1 ਇਸਰਾਏਲ ਦੀ ਸਾਰੀ ਕੌਮ ਏਲਿਮ ਤੋਂ ਕੂਚ ਕੀਤੀ ਅਤੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਦੂਜੇ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ ਸੀਨਾਈ ਦੇ ਉਜਾੜ ਵਿੱਚ ਆਈ ਜੋ ਏਲਿਮ ਅਤੇ ਸੀਨਾਈ ਦੇ ਵਿਚਕਾਰ ਹੈ। 2 ਮਾਰੂਥਲ ਵਿੱਚ ਸਾਰੀ ਇਸਰਾਏਲ ਕੌਮ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬੁੜਬੁੜਾਉਣ ਲੱਗੀ। 3 ਇਸਰਾਏਲੀਆਂ ਨੇ ਉਹਨਾਂ ਨੂੰ ਆਖਿਆ, "ਕਾਸ਼ ਅਸੀਂ ਮਿਸਰ ਵਿੱਚ ਯਾਹਵੇਹ ਦੇ ਹੱਥੋਂ ਮਰੇ ਹੁੰਦੇ! ਉੱਥੇ ਅਸੀਂ ਮਾਸ ਦੇ ਭਾਂਡੇ ਦੇ ਕੋਲ ਬੈਠ ਕੇ ਭੋਜਨ ਖਾਂਦੇ ਸੀ, ਜੋ ਅਸੀਂ ਚਾਹੁੰਦੇ ਸੀ, ਪਰ ਤੁਸੀਂ ਸਾਨੂੰ ਇਸ ਸਾਰੀ ਸਭਾ ਨੂੰ ਭੁੱਖੇ ਮਰਾਉਣ ਲਈ ਇਸ ਉਜਾੜ ਵਿੱਚ ਬਾਹਰ ਲੈ ਆਏ ਹੋ।"
4 ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਮੈਂ ਤੇਰੇ ਲਈ ਸਵਰਗ ਤੋਂ ਰੋਟੀ ਵਰ੍ਹਾਵਾਂਗਾ। ਲੋਕ ਹਰ ਰੋਜ਼ ਬਾਹਰ ਜਾ ਕੇ ਇੱਕ ਦਿਨ ਦਾ ਭੋਜਨ ਉਸੇ ਦਿਨ ਇਕੱਠਾ ਕਰਨ। ਇਸ ਤਰ੍ਹਾਂ ਮੈਂ ਉਹਨਾਂ ਦੀ ਜਾਂਚ ਕਰਾਂਗਾ ਅਤੇ ਦੇਖਾਂਗਾ ਕਿ ਉਹ ਮੇਰੇ ਹੁਕਮ ਦੀ ਪਾਲਣਾ ਕਰਨਗੇ ਜਾਂ ਨਹੀਂ। 5 ਛੇਵੇਂ ਦਿਨ, ਜਦੋਂ ਉਹ ਇਕੱਠੇ ਕੀਤੇ ਭੋਜਨ ਪਦਾਰਥਾਂ ਤੋਂ ਭੋਜਨ ਤਿਆਰ ਕਰਨ, ਤਾਂ ਇਹ ਦੂਜੇ ਦਿਨਾਂ ਨਾਲੋਂ ਦੁੱਗਣਾ ਹੋਵੇਗਾ ਜਿਹੜਾ ਉਹ ਨਿੱਤ ਇਕੱਠਾ ਕਰਨਗੇ।"
6 ਇਸ ਲਈ ਮੋਸ਼ੇਹ ਅਤੇ ਹਾਰੋਨ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, "ਸ਼ਾਮ ਨੂੰ ਤੁਸੀਂ ਜਾਣ ਜਾਵੋਂਗੇ ਕਿ ਇਹ ਯਾਹਵੇਹ ਹੀ ਸੀ ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ। 7 ਅਤੇ ਸਵੇਰ ਨੂੰ ਤੁਸੀਂ ਯਾਹਵੇਹ ਦੀ ਮਹਿਮਾ ਦੇਖੋਂਗੇ ਕਿਉਂਕਿ ਉਸਨੇ ਸੁਣਿਆ ਹੈ ਕਿ ਤੁਸੀਂ ਉਸਦੇ ਵਿਰੁੱਧ ਬੁੜ-ਬੁੜ ਕਰਦੇ ਹੋ, ਅਸੀਂ ਕੌਣ ਹਾਂ ਜੋ ਤੁਸੀਂ ਸਾਡੇ ਵਿਰੁੱਧ ਬੁੜ-ਬੁੜ ਕਰੋ?" 8 ਮੋਸ਼ੇਹ ਨੇ ਇਹ ਵੀ ਕਿਹਾ, "ਤੁਸੀਂ ਜਾਣਦੇ ਹੋਵੋਗੇ ਕਿ ਇਹ ਯਾਹਵੇਹ ਹੈ ਜੋ ਤੁਹਾਨੂੰ ਸ਼ਾਮ ਨੂੰ ਖਾਣ ਲਈ ਮਾਸ ਦਿੰਦਾ ਹੈ ਅਤੇ ਸਵੇਰ ਨੂੰ ਉਹ ਰੋਟੀਆਂ ਦਿੰਦਾ ਹੈ ਜੋ ਤੁਸੀਂ ਚਾਹੁੰਦੇ ਹੋ, ਕਿਉਂਕਿ ਉਸਨੇ ਤੁਹਾਡੀ ਬੁੜ-ਬੁੜ ਸੁਣੀ ਹੈ। ਅਸੀਂ ਕੌਣ ਹਾਂ? ਤੁਸੀਂ ਸਾਡੇ ਵਿਰੁੱਧ ਨਹੀਂ, ਸਗੋਂ ਯਾਹਵੇਹ ਦੇ ਵਿਰੁੱਧ ਬੁੜ-ਬੁੜ ਕਰ ਰਹੇ ਹੋ।"
9 ਫਿਰ ਮੋਸ਼ੇਹ ਨੇ ਹਾਰੋਨ ਨੂੰ ਕਿਹਾ, "ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ, ‘ਯਾਹਵੇਹ ਦੇ ਸਾਹਮਣੇ ਆਓ, ਕਿਉਂਕਿ ਉਸਨੇ ਤੁਹਾਡੀ ਬੁੜ-ਬੁੜ ਸੁਣੀ ਹੈ।’ "
10 ਜਦੋਂ ਹਾਰੋਨ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ ਰਿਹਾ ਸੀ, ਤਾਂ ਉਹਨਾਂ ਨੇ ਉਜਾੜ ਵੱਲ ਦੇਖਿਆ, ਅਤੇ ਬੱਦਲ ਵਿੱਚ ਯਾਹਵੇਹ ਦਾ ਪਰਤਾਪ ਦਿਖਾਈ ਦੇ ਰਿਹਾ ਸੀ।
11 ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 12 "ਮੈਂ ਇਸਰਾਏਲੀਆਂ ਦੀ ਬੁੜ-ਬੁੜ ਸੁਣੀ ਹੈ। ਉਹਨਾਂ ਨੂੰ ਆਖੋ, ‘ਸਵੇਰ ਦੇ ਵੇਲੇ ਤੁਸੀਂ ਮਾਸ ਖਾਓਗੇ, ਅਤੇ ਸਵੇਰ ਨੂੰ ਤੁਸੀਂ ਰੋਟੀ ਨਾਲ ਰੱਜ ਜਾਓਗੇ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।’ "
13 ਉਸ ਸ਼ਾਮ ਬਟੇਰਿਆਂ ਨੇ ਆ ਕੇ ਡੇਰੇ ਨੂੰ ਢੱਕ ਲਿਆ ਅਤੇ ਸਵੇਰੇ ਡੇਰੇ ਦੇ ਆਲੇ-ਦੁਆਲੇ ਤ੍ਰੇਲ ਦੀ ਪਰਤ ਸੀ। 14 ਜਦੋਂ ਤ੍ਰੇਲ ਖਤਮ ਹੋ ਗਈ, ਤਾਂ ਉਹਨਾਂ ਦੇਖਿਆ ਕਿ ਧਰਤੀ ਉੱਤੇ ਇੱਕ ਪਤਲੀ ਪਰਤ ਪਈ ਹੋਈ ਹੈ ਜੋ ਬ਼ਰਫ ਵਾਂਗ ਹੈ। 15 ਜਦੋਂ ਇਸਰਾਏਲੀਆਂ ਨੇ ਇਹ ਦੇਖਿਆ, ਤਾਂ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, "ਇਹ ਕੀ ਹੈ?" ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ।
ਮੋਸ਼ੇਹ ਨੇ ਉਹਨਾਂ ਨੂੰ ਆਖਿਆ, "ਇਹ ਉਹ ਰੋਟੀ ਹੈ ਜੋ ਯਾਹਵੇਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ। 16 ਇਹ ਉਹ ਹੈ ਜੋ ਯਾਹਵੇਹ ਨੇ ਹੁਕਮ ਦਿੱਤਾ ਹੈ ਕਿ, ‘ਹਰੇਕ ਨੂੰ ਓਨਾ ਹੀ ਇਕੱਠਾ ਕਰਨਾ ਚਾਹੀਦਾ ਹੈ ਜਿੰਨਾ ਉਹਨਾਂ ਨੂੰ ਚਾਹੀਦਾ ਹੈ। ਤੁਹਾਡੇ ਤੰਬੂ ਵਿੱਚ ਮੌਜੂਦ ਹਰੇਕ ਵਿਅਕਤੀ ਲਈ ਇੱਕ ਓਮਰ ਲਓ।’ "
17 ਇਸਰਾਏਲੀਆਂ ਨੇ ਉਵੇਂ ਹੀ ਕੀਤਾ ਜਿਵੇਂ ਉਹਨਾਂ ਨੂੰ ਕਿਹਾ ਗਿਆ ਸੀ; ਕੁਝ ਨੇ ਬਹੁਤ ਕੁਝ ਇਕੱਠਾ ਕੀਤਾ, ਕੁਝ ਨੇ ਥੋੜ੍ਹਾ। 18 ਅਤੇ ਜਦੋਂ ਉਹਨਾਂ ਨੇ ਇਸਨੂੰ ਓਮਰ ਦੁਆਰਾ ਮਾਪਿਆ, ਤਾਂ ਜਿਸ ਨੇ ਵੱਧ ਇਕੱਠਾ ਕੀਤਾ ਸੀ ਉਸਦਾ ਵੱਧ ਨਾ ਨਿੱਕਲਿਆ ਅਤੇ ਜਿਸ ਨੇ ਥੋੜ੍ਹਾ ਇਕੱਠਾ ਕੀਤਾ ਉਸਦਾ ਘੱਟ ਨਾ ਨਿੱਕਲਿਆ, ਸਾਰਿਆਂ ਨੇ ਓਨਾ ਹੀ ਇਕੱਠਾ ਕੀਤਾ ਸੀ ਜਿੰਨਾ ਉਹਨਾਂ ਨੂੰ ਚਾਹੀਦਾ ਸੀ।
19 ਤਦ ਮੋਸ਼ੇਹ ਨੇ ਉਹਨਾਂ ਨੂੰ ਆਖਿਆ, "ਕੋਈ ਵੀ ਇਸ ਵਿੱਚੋਂ ਸਵੇਰ ਤੱਕ ਨਹੀਂ ਰੱਖੇਗਾ।"
20 ਹਾਲਾਂਕਿ, ਉਹਨਾਂ ਵਿੱਚੋਂ ਕੁਝ ਨੇ ਮੋਸ਼ੇਹ ਵੱਲ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਸਵੇਰ ਤੱਕ ਇਸ ਦਾ ਕੁਝ ਹਿੱਸਾ ਰੱਖਿਆ, ਪਰ ਇਹ ਕੀੜਿਆਂ ਨਾਲ ਭਰਿਆ ਹੋਇਆ ਸੀ ਅਤੇ ਦੁਰਗੰਧ ਆਉਣ ਲੱਗ ਪਿਆ ਸੀ। ਇਸ ਲਈ ਮੋਸ਼ੇਹ ਉਹਨਾਂ ਨਾਲ ਨਾਰਾਜ਼ ਸੀ।
21 ਹਰ ਸਵੇਰ ਨੂੰ ਹਰ ਕੋਈ ਆਪਣੀ ਲੋੜ ਅਨੁਸਾਰ ਇਕੱਠਾ ਕਰਦਾ ਸੀ ਅਤੇ ਜਦੋਂ ਧੁੱਪ ਨਿੱਕਲਦੀ ਸੀ, ਇਹ ਪਿਘਲ ਜਾਂਦਾ ਸੀ। 22 ਛੇਵੇਂ ਦਿਨ ਉਹਨਾਂ ਨੇ ਦੁੱਗਣਾ ਇਕੱਠਾ ਕੀਤਾ, ਹਰੇਕ ਵਿਅਕਤੀ ਲਈ ਦੋ-ਦੋ ਓਮਰ ਅਤੇ ਮੰਡਲੀ ਦੇ ਸਾਰੇ ਆਗੂ ਆਏ ਅਤੇ ਮੋਸ਼ੇਹ ਨੂੰ ਇਸ ਦੀ ਖ਼ਬਰ ਦਿੱਤੀ। 23 ਮੋਸ਼ੇਹ ਨੇ ਉਹਨਾਂ ਨੂੰ ਕਿਹਾ, "ਯਾਹਵੇਹ ਨੇ ਇਹ ਹੁਕਮ ਦਿੱਤਾ ਹੈ, ‘ਕੱਲ੍ਹ ਨੂੰ ਸਬਤ ਦਾ ਦਿਨ, ਯਾਹਵੇਹ ਲਈ ਇੱਕ ਪਵਿੱਤਰ ਸਬਤ ਹੈ। ਇਸ ਲਈ ਜੋ ਤੁਸੀਂ ਪਕਾਉਣਾ ਚਾਹੁੰਦੇ ਹੋ ਉਸਨੂੰ ਪਕਾ ਲਓ ਅਤੇ ਜੋ ਤੁਸੀਂ ਉਬਾਲਣਾ ਚਾਹੁੰਦੇ ਹੋ ਉਸਨੂੰ ਉਬਾਲੋ। ਜੋ ਵੀ ਬਚਿਆ ਹੈ, ਉਸ ਨੂੰ ਸੰਭਾਲੋ ਅਤੇ ਸਵੇਰ ਤੱਕ ਰੱਖ ਦਿਓ।’ "
24 ਇਸ ਲਈ ਉਹਨਾਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਸਵੇਰ ਤੱਕ ਇਸ ਨੂੰ ਬਚਾ ਲਿਆ, ਇਸ ਤੋਂ ਬਦਬੂ ਨਹੀਂ ਆਈ ਅਤੇ ਨਾ ਹੀ ਇਸ ਵਿੱਚ ਕੀੜੇ ਨਿਕਲੇ। 25 ਮੋਸ਼ੇਹ ਨੇ ਕਿਹਾ, "ਅੱਜ ਇਸ ਨੂੰ ਖਾਓ, ਕਿਉਂਕਿ ਅੱਜ ਯਾਹਵੇਹ ਲਈ ਸਬਤ ਦਾ ਦਿਨ ਹੈ। ਤੁਹਾਨੂੰ ਅੱਜ ਜ਼ਮੀਨ ਤੇ ਇਸ ਵਿੱਚੋਂ ਕੋਈ ਵੀ ਨਹੀਂ ਮਿਲੇਗਾ। 26 ਛੇ ਦਿਨ ਤੁਸੀਂ ਇਸ ਨੂੰ ਇਕੱਠਾ ਕਰਨਾ ਹੈ, ਪਰ ਸੱਤਵੇਂ ਦਿਨ ਸਬਤ ਦੇ ਦਿਨ ਕੁਝ ਨਹੀਂ ਹੋਵੇਗਾ।"
27 ਤਾਂ ਵੀ, ਕੁਝ ਲੋਕ ਸੱਤਵੇਂ ਦਿਨ ਇਸ ਨੂੰ ਇਕੱਠਾ ਕਰਨ ਲਈ ਬਾਹਰ ਗਏ, ਪਰ ਉਹਨਾਂ ਨੂੰ ਕੁਝ ਨਾ ਮਿਲਿਆ। 28 ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਤੁਸੀਂ ਕਦ ਤੱਕ ਮੇਰੇ ਹੁਕਮਾਂ ਅਤੇ ਹਿਦਾਇਤਾਂ ਨੂੰ ਮੰਨਣ ਤੋਂ ਇਨਕਾਰ ਕਰੋਗੇ? 29 ਯਾਦ ਰੱਖੋ ਕਿ ਯਾਹਵੇਹ ਨੇ ਤੁਹਾਨੂੰ ਸਬਤ ਦਿੱਤਾ ਹੈ, ਇਸ ਲਈ ਛੇਵੇਂ ਦਿਨ ਉਹ ਤੁਹਾਨੂੰ ਦੋ ਦਿਨਾਂ ਲਈ ਰੋਟੀ ਦਿੰਦਾ ਹੈ। ਹਰ ਕਿਸੇ ਨੇ ਸੱਤਵੇਂ ਦਿਨ ਜਿੱਥੇ ਉਹ ਹਨ ਉੱਥੇ ਹੀ ਰਹਿਣਾ ਹੈ ਕਿਸੇ ਨੇ ਬਾਹਰ ਨਹੀਂ ਜਾਣਾ ਹੈ।" 30 ਇਸ ਲਈ ਲੋਕਾਂ ਨੇ ਸੱਤਵੇਂ ਦਿਨ ਆਰਾਮ ਕੀਤਾ।
31 ਇਸਰਾਏਲ ਦੇ ਲੋਕ ਰੋਟੀ ਨੂੰ ਮੰਨ ਕਹਿੰਦੇ ਸਨ। ਇਹ ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਪੂੜੇ ਵਰਗਾ ਸੀ 32 ਮੋਸ਼ੇਹ ਨੇ ਆਖਿਆ, "ਯਾਹਵੇਹ ਨੇ ਇਹ ਹੁਕਮ ਦਿੱਤਾ ਹੈ, ‘ਮੰਨ ਦਾ ਇੱਕ ਓਮਰ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੱਖੋ, ਤਾਂ ਜੋ ਉਹ ਰੋਟੀ ਦੇਖ ਸਕਣ ਜੋ ਮੈਂ ਤੁਹਾਨੂੰ ਉਜਾੜ ਵਿੱਚ ਖਾਣ ਲਈ ਦਿੱਤੀ ਸੀ ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਸੀ।’ "
33 ਇਸ ਲਈ ਮੋਸ਼ੇਹ ਨੇ ਹਾਰੋਨ ਨੂੰ ਆਖਿਆ, "ਇੱਕ ਘੜਾ ਲੈ ਅਤੇ ਉਸ ਵਿੱਚ ਮੰਨ ਦਾ ਇੱਕ ਓਮਰ ਪਾ। ਫਿਰ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਹਵੇਹ ਦੇ ਅੱਗੇ ਰੱਖ ਛੱਡਣਾ।"
34 ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਹਾਰੋਨ ਨੇ ਮੰਨ ਨੂੰ ਨੇਮ ਦੀ ਬਿਵਸਥਾ ਦੀਆਂ ਫੱਟੀਆਂ ਦੇ ਨਾਲ ਪਾ ਦਿੱਤਾ, ਤਾਂ ਜੋ ਇਸਨੂੰ ਸੁਰੱਖਿਅਤ ਰੱਖਿਆ ਜਾ ਸਕੇ। 35 ਇਸਰਾਏਲੀਆਂ ਨੇ ਚਾਲੀ ਸਾਲਾਂ ਤੱਕ ਮੰਨ ਖਾਧਾ, ਜਦ ਤੱਕ ਉਹ ਆਪਣੇ ਦੇਸ਼ ਵਿੱਚ ਨਾ ਆਏ। ਉਹਨਾਂ ਨੇ ਮੰਨ ਖਾਧਾ ਜਦੋਂ ਤੱਕ ਉਹ ਕਨਾਨ ਦੀ ਹੱਦ ਤੱਕ ਨਾ ਪਹੁੰਚੇ।
36 (ਇੱਕ ਓਮਰ ਇੱਕ ਏਫਾਹ ਦਾ ਦਸਵਾਂ ਹਿੱਸਾ ਹੁੰਦਾ ਹੈ।)