ ਪਾਸਿਆਂ ਉੱਤੇ ਛਿੜਕ ਦਿਓ। 17 ਭੇਡੂ ਨੂੰ ਟੁਕੜਿਆਂ ਵਿੱਚ ਕੱਟੋ ਅਤੇ ਅੰਦਰੂਨੀ ਅੰਗਾਂ ਅਤੇ ਲੱਤਾਂ ਨੂੰ ਧੋਵੋ, ਉਹਨਾਂ ਨੂੰ ਸਿਰ ਅਤੇ ਦੂਜੇ ਟੁਕੜਿਆਂ ਨਾਲ ਪਾਓ। 18 ਫਿਰ ਸਾਰੇ ਭੇਡੂ ਨੂੰ ਜਗਵੇਦੀ ਉੱਤੇ ਸਾੜ ਦਿਓ। ਇਹ ਯਾਹਵੇਹ ਲਈ ਇੱਕ ਹੋਮ ਦੀ ਭੇਟ ਹੈ, ਇੱਕ ਸੁਗੰਧਤਾ ਹੈ ਅਤੇ ਇੱਕ ਭੋਜਨ ਦੀ ਭੇਟ ਹੈ ਜੋ ਯਾਹਵੇਹ ਨੂੰ ਭੇਟ ਕੀਤੀ ਜਾਂਦੀ ਹੈ।

19 "ਦੂਜੇ ਭੇਡੂ ਨੂੰ ਲੈ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ। 20 ਇਸ ਭੇਡੂ ਨੂੰ ਵੱਢ ਕੇ ਅਤੇ ਉਸ ਦਾ ਕੁਝ ਲਹੂ ਲੈ ਕੇ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਹਨਾਂ ਦੇ ਸੱਜੇ ਪੈਰਾਂ ਦੀਆਂ ਵੱਡੀਆਂ ਉਂਗਲੀਆਂ ਉੱਤੇ ਲਗਾਵੀ। ਫਿਰ ਜਗਵੇਦੀ ਦੇ ਆਲੇ-ਦੁਆਲੇ ਛਿੜਕ ਦੇਈ। 21 ਅਤੇ ਜਗਵੇਦੀ ਤੋਂ ਕੁਝ ਲਹੂ ਅਤੇ ਮਸਹ ਕਰਨ ਵਾਲੇ ਤੇਲ ਵਿੱਚੋਂ ਕੁਝ ਲੈ ਕੇ ਹਾਰੋਨ ਅਤੇ ਉਸ ਦੇ ਬਸਤਰਾਂ ਉੱਤੇ ਅਤੇ ਉਸ ਦੇ ਪੁੱਤਰਾਂ ਅਤੇ ਉਹਨਾਂ ਦੇ ਕੱਪੜਿਆਂ ਉੱਤੇ ਛਿੜਕ ਦਿਓ। ਫਿਰ ਉਸਨੂੰ ਅਤੇ ਉਸਦੇ ਪੁੱਤਰਾਂ ਅਤੇ ਉਸਦੇ ਕੱਪੜਿਆਂ ਨੂੰ ਪਵਿੱਤਰ ਕੀਤਾ ਜਾਵੇਗਾ।

22 "ਤੂੰ ਭੇਡੂ ਦੀ ਚਰਬੀ ਅਤੇ ਉਸਦੀ ਪੂਛ ਅਤੇ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੇ ਦੀ ਉੱਪਰਲੀ ਚਰਬੀ ਅਤੇ ਦੋਵੇਂ ਗੁਰਦੇ ਨਾਲੇ ਉਹ ਚਰਬੀ ਜਿਹੜੀ ਉਹਨਾਂ ਦੇ ਉੱਤੇ ਹੈ ਅਤੇ ਸੱਜੇ ਪੱਟ ਲਈ ਕਿਉਂਕਿ ਉਹ ਭੇਡੂ ਅਭਿਸ਼ੇਕ ਕਰਨ ਲਈ ਹੈ। 23 ਪਤੀਰੀ ਰੋਟੀ ਦੀ ਟੋਕਰੀ ਵਿੱਚੋਂ ਬਿਨਾਂ ਖਮੀਰ ਤੋਂ ਬਣੀ ਹੋਈ, ਜੋ ਯਾਹਵੇਹ ਦੇ ਅੱਗੇ ਹੈ, ਇੱਕ ਗੋਲ ਰੋਟੀ, ਇੱਕ ਮੋਟੀ ਰੋਟੀ ਜ਼ੈਤੂਨ ਦੇ ਤੇਲ ਨਾਲ ਚੋਪੜੀ ਹੋਈ, ਅਤੇ ਇੱਕ ਪਤਲੀ ਰੋਟੀ ਲਓ। 24 ਇਹ ਸਭ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਵਿੱਚ ਪਾਓ ਅਤੇ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਉਣ ਵਾਲੀ ਭੇਟ ਹੋਵੇ। 25 ਫਿਰ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਲੈ ਲਵੋ ਅਤੇ ਜਗਵੇਦੀ ਉੱਤੇ ਹੋਮ ਦੀ ਬਲੀ ਉੱਤੇ ਸਾੜ ਦੇਈ, ਇਹ ਯਾਹਵੇਹ ਦੇ ਅੱਗੇ ਇੱਕ ਸੁਗੰਧਤਾ ਹੈ, ਅਤੇ ਯਾਹਵੇਹ ਅੱਗੇ ਇੱਕ ਅੱਗ ਦੀ ਭੇਟ ਹੈ। 26 ਜਦੋਂ ਤੁਸੀਂ ਹਾਰੋਨ ਦੇ ਅਭਿਸ਼ੇਕ ਲਈ ਭੇਡੂ ਦੀ ਛਾਤੀ ਲੈ ਲਵੋ, ਤਾਂ ਇਸਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਓ, ਅਤੇ ਇਹ ਤੁਹਾਡਾ ਹਿੱਸਾ ਹੋਵੇਗਾ।

27 "ਤੂੰ ਹਿਲਾਉਣ ਵਾਲੀ ਭੇਟ ਦੀ ਛਾਤੀ ਅਤੇ ਚੁਕਣ ਦੀ ਭੇਟ ਦਾ ਪੱਟ ਜਿਹੜਾ ਹਿਲਾਇਆ ਜਾਵੇ ਅਤੇ ਚੁਕਿਆਂ ਜਾਵੇ, ਹਾਰੋਨ ਅਤੇ ਉਸਦੇ ਪੁੱਤਰ ਭੇਡੂ ਦੇ ਉਹਨਾਂ ਹਿੱਸਿਆ ਨੂੰ ਅਭਿਸ਼ੇਕ ਲਈ ਪਵਿੱਤਰ ਕਰਨ। 28 ਇਹ ਨਿਯਮ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਸਰਾਏਲੀਆਂ ਤੋਂ ਹਮੇਸ਼ਾ ਲਈ ਹਿੱਸਾ ਰਹੇਗਾ। ਇਹ ਉਹ ਯੋਗਦਾਨ ਹੈ ਜੋ ਇਸਰਾਏਲੀਆਂ ਨੇ ਆਪਣੀਆਂ ਸੰਗਤੀ ਭੇਟਾਂ ਤੋਂ ਯਾਹਵੇਹ ਨੂੰ ਦੇਣਾ ਹੈ।

29 "ਹਾਰੋਨ ਦੇ ਪਵਿੱਤਰ ਬਸਤਰ ਉਸਦੇ ਉੱਤਰਾਧਿਕਾਰੀਆਂ ਦੇ ਹੋਣਗੇ ਤਾਂ ਜੋ ਉਹਨਾਂ ਨੂੰ ਮਸਹ ਕੀਤਾ ਜਾ ਸਕੇ ਅਤੇ ਉਹਨਾਂ ਵਿੱਚ ਨਿਯੁਕਤ ਕੀਤਾ ਜਾ ਸਕੇ। 30 ਜਿਹੜਾ ਪੁੱਤਰ ਉਸ ਤੋਂ ਬਾਅਦ ਜਾਜਕ ਬਣੇ ਅਤੇ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਆਵੇ, ਉਸਨੂੰ ਸੱਤ ਦਿਨ ਪਹਿਨਣਾ ਚਾਹੀਦਾ ਹੈ।

31 "ਅਭਿਸ਼ੇਕ ਕਰਨ ਲਈ ਭੇਡੂ ਨੂੰ ਲੈ ਜਾਓ ਅਤੇ ਮਾਸ ਨੂੰ ਇੱਕ ਪਵਿੱਤਰ ਸਥਾਨ ਵਿੱਚ ਪਕਾਓ। 32 ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ, ਹਾਰੋਨ ਅਤੇ ਉਸਦੇ ਪੁੱਤਰ ਭੇਡੂ ਦਾ ਮਾਸ ਅਤੇ ਟੋਕਰੀ ਵਿੱਚ ਪਈ ਹੋਈ ਰੋਟੀ ਖਾਣ। 33 ਉਹਨਾਂ ਨੂੰ ਇਹ ਭੇਟਾਂ ਖਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੁਆਰਾ ਉਹਨਾਂ ਦੇ ਨਿਯਮ ਅਤੇ ਪਵਿੱਤਰਤਾ ਲਈ ਪ੍ਰਾਸਚਿਤ ਕੀਤਾ ਗਿਆ ਸੀ। ਪਰ ਕੋਈ ਹੋਰ ਉਹਨਾਂ ਨੂੰ ਨਹੀਂ ਖਾ ਸਕਦਾ, ਕਿਉਂਕਿ ਉਹ ਪਵਿੱਤਰ ਹਨ। 34 ਅਤੇ ਜੇਕਰ ਅਭਿਸ਼ੇਕ ਦਾ ਕੋਈ ਮਾਸ ਜਾਂ ਕੋਈ ਰੋਟੀ ਸਵੇਰ ਤੱਕ ਬਚ ਜਾਵੇ, ਤਾਂ ਉਸ ਨੂੰ ਸਾੜ ਦਿਓ। ਇਸ ਨੂੰ ਨਹੀਂ ਖਾਣਾ ਚਾਹੀਦਾ, ਕਿਉਂਕਿ ਇਹ ਪਵਿੱਤਰ ਹੈ।

35 "ਹਾਰੋਨ ਅਤੇ ਉਸਦੇ ਪੁੱਤਰਾਂ ਲਈ ਉਹ ਸਭ ਕੁਝ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਉਹਨਾਂ ਨੂੰ ਨਿਯੁਕਤ ਕਰਨ ਲਈ ਸੱਤ ਦਿਨ ਪਵਿੱਤਰ ਕਰੋ। 36 ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਬਲਦ ਦੀ ਬਲੀ ਚੜ੍ਹਾਓ। ਇਸ ਦੇ ਲਈ ਪ੍ਰਾਸਚਿਤ ਕਰਕੇ ਜਗਵੇਦੀ ਨੂੰ ਸ਼ੁੱਧ ਕਰੋ, ਅਤੇ ਇਸ ਨੂੰ ਪਵਿੱਤਰ ਕਰਨ ਲਈ ਮਸਹ ਕਰੋ। 37 ਸੱਤ ਦਿਨਾਂ ਤੱਕ ਜਗਵੇਦੀ ਤੇ ਭੇਟ ਚੜਾਉ ਅਤੇ ਇਸਨੂੰ ਪਵਿੱਤਰ ਕਰੋ। ਫਿਰ ਜਗਵੇਦੀ ਸਭ ਤੋਂ ਪਵਿੱਤਰ ਹੋਵੇਗੀ, ਅਤੇ ਜੋ ਵੀ ਇਸ ਨੂੰ ਛੂਹੇਗਾ ਉਹ ਪਵਿੱਤਰ ਹੋਵੇਗਾ।

38 "ਇਹ ਉਹ ਚੀਜ਼ ਹੈ ਜੋ ਤੁਹਾਨੂੰ ਹਰ ਰੋਜ਼ ਲਗਾਤਾਰ ਜਗਵੇਦੀ ਉੱਤੇ ਇੱਕ ਸਾਲ ਦੇ ਦੋ ਲੇਲੇ ਚੜ੍ਹਾਉਣੇ ਹਨ। 39 ਇੱਕ ਸਵੇਰੇ ਅਤੇ ਦੂਸਰਾ ਸ਼ਾਮ ਵੇਲੇ ਚੜ੍ਹਾਓ। 40 ਪਹਿਲੇ ਲੇਲੇ ਦੇ ਨਾਲ ਸਭ ਤੋਂ ਵਧੀਆ ਆਟੇ ਦਾ ਦਸਵਾਂ ਹਿੱਸਾ ਜ਼ੈਤੂਨ ਦੇ ਤੇਲ ਦੇ ਇੱਕ ਚੌਥਾਈ ਵਿੱਚ ਮਿਲਾ ਕੇ ਅਤੇ ਇੱਕ ਚੌਥਾਈ ਹੀਨ ਦਾਖਰਸ ਪੀਣ ਦੀ ਭੇਟ ਵਜੋਂ ਚੜ੍ਹਾਓ। 41 ਦੂਸਰਾ ਲੇਲਾ ਸ਼ਾਮ ਦੇ ਵੇਲੇ ਚੜ੍ਹਾਈ ਅਤੇ ਉਸ ਦੇ ਨਾਲ ਸਵੇਰ ਦੇ ਮੈਦੇ ਦੀ ਭੇਟ ਅਨੁਸਾਰ ਅਤੇ ਉਸ ਦੀ ਪੀਣ ਦੀ ਭੇਟ ਅਨੁਸਾਰ ਯਾਹਵੇਹ ਲਈ ਸੁਗੰਧਤਾ ਦੀ ਇੱਕ ਅੱਗ ਦੀ ਭੇਟ ਕਰਕੇ ਚੜ੍ਹਾਈ।

42 "ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਹੋਮ ਦੀ ਭੇਟ ਸਦਾ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ, ਯਾਹਵੇਹ ਦੇ ਅੱਗੇ ਕੀਤੀ ਜਾਣੀ ਹੈ। ਉੱਥੇ ਮੈਂ ਤੁਹਾਨੂੰ ਮਿਲਾਂਗਾ ਅਤੇ ਤੁਹਾਡੇ ਨਾਲ ਗੱਲ ਕਰਾਂਗਾ। 43 ਉੱਥੇ ਵੀ ਮੈਂ ਇਸਰਾਏਲੀਆਂ ਨੂੰ ਮਿਲਾਂਗਾ, ਅਤੇ ਉਹ ਸਥਾਨ ਮੇਰੀ ਮਹਿਮਾ ਨਾਲ ਪਵਿੱਤਰ ਕੀਤਾ ਜਾਵੇਗਾ।

44 "ਇਸ ਲਈ ਮੈਂ ਮੰਡਲੀ ਦੇ ਤੰਬੂ ਅਤੇ ਜਗਵੇਦੀ ਨੂੰ ਪਵਿੱਤਰ ਕਰਾਂਗਾ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਜਾਜਕਾਂ ਵਜੋਂ ਮੇਰੀ ਸੇਵਾ ਕਰਨ ਲਈ ਪਵਿੱਤਰ ਕਰਾਂਗਾ। 45 ਫਿਰ ਮੈਂ ਇਸਰਾਏਲੀਆਂ ਵਿੱਚ ਵੱਸਾਂਗਾ ਅਤੇ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ। 46 ਉਹ ਜਾਣ ਲੈਣਗੇ ਕਿ ਮੈਂ ਉਹਨਾਂ ਦਾ ਯਾਹਵੇਹ ਪਰਮੇਸ਼ਵਰ ਹਾਂ, ਜੋ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਤਾਂ ਜੋ ਮੈਂ ਉਹਨਾਂ ਵਿੱਚ ਵੱਸਾਂ। ਮੈਂ ਯਾਹਵੇਹ ਉਹਨਾਂ ਦਾ ਪਰਮੇਸ਼ਵਰ ਹਾਂ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-